ਵੈਨਕੂਵਰ

ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ‘ਗਰੇਨਵਿਲੇ ਇੰਟਰਟੇਨਮੈਂਟ ਡਿਸਟ੍ਰਿਕਟ’ ‘ਚ ਜਨਵਰੀ, 2018 ਨੂੰ ਕੁੱਝ ਨੌਜਵਾਨਾਂ ਨੇ ਝਗੜੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਕਲਵਿੰਦਰ ਥਿੰਦ ਦਾ ਕਤਲ ਕਰ ਦਿੱਤਾ ਸੀ, ਉਹ ਉਨ੍ਹਾਂ ਨੂੰ ਲੜਨ ਤੋਂ ਹਟਾਉਣ ਲਈ ਗਿਆ ਸੀ ਪਰ ਇਸ ਦੌਰਾਨ ਉਸ ਨੂੰ ਹੀ ਛੁਰਾ ਮਾਰ ਦਿੱਤਾ ਗਿਆ। ਇਸ ਮਾਮਲੇ ‘ਚ ਵੈਨਕੂਵਰ ਪੁਲਸ ਵਿਭਾਗ ਅਤੇ ਬਾਰ ਵਾਲਿਆਂ ਨੇ ਮਿਲ ਕੇ ਕੁੱਝ ਖਾਸ ਨਿਯਮ ਬਣਾਏ ਹਨ, ਜਿਸ ਮੁਤਾਬਕ ਹੁਣ ਕੋਈ ਵੀ ਵਿਅਕਤੀ ਜੇਕਰ ਬਾਰ ‘ਚ ਝਗੜਾ ਕਰੇਗਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਸਭ ਦਾ ਟੀਚਾ ਨਾਈਟ ਕਲੱਬਾਂ ਅਤੇ ਬਾਰਜ਼ ਆਦਿ ‘ਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਰੋਕਣਾ ਹੈ। ਬਾਰ ਵਾਚ ਦੇ ਚੇਅਰਮੈਨ ਕੁਰਟੀਸ ਰੋਬਿਨਸਨ ਨੇ ਦੱਸਿਆ ਕਿ ਬਾਰ ‘ਚ ਆਉਣ ਵਾਲਿਆਂ ਨੂੰ ਹੁਣ ਇਨ੍ਹਾਂ ਨਵੇਂ ਨਿਯਮਾਂ ਨੂੰ ਮੰਨਣਾ ਪਵੇਗਾ। ਇਸ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਕੋਡ ਆਫ ਕੰਡਕਟਜ਼ ਨੂੰ ਨਹੀਂ ਮੰਨਦਾ ਤਾਂ ਉਹ ਇਕ ਸਾਲ ਤਕ ਬਾਰ ‘ਚ ਦਾਖਲ ਨਹੀਂ ਹੋ ਸਕਦਾ ਅਤੇ ਜੇਕਰ ਕੋਈ ਵੀ ਹਥਿਆਰ ਲੈ ਕੇ ਬਾਰ ‘ਚ ਜਾਂਦਾ ਦੇਖਿਆ ਗਿਆ ਤਾਂ ਉਸ ਨੂੰ ਪੂਰੀ ਜ਼ਿੰਦਗੀ ਬਾਰ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੜਾਈ-ਝਗੜਾ, ਗਾਲ੍ਹਾਂ ਕੱਢਣ, ਕਿਸੇ ਤਰ੍ਹਾਂ ਦੀ ਗਲਤ ਹਰਕਤ, ਕੁੱਟ-ਮਾਰ, ਚੋਰੀ ਅਤੇ ਹਥਿਆਰ ਲੈ ਕੇ ਆਉਣ ਵਾਲਿਆਂ ਨੂੰ ਹੁਣ ਪੁਲਸ ਸ਼ਿਕੰਜੇ ‘ਚ ਲਵੇਗੀ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਮੂਲ ਦੇ ਕਲਵਿੰਦਰ ਦਾ ਜਨਮ 5 ਸਤੰਬਰ, 1994 ‘ਚ ਵੈਨਕੂਵਰ ‘ਚ ਹੋਇਆ ਸੀ। ਉਹ ਕਬਾਨਾ ਲਾਊਂਜ ਨਾਈਟ ਕਲੱਬ ‘ਚ ਕੰਮ ਕਰਦਾ ਸੀ ਅਤੇ ਇਸ ਤੋਂ ਪਹਿਲਾਂ ਉਹ ਗੱਡੀਆਂ ਦੀ ਡੀਲਰਸ਼ਿਪ ਦੇ ਨਾਲ-ਨਾਲ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ । ਉਸ ਨੇ ਇਕ ਮਹੀਨਾ ਪਹਿਲਾਂ ਹੀ ‘ਕਬਾਨਾ ਲਾਊਂਜ ਨਾਈਟ ਕਲੱਬ’ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਪਰਿਵਾਰ ਮੁਤਾਬਕ ਉਹ ਹਮੇਸ਼ਾ ਹੀ ਹੋਰਾਂ ਦੇ ਝਗੜੇ ਸੁਲਝਾਉਣ ਲਈ ਅੱਗੇ ਰਹਿੰਦਾ ਸੀ।

LEAVE A REPLY

Please enter your comment!
Please enter your name here