ਪੰਜਾਬੀ ਗਾਇਕੀ ਵਿੱਚ ਸਾਢੇ ਤਿੰਨ ਦਹਾਕੇ ਇੱਕ ਸਦਾ ਬਹਾਰ ਜੋੜੀ ਦੀ ਗਾਇਕਾ ਦੇ ਤੌਰ ’ਤੇ ਵਿਚਰਨ ਵਾਲੀ, ਗਾਇਕੀ, ਅਦਾਕਾਰੀ ਅਤੇ ਖ਼ੂਬਸੂਰਤੀ ਦਾ ਸੁਮੇਲ ਰਣਜੀਤ ਕੌਰ ਪੰਜਾਬੀ ਸਰੋਤਿਆਂ ਲਈ ਕੋਈ ਨਵਾਂ ਨਾਂ ਨਹੀਂ। ਉਸਨੇ ਜਿੱਥੇ ਸਟੇਜ ਪ੍ਰੋਗਰਾਮਾਂ ਰਾਹੀਂ ਲੰਮਾਂ ਸਮਾਂ ਸਰੋਤਿਆਂ ’ਤੇ ਆਪਣੀ ਕਲਾ ਦਾ ਜਾਦੂ ਬਖ਼ੇਰਿਆ ਹੈ, ਉੱਥੇ ਉਹ ਸੈਂਕੜੇ ਰਿਕਾਰਡ ਗੀਤਾਂ ਰਾਹੀਂ ਆਉਣ ਵਾਲੀਆਂ ਨਸਲਾਂ ਦੀ ਵੀ ਪੰਜਾਬੀ ਲੋਕ ਸੰਗੀਤ ਨਾਲ ਸਾਂਝ ਪੁਆਉਂਦੀ ਰਹੇਗੀ। ਰਣਜੀਤ ਕੌਰ ਦਾ ਜਨਮ 18 ਅਕਤੂਬਰ, 1950 ਨੂੰ ਰੋਪੜ ਸ਼ਹਿਰ ਦੇ ਪਿੰਡ ਉੱਚੇ ਖੇੜੇ ਵਿਖੇ ਗਿਆਨੀ ਆਤਮਾ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ। ਤਿੰਨ ਭੈਣਾਂ ਅਤੇ ਦੋ ਭਰਾਵਾਂ ਦੀ ਸਭ ਤੋਂ ਵੱਡੀ ਭੈਣ ਰਣਜੀਤ ਕੌਰ ਨੇ ਮਿਡਲ ਤਕ ਦੀ ਪੜ੍ਹਾਈ ਸਨਾਤਨ ਧਰਮ ਹਾਈ ਸਕੂਲ ਰੋਪੜ ਤੋਂ ਕੀਤੀ। ਉਸਦੇ ਦਾਦਾ ਮਹੰਤ ਹਰਨਾਮ ਸਿੰਘ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਦੇ ਪ੍ਰਧਾਨ ਸਨ। ਪਿਤਾ ਜੀ ਵੀ ਇੱਥੇ ਹੀ ਇਲੈੱਕਟ੍ਰੀਸ਼ਨ ਦੇ ਕੰਮ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਦਾ ਪ੍ਰਬੰਧ ਵੀ ਕਰਦੇ ਅਤੇ ਸਟੇਜ ਦਾ ਸੰਚਾਲਨ ਵੀ ਕਰਦੇ।
ਇਸ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸੁਣਦਿਆਂ ਰਣਜੀਤ ਦੇ ਅੰਦਰ ਸੰਗੀਤ ਪ੍ਰਤੀ ਰੁਚੀ ਪੈਦਾ ਹੋ ਗਈ। ਸਕੂਲ ਦੀਆਂ ਬਾਲ ਸਭਾਵਾਂ ਵਿੱਚ ਉਹ ਗੀਤ ਗਾਉਣ ਅਤੇ ਗਿੱਧਾ ਪਾਉਣ ਵਿੱਚ ਮੋਹਰੀ ਹੁੰਦੀ ਸੀ। 