ਪੰਜਾਬੀ ਸੰਗੀਤ ਰੂਹਾਨੀਅਤ ਖੁਰਾਕ ਹੈ।ਰੂਹ ਨੂੰ ਤ੍ਰਿਪਤਿ ਕਰਨ ਦਾ ਜ਼ਰੀਆ ਹੈ। ਪੰਜਾਬੀ ਸੱਭਿਆਚਾਰਕ ਸ਼ਬਦ ਗੀਤ ਦੇ ਰੂਪ ਚ ਸੁਰੀਲੀ, ਪਰਪੱਕ ਆਵਾਜ਼ ਅਤੇ ਸੰਗੀਤਿਕ ਧੁਨਾਂ ਚ ਲਬਰੇਜ਼ ਹੋਕੇ ਜਦੋਂ ਸਰੋਤਿਆਂ ਦੀ ਰੂਹ ਨੂੰ ਤ੍ਰਿਪਤਿ ਕਰਨ, ਨਾਲ ਨਾਲ ਗੁਣਗਣਾਉਣ,ਨੱਚਣ ਲਈ ਮਜਬੂਰ ਕਰਨ ਦੀ ਸਮੱਰਥਾ ਰੱਖਣ ਤਾਂ ਸ਼ਬਦਾਂ ਨੂੰ ਆਪਣੀ ਸੁਰੀਲੀ ਆਵਾਜ ਦੇਣ ਵਾਲਾ ਇੱਕ ਸਮਰੱਥ ਕਲਾਕਾਰ ਹੋ ਨਿੱਬੜਦਾ ਹੈ।ਭਾਰਤੀ ਅਤੇ ਪੱਛਮੀ ਸੰਗੀਤ ਨੂੰ ਰਾਲਗੱਡ ਕਰਕੇ ਪੰਜਾਬੀ ਸੰਗੀਤ ਨੂੰ ਪੂਰੀ ਦੁਨੀਆਂ ਚ ਪਹਿਚਾਣ ਦਿਵਾਉਣ ਵਾਲੇ ਗਾਇਕਾਂ ਚੋਂ ਸੁਪਰ ਸਟਾਰ ਗਾਇਕ ਅਤੇ ਅਦਾਕਾਰ ਜੈਜ਼ੀ ਬੀ. ਦਾ ਨਾਮ ਸਭ ਤੋਂ ਉੱਪਰਲੀਆਂ ਸਫਾਂ ‘ਚ ਆਉਂਦਾ ਹੈ। ਬੀਟ ਗੀਤਾਂ ਚ ਉਸਦਾ ਕੋਈ ਮੁਕਾਬਲਾ ਨਹੀਂ ਹੈ।
ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾ ਮੁਕਾਮ ਦੀ ਦੱਖਣ ਪੂਰਬੀ ਵੱਖੀ ‘ਚ ਵਸੇ ਪਿੰਡ ਦੁਰਗਾਪੁਰ ਚ 1ਅਪ੍ਰੈਲ 1975 ਨੂੰ ਪਿਤਾ ਸ੍ਰ.ਗੁਰਮੇਲ ਸਿੰਘ ਦੇ ਵਿਹੜੇ ਦਾ ਖੇੜ੍ਹਾ ਅਤੇ ਮਾਤਾ ਸ੍ਰੀਮਤੀ ਚਰਨ ਕੌਰ ਦੀ ਬੁੱਕਲ ਦਾ ਸ਼ਿੰਗਾਰ ਬਣੇ, ਪਿੰਡ ਦੁਰਗਾਪੁਰ ਦੀਆਂ ਕੱਚੀਆਂ ਗਲੀਆਂ ਘੁੰਮੇ ਅਤੇ ਤੱਪੜ ਮਾਰਕਾ ਸਕੂਲ ਚ ਪੜ੍ਹੇ ਜਸਵਿੰਦਰ ਸਿੰਘ ਬੈਂਸ ਬਾਰੇ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਇਹ ਇਤਨਾ ਵੱਡਾ ਪੰਜਾਬੀ ਗਾਇਕੀ ਦਾ ਸੁਪਰ ਸਟਾਰ ਬਣੇਗਾ। ਗੁਰਦੇਵ ਸਿੰਘ ਬੈਂਸ(ਚਮਕੀਲਾ) ਦੇ ਭਰਾ ਜਸਵਿੰਦਰ ਉਰਫ ਜੱਜੀ ਨੂੰ ਬਚਪਨ ਚ ਹੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀਆਂ ਲੋਕ ਗਾਥਾਵਾਂ ਸੁਣ ਕੇ ਗਾਇਕੀ ਦਾ ਸ਼ੌਕ ਜਾਗ ਪਿਆ ਸੀ।ਪਿੰਡ ਰਹਿੰਦਿਆਂ ਪੜ੍ਹਾਈ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਚ ਕੀਰਤਨ ਸੁਣਨਾ , ਰਾਗਾਂ ਨੂੰ ਸਮਝਣਾ ਅਤੇ ਘਰ ਆਕੇ ਆਪਣੇ ਚੁਬਾਰੇ ਚ ਗੀਤਾਂ ਤੇ ਰਿਆਜ ਕਰਨਾ, ਪੜ੍ਹਾਈ ਦੌਰਾਨ ਸਕੂਲ,ਕਾਲਜ ਦੇ ਫੰਕਸ਼ਨਾਂ ਚ ਭੰਗੜਾ ਪਾਉਣਾ ਅਤੇ ਬੋਲੀਆਂ ਪਾਉਣਾ ਉਸਦੇ ਮੁੱਢਲੇ ਸ਼ੌਂਕ ਰਹੇ ਹਨ।ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਸਵਰਗੀ ਕੁਲਦੀਪ ਮਾਣਕ ਨੂੰ ਜਾ ਉਸਤਾਦ ਧਾਰਿਆ।ਦੋਸਤਾਂ ਦੀ ਹੱਲਾਸ਼ੇਰੀ, ਅੰਦਰੂਨੀ ਉਤਸ਼ਾਹ ਅਤੇ ਸ਼ੌਕ ਸਦਕਾ ਗਾਇਕੀ ਦੇ ਇਸ ਤਿਲਕਣੇ ਪਿੜ ਚ ਪੱਕੇ ਪੈਰ ਜਮਾਉਣ ਲਈ ਜੱਦੋਜਹਿਦ ਕਰਦਿਆਂ 1993 ਚ ਕੈਸਿਟ ਕਲਚਰ ਸਮੇਂ ਪਹਿਲੀ ਕੈਸਿਟ “ਘੁੱਗੀਆਂ ਦਾ ਜੋੜਾ” ਨਾਲ ਪਾਰੀ ਖੇਡੀ ਅਤੇ ਮੁੜਕੇ ਪਿਛਾਂਹ ਨਹੀਂ ਦੇਖਿਆ।ਕਦਮ ਦਰ ਕਦਮ, ਇੱਕ ਬਾਅਦ ਇੱਕ ਸੁਪਰ-ਡੁਪਰ ਗੀਤ ਨਾਲ ਸੰਗੀਤ ਦੀ ਦੁਨੀਆਂ ਚ ਧਰੂ ਤਾਰੇ ਵਾਂਗ ਚਮਕਣ ਲੱਗਿਆ।ਉਹ ਰੋਜੀ ਰੋਟੀ ਦੀ ਭਾਲ ਚ ਪੰਜਾਬ ਤੋਂ ਕੇਨੇਡਾ ਦੇ ਸ਼ਹਿਰ ਸਰੀ ਉਡਾਰੀ ਮਾਰ ਗਿਆ।ਉੱਥੇ ਉਸਦੀ ਸੰਗੀਤਕਾਰ ਸੁਖਜਿੰਦਰ ਸ਼ਿੰਦਾ ਨਾਲ ਅਜਿਹੀ ਟੋਨ ਮਿਲੀ ਬੱਸ “ਨਾਗ ਸਾਂਭ ਲੈ ਜੁਲਫਾਂ ਦੇ” ਨਾਲ ਜਸਵਿੰਦਰ ਬੈਂਸ ਤੋਂ ਜੈਜੀ ਬੈਂਸ ਬਣ ਗਿਆ।ਉਸਦੀਆਂ ਮਾਰਕੀਟ ਚ ਐਲਬਮਾਂ ਦਾ ਜਿਕਰ ਜੇਕਰ ਕਰੀਏ ਤਾਂ ਲਿਸਟ ਬਹੁਤ ਲੰੰਮੀ ਹੈ, ਪਰ ਕੁੱਝ ਕੁ ਦਾ ਜ਼ਿਕਰ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ:-
1994ਚ “ਦ ਕੇਨੇਡੀਅਨ ਸਪਾਈਸ”,
1995 ਚ “ਫੋਕ ਐਂਡ ਫੰਕੀ”,
1997 ਚ “ਫੋਕ ਅਟਰੈਕਸ਼ਨ”,
1999ਚ “ਆਲ ਆਈਜ ਆਨ ਮੀ”,
2000ਚ “ਸਟੇਅ ਇਨ ਰੀਅਲ ਸੁਰਮਾ”,
2001 ਚ”ਉਹ ਕਿਹੜੀ “,
2002 ਚ “ਤੇਰਾ ਰੂਪ”,
2004 ਚ “ਰੋਮੀਓ”,
2008 ਚ “ਰੈਂਬੋ”,
2011 ਚ”ਮਹਾਰਾਜਾ..”
