ਚੈਨਲਾਂ ਤੇ ਨਸ਼ੇ ਦੇ ਮੁੱਦੇ ਤੇ ਬਹਿਸ ਹੁੰਦੀ ਹੈ।ਪਰ ਵਿਸ਼ੇ ਬਾਰੇ ਤੇ ਸਮਸਿਆ ਬਾਰੇ ਕੋਈ ਵੀ ਗੰਭੀਰ ਨਹੀਂ ਹੁੰਦਾ।ਏਸ ਤਰ੍ਹਾਂ ਦੀਆਂ ਬਹਿਸਾਂ ਵੀ ਹੁਣ ਕਈ ਵਾਰ ਦਿਲ ਅਕਾਊ ਲੱਗਣ ਲੱਗ ਗਈਆਂ ਹਨ।ਹਰ ਪਾਰਟੀ ਦੇ ਬੁਲਾਰੇ ਦਾ ਜ਼ੋਰ ਸਿਰਫ਼ ਇਸ ਗੱਲ ਤੇ ਲੱਗਾ ਹੁੰਦਾ ਹੈ ਕਿ ਜੋ ਸਾਡੀ ਪਾਰਟੀ ਨੇ ਲੋਕਾਂ ਲਈ ਕੀਤਾ,ਨਾ ਪਹਿਲਾਂ ਕਿਸੇ ਨੇ ਕੀਤਾ ਸੀ ਤੇ ਸਾਡੇ ਬਗੈਰ ਲੋਕਾਂ ਦਾ ਦੋਖੀ ਕੋਈ ਨਹੀਂ।ਹਕੀਕਤ ਏਹ ਹੈ ਕਿ ਲੋਕਾਂ ਲਈ ਕੋਈ ਕੁਝ ਵੀ ਨਹੀਂ ਕਰ ਰਿਹਾ।ਬਹਿਸ ਇਸ ਪਾਸੇ ਲੈ ਜਾਂਦੇ ਹਨ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ,ਨਸ਼ੇ ਤੇ ਅਸੀਂ ਕਾਬੂ ਪਾ ਲਿਆ, ਸਰਵੇ ਗਲਤ ਨੇ,ਪ੍ਰਤੀਸ਼ਤ ਵੱਧ ਘੱਟ ਦਾ ਝੱਜੂ ਪਾ ਲੈਣਗੇ।ਸ਼ਰਮ ਆਉਂਦੀ ਹੈ ਜਦੋਂ ਏਹ ਲੋਕ ਟੀਵੀ ਚੈਨਲਾਂ ਤੇ ਬੈਠਕੇ ਲੜਦੇ ਨੇ,ਇੱਕ ਦੂਸਰੇ ਤੇ ਇਲਜ਼ਾਮ ਲਗਾਉਂਦੇ ਹਨ,ਆਪੋ ਆਪਣੀਆਂ ਪਿੱਠਾ ਤੇ ਸ਼ਾਬਸ਼ੀ ਦਿੰਦੇ ਰਹਿੰਦੇ ਨੇ।ਲੋਕਾਂ ਦੀਆਂ ਟੈਲੀਫੋਨ ਕਾਲ ਵੀ ਜੋ ਆਉਂਦੀਆਂ ਹਨ ਉਹ ਵੀ ਨਸ਼ੇ ਦੀ ਗੱਲ ਸਿੱਧੀ ਕਹਿੰਦੇ ਹਨ।ਲੋਕ ਤਾਂ ਸ਼ਰੇਆਮ ਨਸ਼ੇ ਦੀ ਦੁਹਾਈ ਪਾਉਂਦੇ ਹਨ ਪਰ ਇਸ ਪਾਸੇ ਨੂੰ ਕੋਈ ਤੁਰਨ ਨੂੰ ਤਿਆਰ ਹੀ ਨਹੀਂ ।ਜੇਕਰ ਨਸ਼ਾ ਹੈ ਨਹੀਂ ਤਾਂ ਕੰਟਰੋਲ ਕਰਨ ਦੀ ਗੱਲ ਕਿਉਂ ਕਰਦੇ ਹੋ।ਨਸ਼ੇ ਖਾਣ ਵਾਲਿਆਂ ਨੂੰ ਫੜ੍ਹਕੇ ਨਸ਼ੇ ਤੇ ਕਾਬੂ ਨਹੀਂ ਪਾਇਆ ਜਾ ਸਕਦਾ।ਨਸ਼ਾ ਵੱਧ ਹੈ ਜਾਂ ਘੱਟ, ਨੌਜਵਾਨ ਪੀੜ੍ਹੀ ਤਾਂ ਗਰਕ ਗਈ, ਘਰਾਂ ਦੇ ਘਰ ਤਾਂ ਤਬਾਹ ਹੋ ਗਏ, ਕਿੰਨੀਆਂ ਧੀਆਂ ਭੈਣਾਂ ਦੀ ਜ਼ਿੰਦਗੀ ਤਬਾਹ ਹੋ ਗਈ।ਕਿੰਨੇ ਬੱਚਿਆਂ ਦਾ ਬਚਪਨ ਰੁੱਲ ਗਿਆ।ਹੈ ਕੋਈ ਜੋ ਇਸ ਦਾ ਜਵਾਬ ਦੇਵੇ।ਕਿਸੇ ਵਿੱਚ ਐਨੀ ਇਨਸਾਨੀਅਤ ਹੁੰਦੀ ਤਾਂ ਏਹ ਸਮਸਿਆ ਸਾਡੇ ਸਿਰ ਚੜ੍ਹ ਨੱਚਦੀ ਨਾ,ਸਾਡੀ ਤਬਾਹੀ ਦਾ ਮੰਜਰ ਵੇਖ ਕੇ ਹੋਰ ਵੱਧਦੀ ਨਾ।ਨਸ਼ਿਆਂ ਦੀ ਸਮਸਿਆ ਦੇ ਬਹੁਤ ਸਾਰੇ ਕਾਰਨ ਹਨ ,ਉਨ੍ਹਾਂ ਕਾਰਨਾਂ ਨੂੰ ਵੀ ਅਣਦੇਖਿਆ ਕੀਤਾ ਜਾ ਰਿਹਾ ਹੈ।ਜਦੋਂ ਠੰਡੇ ਦਿਮਾਗ਼ ਨਾਲ ਸੋਚਕੇ ਵੇਖਿਆ ਤਾਂ ਸਮਝ ਨਹੀਂ ਆਈ ਕਿ ਏਹ ਥਾਂ ਥਾਂ ਖੋਲੇ ਪ੍ਰਾਇਵੇਟ ਸਕੂਲਾਂ ਕਾਲਜਾਂ ਨੇ ਪਾੜ੍ਹੇ ਤਾਂ ਪੈਦਾ ਕਰ ਦਿੱਤੇ, ਨੌਕਰੀਆਂ ਦੇ ਕਾਬਿਲ ਬਣੇ ਜਾਂ ਨਹੀਂ,ਏਸ ਬਾਰੇ ਕਿਸੇ ਨੂੰ ਕੋਈ ਪ੍ਰਵਾਹ ਨਹੀਂ।ਦੁਕਾਨਾਂ ਬਣਾਕੇ ਰੱਖ ਦਿੱਤੇ ਨੇ ਵਿਦਿਅਕ ਅਦਾਰੇ।ਕੋਈ ਉਦਯੋਗ ਨਹੀਂ ਜਿਥੇ ਏਹ ਨੌਕਰੀ ਲਈ ਰੱਖੇ ਜਾਣ।ਸਰਕਾਰੀ ਨੌਕਰੀ ਦਾ ਕੋਈ ਅਤਾ ਪਤਾ ਨਹੀਂ।ਪ੍ਰਾਇਵੇਟ ਅਦਾਰੇ ਕਿਸੇ ਵੀ ਵੇਲੇ ਘਰ ਨੂੰ ਤੋਰ ਦਿੰਦੇ ਨੇ,ਕਿੰਨੇ ਘੰਟੇ ਕੰਮ ਕਰਨਾ ਬੱਚਿਆਂ ਨੂੰ ਪਤਾ ਹੀ ਨਹੀਂ।ਆਮ ਕਰਕੇ ਦੱਸ ਤੋਂ ਬਾਰਾਂ ਘੰਟੇ ਕੰਮ ਲਿਆ ਜਾਂਦਾ ਹੈ,ਕੰਮ ਤੋਂ ਕੱਢੇ ਜਾਣ ਅਤੇ ਕੰਮ ਦਾ ਦਬਾਅ ਵੀ ਨਸ਼ੇ ਵੱਲ ਨੂੰ ਪੜ੍ਹੇ ਲਿਖਿਆਂ ਨੂੰ ਧਕੇਲ ਰਿਹਾ ਹੈ।ਕਦੋਂ ਉਹ ਇਸਦੀ ਗ੍ਰਿਫਤ ਵਿੱਚ ਜਕੜੇ ਜਾਂਦੇ ਹਨ।ਏਹ ਵੰਨ ਸਵੰਨੇ ਨਸ਼ੇ ਆਏ ਕਿਥੋਂ?