ਚੰਡੀਗੜ੍ਹ

25 ਅਗਸਤ ਨੂੰ ਪੰਚਕੂਲਾ ‘ਚ ਰਾਮ ਰਹੀਮ ਦੇ ਸਮਰਥਕਾਂ ਵਲੋਂ ਅੱਗ ਲਗਾਉਣ ਅਤੇ ਹਿੰਸਾ ਭੜਕਾਉਣ ਦੇ ਮਾਮਲੇ ‘ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਦੀ ਗ੍ਰਿਫਤਾਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੋਣ ਦੀ ਖਬਰ ਤੋਂ ਪਹਿਲਾਂ ਹੀ ਵਿਪਾਸਨਾ ਅੰਡਰਗਰਾਊਂਡ ਦੱਸੀ ਜਾ ਰਹੀ ਹੈ । ਪੰਚਕੂਲਾ ਦੀ ਐੱਸ.ਆਈ.ਟੀ. ਟੀਮ ਵਲੋਂ ਦੋ ਵਾਰ ਡੇਰੇ ‘ਚ ਰੇਡ ਕੀਤੀ ਗਈ, ਪਰ ਉਹ ਨਹੀਂ ਮਿਲੀ। ਪੁਲਸ ਨੇ ਵਿਪਾਸਨਾ ਨੂੰ ਕਈ ਵਾਰ ਪੁੱਛਗਿੱਛ ਲਈ ਨੋਟਿਸ ਦੇ ਕੇ ਵੀ ਬੁਲਾਇਆ, ਜਿਸ ਤੋਂ ਬਾਅਦ ਉਹ ਸਿਰਫ ਇਕ ਵਾਰ ਹੀ ਪੁਲਸ ਦੇ ਸਾਹਮਣੇ ਪੇਸ਼ ਹੋਈ। ਉਸ ਤੋਂ ਬਾਅਦ ਕਈ ਵਾਰ ਨੋਟਿਸ ਭੇਜਣ ‘ਤੇ ਵੀ ਵਿਪਾਸਨਾ ਨਹੀਂ ਆਈ। ਇਸ ਕਾਰਨ ਪੁਲਸ ਨੇ ਜ਼ਿਲਾ ਅਦਾਲਤ ਤੋਂ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਲੈ ਲਿਆ ਹੈ । ਵਿਪਾਸਨਾ ਖਿਲਾਫ ਪੁਲਸ ਨੂੰ ਕਈ ਸਬੂਤ ਮਿਲੇ ਹਨ, ਜਿਨ੍ਹਾਂ ‘ਚ 17 ਅਗਸਤ ਨੂੰ ਸਿਰਸਾ ਵਿਚ ਹੋਈ ਮੀਟਿੰਗ ‘ਚ ਵਿਪਾਸਨਾ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਸੂਤਰਾਂ ਅਨੁਸਾਰ ਸੋਮਵਾਰ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਡੇਰਾ ਸੱਚਾ ਸੌਦਾ ਕੰਪਲੈਕਸ ‘ਚ ਛਾਪੇਮਾਰੀ ਕੀਤੀ,  ਪਰ ਉਹ ਨਹੀਂ ਮਿਲੀ। ਇਸ ਤੋਂ ਇਲਾਵਾ ਪੁਲਸ ਵਲੋਂ ਵਿਪਾਸਨਾ ਦੇ ਕਈ ਹੋਰ ਠਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਪਾਸਨਾ ਦੇ ਕਰਨਾਲ ਸਥਿਤ ਘਰ ‘ਚ ਵੀ ਛਾਪੇਮਾਰੀ ਕੀਤੀ ਗਈ ਹੈ । ਪੁਲਸ ਕਮਿਸ਼ਨਰ ਏ.ਐੱਸ. ਚਾਵਲਾ ਨੇ ਦੱਸਿਆ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਲੋਂ ਕੋਰਟ ਤੋਂ ਵਾਰੰਟ ਲੈਣ ਤੋਂ ਬਾਅਦ ਵਿਪਾਸਨਾ ਦੀ ਗ੍ਰਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਪਾਸਨਾ ਖਿਲਾਫ ਪੁਖ਼ਤਾ ਸਬੂਤ ਮਿਲਣ ਤੋਂ ਬਾਅਦ ਹੀ ਉਸਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ । ਜ਼ਿਕਰਯੋਗ ਹੈ ਕਿ ਵਿਪਾਸਨਾ ਨੂੰ ਪੁਲਸ ਵਲੋਂ 4 ਵਾਰ ਨੋਟਿਸ ਦਿੱਤਾ ਗਿਆ, ਜਦਕਿ ਵਿਪਾਸਨਾ ਸਿਰਫ ਇਕ ਵਾਰ ਹੀ ਪੁਲਸ ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਈ। ਇਸ ਦੌਰਾਨ ਪੁਲਸ ਨੇ ਹਨੀਪ੍ਰੀਤ ਅਤੇ ਵਿਪਾਸਨਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਸੀ। ਇਸ ‘ਚ ਵਿਪਾਸਨਾ ਨੇ ਪੁਲਸ ਨੂੰ ਸਹਿਯੋਗ ਨਹੀਂ ਦਿੱਤਾ ਸੀ। ਵਿਪਾਸਨਾ ਹਨੀਪ੍ਰੀਤ ਦਾ ਮੋਬਾਈਲ ਵੀ ਲੈ ਕੇ ਆਈ ਸੀ ਜੋ ਕਿ ਡੇਰੇ ‘ਚ ਵਿਪਾਸਨਾ ਨੂੰ ਹਨੀਪ੍ਰੀਤ ਨੇ ਰਾਮ ਰਹੀਮ ਦੀ ਗ੍ਰਿਫਾਤਾਰੀ ਤੋਂ ਬਾਅਦ ਦਿੱਤਾ ਸੀ । ਪੁਲਸ ਨੂੰ ਸ਼ੱਕ ਹੈ ਕਿ ਵਿਪਾਸਨਾ ਹਿੰਸਾ ਤੋਂ ਇਲਾਵਾ ਡੇਰੇ ਨਾਲ ਸਬੰਧਿਤ ਹੋਰ ਕਈ ਰਾਜ਼ ਜਾਣਦੀ ਹੈ। ਡੇਰੇ ‘ਚੋਂ ਮਿਲੀ ਹਾਰਡ ਡਿਸਕ ਬਾਰੇ ਵੀ ਵਿਪਾਸਨਾ ਤੋਂ ਪੁੱਛਗਿੱਛ ਕਰਨੀ ਬਾਕੀ ਹੈ।
ਵਿਪਾਸਨਾ ਤੋਂ ਸਿਰਸਾ ਪੁਲਸ ਵੀ ਪੁੱਛਗਿੱਛ ਕਰ ਚੁੱਕੀ ਹੈ। ਪਰ ਹੁਣ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਵਿਪਾਸਨਾ ਗਾਇਬ ਹੈ

NO COMMENTS

LEAVE A REPLY