2017 ਚ “ਫੋਕ ਐਂਡ ਫੰਕੀ-2”,
ਉਸਦੀ “ਮਹਾਰਾਜਾ ..” ਐਲਬਮ ਵਿਚਲੇ ਗੀਤ “ਸਾਨੂੰ ਰੱਬ ਨੇ ਬਣਾਇਆ ਮਹਾਰਾਜੇ” ਅੱਜ ਵੀ ਸਰੋਤਿਆਂ ਦੇ ਸਿਰ ਚੜ੍ਹ ਬੋਲਦਾ ਹੈ।ਇਹਨਾਂ ਤੋਂ ਇਲਾਵਾ
1994 ਚ “ਗੈੱੱਟ ਬੈਕ”
2000 ਚ “ਦਿਲ ਆ ਗਿਆ ਤੇਰੇ ਤੇ”
ਅਤੇ “ਚੱਕ ਦੇ ਬੋਲੀ”
2002 ਚ “ਗੈੱਟ ਬੈਕ” ਨੂੰ ਦੁਬਾਰਾ ਰਿਲੀਜ਼
2003 ਚ “ਪਿਆਰ ਦਾ ਮੁਕੱਦਮਾ”
2007 ਚ “ਕੌਣ ਨੱਚਦੀ”
ਨਾਲ ਪੰਜਾਬ, ਭਾਰਤ ਤੋਂ ਇਲਾਵਾ ਸੱਤ ਸਮੁੰਦਰੋਂ ਪਾਰ ਕੇਨੇਡਾ, ਅਮਰੀਕਾ, ਆਸਟਰੇਲੀਆ ਆਦਿ ਦੇਸ਼ਾਂ ਚ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਦਾ ਲੋਕ ਦਿਲਾਂ ਤੇ ਜਾਦੂ ਕੀਤਾ।
ਉਹਨਾਂ ਧਾਰਮਿਕ ਖੇਤਰ ਚ ਵੀ 1999 ਚ ਐਲਬਮ “ਸਿੰਘਾਂ ਦੀ ਕੌਮ ਬਹਾਦਰ” ਅਤੇ 2003 ਚ “ਸਿੱਖੀ ਖੰਡਿਓ ਤਿੱਖੀ” ਨਾਲ ਆਪਣੀ ਆਵਾਜ਼ ਦਾ ਲੋਹਾ ਮੰਨਵਾਇਆ ਹੈ।ਸਿੰਗਲ ਟਰੈਕ ਦੇ ਦੌਰ ਚ ਉਸਨੇ
ਫੀਮ,ਰਾਈਜ਼ ਅਵੱਬ ਹੇਟ,ਸਿੰਘਾਂ ਦੀ ਤਲਵਾਰ,ਮੋਸਟ ਵਾਂਟਡ, ਰੀਪੀਟ, ਅੱਤਵਾਦੀ,ਲੀਪ ਵਾਲਾ ਸਾਲ, ਡਾਈਨੇਮਾਈਟ,ਸ਼ਿਕਾਰ,ਮਣਕੇ ਟੂ ਮਾਣਕ,ਬੰਬ ਗਾਣਾ,ਸ਼ਹੀਦ ਕੌਮ ਦੇ,ਵਨ ਮਿਲੀਅਨ,ਬੰਦੂਕ, ਮਿਸ ਕਰਦਾ ਆਦਿ ਗੀਤਾਂ ਨਾਲ ਨਾਲ ਆਪਣੇ ਮੁਕਾਮ ਤੇ ਕਾਇਮ ਰਹਿਣ ਚ ਕਾਮਯਾਬ ਰਿਹਾ।
ਸਵਰਗੀ ਕੁਲਦੀਪ ਮਾਣਕ ਅਤੇ ਯੁਧਵੀਰ ਮਾਣਕ ਨਾਲ “ਛੱਡੀਏ ਨਾ ਵੈਰੀ ਨੂੰ” ਅਤੇ “ਹੁਕਮ ਮੇਰੇ ਨੂੰ ਟਾਲਣ ਵਾਲਾ ਜੱਗ ਤੇ ਜੰਮਿਆ ਨਹੀਂ” ਨਾਲ ਗੀਤ ਗਾਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ।
