ਬਚਪਨ ਤੋਂ ਇਕ ਕਹਾਣੀ ਸੁਣਦੇ ਚਲੇ ਆ ਰਹੇ ਹਾਂ ਕਿ ਇਕ ਅਧਿਆਪਕ ਨੇ ਆਪਣੀ ਕਲਾਸ ਦੇ ਬਲੈਕ-ਬੋਰਡ ਤੇ ਇਕ ਲਕੀਰ ਖਿੱਚੀ ਤੇ ਉਸਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸਨੂੰ ਛੋਟਿਆਂ ਕਰ ਦੇਣ। ਇਕ ਵਿਦਿਆਰਥੀ ਉਠਿਆ, ਉਸਨੇ ਮੇਜ਼ ਤੋਂ ਡਸਟਰ ਚੁਕਿਆ ਤੇ ਲਕੀਰ ਨੂੰ ਥੋੜਾ ਮਿਟਾ ਦਿਤਾ ਤੇ ਕਿਹਾ ਕਿ ਇਹ ਲਕੀਰ ਛੋਟੀ ਹੋ ਗਈ ਹੈ। ਇਸੇਤਰ੍ਹਾਂ ਇੱਕ ਤੋਂ ਬਾਅਦ ਇੱਕ ਕਰ ਹੋਰ ਵਿਦਿਆਰਥੀ ਉਠੇ, ਉਨ੍ਹਾਂ ਵੀ ਇਸੇਤਰ੍ਹਾਂ ਹੀ ਕੀਤਾ। 
ਅਧਿਆਪਕ ਨੇ ਪੁਛਿਆ ਕਿ ‘ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਲਕੀਰ ਛੋਟੀ ਹੋ ਗਈ ਹੈ’? ਵਿਦਿਆਥੀਆਂ ਕਿਹਾ ਕਿ ‘ਪਹਿਲਾਂ ਇਹ ‘ਇਤਨੀ’ ਲੰਮੀ ਸੀ ਤੇ ਹੁਣ ਇਹ ਉਸ ਨਾਲੋਂ ‘ਇਤਨੀ’ ਛੋਟੀ ਹੋ ਗਈ ਹੈ’। ਅਧਿਆਪਕ ਨੇ ਕਿਹਾ ਕਿ ‘ਇਹ ਤਾਂ ਕੋਈ ਗਲ ਨਹੀਂ ਬਣੀ। ਜਿਸਨੇ ਤੁਹਾਨੂੰ ਲਕੀਰ ਮਿਟਾਂਦਿਆਂ ਨਹੀਂ ਵੇਖਿਆ, ਉਹ ਕਿਵੇਂ ਮੰਨ ਲਏਗਾ ਕਿ ਇਹ ਲਕੀਰ ਪਹਿਲਾਂ ਵਡੀ ਸੀ ਤੇ ਹੁਣ ਛੋਟੀ ਹੋ ਗਈ ਹੈ’?  
ਕਿਸੇ ਵੀ ਵਿਦਿਆਰਥੀ ਕੋਲ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ। ਅਧਿਆਪਕ ਨੇ ਫਿਰ ਕਲਾਸ ਨੂੰ ਪੁਛਿਆ ਕਿ ਹੈ ਕੋਈ ਹੋਰ ਵਿਦਿਆਰਥੀ, ਜੋ ਇਸਨੂੰ ਇਸਤਰ੍ਹਾਂ ਛੋਟਿਆਂ ਕਰ ਸਕੇ, ਜਿਸ ਨਾਲ ਹਰ ਕੋਈ ਵੇਖਣ ਵਾਲਾ ਮੰਨ ਲਏ ਕਿ ਇਹ ਲਕੀਰ ਛੋਟੀ ਹੋ ਗਈ ਹੈ?