ਕਿਵੇਂ ਪੁਹੰਚਦੇ ਨੇ,ਇਸ ਵਿੱਚ ਸੰਬੰਧਿਤ ਹਰ ਵਿਭਾਗ ਦੀ ਲਾਪ੍ਰਵਾਹੀ,ਨਾਕਾਮੀ ਤੇ ਗੜਬੜ ਸਾਹਮਣੇ ਹੈ।ਨਸ਼ਾ ਕੋਈ ਵੀ ਹੋਵੇ ਤਬਾਹੀ ਤਾਂ ਕਰਦਾ ਹੀ ਹੈ।ਘਰਾਂ ਵਿੱਚ ਲੜਾਈ ਝਗੜੇ ਆਮ ਗੱਲ ਹੋ ਜਾਂਦੀ ਹੈ।ਖੁਸ਼ੀਆਂ ਤਾਂ ਖੰਭ ਲਾਕੇ ਉੱਡ ਜਾਂਦੀਆਂ ਨੇ।ਘਰਾਂ ਦੀ ਤਬਾਹੀ,ਸਮਾਜ,ਸਟੇਟ ਤੇ ਦੇਸ਼ ਨੂੰ ਆਪਣੇ ਵੱਲ ਘਸੀਟਣ ਦੀ ਸ਼ਕਤੀ ਰੱਖਦੀ ਹੈ।ਨਸ਼ਾ ਕਰਨ ਵਾਲੇ ਖੋਹਾਂ ਖਿੰਝਾਂ,ਚੋਰੀਆਂ ਤੇ ਬੀਮਾਰ ਸਮਾਜ ਹੀ ਬਣਾ ਸਕਦੇ ਹਨ।ਇੱਕ ਹੱਦ ਤੋਂ ਬਾਦ ਏਹ ਸੱਭ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ।ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ,”ਕਿੱਕਰ ਤੋਂ ਬੋਹੜ ਵਾਲੀ ਛਾਂ ਦੀ ਆਸ ਨਹੀਂ ਕੀਤੀ ਜਾ ਸਕਦੀ”।ਇਸ ਨੂੰ ਪ੍ਰਸ਼ਾਸਨ ਤੇ ਸਰਕਾਰਾਂ ਜਿੰਨੀ ਜਲਦੀ ਸਮਝ ਲੈਣ ਉਨਾ ਹੀ ਬਿਹਤਰ ਹੈ।ਨਸ਼ਿਆਂ ਤੇ ਕਾਬੂ ਪਾਉਣ ਵਿੱਚ ਧਾਰਮਿਕ ਸੰਸਥਾਵਾਂ ਵੀ ਵੱਡਾ ਹੱਥ ਵਟਾ ਸਕਦੀਆਂ ਹਨ।ਕਿਉਂ ਨਹੀਂ ਏਹ ਧਰਮ ਗੁਰੂ ਇਸ ਵੱਲ ਧਿਆਨ ਦਿੰਦੇ।ਸਿਆਸਤਦਾਨਾਂ ਨਾਲ ਮਿਲ ਬੈਠਣਾ ਇੰਨਾ ਦਾ ਕੰਮ ਨਹੀਂ।ਵੱਡੀਆਂ ਗੱਡੀਆਂ, ਤੇ ਹੋਰ ਐਸ਼ੋ ਆਰਾਮ ਨੇ ਇੰਨਾ ਨੂੰ ਵੀ ਆਪਣੀ ਜ਼ੁਮੇਵਾਰੀ ਤੋਂ ਦੂਰ ਕੀਤਾ ਹੋਇਆ ਹੈ।ਮੁਆਫ ਕਰਨਾ ਸਾਨੂੰ ਥਾਂ ਥਾਂ ਗੁਰਦੁਆਰੇ ਬਣਾਉਣ ਦੀ ਜ਼ਰੂਰਤ ਨਹੀਂ।ਉਸ ਪੈਸੇ ਨੂੰ ਵਧੀਆ ਸਕੂਲ,ਕੋਚਿੰਗ ਸੈਂਟਰ ਤੇ ਨੌਕਰੀਆਂ ਵਾਸਤੇ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਖਰਚਣ।ਅਗਰ ਨਸ਼ੇ ਕਾਰਨ ਨੌਜਵਾਨ ਪੀੜ੍ਹੀ ਇਸ ਦਲਦਲ ਵਿੱਚ ਫਸ ਗਈ ਹੈ ਤਾਂ ਏਹ ਅੱਗੇ ਕਿਉਂ ਨਹੀਂ ਆ ਰਹੇ।ਨਸ਼ਾ ਛਡਾਉ ਕੇਂਦਰਾਂ ਵਿੱਚ ਲੋਕਾਂ ਕੋਲੋਂ ਦੱਸ ਹਜ਼ਾਰ ਤੋਂ ਵੀਹ ਹਜ਼ਾਰ ਤੱਕ ਮਹੀਨੇ ਦੇ ਲਏ ਜਾਂਦੇ ਹਨ।ਉਨ੍ਹਾਂ ਮਾਪਿਆਂ, ਪਤਨੀਆਂ ਤੇ ਬੱਚਿਆਂ ਦੀ ਹਾਲਤ ਜ਼ਰਾ ਮਹਿਸੂਸ ਕਰਕੇ ਵੇਖੋ, ਜਿਥੇ ਬੱਚੇ ਸਕੂਲ ਜਾਂਦੇ ਨੇ,ਬੁੱਢਾ ਬਾਪ ਹੈ ਤੇ ਪਤਾ ਨਹੀਂ ਉਹ ਕਿੰਨਾ ਵੱਖਤਾਂ ਨਾਲ ਪੈਸੇ ਦਿੰਦੇ ਨੇ ਮਹੀਨੇ ਬਾਦ।ਏਹ ਧਰਮ ਗੁਰੂ ਤਾਂ ਏ.ਸੀ ਦਫਤਰਾਂ ਵਿੱਚ ਬੈਠ ਕੇ ਸਿਆਸਤ ਖੇਡਣ ਵਾਲੇ ਰਹਿ ਗਏ ਨੇ।ਆਪਣੇ ਫਰਜ਼ ਨੂੰ ਪਛਾਣੋ,ਸਮਾਜ ਦੇ ਭਲੇ ਲਈ ਕੰਮ ਕਰੋ।ਸਮਾਜ ਵਾਸਤੇ ਤੇ ਨੌਜਵਾਨ ਪੀੜ੍ਹੀ ਦੇ ਮਾਰਗ ਦਰਸ਼ਕ ਬਣੋ।ਸਾਡੇ ਗੁਰੂਆਂ ਨੇ ਤਾਂ ਹਰ ਇੱਕ ਦੇ ਭਲੇ ਦੀ ਸਿਖਿਆ ਦਿੱਤੀ ਸੀ।ਉਨ੍ਹਾਂ ਨੇ ਤਾਂ ਲੋਕਾਂ ਤੇ ਸਮਾਜ ਵਾਸਤੇ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕੀਤਾ ਸੀ।ਸਮਾਜ ਵਿੱਚ ਵਿਚਰਕੇ ਵੇਖੋ, ਮਾਪਿਆਂ ਦੀ ਕੀ ਹਾਲਤ ਕੀਤੀ ਹੋਈ ਹੈ ਨਸ਼ਈ ਪੁੱਤਾਂ ਨੇ।ਗੁਰਚਰਨ ਨੂਰਪੁਰ ਨੇ ਲਿਖਿਆ ਹੈ,”ਮਾਣ ਸੀ ਜਿਹੜੇ ਪੁੱਤ ਤੇ,ਉਹ ਸਿਰ ਤੇ ਕਰੇਗਾ ਛਾਂ,ਸਿਰ ਲੁਕਾਉੰਦੀ ਫਿਰ ਰਹੀ, ਅੱਜ ਉਸੇ ਕੋਲੋਂ ਮਾਂ।”
