ਲੋਕਾਂ ਨੂੰ ਧੱਕੇ ਨਾਲ ਉਹਨਾਂ ਦੀ ਮਰਜ਼ੀ ਦੇ ਖ਼ਿਲਾਫ਼ ਦਬਾ ਕੇ ਰੱਖਣਾ ,ਉਹਨਾਂ ਦੀ ਹਰ ਪ੍ਰਕਾਰ ਦੀ ਅਜ਼ਾਦੀ ਨੂੰ ਖਤਮ ਕਰਨਾਂ ਚਾਹੇ ਉਹ ਧਾਰਮਿਕ ਹੋਵੇ ਜਾਂ ਖਾਣ ਪੀਣ ਤੇ ਪਹਿਨਣ ਦੀ ਹੋਵੇ ਚਾਹੇ ਵਿਚਾਰਾਂ ਜਾਂ ਲਿਖਣ ਦੀ ਹੋਵੇ ਫਾਸ਼ੀਵਾਦ ਹੈ।ਆਮ ਤੌਰ ਤੇ ਦੇਖਿਆਂ ਜਾਵੇ ਤਾਂ ਫਾਸ਼ੀਵਾਦ ਦੋ ਕਿਸਮ ਦਾ ਹੈ ਧਾਰਮਿਕ ਤੇ ਰਾਜਨੀਤਕ।ਜੇਕਰ ਅਸੀਂ ਬੀਤ ਚੁੱਕੇ ਦੀ ਗੱਲ ਕਰੀਏ ਤਾਂ ਸਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਹਨ ਧਰਮਾਂ ਦੀਆਂ ਵੀ ਤੇ ਰਾਜਨੀਤਿਕ ਵੀ ਕਿ ਕਿਵੇਂ ਆਪਣੀ ਗੱਲ ਕਹਿਣ ਵਾਲ਼ਿਆਂ ਦੀ ਆਵਾਜ਼ ਨੂੰ ਦਬਾਇਆ ਗਿਆ।ਚਾਹੇ ਉਹ ਜ਼ਹਿਰ ਦਾ ਪਿਆਲਾ ਹੋਵੇ ਜਾਂ ਬੰਦੂਕ ਦੀ ਗੋਲ਼ੀ ਨਾਲ ਹੋਵੇ। ਫਾਸ਼ੀਵਾਦ ਇਨਸਾਨੀਅਤ ਦਾ ਦੁਸ਼ਮਣ ਹੈ ਇਹ ਲੋਕਾਂ ਨੂੰ ਆਪਣੀ ਹੋ ਰਹੀ ਲੁੱਟ ਤੋਂ ਸਦਾ ਹੀ ਬੇਧਿਆਨਾ ਰੱਖ ਕੇ ਜਾਤੀਵਾਦ ਦੇ ਮਸਲੇ ਵਿੱਚ ਉਲਝਾ ਕੇ ਰੱਖਦਾ ਹੈ ਜਿਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ।ਜਿਵੇਂ ਕਿ ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ ਯਹੂਦੀਆਂ ਤੇ ਅੰਨਾਂ ਅੱਤਿਆਚਾਰ ਕੀਤਾ ਤੇ ਲੱਖਾਂ ਨੂੰ ਮੌਤ ਦੇ ਘਾਟ ਉਤਾਰਿਆ ।ਫਾਸ਼ੀਵਾਦ ਹਿਟਲਰ ਤੋਂ ਹੀ ਨਹੀਂ ਸ਼ੁਰੂ ਹੋਇਆ ਇਸ ਦੀ ਸ਼ੁਰੂਆਤ ਤਾਂ ਈਸਵੀ ਸੰਨ ਤੋਂ ਵੀ ਪਹਿਲਾਂ ਦੀ ਹੈ ਜਦੋਂ ਅਜੇ ਲੋਕਾਈ ਤੇ ਧਰਮ ਦਾ ਗ਼ਲਬਾ ਸ਼ੁਰੂ ਹੋਇਆ ਸੀ।