ਜੈਜੀ ਬੀ ਨੇ ਆਪਣੀ ਗਾਇਕੀ ਚ ਸਫਲਤਾ ਦੇ ਝੰਡੇ ਨੂੰ ਬੁਲੰਦ ਕਰਦਿਆਂ ਕਲੱਬਰੇਸ਼ਨ ਚ ਅੱਖ ਦੇ ਇਸ਼ਾਰੇ,ਰਲ ਖੁਸ਼ੀਆਂ ਮਨਾਈਏ, ਸਤਿਗੁਰੂ ਮੇਰਾ,ਨਾਗ-2, ਦਿਸ ਪਾਰਟੀ ਗੈਟਿੰਗ ਹੋਟ,ਸਿੰਘਾਂ ਦੀਆਂ ਗੱਡੀਆਂ ਆਦਿ ਗੀਤਾਂ ਨਾਲ ਜੈਜੀ ਬੀ-ਜੈਜੀ ਬੀ ਕਰਵਾ ਦਿੱਤੀ।ਦੋਗਾਣਾ ਗਾਇਕੀ ਚ ਕੌਰ ਬੀ(ਬਲਜਿੰਦਰ ਕੌਰ ) ਨਾਲ “ਮਿੱਤਰਾਂ ਦੇ ਬੂਟ” ਨਾਲ ਅਜਿਹਾ ਮਾਰਕਾ ਮਾਰਿਆ ਅੱਜ ਤਕ ਉਸ ਗੀਤ ਦਾ ਕੋਈ ਵੀ ਗੀਤ ਮੁਕਾਬਲਾ ਨਹੀਂ ਕਰ ਸਕਿਆ।
ਜੈਜੀ ਬੀ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਚ ਵੀ ਆਪਣੀ ਸੁਰੀਲੀ ਆਵਾਜ ਨਾਲ ਗਾਇਕੀ ਦਾ ਲੋਹਾ ਮੰਨਵਾਇਆ ਹੈ,ਜਿੰਨ੍ਹਾਂ ਚੋਂ ਜਿਕਰਯੋਗ ਹਨ:-
*ਸਰਦਾਰ ਸਾਹਿਬ ‘ਚ ਗੋਬਿੰਦ ਦਾ ਸਰਦਾਰ
*ਤੂਤਕ ਤੂਤਕ ਤੂਤੀਆਂ ਚ ਲਵ ਦ ਵੇ ਯੂ ਡਾਂਸ
*ਦਿੱਲੀ ਵਾਲੀ ਜ਼ਾਲਿਮ ਗਰਲਫਰੈਂਡ ਚ ਜ਼ੁਲਮ ਦਿਲੀ-ਹਰਦ ਕੌਰ ਨਾਲ
*ਯੋਧਾ ਚ ਘੋੜਾ
*ਸ਼ਾਦੀ ਕੇ ਸਾਈਡ ਇਫੈਕਟ ਚ ਹੈਰੀ ਇਜ ਨਾਟ ਬ੍ਰਹਮਚਾਰੀ
*ਡਬਲ ਦੀ ਟਰੱਬਲ ਚ 26 ਬਨ ਗਈ
*ਸਾਡਾ ਹੱਕ ਚ ਬੱਘੀ
*ਸਾਹਿਬ ਬੀਵੀ ਔਰ ਗੈਂਗਸਟਰ ਰਿਟਰਨ ਚ ਜੁਗਨੀ
* ਰਸ਼ ਫਿਲਮ ਚ ਫੁਕਰਾ
*ਤੀਸਰੀ ਅੱਖ ਚ ਚੁੱਕ ਦੇ ਪੰਜਾਬੀ
*ਸ਼ਹੀਦ ਊਧਮ ਸਿੰਘ ਚ ਊਧਮ ਸਿੰਘ ਗੀਤ ਆਦਿ।
ਜੈਜੀ ਬੀ. ਨੇ ਸ਼ਹੀਦ ਊਧਮ ਸਿੰਘ,ਤੀਸਰੀ ਅੱਖ,ਜੱਟ ਐਂਡ ਜੂਲੀਅਟ-2,ਬੈਸਟ ਆਫ ਲੱਕ,ਰੋਮੀਓ ਰਾਂਝਾ,ਡਬਲ ਦ ਟਰੱਬਲ, ਫਰਾਰ ਆਦਿ ਫਿਲਮਾਂ ਚ ਅਦਾਕਾਰੀ ਦੇ ਵਿਲੱਖਣ ਜਲਵੇ ਬਿਖੇਰੇ ਹਨ ।