ਏਹ ਘਰਾਂ ਦੀ ਤੇ ਸਮਾਜ ਦੀ ਅਸਲੀ ਤਸਵੀਰ ਹੈ।ਕੋਈ ਸਿਆਸੀ ਪਾਰਟੀ ਇਸ ਹਾਲਤ ਨੂੰ ਮੰਨਣ ਨੂੰ ਤਿਆਰ ਨਹੀਂ।ਪਰ ਯਾਦ ਰੱਖੋ ਜਦੋਂ ਚਾਰੇ ਪਾਸੇ ਅੱਗ ਲੱਗੀ ਹੋਵੇ ਤਾਂ ਸੇਕ ਲੱਗੇਗਾ ਹੀ,ਫਰਕ ਸਿਰ ਦੇਰ ਸਵੇਰ ਦਾ ਹੁੰਦਾ ਹੈ।ਨਸ਼ਾ ਕਿੰਨੇ ਪ੍ਰਤੀਸ਼ਤ ਹੈ,ਕਿਹਨੇ ਸ਼ੁਰੂ ਕਰਵਾਇਆ, ਕਿਹੜੀ ਪਾਰਟੀ ਨੇ ਨਸ਼ਈ ਫੜ੍ਹਕੇ ਅੰਦਰ ਕਰ ਦਿੱਤੇ, ਲੋਕਾਂ ਨੂੰ ਹੁਣ ਇਸ ਨਾਲ ਕੋਈ ਸਰੋਕਾਰ ਨਹੀਂ।ਲੋਕ ਜ਼ਮੀਨ ਤੇ ਕੀ ਹੋ ਰਿਹਾ ਹੈ ਉਹ ਵੇਖਣਾ ਚਾਹੁੰਦੇ ਹਨ।ਚੈਨਲਾਂ ਤੇ ਬੈਠਕੇ ਕਾਵਾਂ ਰੌਲੀ ਤੋਂ ਸ਼ਾਇਦ ਲੋਕ ਹੋਰ ਪ੍ਰੇਸ਼ਾਨ ਹੁੰਦੇ ਹਨ।ਜਦ ਲੋਕ ਨਸ਼ਾ ਛੜਾਉ ਕੇਂਦਰਾਂ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਛੱਡਕੇ ਆਉਂਦੇ ਹਨ ਤਾਂ ਉਹ ਕੋਈ ਪੀ ਐਚ ਡੀ ਵਾਸਤੇ ਤਾਂ ਛੱਡਕੇ ਆਏ ਨਹੀਂ।ਕੁੜੀਆਂ ਦੇ ਨਸ਼ਾ ਛੜਾਉ ਕੇਂਦਰ ਦੀ ਜ਼ਰੂਰਤ ਪੈ ਗਈ ਤੇ ਅਜੇ ਨਸ਼ਾ ਹੈ ਨਹੀਂ।ਸਦਕੇ ਜਾਈਏ ਆਪਣੇ ਸਿਆਸਤਦਾਨਾਂ ਦੇ।ਹਰ ਸੰਬੰਧਿਤ ਵਿਭਾਗ ਦੀ ਜਵਾਬਦੇਹੀ ਤਹਿ ਹੋਵੇ, ਰਿਸ਼ਵਤ ਲੈਕੇ ਭਾਈ ਬੰਦਗੀ ਤੋਰਨ ਵਾਲਿਆਂ ਦੀਆਂ ਸਜ਼ਾਵਾਂ, ਜਲਦੀ ਤਹਿ ਹੋ ਜਾਣ।ਬਹੁਤ ਹੋ ਗਿਆ ਮਜ਼ਾਕ ਲੋਕਾਂ ਨਾਲ, ਮਿਹਰਬਾਨੀ ਕਰਕੇ ਲੋਕਾਂ ਨੂੰ ਇਸ ਤਬਾਹੀ ਵਿੱਚ ਨਾ ਧਕੇਲੋ।ਏਹ ਨਸ਼ੇ ਜ਼ਹਿਰ ਹੈ,ਜੋ ਰੋਜ਼ ਅੰਦਰ ਜਾ ਰਿਹਾ ਹੈ।ਬਰਟੰਡ ਰਸਲ ਨੇ ਲਿਖਿਆ ਹੈ,”ਸ਼ਰਾਬੀ ਹੋਣਾ ਇੱਕ ਕਿਸਮ ਦੀ ਵਕਤੀ ਖੁਦਕੁਸ਼ੀ ਹੈ।”ਬਹਿਸ ਸਿਰਫ਼,ਬਹਿਸ ਕਰਨ ਵਾਸਤੇ ਨਾ ਕੀਤੀ ਜਾਵੇ, ਉਸਦੇ ਨਤੀਜੇ ਵੀ ਵੇਖਣ ਨੂੰ ਮਿਲਣੇ ਚਾਹੀਦੇ ਹਨ।