1964-65 ਵਿੱਚ ਪਰਿਵਾਰ ਲੁਧਿਆਣਾ ਦੀਆਂ ਜੜ੍ਹਾਂ ਵਿੱਚ ਵਸੇ ਪਿੰਡ ਜਮਾਲਪੁਰ ਆ ਗਿਆ। ਇੱਥੇ ਕਿਸੇ ਦੇ ਘਰ ਅਖੰਡ ਪਾਠ ਦਾ ਭੋਗ ਸੀ। ਇਸ ਸਮੇਂ ਰਣਜੀਤ ਨੇ ਇੱਕ ਸ਼ਬਦ ਗਾਇਆ। ਇੱਥੇ ਮੌਜੂਦ ਗਾਇਕ ਕਰਨੈਲ ਗਿੱਲ ਨੂੰ ਇਸ ਕੁੜੀ ਵਿੱਚ ਕਲਾ ਦੇ ਬੀਜ ਨਜ਼ਰ ਆਏ, ਉਸਨੇ ਹੌਸਲਾ ਅਫ਼ਜਾਈ ਕੀਤੀ। ਫਿਰ ਹਰਚਰਨ ਗਰੇਵਾਲ ਅਤੇ ਕਰਨੈਲ ਗਿੱਲ ਦੇ ਉਤਸ਼ਾਹਿਤ ਕਰਨ ’ਤੇ ਰਣਜੀਤ ਕੌਰ ਬਾਕਾਇਦਾ ਗਾਉਣ ਲੱਗ ਪਈ। ਕਰਨੈਲ ਗਿੱਲ ਨਾਲ ਇੱਕ ਦੋ ਪ੍ਰੋਗਰਾਮ ਵੀ ਕੀਤੇ। ਫਿਰ ਗੀਤਕਾਰ ਸੱਜਣ ਸਿੰਘ ਹੂੰਝਣ ਨਾਲ ਮੁਲਾਕਾਤ ਹੋਈ। ਉਨ੍ਹਾਂ ਦੀ ਪ੍ਰੇਰਨਾ ਸਦਕਾ 1966 ਵਿੱਚ ਅਮਰ ਸਿੰਘ ਸ਼ੇਰਪੁਰੀ ਨਾਲ ਕੋਲੰਬੀਆ ਕੰਪਨੀ ਵਿੱਚ ਪਹਿਲਾ ਤਵਾ ਰਿਕਾਰਡ ਹੋਇਆ। ਗੀਤ ਦੇ ਬੋਲ ਸਨ ‘ਮਾਹੀ ਵੇ ਮਾਹੀ ਮੈਨੂੰ ਭੰਗ ਚੜ੍ਹ ਗਈ’ ਅਤੇ ‘ਨੀਂ ਜੱਟ ਮੱਘਾ ਜਿਹਾ’ ਇਹ ਦੋਵੇਂ ਗੀਤ ਸੱਜਣ ਸਿੰਘ ਹੂੰਝਣ ਦੇ ਲਿਖੇ ਸਨ। ਇਸ ਸਾਲ ਵੱਖ ਵੱਖ ਗਾਇਕਾਂ ਨਾਲ ਪ੍ਰੋਗਰਾਮ ਲਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚ ਮੋਹਨ ਸਿੰਘ ਚਰਖਾ, ਸਾਬਰ ਹੁਸੈਨ ਸਾਬਰ ਆਦਿ ਸ਼ਾਮਲ ਸਨ। ਇੰਨਾ ਕੁਝ ਹੋਣ ਦੇ ਬਾਵਜੂਦ ਖੁੱਲ੍ਹ ਕੇ ਗਾਉਣ ਦਾ ਹੀਆ ਨਾ ਪਿਆ, ਸਗੋਂ ਇੱਕ ਸੰਕੋਚ ਜਿਹਾ ਬਣਿਆ ਰਿਹਾ। ਮੁਹੰਮਦ ਸਦੀਕ ਐੱਚ.ਐੱਮ.ਵੀ. ਦੇ ਦਫ਼ਤਰ ਵਿੱਚ ਰਿਕਾਰਡਿੰਗ ਸਮੇਂ ਰਣਜੀਤ ਕੌਰ ਨੂੰ ਮਿਲ ਅਤੇ ਸੁਣ ਚੁੱਕਾ ਸੀ। ਰਣਜੀਤ ਕੌਰ ਦੇ ਪਿਤਾ ਦੇ ਕਹਿਣ ’ਤੇ ਸਦੀਕ ਨੇ ਰਣਜੀਤ ਕੌਰ ਨਾਲ ਸੈੱਟ ਬਣਾ ਲਿਆ ਅਤੇ ਪ੍ਰੋਗਰਾਮ ਲਾਉਣੇ ਸ਼ੁਰੂ ਕਰ ਦਿੱਤੇ। ਇਸ ਜੋੜੀ ਨੇ ਪਹਿਲਾ ਪ੍ਰੋਗਰਾਮ 1967 ਨੂੰ ਬਰਨਾਲਾ ਦੇ ਨੇੜਲੇ ਪਿੰਡ ਰਾਜੋਆਣਾ ਵਿਖੇ ਕੀਤਾ। ਰਣਜੀਤ ਕੌਰ ਨੇ ਗਾਇਕੀ ਦੇ ਅਸਲ ਗੁਰ ਮੁਹੰਮਦ ਸਦੀਕ ਤੋਂ ਹੀ ਸਿੱਖੇ, ਇਸ ਲਈ ਉਹ ਮੁਹੰਮਦ ਸਦੀਕ ਨੂੰ ਹੀ ਆਪਣਾ ਉਸਤਾਦ ਮੰਨਦੀ ਹੈ।
