ਸ਼ੇਰਪੁਰ (ਹਰਜੀਤ ਕਾਤਿਲ) ਆਧਾਰ ਬਾਰੇ ਖੁਲਾਸੇ ਬਾਅਦ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵੱਲੋਂ ‘ਦਿ ਟ੍ਰਿਬਿਊਨ’ ਅਤੇ ਉਸ ਦੀ ਪੱਤਰਕਾਰ ਰਚਨਾ ਖਹਿਰਾ ਖ਼ਿਲਾਫ਼ ਐਫਆਈਆਰ ਦਰਜ ਕਰਾਉਣ ਦੀ ਦੇਸ਼ ਭਰ ਦੀਆਂ ਮੀਡੀਆ ਸੰਸਥਾਵਾਂ ਅਤੇ ਪੱਤਰਕਾਰਾਂ ਨੇ ਸਖ਼ਤ ਆਲੋਚਨਾ ਕੀਤੀ ਹੈ। ਉੱਥੇ ਅੱਜ ਪ੍ਰੈਸ ਕਲੱਬ ਸ਼ੇਰਪੁਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨਾਇਬ ਤਹਿਸੀਲਦਾਰ ਦਿਲਬਾਗ ਸਿੰਘ, ਸ਼ੇਰਪੁਰ ਰਾਹੀਂ ‘ਟ੍ਰਿਬਿਊਨ’ ਅਤੇ ਪੱਤਰਕਾਰ ਰਚਨਾ ਖਹਿਰਾ ਖਿਲਾਫ ਲਿਖਾਈ ਐੱਫ.ਆਈ.ਆਰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਐਡੀਟਰਜ਼ ਗਿਲਡ ਦੇ ਬਿਆਨ ਮੁਤਾਬਕ UIDAI ਦਾ ਇਹ ਕਦਮ ਸਪੱਸ਼ਟ ਤੌਰ ’ਤੇ ਪੱਤਰਕਾਰ ਨੂੰ ਧਮਕਾਉਣ ਵਾਲੀ ਕਾਰਵਾਈ ਹੈ ਜਦੋਂਕਿ ਇਹ ਰਿਪੋਰਟ ਵੱਡੇ ਜਨਤਕ ਹਿੱਤ ’ਚ ਸੀ। ਇਹ ਪ੍ਰੈੱਸ ਦੀ ਆਜ਼ਾਦੀ ’ਤੇ ਕੋਝਾ, ਨਾਜਾਇਜ਼ ਅਤੇ ਸਿੱਧਾ ਹਮਲਾ ਹੈ। UIDAI ਨੂੰ ਇਸ ਮਾਮਲੇ ਦੀ ਮੁਕੰਮਲ ਅੰਦਰੂਨੀ ਜਾਂਚ ਦਾ ਹੁਕਮ ਦੇਣਾ ਚਾਹੀਦਾ ਹੈ ਅਤੇ ਇਸ ਜਾਂਚ ਰਿਪੋਰਟ ਨੂੰ ਜਨਤਕ ਕਰਨਾ ਚਾਹੀਦਾ ਹੈ।’ ਪ੍ਰੈਸ ਕਲੱਬ ਵੱਲੋਂ ਮੰਗ ਪੱਤਰ ਸੋਪਦਿਆਂ ਪ੍ਰਧਾਨ ਬੀਰਬਲ ਰਿਸ਼ੀ ਨੇ ਕਿਹਾ ‘ ਸਿਸਟਮ ਵਿਚਲੀਆਂ ਖਾਮੀਆਂ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰਾਂ ਖ਼ਿਲਾਫ਼ ਅਜਿਹੇ ਕੇਸ ਭਾਰਤੀ ਜਮਹੂਰੀਅਤ , ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਉੱਤੇ ਹਮਲਾ ਹੈ।’ ਉਨ੍ਹਾਂ ਕਿਹਾ ਕਿ ‘ਇਸ ਨੂੰ ਆਜ਼ਾਦ ਪ੍ਰੈੱਸ ਦੇ ਹੱਕਾਂ ਅਤੇ ਅਧਿਕਾਰਾਂ ਉਤੇ ਹਮਲਾ ਮੰਨਿਆ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਲੋਕਤੰਤਰ ਦੇ ਚੌਥੇ ਥੰੰਮ੍ਹ ਨਾਲ ਖਹਿਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਕੇ ਪੱਤਰਕਾਰ ਸਤਪਾਲ ਸਿੰਘ ਕਾਲਾਬੂਲਾ, ਬਲਜੀਤ ਸਿੰਘ ਸਿੱਧੂ, ਅਨੀਸ਼ ਸ਼ੇਰਪੁਰ, ਹਰਜੀਤ ਕਾਤਿਲ, ਦਰਸ਼ਨ ਸਿੰਘ ਖੇੜੀ, ਅਜਮੇਰ ਸਿੰਘ ਸਿੱਧੂ, ਡਾ. ਸ਼ਮਸ਼ੇਰ ਸਿੰਘ ਬੱਧਣ, ਹਰਿੰਦਰ ਗੋਇਲ , ਰਵੀ ਗੁਰਮਾ , ਆਦਿ ਪੱਤਰਕਾਰ ਹਾਜ਼ਿਰ ਸਨ।

NO COMMENTS

LEAVE A REPLY