ਸਰਕਾਰਾਂ ਬਣਾਉਣ ਵਾਸਤੇ ਲੋਕਾਂ ਤੇ ਸਮਾਜ ਦਾ ਹੋਣਾ ਬੇਹੱਦ ਜ਼ਰੂਰੀ ਹੈ।ਦੇਸ਼ਾਂ ਤੇ ਕੌਮਾਂ ਨੂੰ ਤਬਾਹ ਕਰ ਦਿੰਦੇ ਨੇ ਨਸ਼ੇ।ਮਿਲਟਨ ਨੇ ਲਿਖਿਆ ਹੈ,”ਸੰਸਾਰ ਦੀਆਂ ਸਾਰੀਆਂ ਸੈਨਾਵਾਂ ਮਿਲਕੇ ਇੰਨੇ ਮਨੁੱਖਾਂ ਅਤੇ ਇੰਨੀ ਜਾਇਦਾਦ ਨੂੰ ਤਬਾਹ ਨਹੀਂ ਕਰ ਸਕਦੀਆਂ, ਜਿੰਨੀ ਕਿ ਨਸ਼ੇ ਕਰਨ ਦੀ ਆਦਤ।”ਨਸ਼ੇ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਧਰਮ ਗੁਰੂਆਂ ਨੂੰ ਸੱਭ ਤੋਂ ਪਹਿਲਾਂ ਅੱਗੇ ਆਉਣਾ ਚਾਹੀਦਾ ਹੈ।ਸਿੱਧੇ ਤੇ ਸਰਲ ਸ਼ਬਦਾਂ ਵਿੱਚ ਕਿਹਾ ਜਾਏ ਕਿ ਆਪਣੇ ਧਰਮ ਗੁਰੂ ਹੋਣ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ।ਪ੍ਰਸ਼ਾਸਨ, ਸਰਕਾਰਾਂ, ਸਿਆਸਤਦਾਨਾਂ ਤੇ ਨੇਤਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਨਾਲ ਉਹ ਵੀ ਨਸ਼ੇ ਰੂਪੀ ਬਾਰੂਦ ਦੇ ਢੇਰ ਤੇ ਬੈਠੇ ਹੋਏ ਹਨ।ਹਰ ਸਿਆਸੀ ਪਾਰਟੀ ਨਸ਼ੇ ਦਾ ਹੋਣਾ ਮੰਨੇ,ਘੱਟ ਵੱਧ ਜੋ ਵੀ ਹੈ ਉਸ ਨੂੰ ਖਤਮ ਕਰਨ ਵੱਲ ਕਦਮ ਚੁੱਕੇ ਤੇ ਲੋਕਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢੇ।ਚੈਨਲਾਂ ਤੇ ਬੈਠਕੇ ਦੋਸ਼ ਇੱਕ ਦੂਸਰੇ ਤਾਂ ਲਗਾ ਦੇਣਾਂ, ਕੋਈ ਹੱਲ ਨਹੀਂ।”ਬਹਿਸ ਏਹ ਹੋਵੇ ਨਸ਼ੇ ਨੂੰ ਬੰਦ ਕਿਵੇਂ ਕੀਤਾ ਜਾਵੇ?”

LEAVE A REPLY

Please enter your comment!
Please enter your name here