ਇਸ ਜੋੜੀ ਦੀ ਪਹਿਲੀ ਰਿਕਾਰਡਿੰਗ ਐੱਚ.ਐੱਮ.ਵੀ. ਕੰਪਨੀ ਵਿੱਚ 1968 ਵਿੱਚ ਹੋਈ। ਇਸ ਤਵੇ ਦੇ ਆਉਣ ਨਾਲ ਮੁਹੰਮਦ ਸਦੀਕ ਦੀ ਬਾਜ਼ਾਰ ਵਿੱਚ ਕੀਮਤ ਬਹੁਤ ਵਧ ਗਈ ਅਤੇ ਰਣਜੀਤ ਕੌਰ ਦਾ ਵੀ ਨਾਂ ਚੱਲ ਪਿਆ। ਧੜਾ ਧੜ ਰਿਕਾਰਡਿੰਗ ਹੋਣ ਲੱਗੀ ਅਤੇ ਸਟੇਜ ਪ੍ਰੋਗਰਾਮਾਂ ਦਾ ਤਾਂ ਕੋਈ ਅੰਤ ਹੀ ਨਹੀਂ ਰਿਹਾ। ਦੋਗਾਣਾ ਗਾਇਕੀ ਵਿੱਚ ਜੋ ਪੈੜਾਂ ਇਸ ਜੋੜੀ ਨੇ ਪਾਈਆਂ, ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਉਹ ਅਮਿੱਟ ਹਨ। ਸਰੋਤਿਆਂ ਨੇ ਇਸ ਜੋੜੀ ਨੂੰ ਇੰਨਾ ਮਾਣ ਤੇ ਸਤਿਕਾਰ ਦਿੱਤਾ ਕਿ ਲਗਪਗ ਪੈਂਤੀ ਸਾਲ ਇਸ ਨੇ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ। ਇਸ ਲੰਮੇ ਅਰਸੇ ਦੌਰਾਨ ਇਨ੍ਹਾਂ ਦੀ ਆਵਾਜ਼ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਗੀਤ ਤਵਿਆਂ ਅਤੇ ਕੈਸੇਟਾਂ ਵਿੱਚ ਰਿਕਾਰਡ ਹੋਏ ਜਿਨ੍ਹਾਂ ਨੂੰ ਹਰ ਵਰਗ ਦੇ ਸਰੋਤਿਆਂ ਨੇ ਪ੍ਰਵਾਨ ਕੀਤਾ। ਇਸ ਸਮੇਂ ਦੌਰਾਨ ਰਣਜੀਤ ਕੌਰ ਨੇ ਭਾਵੇਂ ਮੁਹੰਮਦ ਸਦੀਕ ਤੋਂ ਇਲਾਵਾ ਹੋਰ ਕਿਸੇ ਗਾਇਕ ਨਾਲ ਸਟੇਜ ਪ੍ਰੋਗਰਾਮ ਨਹੀਂ ਕੀਤਾ, ਪਰ ਕੁਝ ਗਾਇਕਾਂ ਨਾਲ ਉਸਦੇ ਇੱਕਾਦੁੱਕਾ ਦੋਗਾਣੇ ਜ਼ਰੂਰ ਰਿਕਾਰਡ ਹੋਏ। ਇਨ੍ਹਾਂ ਵਿੱਚ ਕਰਨੈਲ ਗਿੱਲ, ਰੰਗਾ ਸਿੰਘ ਮਾਨ, ਕੁਲਦੀਪ ਪ੍ਰਦੇਸੀ ਆਦਿ ਸ਼ਾਮਲ ਹਨ।