ਜੈਜੀ ਬੀ ਭੰਗੜੇ ਦਾ ਸਟਾਰ ਗਾਇਕ ਹੈ।ਉਸਦੇ ਵਾਲਾ ਦਾ ਸਟਾਇਲ ਹਰ ਗੀਤ ਚ ਨਿਵੇਕਲਾ ਹੁੰਦਾ ਹੈ।ਇਸ ਕਾਰਨ ਵੀ ਉਹ ਚਰਚਾ ਵਿੱਚ ਰਹਿੰਦਾ ਹੈ।ਉਸਦੇ ਗੀਤਾਂ ਦੀ ਸਰੋਤਿਆਂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ।
ਨਾਗ ਸਾਂਭ ਲੈ ਜੁਲਫਾਂ ਦੇ,ਰੈਂਬੋ ਰੈਂਬੋ, ਮਹਾਰਾਜਾ, ਰਿਪੀਟ,ਫੀਮ,ਨਹੀਂ ਹਾਰਦਾ ਅਜੇ ਜੱਟ ਪੂਰਾ ਕੈਮ ਆ,ਛੱਡੀਏ ਨਾ ਵੈਰੀ ਨੂੰ, ਮਿੱਤਰਾਂ ਦੇ ਬੂਟ,ਵਨ ਮਿਲੀਅਨ ਵਿੱਚੋਂ ਮੁੰਡਾ ਇੱਕ ਆ,ਲੰਡਨੋਂ ਪਟੋਲਾ,90 ਦੀ ਬੰਦੂਕ ਆਦਿ ਉਸਦੇ ਸੁਪਰ ਹਿੱਟ ਗੀਤਾਂ ਚੋਂ ਮੁੱਖ ਹਨ।
ਜੈਜੀ ਬੀ ਇੱਕ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਹੈ।ਕੁਲਦੀਪ ਮਾਣਕ ਦੀ ਮੌਤ ਅਤੇ ਯੁਧਵੀਰ ਮਾਣਕ ਦੇ ਬਿਮਾਰ ਹੋਣ ਤੋਂ ਬਾਅਦ ਅੱਜ ਵੀ ਉਹ ਉਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ੍ਹ ਕੇ ਖੜ੍ਹਾ ਹੈ ਅਤੇ ਪਰਿਵਾਰ ਲਈ ਹਰ ਵੇਲੇ ਆਰਥਿਕ ਮੱਦਦ ਲਈ ਵੀ ਤੱਤਪਰ ਰਹਿੰਦਾ ਹੈ।
ਗੋਗਾ ਧਾਲੀਵਾਲ, ਸੱਤੀ ਖੋਖੇ ਵਾਲੀਆ, ਚਮਕੌਰ ਸਿੰਘ ਉਸਦੇ ਪੱਕੇ ਜੁੰਡਲੀ ਯਾਰ ਹਨ।ਉਸਦੇ ਸ਼ਾਗਿਰਦਾਂ ਚੋਂ ਲੱਕੀ ਸਿੰਘ ਦੁਰਗਾਪੁਰੀਆ ਦਾ ਨਾਮ ਵਿਸ਼ੇਸ਼ ਵਰਣਨਯੋਗ ਹੈ।