ਕਲਾਸ ਦੇ ਕਿਸੇ ਵੀ ਵਿਦਿਆਰਥੀ ਨੂੰ ਇਸ ਸੁਆਲ ਦਾ ਜਵਾਬ ਨਹੀਂ ਸੀ ਸੁਝ ਰਿਹਾ, ਅਚਾਨਕ ਇਕ ਵਿਦਿਆਰਥੀ, ਜੋ ਕਲਾਸ ਵਿਚ ਸਭ ਤੋਂ ਪਿਛੇ ਬੈਠਾ ਸੀ, ਆਪਣੀ ਸੀਟ ਤੋਂ ਉਠਿਆ ਤੇ ਬੜੇ ਵਿਸ਼ਵਾਸ ਨਾਲ ਬਲੈਕ-ਬੋਰਡ ਵਲ ਵਧਿਆ। ਉਸਨੇ ਦੂਸਰੇ ਵਿਦਿਆਰਥੀਆਂ ਵਾਂਗ ਮੇਜ਼ ਤੋਂ ਡਸਟਰ ਚੁਕਣ ਦੀ ਬਜਾਏ, ਚਾਕ ਚੁਕਿਆ ਤੇ ਅਧਿਆਪਕ ਵਲੋਂ ਖਿੱਚੀ ਲਕੀਰ ਦੇ ਨਾਲ ਇਕ ਹੋਰ ਲਕੀਰ, ਉਸ ਨਾਲੋਂ ਵਡੀ ਖਿੱਚ ਦਿਤੀ ਤੇ ਕਿਹਾ ਕਿ ‘ਹੁਣ ਤਾਂ ਤੁਹਾਡੀ ਖਿੱਚੀ ਲਕੀਰ ਛੋਟੀ ਹੋ ਗਈ ਹੈ ਨਾ’।
ਇਹ ਕਹਾਣੀ ਅਜ ਵੀ ਹਰ ਕੋਈ ਜਾਣਦਾ ਹੈ, ਫਿਰ ਵੀ ਉਹ ਇਸਨੂੰ ਸਮਝਣ ਅਤੇ ਅਪਨਾਣ ਲਈ ਤਿਆਰ ਨਹੀਂ। ਹਰ ਕਿਸੇ ਦੀ ਕੌਸ਼ਿਸ਼ ਇਹੀ ਹੈ ਕਿ ਉਹ ਦੂਜੇ ਦੀ ਖਿੱਚੀ ਲਕੀਰ ਨੂੰ ਮਿਟਾ ਕੇ ਹੀ ਛੋਟਿਆਂ ਕਰੇ। ਗੁਸਤਾਖੀ ਮੁਆਫ ਹੋਵੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ, ਕਿ ਅੱਜ ਇਹੀ ਸਥਿਤੀ ਸਿੱਖ ਮੁਖੀਆਂ ਦੀ ਹੀ ਨਹੀਂ ਸਗੋਂ ਸਿੱਖੀ ਦੇ ਪ੍ਰਚਾਰਕਾਂ ਅਤੇ ਬੁਧੀਜੀਵੀਆਂ ਦੀ ਵੀ ਹੈ।
ਜਦੋਂ ਵੀ ਕੋਈ ਵਿਵਾਦ ਉਠਦਾ ਹੈ, ਉਸ ਸੰਬੰਧ ਵਿਚ ਆਪਾ-ਪੜਚੋਲਣ ਦੀ ਬਜਾਏ, ਇਸਦੇ ਲਈ ਉਹ ਦੂਜਿਆਂ ਨੂੰ ਦੋਸ਼ੀ ਠਹਿਰਾ, ਆਪਣਾ ਪਲਾ ਝਾੜਨਾ ਸ਼ੁਰੂ ਕਰ ਦਿੰਦੇ ਹਨ। ਇਹੀ ਅਕਾਲੀ ਰਾਜਨੀਤੀ ਅਤੇ ਧਾਰਮਕ ਜਥੇਬੰਦੀਆਂ ਦਾ ਦੁਖਾਂਤ ਹੈ ਕਿ ਅਜ ਸਿੱਖ ਸੰਸਥਾਵਾਂ ਅਤੇ ਮਾਨਤਾਵਾਂ ਦੇ ਹੋ ਰਹੇ ਘਾਣ ਲਈ ਆਰਐਸਐਸ ਅਤੇ ਡੇਰਿਆਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜੋ ਇਸੇਤਰ੍ਹਾਂ ਹੈ, ਜਿਵੇਂ ਵਿਦਿਆਰਥੀ ਅਧਿਆਪਕ ਦੀ ਖਿੱਚੀ ਲਕੀਰ ਮਿਟਾ, ਉਸਨੂੰ ਛੋਟਿਆਂ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਕਦੀ ਕਿਸੇ ਨੇ ਇਸ ਗਲ ਦੀ ਘੋਖ ਕਰਨ ਦੀ ਲੋੜ ਹੀ ਨਹੀਂ ਸਮਝੀ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਤਿਖੇ ਵਿਰੋਧ ਦੇ ਬਾਵਜੂਦ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਦਾ ਫੈਲਾਅ ਕਿਉਂ ਹੁੰਦਾ ਜਾ ਰਿਹਾ ਹੈ? ਅਤੇ ਕਿਉਂ ਉਹ ਜ਼ੋਰ ਪਕੜਦੀਆਂ ਜਾ ਰਹੀਆਂ ਹਨ? ਜ਼ਰਾ ਸੋਚ ਕੇ ਵੇਖੋ, ਇਸਦਾ ਮੁਖ ਕਾਰਣ ਇਹੀ ਜਾਪੇਗਾ, ਕਿ ਸਿੱਖੀ-ਵਿਰੋਧੀ ਸ਼ਕਤੀਆਂ, ਉਨ੍ਹਾਂ ਦੇ ਵਿਰੋਧ ਦਾ ਕੋਈ ਜਵਾਬ ਦੇਣ ਵਿਚ ਆਪਣੀ ਸ਼ਕਤੀ ਬਰਬਾਦ ਕਰਨ ਦੀ ਬਜਾਏ, ਆਪਣੇ ਮਿਥੇ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣ ਵਿਚ ਹੀ ਆਪਣੀ ਸ਼ਕਤੀ ਲਾ ਰਹੀਆਂ ਹਨ, ਜਦਕਿ ਸਿੱਖ ਆਗੂ ਤੇ ਸੰਸਥਾਵਾਂ ਆਪਣੀ ਲਕੀਰ ਖਿੱਚ, ਉਨ੍ਹਾਂ ਦੀ ਖਿੱਚੀ ਲਕੀਰ ਨੂੰ ਛੋਟਿਆਂ ਕਰਨ ਦੀ ਬਜਾਏ, ਉਨ੍ਹਾਂ ਦੀ ਖਿੱਚੀ ਲਕੀਰ ਨੂੰ ਹੀ ਮਿਟਾਣ ਵਿਚ ਆਪਣੀ ਸ਼ਕਤੀ ਬਰਬਾਦ ਕਰ ਰਹੀਆਂ ਹਨ। ਫਲਸਰੂਪ ਸਿੱਖੀ-ਵਿਰੋਧੀ ਸ਼ਕਤੀਆਂ, ਲੋਕਾਂ ਦੀਆਂ ਨਜ਼ਰਾਂ ਵਿਚ ਮਾਸੂਮ ਤੇ ਬੇਗੁਨਾਹ ਸਥਾਪਤ ਹੋ ਰਹੀਆਂ ਹਨ ਅਤੇ ਉਨ੍ਹਾਂ ਦਾ ਤਿਖਾ ਵਿਰੋਧ ਕਰਨ ਵਾਲੇ ਸਿੱਖ ਆਗੂ ਤੇ ਬੁਧੀਜੀਵੀ ਗੁਨਾਹਗਾਰ ਤਸਵਰ ਕੀਤੇ ਜਾ ਰਹੇ ਹਨ। ਨਤੀਜਾ ਪ੍ਰਤਖ ਹੋ ਸਾਹਮਣੇ ਆ ਰਿਹਾ ਹੈ ਕਿ ਸਿੱਖੀ-ਵਿਰੋਧੀ ਸ਼ਕਤੀਆਂ ਪਨਪ ਰਹੀਆਂ ਹਨ ਤੇ ਸਿੱਖੀ ਨੂੰ ਢਾਹ ਲਗਦੀ ਜਾ ਰਹੀ ਹੈ। ਜੇ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇਦਾਰ, ਆਪਣੀ ਇਹੀ ਸ਼ਕਤੀ ਸਿੱਖੀ ਦੇ ਪ੍ਰਚਾਰ ਵਿਚ ਲਾਉਣ ਤਾਂ ਆਪਣੇ-ਆਪ ਸਿੱਖੀ-ਵਿਰੋਧੀਆਂ ਦੀ ਖਿੱਚੀ ਲਕੀਰ ਛੋਟੀ ਹੋ ਜਾਇਗੀ ਅਤੇ ਸਿੱਖ ਵੀ ਗੁਨਾਹਗਾਰ ਤਸਵਰ ਕੀਤੇ ਜਾਣ ਤੋਂ ਬਚ ਜਾਣਗੇ।
ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰ ਸਿੱਖ ਆਗੂਆਂ, ਪ੍ਰਚਾਰਕਾਂ ਅਤੇ ਕਹਿੰਦੇ-ਕਹਾਉਂਦੇ ਬੁਧੀਜੀਵੀਆਂ ਵਲੋਂ ਕਦੀ ਵੀ ਇਸ ਗਲ ਦੀ ਨਿਰਪਖਤਾ ਨਾਲ ਘੋਖ ਨਹੀਂ ਕੀਤੀ ਗਈ ਕਿ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਵਲੋਂ ਧਰਮ ਪ੍ਰਚਾਰ ਪ੍ਰਤੀ ਆਪਣੀ ਕਿਤਨੀ-ਕੁ ਜ਼ਿਮੇਂਦਾਰੀ ਇਮਾਨਦਾਰੀ ਨਾਲ ਨਿਭਾਈ ਜਾ ਰਹੀ ਹੈ? ਅਤੇ ਉਨ੍ਹਾਂ ਦਾ ਰਾਜਸੀ-ਕਰਣ ਹੋ ਜਾਣ ਨਾਲ ਸਿੱਖੀ ਨੂੰ ਕਿਤਨੀ ਭਾਰੀ ਢਾਹ ਲਗ ਰਹੀ ਹੈ? ਉਨ੍ਹਾਂ ਕਦੀ ਇਹ ਵੀ ਨਹੀਂ ਸੋਚਿਆ ਕਿ, ਜਿਸਤਰ੍ਹਾਂ ਅਕਾਲ ਤਖਤ, ਜੋ ਕਿ ਧਾਰਮਕ ਮਾਨਤਾਵਾਂ ਦੇ ਰਖਿਅਕ ਵਜੋਂ ਸਤਿਕਾਰਿਆ ਜਾਂਦਾ ਆ ਰਿਹਾ ਸੀ, ਦਾ ਵੀ ਅਜਿਹਾ ਰਾਜਸੀਕਰਣ ਕਰ ਦਿਤਾ ਗਿਆ ਹੈ, ਕਿ ਉਸਦੀ ਨਿਰਪਖਤਾ, ਸਰਵੁਚਤਾ, ਮਾਣ-ਮਰਿਆਦਾ, ਮਾਨਤਾਵਾਂ ਅਤੇ ਪਰੰਪਰਾਵਾਂ ਦਾ ਵੀ ਘਾਣ ਹੋਣ ਲਗ ਪਿਆ ਹੈ। ਨੌਜਵਾਨ ਪੀੜ੍ਹੀ ਪੁਰ ਇਸਦਾ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਉਹ ਸਿੱਖੀ ਵਿਰਸੇ ਨਾਲੋਂ ਲਗਾਤਾਰ ਟੁਟਦੀ ਚਲੀ ਜਾ ਰਹੀ ਹੈ।