ਦੋਗਾਣਿਆਂ ਤੋਂ ਇਲਾਵਾ ਰਣਜੀਤ ਕੌਰ ਦੀ ਆਵਾਜ਼ ਵਿੱਚ ਬਹੁਤ ਸਾਰੇ ਸੋਲੋ ਗੀਤ ਵੀ ਰਿਕਾਰਡ ਹੋਏ, ਜਿਨ੍ਹਾਂ ਸਦਕਾ ਉਸਨੇ ਪੰਜਾਬੀ ਸਰੋਤਿਆਂ ’ਤੇ ਆਪਣੀ ਵੱਖਰੀ ਛਾਪ ਛੱਡੀ। ਰੇਡੀਓ ਦੀ ਉਹ ਬੀ ਗਰੇਡ ਦੀ ਕਲਾਕਾਰ ਹੈ ਅਤੇ 1970 ਵਿੱਚ ਪਹਿਲੀ ਵਾਰ ਉਸਨੇ ਗਾਇਆ ‘ਮੈਨੂੰ ਗਰਮੀ ਦਾ ਹੋ ਗਿਆ ਬੁਖ਼ਾਰ’। ਉਸਤੋਂ ਬਾਅਦ ਲਗਪਗ ਉਸਦਾ ਹਰ ਗੀਤ ਰੇਡੀਓ ਤੋਂ ਪ੍ਰਸਾਰਿਤ ਹੁੰਦਾ ਰਿਹਾ। ਉਸਦੇ ਗਾਏ ਸੈਂਕੜੇ ਗੀਤਾਂ ਵਿੱਚੋਂ ਕੁਝ ਦੇ ਮੁੱਖੜੇ ਹਨ:
* ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ
* ਖਾਲੀ ਘੋੜੀ ਹਿਣਕਦੀ, ਉਤੇ ਨੀ ਦੀਂਹਦਾ ਵੀਰ
* ਲੈ ਖ਼ਬਰ ਨਿਆਣੀ ਦੀ, ਬਾਬਲਾ ਦਰਦ ਵੰਡਾ ਲੈ ਧੀ ਦੇ
* ਘੜਿਆ ਝਨਾਂ ਤੋਂ ਮੈਨੂੰ ਲਾ ਦੇ ਪਾਰ ਵੇ (ਸਾਰੇ ਸੋਲੋ)
* ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ
* ਮੁੰਡਾ ਤੇਰਾ ਮੈਂ ਚੱਕ ਨੂੰ, ਚਲ ਚੱਲੀਏ, ਚੜਿੱਕ ਦੇ ਮੇਲੇ
* ਆਪੇ ਭੌਰ ਨੇ ਥੱਪੀਆਂ ਰੋਟੀਆਂ, ਆਪੇ ਦਾਲ ਬਣਾਈ ਨੀ
* ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
* ਅਸੀਂ ਅੱਲੜ੍ਹਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ।
* ਛਟੀਆਂ ਦੀ ਅੱਗ ਨਾ ਬਲੇ, ਫੂਕਾਂ ਮਾਰੇ ਨੀ ਲਿਆਓ
ਛੜਾ ਫੜਕੇ (ਸਾਰੇ ਦੋਗਾਣੇ)
ਰਣਜੀਤ ਕੌਰ ਦੀ ਗਾਇਕੀ ਦੀ ਇੱਕ ਵਿਸ਼ੇਸ਼ਤਾ ਉਸਦਾ ਸ਼ੁੱਧ ਉਚਾਰਣ ਹੈ। ਮੁੱਢਲੇ ਪੜਾਅ ਦੇ ਕੁਝ ਗੀਤਾਂ ਨੂੰ ਛੱਡ ਕੇ ਉਸਦੇ ਸਾਰੇ ਗੀਤਾਂ ਦਾ ਸ਼ਬਦ ਉਚਾਰਣ ਸ਼ੁੱਧ ਤੇ ਸਪੱਸ਼ਟ ਹੈ। ਇਸ ਦੇ ਨਾਲ ਨਾਲ ਉਸਨੇ ਗੀਤਾਂ ਦੇ ਵਿਸ਼ਿਆਂ ਅਨੁਸਾਰ ਆਪਣੀ ਆਵਾਜ਼ ਅਤੇ ਅੰਦਾਜ਼ ਨੂੰ ਢਾਲਿਆ ਹੋਇਆ ਹੈ। ‘ਡੂੰਘੇ ਡੁੱਬ ਗਿਓਂ ਜਿਗਰੀਆ ਯਾਰਾ, ਪੱਤਣਾਂ ਤੇ ਭਾਲਦੀ ਫਿਰਾਂ’ ਅਤੇ ‘ਲੈ ਖ਼ਬਰ ਨਿਆਣੀ ਦੀ, ਬਾਬਲਾ ਦਰਦ ਵੰਡਾ ਲੈ ਧੀ ਦੇ’ ਗੀਤ ਨੂੰ ਉਸਨੇ ਬਾ ਕਮਾਲ ਸੋਜ਼ ਭਰੀ ਆਵਾਜ਼ ਵਿੱਚ ਗਾਇਆ ਹੈ। ‘ਲਾਹ ਲਈ ਊ ਮੁੰਦਰੀ ਮੇਰੀ’ ਗੀਤ ਵਿੱਚੋਂ ਉਸਦੀ ਸ਼ੋਖੀ ਅਤੇ ਸ਼ਿਕਵਾ ਸਪੱਸ਼ਟ ਝਲਕਦਾ ਹੈ। ਇਸੇ ਤਰ੍ਹਾਂ ‘ਖਾਲੀ ਘੋੜੀ ਹਿਣਕਦੀ’ ਗੀਤ ਵਿਚਲਾ ਦਰਦ ਸਰੋਤੇ ਨੂੰ ਖ਼ੁਦ-ਬ-ਖ਼ੁਦ ਅਨੁਭਵ ਹੁੰਦਾ ਹੈ।
ਦੂਰਦਰਸ਼ਨ ਤੋਂ ਉਹ ਉਦੋਂ ਦੀ ਗਾ ਰਹੀ ਹੈ ਜਦੋਂ ਦਾ ਜਲੰਧਰ ਦੂਰਦਰਸ਼ਨ ਕੇਂਦਰ ਬਣਿਆ ਹੈ। ਕੁਝ ਫ਼ਿਲਮਾਂ ਵਿੱਚ ਵੀ ਰਣਜੀਤ ਕੌਰ ਨੇ ਪਿੱਠਵਰਤੀ ਗਾਇਕਾ ਵਜੋਂ ਗਾਇਆ ਜਿਨ੍ਹਾਂ ਵਿੱਚ ਮੁੱਖ ‘ਸਰਪੰਚ’ ਅਤੇ ‘ਪਟੋਲਾ’ ਹਨ। ਗਾਇਕੀ ਦੇ ਨਾਲ ਨਾਲ ਉਸਨੇ ਕੁਝ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਹੈ। ‘ਕੁੱਲੀ ਯਾਰ ਦੀ’, ‘ਸੈਦਾਂ ਜੋਗਣ’, ‘ਰਾਣੋ’, ‘ਗੁੱਡੋ’ ਆਦਿ ਫ਼ਿਲਮਾਂ ਵਿੱਚ ਉਸਦੀ ਅਦਾਕਾਰੀ ਦੇਖੀ ਜਾ ਸਕਦੀ ਹੈ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਮਨੋਰੰਜਨ ਹਿੱਤ ਉਸਨੇ ਇੱਕ ਵਾਰ ਨਹੀਂ ਸਗੋਂ ਕਈ ਵਾਰ ਆਪਣੇ ਗਰੁੱਪ ਨਾਲ ਚੱਕਰ ਲਾਏ। ਪਹਿਲੀ ਫੇਰੀ ਦੌਰਾਨ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਆਸਟਰੇਲੀਆ, ਇੰਗਲੈਂਡ, ਜਰਮਨ, ਅਮਰੀਕਾ ਅਤੇ ਕੈਨੇਡਾ ਘੁੰਮਿਆ। ਉਸਤੋਂ ਬਾਅਦ ਕਈ ਵਿਦੇਸ਼ੀ ਟੂਰ ਬਣੇ ਅਤੇ ਲਗਪਗ ਪੂਰੀ ਦੁਨੀਆਂ ਹੀ ਘੁੰਮ ਦਿੱਤੀ।