ਅੱਜਕਲ੍ਹ ਉਹ ਆਪਣੀ ਪਤਨੀ ਹਰਦੀਪ ਕੌਰ ਬੈਂਸ ਅਤੇ ਬੇਟੇ ਜੋਬਨ ਬੈਂਸ ,ਬੇਟੀ ਆਈਸ਼ਾ ਬੈਂਸ ਨਾਲ ਕੇਨੇਡਾ ਦੇ ਸਰੀ ਵਿੱਚ ਰਹਿ ਰਿਹਾ ਹੈ। ਉਸਦੇ ਮਾਣ ਸਨਮਾਨ ਦੀ ਲਿਸਟ ਵੀ ਬਹੁਤ ਲੰਮੇਰੀ ਹੈ,ਗਿਣਤੀ ਕਰਨਾ ਨਾਮੁਮਕਿਨ ਹੈ।ਪਰ ਸਰੋਤਿਆਂ ਦੇ ਪਿਆਰ ਨੂੰ ਉਹ ਸਭ ਤੋਂ ਵੱਡਾ ਸਨਮਾਨ ਮੰਨਦਾ ਹੈ।
ਜੈਜੀ ਬੀ. ਦਾ ਕੌਰ ਬੀ. ਨਾਲ ਰਿਲੀਜ਼ ਹੋਇਆ ਦੋਗਾਣੇ “ਜੱਟ ਦਾ ਫਲੈਗ” ਨੇ ਪੂਰੀ ਦੁਨੀਆਂ ਚ ਧੁੰਮ ਮਚਾਈ ਹੈ।ਇਸ ਗੀਤ ਦੀ ਵੀਡੀਓ ਚ ਕੌਰ ਬੀ. ਦੀ ਅਦਾਕਾਰੀ ਅਤੇ ਸੁਰੀਲੀ ਆਵਾਜ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਬੋਲਦਾ ਹੈ।ਦੱਸਣਯੋਗ ਹੈ ਕਿ ਉਸਦੇ ਚਾਹੁੰਣ ਵਾਲਿਆਂ ਦੀ ਸੈਂਕੜਿਆਂ, ਹਜਾਰਾਂ ਜਾਂ ਲੱਖਾਂ ਵਿੱਚ ਨਹੀਂ ,ਸਗੋਂ ਕਰੋੜਾਂ ਵਿੱਚ ਹੈ।ਜੈਜੀ ਬੀ ਨੇ ਇਸ ਗੀਤ ਰਾਹੀਂ ਇੱਕ ਵਾਰ ਫਿਰ ਆਪਣੀ ਬੁਲੰਦੀ ਦੇ ਸਿਤਾਰਿਆਂ ਨੂੰ ਕਾਇਮ ਰੱਖਣ ਚ ਕਾਮਯਾਬੀ ਹਾਸਿਲ ਕੀਤੀ ਹੈ।ਨਵੇਂ ਸਾਲ ਚ ਉਹ ਹੁਣੇ ਹੁਣੇ ਨਵੇਂਂ ਰਿਲੀਜ਼ ਹੋਏ ਗੀਤ “ਉੱਡਣੇ ਸਪੋਲੀਏ” ਨਾਲ ਇੱਕ ਵਾਰ ਫਿਰ ਧਮਾਲਾਂ ਪਾ ਰਿਹਾ ਹੈ।ਇਹ ਗੀਤ ਸੱਤੀ ਖੋਖੇ ਵਾਲੀਆ ਦੀ ਕਲਮ ਦੀ ਉੱਪਜ ਹੈ ਅਤੇ ਮਿਊਜਿਕ ਜੱਸੀ ਬ੍ਰਦਰਜ਼ ਦਾ ਹੈ।ਗਾਣੇ ਦੀ ਵੀਡੀਓ ਰਿੰਪੀ ਪ੍ਰਿੰਸਨੇ ਤਿਆਰ ਕੀਤੀ ਹੈ ਅਤੇ ਪਲੈਨੇਟ ਰਿਕਾਰਡਜ਼ ਨੇ ਰਿਲੀਜ਼ ਕੀਤਾ ਹੈ।
ਵਾਹਿਗੁਰੂ ਕਰੇ ਉਸਦੀ ਆਵਾਜ਼ ਇਸੇ ਤਰ੍ਹਾਂ ਹਵਾਵਾਂ ਚ ਸਦਾ ਗੂੰਜਦੀ ਰਹੇ।
ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

LEAVE A REPLY

Please enter your comment!
Please enter your name here