ਇਤਿਹਾਸ ਤੇ ਨਜ਼ਰ ਮਾਰੋ ਤਾਂ ਪਤਾ ਚੱਲਦਾ ਹੈ ਕਿ ਕਿਸ ਤਰਾਂ ਕੌਮਾਂ ਨੇ ਦੂਸਰੀਆਂ ਕੌਮਾਂ ਦਾ ਘਾਣ ਕੀਤਾ। ਅਸੀਂ ਭਾਰਤੀ ਹੋਣ ਦੇ ਨਾਤੇ ਭਾਰਤ ਦੇ ਇਤਿਹਾਸ ਦੀ ਹੀ ਗੱਲ ਕਰ ਲੈਂਦੇ ਹਾਂ ਕਿਸ ਤਰਾਂ ਵਿਦੇਸ਼ੀ ਹਾਕਮਾਂ ਨੇ ਹਮਲੇ ਕਰਕੇ ਆਮ ਲੋਕਾਈ ਦਾ ਘਾਣ ਕੀਤਾ।ਕਦੀ ਹੂਣਾਂ ਨੇ ਕਦੀ ਤੁਰਕੀਆਂ ਨੇ ਗਜ਼ਨੀ ਨੇ ਮੁਗਲਾਂ ਨੇ ਅੰਗਰੇਜ਼ਾਂ ਨੇ ਹੋਰ ਵੀ ਬਹੁਤ ਸਾਰੀਆਂ ਕੌਮਾਂ ਨੇ ਭਾਰਤੀ ਲੋਕਾਂ ਨੂੰ ਲੁੱਟਿਆ ਤੇ ਖ਼ੂਨ ਖ਼ਰਾਬਾ ਕੀਤਾ ਕਿਸ ਲਈ ਸਿਰਫ ਆਪਣਾ ਧਰਮ ਸਥਾਪਿਤ ਕਰਨ ਲਈ ਅਤੇ ਰਾਜ ਕਰਨ ਲਈ।ਕਿਸੇ ਵੀ ਰਾਜੇ ਦੇ ਰਾਜ ਦਾ ਦੇਖ ਲਉ ਕਿ ਜੇ ਕਰ ਕਿਸੇ ਨੇ ਵੀ ਹੋ ਰਹੀ ਲੁੱਟ ਖਸੁੱਟ ਦੇ ਖ਼ਿਲਾਫ਼ ਆਵਾਜ਼ ਉਠਾਈ ਉਸ ਦਾ ਕੀ ਹਸ਼ਰ ਹੋਇਆ। ਕਿਸੇ ਵੀ ਪ੍ਰਕਾਰ ਲੋਕਾਂ ਦੀ ਵੱਧ ਰਹੀ ਸ਼ਕਤੀ ਨੂੰ ਕੁਚਲਣਾ ਚਾਹੇ ਨਸ਼ਿਆਂ ਦੁਆਰਾਂ ਜ਼ਹਿਰੀਲੇ ਪਦਾਰਥਾਂ ਦੁਆਰਾ ਚਾਹੇ ਧਰਮ ਸੰਕਟ ਦੇ ਨਾਂ ਤੇ ਸਭ ਫਾ਼ਸ਼ੀਵਾਦ ਦਾ ਹੀ ਰੂਪ ਹਨ।ਉਦਾਹਰਨਾਂ ਸਾਡੇ ਸਾਹਮਣੇ ਹੀ ਹਨ ਹਰ ਧਰਮ ਨੂੰ ਦੂਸਰੇ ਧਰਮ ਦੀ ਵੱਧ ਰਹੀ ਆਬਾਦੀ ਦੀ ਚਿੰਤਾ ਹੈ ਤੇ ਉਹ ਆਪਣੇ ਧਰਮ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਦੁਹਾਈ ਦੇ ਰਹੇ ਹਨ ।ਇੱਥੇ ਗੱਲ ਕਿਸੇ ਇੱਕ ਧਰਮ ਦੀ ਨਹੀਂ ਸਾਰੇ ਹੀ ਇਸ ਵਿੱਚ ਸ਼ਾਮਲ ਹਨ ।ਕੀ ਿਸੱਖ ਕੀ ਹਿੰਦੂ ਤੇ ਕੀ ਮੁਸਲਮਾਨ ।ਦਿਨ ਪਰ ਦਿਨ ਵੱਧ ਰਹੀ ਆਬਾਦੀ ਬੇਰੁਜ਼ਗਾਰੀ ਤੇ ਭੁੱਖਮਰੀ ਦੀ ਕਿਸੇ ਨੂੰ ਚਿੰਤਾ ਨਹੀਂ ਬੱਸ ਗਿਣਤੀ ਵੱਧਣੀ ਜ਼ਰੂਰੀ ਹੈ। ਅੱਜ ਜੇਕਰ ਭਾਰਤ ਵਿੱਚ ਫਾਸ਼ੀਵਾਦ ਦੀ ਗੱਲ ਕਰਦੇ ਹਾਂ ਤਾਂ RSS ਦਾ ਨਾਂ ਅਚਨਚੇਤ ਹੀ ਸਾਹਮਣੇ ਆ ਜਾਂਦਾ ਹੈ।