ਆਪਣੀ ਜ਼ਿੰਦਗੀ ਦੀ ਸਿਖ਼ਰ ਦੁਪਹਿਰ ਉਸਨੇ ਗਾਇਕੀ ਦੇ ਲੇਖੇ ਲਾ ਦਿੱਤੀ ਤੇ ਢਲਦੀ ਦੁਪਹਿਰ ਵੇਲੇ ਉਸਨੂੰ ਇਸਦਾ ਅਹਿਸਾਸ ਹੋਇਆ। ਦੇਰ ਆਏ ਦਰੁਸਤ ਆਏ ਦੇ ਅਖਾਣ ਨੂੰ ਮੰਨਦਿਆਂ ਹੋਇਆਂ ਉਸਨੇ ਲਗਪਗ ਸਾਢੇ ਚਾਰ ਦਹਾਕੇ ਦੀ ਇਕੱਲਤਾ ਨੂੰ ਦੂਰ ਕਰਦਿਆਂ 1994 ਵਿੱਚ ਇਟਲੀ ਵਸਦੇ ਹਰਜੀਤ ਸਿੰਘ ਨਾਲ ਲਾਵਾਂ ਲੈ ਲਈਆਂ। ਕਦੇ ਇਟਲੀ ਅਤੇ ਕਦੇ ਭਾਰਤ ਰਹਿੰਦਿਆਂ ਉਹ ਮੁਹੰਮਦ ਸਦੀਕ ਨਾਲ ਪ੍ਰੋਗਰਾਮ ਨਿਭਾਉਂਦੀ ਰਹੀ। ਪਿਛਲੇ ਕੁਝ ਸਮੇਂ ਤੋਂ ਉਸਦੀ ਆਵਾਜ਼ ਥੋੜ੍ਹੀ ਖ਼ਰਾਬ ਹੋ ਗਈ ਸੀ ਤੇ ਇਸ ਵਿੱਚ ਪਹਿਲਾਂ ਵਾਲੀ ਟੁਣਕਾਰ ਨਾ ਰਹੀ। 2003 ਦੇ ਆਰੰਭ ਵਿੱਚ ਜਦੋਂ ਰਣਜੀਤ ਕੌਰ ਦੋ ਮਹੀਨੇ ਲਈ ਇਟਲੀ ਜਾ ਕੇ ਆਈ ਤਾਂ ਮੁਹੰਮਦ ਸਦੀਕ ਨੇ ਨਵੀਂ ਕੁੜੀ ਸੁਖਜੀਤ ਕੌਰ ਨਾਲ ਪ੍ਰੋਗਰਾਮ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਰਣਜੀਤ ਕੌਰ ਨੂੰ ਅਣਗੌਲਿਆਂ ਕਰ ਦਿੱਤਾ। ਫਰਵਰੀ 2002 ਵਿੱਚ ਲਹਿਰਾਗਾਗਾ ਵਿਖੇ ਇਸ ਜੋੜੀ ਦੀ ਆਖਰੀ ਸਟੇਜ ਸੀ।
ਇੱਕ ਭਰਾ ਅਤੇ ਭੈਣ ਦੇ ਇਸ ਜਹਾਨ ਵਿੱਚੋਂ ਸਮੇਂ ਤੋਂ ਪਹਿਲਾਂ ਤੁਰ ਜਾਣ ਕਾਰਨ ਰਣਜੀਤ ਕੌਰ ਦੀਆਂ ਜ਼ਿੰਮੇਵਾਰੀਆਂ ਹੋਰ ਵਧ ਗਈਆਂ। ਉਸਨੇ ਆਪਣੇ ਭਤੀਜੇ-ਭਤੀਜੀਆਂ ਅਤੇ ਭਾਣਜੇ-ਭਾਣਜੀਆਂ ਨੂੰ ਯਥਾਯੋਗ ਸਿੱਖਿਆ ਦਿਵਾਈ ਅਤੇ ਦਿਵਾ ਰਹੀ ਹੈ। ਅੱਜਕੱਲ੍ਹ ਉਹ ਲੁਧਿਆਣਾ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ। ਉਸਦੇ ਚਾਹਵਾਨ ਸਰੋਤੇ ਲੋਕ ਗਾਇਕੀ ਦੇ ਖੇਤਰ ਵਿੱਚ ਪਾਏ ਉਸਦੇ ਯੋਗਦਾਨ ਸਦਕਾ ਸਮੇਂ ਸਮੇਂ ’ਤੇ ਉਸ ਦੀ ਕਲਾ ਦਾ ਸਨਮਾਨ ਕਰਦੇ ਰਹਿੰਦੇ ਹਨ।

LEAVE A REPLY

Please enter your comment!
Please enter your name here