ਆਰਐਸਐਸ ਤਾਂ ਕੁਝ ਹੀ ਵਰ੍ਹਿਆਂ ਤੋਂ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਖਾਂ ਵਿਚ ਘੁਸਪੈਠ ਕਰ, ਸਿੱਖੀ ਨੂੰ ਢਾਹ ਲਾਉਣ ਲਈ ਸਰਗਰਮ ਹੋਇਆ ਹੈ, ਜਦਕਿ ਸਿੱਖ ਨੌਜਵਾਨ ਤਾਂ ਕਈ ਵਰ੍ਹਿਆਂ ਤੋਂ ਲਗਾਤਾਰ ਸਿੱਖੀ ਵਿਰਸੇ ਨਾਲੋਂ ਟੁਟ, ਸਿੱਖੀ ਸਰੂਪ ਨੂੰ ਤਿਲਾਂਜਲੀ ਦਿੰਦੇ ਚਲੇ ਆ ਰਹੇ ਹਨ। ਜੇ ਇਹ ਕਿਹਾ ਜਾਏ ਕਿ ਆਰਐਸਐਸ ਸਹਿਤ ਸਾਰੀਆਂ ਹੀ ਸਿੱਖੀ-ਵਿਰੋਧੀ ਸ਼ਕਤੀਆਂ, ਸਿੱਖ ਆਗੂਆਂ, ਪ੍ਰਚਾਰਕਾਂ ਤੇ ਬੁਧੀਜੀਵੀਆਂ ਦੀਆਂ ਗ਼ਲਤੀਆਂ, ਅਣਗਹਿਲੀਆਂ ਤੇ ਸੁਆਰਥੀ ਸੋਚ ਦਾ ਲਾਭ ਉਠਾਣ ਲਈ ਹੀ ਸਰਗਰਮ ਹੋਈਆਂ ਹਨ ਤੇ ਤਿਖੇ ਵਿਰੋਧ ਦੇ ਬਾਵਜੂਦ ਉਹ ਸਫਲ ਹੋ ਰਹੀਆਂ ਹਨ, ਤਾਂ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੋਵੇਗਾ।
ਸਿੱਖ-ਬੁਧੀਜੀਵੀਆਂ, ਆਗੂਆਂ ਤੇ ਧਾਰਮਕ ਸੰਸਥਾਵਾਂ ਦੇ ਮੈਂਬਰਾਂ ਦੇ ਨਾਲ ਪ੍ਰਚਾਰਕਾਂ ਦੇ ਪਰਿਵਾਰਾਂ ਵਲ ਵੀ ਜੇ ਝਾਤੀ ਮਾਰੀ ਜਾਏ ਤਾਂ ਇਨ੍ਹਾਂ ਵਿਚੋਂ ਵੀ ਉਂਗਲੀਆਂ ਤੇ ਗਿਣੇ ਜਾ ਸਕਣ ਵਾਲੇ ਹੀ ਅਜਿਹੇ ਪਰਿਵਾਰ ਨਜ਼ਰ ਆਉਣਗੇ, ਜਿਨ੍ਹਾਂ ਵਿੱਚ ਸਿੱਖੀ ਪਰਪੱਕ ਵਿਖਾਈ ਦਿੰਦੀ ਹੋਵਗੇ ਅਤੇ ਜਿਨ੍ਹਾਂ ਦੀ ਔਲਾਦ ਨੇ ਆਪਣੇ ਸਿੱਖੀ-ਸਰੂਪ ਦੇ ਸਤਿਕਾਰ ਨੂੰ ਕਾਇਮ ਰਖਿਆ ਹੋਵੇਗਾ। ਕੀ ਇਹ ਆਰਐਸਐਸ ਦਾ ਪ੍ਰਭਾਵ ਹੈ ਜਾਂ ਫਿਰ ਸਿੱਖ ਆਗੂਆਂ, ਬੁਧੀਜੀਵੀਆਂ ਤੇ ਪ੍ਰਚਾਰਕਾਂ ਦੀਆਂ ਆਪਣੀਆਂ ਕਮਜ਼ੋਰੀਆਂ ਅਤੇ ਅਣਗਹਿਲੀਆਂ ਦਾ ਨਤੀਜਾ ਹੈ?
