ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਵੱਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੀ ਸੱਭਿਆਚਾਰਕ ਢੰਗ ਨਾਲ ਅਪੀਲ ਕੀਤੀ ਗਈ ਹੈ । ਰਵਾਇਤੀ ਸੰਗੀਤ ਸਾਜ਼ਾਂ ਦੇ ਨਾਲ ਇੱਕ ਗੀਤ ਤਿਆਰ ਕੀਤਾ ਗਿਆ ਹੈ ਜਿਸ ਵਿੱਚ 20 ਜੂਨ ਤੋਂ ਪਹਿਲਾਂ ਝੋਨੇ ਦੀ ਲੁਆਈ ਨਾ ਕਰਨ ਲਈ ਭੈਣ ਆਪਣੇ ਭਰਾ ਨੂੰ ਸਮਝਾਉਂਦੀ ਹੈ । ’20 ਜੂਨ’ ਨਾਮੀ ਇਹ ਗੀਤ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਸਲਾਹ ਤੇ ਉਘੇ ਸਾਹਿਤਕਾਰ ਤੇ ਪੀ ਏ ਯੂ ਦੇ ਸੇਵਾ ਮੁਕਤ ਅਧਿਆਪਕ ਗੁਰਭਜਨ ਗਿੱਲ ਵੱਲੋਂ ਲਿਖਿਆ ਗਿਆ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਬਾਅਦ ਝੋਨਾ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ । ਸਮਾਜ ਦੀਆਂ ਵੱਖ-ਵੱਖ ਧਿਰਾਂ ਨੂੰ ਸੁਚੇਤ ਕਰਨ ਲਈ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ। ਇਸ ਸੰਬੰਧੀ ਜਾਗਰੂਕਤਾ ਮੁਹਿੰਮ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਆਰੰਭ ਕੀਤੀ ਗਈ ਹੈ ਜਿਸ ਤਹਿਤ ਇਹ ਸੁਨੇਹਾ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਜਾਗਰੂਕਤਾ ਪੈਦਾ ਕਰਨ ਹਿਤ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ ।
ਪ੍ਰੋ. ਗੁਰਭਜਨ ਗਿੱਲ ਸਾਬਕਾ ਪੰਜਾਬੀ ਸਾਹਿਤ ਅਕੈਡਮੀ ਨੇ ਦੱਸਿਆ ਕਿ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਨਾਲ ਪਾਣੀ ਦਾ ਪੱਧਰ ਥੱਲੇ ਵੱਲ ਨੂੰ ਜਾ ਰਿਹਾ ਹੈ ਜਿਸ ਕਾਰਨ ਟਿਊਬਵੈਲਾਂ ਦੇ ਬੋਰ ਨੀਵੇਂ ਕਰਵਾਉਣੇ ਪੈ ਰਹੇ ਹਨ ਜੋ ਕਿ ਇੱਕ ਵੱਡੇ ਖਰਚੇ ਦਾ ਕਾਰਨ ਹੈ । ਉਨ੍ਹਾਂ ਨੇ ਡਾ: ਸਰਜੀਤ ਸਿੰਘ ਗਿੱਲ ਅਤੇ ਡਾ: ਗੁਰਦੇਵ ਸਿੰਘ ਹੀਰਾ ਦੀ ਅਗਵਾਈ ਹੇਂਠ 2005 ਚ ਇਸ ਮਸਲੇ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ।
ਹੁਣ ਦੋਬਾਰਾ ਇਸ ਗੀਤ ਵਿੱਚ ਦਰਸਾਇਆ ਗਿਆ ਹੈ ਕਿ 20 ਜੂਨ ਤੋਂ ਪਹਿਲਾਂ ਦੀ ਲਵਾਈ ਕਾਰਨ ਮਹਿੰਗਾ ਡੀਜ਼ਲ ਫੂਕਣਾ ਪਵੇਗਾ ਅਤੇ ਮੁੱਢਲੀਆਂ ਲਾਗਤਾਂ ਵਿੱਚ ਵਾਧਾ ਹੋਵੇਗਾ । ਇਸ ਗੀਤ ਦੀ ਵੀਡੀਓ ਵਿੱਚ ਉਹਨਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਬਾਕਮਾਲ ਅਦਾਕਾਰੀ ਨੂੰ ਸ਼ਬਦਾਂ ਵਿੱਚ ਜਾਨ ਭਰਨ ਵਾਲੀ ਸ਼ਕਤੀ ਦੱਸਿਆ ।

ਇਸ ਪ੍ਰਾਜੈਕਟ ਦੇ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਹ ਦਿਲਕਸ਼ ਪੰਜਾਬੀ ਗੀਤ ਨੂੰ ਸਿਰਫ਼ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਵਿਦਿਆਰਥੀ ਕਲਾਕਾਰਾਂ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਯੂ-ਟਿਊਬ, ਫੇਸਬੁੱਕ ਅਤੇ ਵਟਸਐਪ ਰਾਹੀਂ ਇੱਕ ਦਿਨ ਵਿੱਚ ਹਜ਼ਾਰਾਂ ਲੋਕਾਂ ਤੱਕ ਅੱਪੜ ਗਿਆ ਹੈ । ਉਹਨਾਂ ਦੱਸਿਆ ਕਿ ਇਹ ਗੀਤ ਯੂਨੀਵਰਸਿਟੀ ਦੀ ਵਿਦਿਆਰਥਣ ਅਮਨਦੀਪ ਧਾਲੀਵਾਲ ਵੱਲੋਂ ਗਾਇਆ ਗਿਆ ਹੈ ਜੋ ਕਿ ਰਾਸ਼ਟਰੀ ਪੱਧਰ ਤੇ ਲੋਕ-ਗੀਤ ਮੁਕਾਬਲਿਆਂ ਦੇ ਵਿੱਚ ਸਰਵੋਤਮ ਸਥਾਨ ਪ੍ਰਾਪਤ ਕਰ ਚੁੱਕੀ ਹੈ । ਇਸ ਗੀਤ ਦੇ ਵਿੱਚ ਵਿਦਿਆਰਥੀ ਜਸਵੰਤ ਸਿੰਘ, ਮਨਜੋਤ ਕੌਰ, ਪਲਵਿੰਦਰ ਬਾਸੀ, ਰਣਬੀਰ ਮੋਹਾਲੀ, ਤੁਸ਼ਾਰ, ਗੁਰਜੀਤ ਸ਼ਰਮਾ ਨੇ ਵੱਖ-ਵੱਖ ਕਿਰ​​ਦਾਰ ਨਿਭਾਏ ਹਨ ।

ਸੰਚਾਰ ਕੇਂਦਰ ਦੀ ਅਪਰ ਨਿਰਦੇਸ਼ਕ ਡਾ: ਜਗਦੀਸ਼ ਕੌਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਇਲਾਵਾ ਵੱਖ ਵੱਖ ਅਖਬਾਰਾਂ ਤੋਂ ਇਲਾਵਾ ਇਸ ਗੀਤ ਨੂੰ ਯੂਨੀਵਰਸਿਟੀ ਦੇ ਮਾਸਿਕ ਪੱਤਰ ਚੰਗੀ ਖੇਤੀ ਦੇ ਜੂਨ ਅੰਕ ਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here