ਰਾਜਵਿੰਦਰ ਰੌਂਤਾ ਪੰਜਾਬੀ ਸਾਹਿਤ ਤੇ ਕਲਾ ਦੇ ਖੇਤਰ ਵਿੱਚ ਨਵਾਂ ਨਾਮ ਨਹੀਂ ਹੈ ਉਹ ਬਹੁ ਪੱਖੀ ਤੇ ਜਾਣੀ ਪਹਿਚਾਣੀ ਸਖਸ਼ੀਅਤ ਹੈ। ਰੌਂਤਾ ਮੁੱਢਲੇ ਰੂਪ ਵਿੱਚ ਗੀਤਕਾਰ ਹੈ। ਮਾਣਕ ਦੇ ਗੀਤਾਂ ਵਿੱਚ ਦੇਵ ਥਰੀਕੇ ਵਾਲਾ ਸੁਣ ਕੇ ਕਿ ‘ਮੇਰਾ ਵੀ ਨਾਮ ਏਦਾਂ ਈ ਆਊ’ ਦੀ ਭਾਵਨਾ ਨਾਲ ਗੀਤਕਾਰੀ ਵੱਲ ਜੁੜਿਆ। ਉਸ ਦੇ ਦਰਜ਼ਨ ਤੋਂ ਵੱਧ ਗੀਤ ਨਾਮੀ ਕਲਾਕਾਰਾਂ ਨੇ ਗਾਏ ਤੇ ਰਿਕਾਰਡ ਕਰਵਾਏ ਹਨ, ਜਿਨਾਂ ਵਿੱਚ ਸਤਵਿੰਦਰ ਬੁੱਗਾ, ਮਨਜੀਤ ਰੂਪੋਵਾਲੀਆ, ਪਾਲ ਪੰਜਾਬੀ, ਸਾਧੂ ਰੋਮਾਣਾ, ਸੁਰਿੰਦਰ ਸਾਹੋ, ਅਮਰਜੀਤ ਚੜਿੱਕ, ਚਰਨਜੀਤ ਸੰਧੂ, ਅਜੇ ਸੋਢੀ, ਅਸ਼ੋਕ ਦਤਾਰਪੁਰੀ, ਕੁਲਵੰਤ ਮਨਾਣਾ, ਹਰਪ੍ਰੀਤ ਮੋਗਾ, ਕੁਲਦੀਪ ਚੁੰਬਰ, ਮਨਦੀਪ ਮੰਨੂੰ ਆਦਿ ਅਨੇਕਾਂ ਗਾਇਕ ਸ਼ੁਮਾਰ ਹਨ।
ਰਾਜਵਿੰਦਰ ਰੌਂਤਾ ਬਚਪਨ ਵਿੱਚ ਕਾਮਰੇਡਾਂ ਦੀ ਸਟੇਜ, ਨਗਰ ਕੀਰਤਨ ਅਤੇ ਟੂਰਨਾਮੈਂਟ ਆਦਿ ਸਮੇਂ ਸਾਥੀਆਂ ਵਲੋਂ ਚੁੱਕ ਕੇ ਚੜਾ ਦਿੱਤਾ ਜਾਂਦਾ। ਪਰ ਉਹ ਸਾਹਤਿਕ ਤੇ ਸਮਾਜਕ ਸਟੇਜਾਂ ਤੇ ਗੀਤ ਆਪ ਵੀ ਗਾਉਂਦਾ ਰਿਹਾ ਹੈ। ਰਾਜਵਿੰਦਰ ਰੌਂਤਾ ਨੇ ਪੰਜਾਬ ਦੇ ਵੱਡੇ ਛੋਟੇ ਸੱਭਿਆਚਾਰਕ ਮੇਲਿਆਂ ਅਤੇ ਸਮਾਗਮਾਂ ਵਿਚ ਮੰਚ ਸੰਚਾਲਕ ਵਜੋਂ ਪਾਲ ਪੰਜਾਬੀ, ਸੁਰਿੰਦਰ ਸਾਹੋ, ਗੁਰਤੇਜ ਕਾਬਲ, ਬਲਜਿੰਦਰ ਗਰਚਾ, ਕੁਲਦੀਪ ਮਾਣਕ ਅਤੇ ਸੰਦੀਲਾ ਦੀ ਸਟੇਜ ਤੋਂ ਮੱਦੋਕੇ ਅਤੇ ਪੱਤੋ ਦੇ ਨਾਮੀ ਮੇਲਿਆਂ ਤੇ ਨਾਮ ਕਮਾਇਆ।
ਰਾਜਵਿੰਦਰ ਰੌਂਤਾ ਕਿੱਤੇ ਵਜੋਂ ਡਾਕਟਰ ਹੈ। ਉਸ ਨੇ ਵੀਹ ਸਾਲ ਦੇ ਕਰੀਬ ਮੈਡੀਕਲ ਤੇ ਪੈਰਾਮੈਡੀਕਲ ਕਲਾਸਾਂ ਨੂੰ ਪੜਾਇਆ। ਆਪਣੀ ਕਲੀਨਿਕ ਅਤੇ ਬਾਬੇ ਕੇ ਕਾਲਜ ਰਾਹੀਂ ਅਨੇਕਾਂ ਕੈਂਸਰ ਤੇ ਹੋਰ ਡਾਕਟਰੀ ਕੈਂਪਾਂ ਰਾਹੀ ਮਾਨਵਤਾ ਦੀ ਸੇਵਾ ਕੀਤੀ। ਉਸ ਨੇ ਸੋਲਾਂ ਲਘੂ ਫਿਲਮਾਂ ਵਿੱਚ ਕੰਮ ਕੀਤਾ। ਕਈ ਥਾਈਂ ਨਾਟਕ,’ਕਰਮਾ ਮਾਰੀ’ ਖੇਡਿਆ। ਅਠਾਰਾਂ ਵਾਰੀ ਖੂਨ ਦਾਨ ਕਰ ਚੱਕਿਆ ਰੌਂਤਾ ਵੱਖ ਵੱਖ ਪੰਜਾਬੀ ਅਖਬਾਰਾਂ ਤੇ ਰਸਾਲਿਆਂ ਵਿੱਚ ਦੋ ਹਜਾਰ ਤੋਂ ਵੱਧ ਵਾਰ ਛਪ ਚੁੱਕਾ ਹੈ । ਉਸ ਦੀਆਂ ਕਵਿਤਾਵਾਂ, ਗੀਤ 16 ਸਾਂਝੀਆਂ ਪੁਸਤਕਾਂ ਵਿੱਚ ਛਪ ਚੁੱਕੇ ਹਨ। ਉਹ ਕਈ ਸੰਸਥਾਵਾਂ ਨਾਲ ਜੁੜਿਆ ਰਿਹਾ। ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕਾਦਮੀ ਦਾ ਜੀਵਨ ਮੈਂਬਰ ਵੀ ਹੈ।
ਦੋ ਵਾਰ ਪਾਕਿਸਤਾਨ ਗਏ ਰੌਂਤਾ ਨੇ ‘ਜੀਹਨੇਂ ਲਾਹੌਰ ਨੀਂ ਵੇਖਿਆ’ ਸਫ਼ਰਨਾਮਾਂ ਲਿਖਿਆ ਜੋ ਕਾਫ਼ੀ ਚਰਚਿਤ ਰਿਹਾ ਹੈ । ਸਾਂਝੀ ਪੁਸਤਕ ਸਮੇਂ ਦੀ ਅਵਾਜ਼ ਵੀ ਸੰਪਦਾਤ ਕੀਤੀ। ਲਗਾਤਰ ਅਜੀਤ ਵਿੱਚ ਕਿਸਾਨੀ ਬਾਰੇ ਵਿਚਾਰ ਚਰਚਾ, ਪੰਜਾਬੀ ਟ੍ਰਿਬਿਊਨ ਵਿੱਚ ਸਿਹਤ ਬਾਰੇ ਅਤੇ ਦੇਸ਼ ਸੇਵਕ ਵਿੱਚ ਉਸਦੇ ਪੁਸਤਕ ਰਿਵੀਊ ਛਪੇ। ਨਵਾਂ ਜਮਾਨਾਂ ਵਿੱਚ ਸਭ ਤੋਂ ਵੱਧ ਛਪੇ ਰਾਜਵਿੰਦਰ ਰੌਂਤਾ ਦੀਆ ਮਿੰਨੀ ਕਹਾਣੀਆਂ ਵੀ ਵੱਖ-ਵੱਖ ਅਖਬਾਰਾਂ ਵਿੱਚ ਛਪਦੀਆਂ ਰਹੀਆਂ ਹਨ। ਉਸ ਕੋਲ ਦੋ ਨਾਵਲ ਅਤੇ ਗੀਤ-ਕਵਿਤਾਵਾਂ ਦਾ ਕਿਤਾਬਾਂ ਛਪਵਾਉਣ ਲਈ ਮੈਟਰ ਤਿਆਰ ਹੈ। ਨਾਵੇਂ ਤੋਂ ਵਿਰਵੇ ਚੰਗਾਂ ਨਾਮ ਤੇ ਮਾਣ ਰੱਖਣ ਵਾਲੇ ਰਾਜਵਿੰਦਰ ਰੌਂਤਾ ਨੂੰ ਮਾਣ ਹੈ ਕਿ ਉਸ ਨੂੰ ਨਾਮਵਰ ਤੇ ਚੰਗੇ ਲੋਕਾਂ ਤੋਂ ਬੜਾ ਸਤਿਕਾਰ ਪਿਆਰ ਮਿਲਿਆ ਹੈ ਜਿਸ ਨੂੰ ਉਹ ਆਪਣਾ ਸਰਮਾਇਆ ਮੰਨਦਾ ਹੈ।
ਦੇਸ਼ ਵਿਦੇਸ਼ ਦੇ ਰੇਡੀਉ, ਚੈਨਲ ਅਤੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਹਾਜਰੀ ਲਗਵਾ ਚੁੱਕਾ ਇਹ ਸਖਸ਼ ਰੌਂਤਾ ਹੁਣ ਗਾਇਕੀ ਖੇਤਰ ਵਿੱਚ ਵੀ ਹਾਜਰੀ ਲਗਾ ਰਿਹਾ ਹੈ। ਰੌਂਤਾ ਦੇ ਲਿਖੇ ਤੇ ਗਾਏ ਗੀਤ ‘ਖੁਦਕੁਸ਼ੀਆਂ ਨਾ ਕਰ ਉ ਜੱਟਾ’ ਸਿੰਗਲ ਟਰੈਕ, ਨੂੰ ਗੋਬਿੰਦ ਸਮਾਲਸਰ ਨੇ ਸੰਗੀਤਵੱਧ ਕੀਤਾ ਹੈ ਅਤੇ ਸੰਗੀਤ-ਜਗਤ ਦੀ ਨਾਮੀ ਕੰਪਨੀ ‘ਅਮਰ ਆਡੀਓ’ ਨੇ ਜਾਰੀ ਕੀਤਾ ਹੈ। ਟਰੂਕਲਰਜ਼ ਪਰੋਡਕਸ਼ਨ ਨੇ ਇਸ ਵਿਚ ਵੀਡੀਓਗ੍ਰਾਫ਼ੀ ਦਾ ਰੰਗ ਵਿਖਾਇਆ ਹੈ। ਇਸ ਗੀਤ ਵਿੱਚ ਮਨਿੰਦਰ ਮੋਗਾ ਸਮੇਤ ਕਈ ਅਦਾਕਾਰਾਂ ਦੀ ਕਲਾ ਵੀ ਬੋਲਦੀ ਹੈ। ਇਕ ਮੁਲਾਕਾਤ ਦੌਰਾਨ ਰਾਜਵਿੰਦਰ ਰੌਂਤਾ ਨੇ ਕਿਹਾ, ‘ਮੈਂ ਅਜੇ ਗਾਇਕ ਨਹੀਂ ਬਣਿਆ ਪਰ ਇੱਕ ਵਿਚਾਰ ਹੈ ਜਿਸ ਰਾਹੀਂ ਸਾਡੇ ਸਮਾਜ ਦੀ ਹੋਣੀ, ਮਜ਼ਬੂਰਨ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਦੀ ਤ੍ਰਾਸਦੀ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ।’ ਰਾਜਵਿੰਦਰ ਰੌਂਤਾ ਦੇ ਇਸ ਗੀਤ ਨੂੰ ਸੋਸ਼ਲ ਮੀਡੀਏ ਰਾਹੀਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਉਸ ਨੇ ਡੁੱਬ ਰਹੀ ਤੇ ਮਰ ਰਹੀ ਕਿਸਾਨੀ ਦੀ ਗੱਲ ਕੀਤੀ ਹੈ। ਰਾਜਵਿੰਦਰ ਰੌਂਤਾ ਨੇ ਦੱਸਿਆ ਕਿ ਉਹ ਧਾਰਮਿਕ ਗੀਤ ਜੋ ਛੋਟੇ ਸਾਹਿਬਜਾਦਿਆਂ ਨੂੰ ਸਮਰਪਿਤ ਹੈ ਉਹ ਵੀ ਜਲਦੀ ਰਿਕਾਰਡ ਕਰਵਾਇਆ ਜਾ ਰਿਹਾ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਰੌਂਤਾ ਦਾ ਗੀਤ, ‘ਕੀ ਹੋਇਆ ਅਸੀਂ ਕੁੜੀਆਂ ਵੇ’ ਲੋਕ-ਗੀਤ ਵਾਂਗ ਪ੍ਰਸਿੱਧ ਹੈ ਇਸ ਗੀਤ ਨੂੰ ਸਤਵਿੰਦਰ ਬੁੱਗਾ, ਹਰਪ੍ਰੀਤ ਮੋਗਾ ਸਮੇਤ ਕਈ ਗਾਇਕ ਗਾ ਰਹੇ ਹਨ। ਰਾਜਵਿੰਦਰ ਦੇ ਗੀਤਾਂ ਵਿੱਚ, ਬਾਪੂ ਸਿਰ ਤੇ ਮੌਜ ਬਹਾਰਾਂ, ਬੰਨੋਂ ਬੂਹੇ ‘ਚ ਸ਼ਰੀਂਹ ਆਦਿ ਚਰਚਿਤ ਗੀਤ ਆਖੇ ਜਾ ਸਕਦੇ ਹਨ। ਨਿਰੋਲ ਸੱਭਿਆਚਾਰਕ ਤੇ ਸਾਹਿਤਕ ਟੱਚ ਵਾਲੇ ਗੀਤ ਉਸ ਦੀ ਪਹਿਚਾਣ ਹੈ। ਅਨੇਕਾਂ ਸਾਹਤਿਕ ਸਮਾਜਕ ਸੰਸਥਾਵਾਂ ਨਾਲ ਜੁੜੀ ਸਖਸ਼ੀਅਤ ਤੋਂ ਆਸ ਹੈ ਕਿ ਚੰਗੇਰੇ ਸਮਾਜ ਦੀ ਸਿਰਜਣਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਵੇਗਾ।

LEAVE A REPLY

Please enter your comment!
Please enter your name here