ਜੇ ਮੰਨ ਵੀ ਲਿਆ ਜਾਏ ਕਿ ਆਰਐਸਐਸ ਵਲੋਂ ਅਜਿਹਾ ਸਿੱਖੀ-ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸਦੇ ਫਲਸਰੂਪ ਸਿੱਖ ਨੌਜਵਾਨ ਵਿਰਸੇ ਨਾਲੋਂ ਟੁਟ, ਪਤਿਤ ਹੁੰਦੇ ਜਾ ਰਹੇ ਹਨ, ਤਾਂ ਫਿਰ ਸੁਆਲ ਉਠਦਾ ਹੈ ਕਿ ਉਹ ਸਿੱਖ-ਸੰਸਥਾਵਾਂ ਕੀ ਕਰ ਰਹੀਆਂ ਹਨ, ਜੋ ਇਹ ਕਹਿੰਦਿਆਂ ਨਹੀਂ ਥਕਦੀਆਂ ਕਿ ਉਨ੍ਹਾਂ ਵਲੋਂ ਤਾਂ ਹਰ ਸਾਲ ਕਰੋੜਾਂ ਰੁਪਏ ਸਿੱਖੀ ਪ੍ਰਚਾਰ ਪੁਰ ਖਰਚ ਕੀਤੇ ਜਾ ਰਹੇ ਹਨ? ਕੀ ਇਸਤੋਂ ਇਹ ਨਹੀਂ ਜਾਪਦਾ ਕਿ ਸਿੱਖ ਸੰਸਥਾਵਾਂ ਵਲੋਂ ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਬਿਨਾਂ ਕਿਸੇ ਸਾਰਥਕ ਉਦੇਸ਼ ਦੀ ਪ੍ਰਾਪਤੀ ਨੂੰ ਮੁਖ ਰਖ, ਖਰਚ ਕਰ ਲੁਟਾਏ ਜਾ ਰਹੇ ਹਨ, ਜਦਕਿ ਆਰਐਸਐਸ ਤੇ ਹੋਰ ਸਿੱਖੀ-ਵਿਰੋਧੀ ਸ਼ਕਤੀਆਂ ਵਲੋਂ ਬੜੇ ਹੀ ਯੋਜਨਾਬਧ ਤਰੀਕੇ ਨਾਲ, ਉਨ੍ਹਾਂ ਨਾਲੋਂ ਕਿਤੇ ਬਹੁਤ ਹੀ ਘਟ ਖਰਚ ਕਰ, ਸਿੱਖੀ ਨੂੰ ਢਾਹ ਲਾਉਣ ਦੇ ਆਪਣੇ ਉਦੇਸ਼ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਰਹੀ ਹੈ।
…ਅਤੇ ਅੰਤ ਵਿਚ : ਅਜ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦਾ ਅਜਿਹਾ ਰਾਜਸੀਕਰਣ ਕਰ ਦਿਤਾ ਗਿਆ ਹੋਇਆ ਹੈ ਕਿ ਉਨ੍ਹਾਂ ਦੇ ਮੁਖੀ ਸਿੱਖ ਇਤਿਹਾਸ, ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧਤਾ ਨਿਭਾਉਣ ਦੀ ਬਜਾਏ, ਉਨ੍ਹਾਂ ਰਾਜਸੀ ਪਾਰਟੀਆਂ ਪ੍ਰਤੀ ਆਪਣੀ ਵਫਾਦਾਰੀ ਨਿਭਾਉਣਾ ਮੁਖ ਫਰਜ਼ ਸਮਝਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਨਿਜੀ ਰਾਜਸੀ ਹਿਤ ਜੁੜੇ ਹੋਏ ਹਨ। ਨਿਜ ਸੁਆਰਥ ਅਧੀਨ ਉਹ ਉਸ ਵਲੋਂ ਕੀਤੀਆਂ ਜਾਣ ਵਾਲੀਆਂ ਸਿੱਖੀ-ਵਿਰੋਧੀ ਸਰਗਰਮੀਆਂ ਨੂੰ ਅਣਗੋਲਿਆਂ ਕਰਦੇ ਰਹਿਣਗੇ, ਭਾਵੇਂ ਉਨ੍ਹਾਂ ਸਰਗਰਮੀਆਂ ਕਾਰਣ ਸਿੱਖੀ ਦਾ ਕਿਤਨਾ ਹੀ ਘਾਣ ਕਿਉਂ ਨਾ ਹੋ ਰਿਹਾ ਹੋਵੇ। ਸਚਾਈ ਤਾਂ ਇਹ ਵੀ ਹੈ ਕਿ ਧਾਰਮਕ ਸੰਸਥਾਵਾਂ ਦੇ ਮੁਖੀਆਂ ਦਾ ਨਿਜੀ ਰਾਜਸੀ ਸੁਆਰਥ ਹੀ ਸਿੱਖੀ ਦਾ ਘਾਣ ਕਰਨ ਤੇ ਕਰਵਾਉਣ ਵਿਚ ਮੁਖ ਭੂਮਿਕਾ ਨਿਭਾ ਰਿਹਾ ਹੈ।

LEAVE A REPLY

Please enter your comment!
Please enter your name here