ਅੱਜ ਇਹ ਤਾਕਤ ਵਿੱਚ ਹੈ ਜੋ ਵੀ ਇਹਦੇ ਖ਼ਿਲਾਫ਼ ਬੋਲਦਾ ਹੈ ਕਿਸੇ ਵੀ ਤਰੀਕੇ ਉਸਨੂੰ ਸਦਾ ਲਈ ਚੁੱਪ ਕਰਾ ਦਿੱਤਾ ਜਾਂਦਾ ਹੈ।ਜਿਵੇਂ ਕਿ ਮਹਾਂਰਾਸ਼ਟਰ ਵਿੱਚ ਅੰਧਵਿਸ਼ਵਾਸਾਂ ਦੇ ਖ਼ਿਲਾਫ਼ ਹਾਈਕੋਰਟ ਵਿੱਚ ਰਿੱਟ ਦਾਇਰ ਕਰਨ ਵਾਲੇ ਨਰਿੰਦਰ ਦਬੋਲਕਰ ਨੂੰ ਸਵੇਰੇ ਸੈਰ ਕਰਨ ਲਈ ਨਿਕਲੇ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ ।ਗੋਬਿੰਦ ਪੰਸਾਰੇ ਡਾ਼ ਕੁਲਵਰਗੀ ਵਰਗੇ ਬੁੱਧੀਜੀਵੀਆਂ ਨੂੰ ਗੌਰੀ ਲੰਕੇਸ਼ ਇੱਕ ਨਿਧੜਕ ਪੱਤਰਕਾਰ ਨੂੰ ਸਦਾ ਲਈ ਚੁੱਪ ਕਰਾ ਦਿੱਤਾ ਗਿਆ ।ਕਰਨਾਟਕ ਯੂਨੀਵਰਸਿਟੀ ਵਿੱਚ ਪੀ ਐਚ ਡੀ ਕਰ ਰਹੇ ਵਿਦਿਆਰਥੀ ਰੋਹਿਤਵੇਮੁੱਲਾ ਨੂੰ ਇਸ ਕਦਰ ਪਰੇਸ਼ਾਨ ਕੀਤਾ ਗਿਆ ਕਿ ਉਸ ਨੂੰ ਆਤਮ ਹੱਤਿਆ ਕਰਨੀ ਪੈ ਗਈ।ਹੋਰ ਤਾਂ ਹੋਰ ਇੱਥੇ ਤਾਂ ਇਨਸਾਨ ਆਪਣੀ ਮਰਜ਼ੀ ਨਾਲ ਕੁੱਝ ਖਾ ਵੀ ਨਹੀਂ ਸਕਦਾ।ਇਕੱਲੀ ਆਰ ਐਸ ਐਸ ਹੀ ਫਾਸ਼ੀਵਾਦੀ ਨਹੀਂ ਸਿੱਖ ਫਾਸ਼ੀਆਂ ਨੂੰ ਵੀ ਕੌਣ ਭੁੱਲ ਸਕਦਾ ਹੈ ਕਿਸ ਤਰਾਂ ਇੱਕ ਦਹਾਕਾ ਪੰਜਾਬ ਵਿੱਚ ਅਨੇਕਾਂ ਹੀ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਗਿਆ। ਕੋਈ ਆਪਣੀ ਮਰਜ਼ੀ ਨਾਲ ਪਹਿਨ ਨਹੀਂ ਸੀ ਸਕਦਾ ਖਾ ਨਹੀਂ ਸੀ ਸਕਦਾ ਆਪਣੇ ਬੱਚਿਆਂ ਦੇ ਸ਼ਾਦੀ ਵਿਆਹ ਵੀ ਇਹਨਾਂ ਫਾਸ਼ੀਆਂ ਦੇ ਆਪ ਬਣਾਏ ਕਾਨੂੰਨਾਂ ਦੇ ਵਗੈਰ ਨਹੀਂ ਸੀ ਹੁੰਦੇ ਵਿਰੋਧ ਕਰਨ ਤੇ ਬਿਨਾਂ ਕੋਈ ਗੱਲ ਦਲੀਲ ਦੇ ਗੋਲੀ ਮਾਰ ਦੇਣੀ। ਅਨੇਕਾਂ ਹੀ ਅਗਾਂਹਵਧੂ ਵਿਚਾਂਰਾਂ ਵਾਲ਼ਿਆਂ ਨੂੰ ਨਿਹੱਥੇ ਗੋਲ਼ੀਆਂ ਨਾਲ ਭੁੰਨਿਆ ਗਿਆ ਜਿਵੇਂ ਕਿ ਦਰਸ਼ਨ ਸਿੰਘ ਕਨੇਡੀਅਨ ,ਪਾਸ਼,ਜੈਮਲ ਪੱਡਾ ਹੋਰ ਬਹੁਤ ਸਾਰੇ ਵਧੀਆ ਸੋਚ ਰੱਖਣ ਵਾਲ਼ਿਆਂ ਦਾ ਕਤਲੇਆਮ ਕੀਤਾ ਗਿਆ ਸਾਰਿਆਂ ਦੇ ਨਾਮ ਨਹੀਂ ਲਿਖੇ ਜਾ ਸਕਦੇ ਨਹੀਂ ਤਾਂ ਇਹ ਲੇਖ ਇੱਕ ਕਿਤਾਬ ਦਾ ਰੂਪ ਬਣ ਜਾਵੇਗਾ।ਅੱਜ ਏਹੋ ਕੁੱਝ ਫਿਰ ਦੁਹਰਾਇਆ ਜਾ ਰਿਹਾ ਹੈ ਹੱਕਾਂ ਦੀ ਗੱਲ ਕਰਨ ਵਾਲੇ ਨੂੰ ਦੇਸ਼ ਧ੍ਰੋਹੀ ਆਖਿਆ ਜਾ ਰਿਹਾ ਹੈ ਤੇ ਪਾਕਿਸਤਾਨ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਧਰਮਾਂ ਦੇ ਨਾਂ ਤੇ ਦੰਗੇ ਕਰਵਾ ਕੇ ਲੋਕਾਂ ਨੂੰ ਆਮ ਮੁੱਦਿਆਂ ਜਿਵੇਂ ਬੇਰੁਜ਼ਗਾਰੀ ,ਮਹਿੰਗਾਈ,ਸਿਹਤ,ਸਿੱਖਿਆ ਆਦਿ ਤੋਂ ਦੂਰ ਕੀਤਾ ਜਾ ਰਿਹਾ ਹੈ।ਕੁੱਝ ਕੁ ਅਮੀਰ ਘਰਾਣੇ ਦੁਨੀਆਂ ਨੂੰ ਆਪਣੀ ਗੁਲਾਮ ਬਣਾ ਕੇ ਰੱਖਣ ਲਈ ਹਰ ਤਰਾਂ ਦੇ ਹੱਥ ਕੰਡੇ ਅਪਣਾ ਰਹੇ ਹਨ।ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਖਾਤਿਰ ਕੁਦਰਤੀ ਸਾਧਨਾਂ ਦੀ ਅੰਨੇਵਾਹ ਲੁੱਟ ਖਸੁੱਟ ਕਰ ਰਹੇ ਹਨ। ਇੰਨਾਂ ਚੰਦ ਲੁਟੇਰਿਆਂ ਲਈ ਫਾਸ਼ੀਵਾਦ ਨੇ ਅੱਜ ਇਸ ਧਰਤੀ ਨੂੰ ਸਵਰਗ ਬਣਾ ਕੇ ਰੱਖਿਆ ਹੋਇਆ ਹੈ ਜਦਕਿ ਆਮ ਲੋਕ ਨਰਕਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।ਕੁੱਝ ਕੁ ਲੋਕ ਅੱਜ ਇਹਨਾਂ ਫਾਸ਼ੀਵਾਦੀ ਤਾਕਤਾਂ ਦੇ ਖ਼ਿਲਾਫ਼ ਲੜ ਰਹੇ ਹਨ ਪਰ ਅਜੇ ਤੱਕ ਇਹ ਲੜਾਈ ਇੱਕ ਜਨਤਕ ਮੁਹਿੰਮ ਨਹੀਂ ਬਣ ਸਕੀ।ਅੱਜ ਚੇਤੰਨ ਅਤੇ ਇੱਕ ਮੁੱਠ ਹੋ ਕੇ ਇਹਨਾਂ ਖ਼ਿਲਾਫ਼ ਸੰਘਰਸ਼ ਦੀ ਲੋੜ ਹੈ। 

LEAVE A REPLY

Please enter your comment!
Please enter your name here