ਤੂੰ ਮੌਤ ਨਾਲ ਨਹੀਂ

ਰਿਸ਼ਤਿਆਂ ਨਾਲ ਮਜ਼ਾਕ ਕੀਤਾ

ਮੌਤ ਨੂੰ ਤੂੰ ਦਹਾਕਿਆਂ ਬੱਧੀ

ਪਿਛਾਂਹ ਧੱਕ ਦਿੱਤਾ ਸੀ

ਮੌਤ ਦਾ ਸਾਇਆ

ਤੇਰੇ ਉਰਹਾਂ-ਪਰਹੇ ਵੀ ਨਹੀਂ ਸੀ

ਤੂੰ ਆਪਣੀ ਭਾਸ਼ਾ ਵਿੱਚ ਗੱਲਾਂ ਕਰਦੀ

ਤੇ ਅੱਖਾਂ ਨਾਲ ਹੀ ਸੱਭ ਕੁੱਝ ਕਹਿ ਜਾਂਦੀ

ਪਿੰਡ ਦਾ ਸਿਵਾ ਵੀ ਤੈਨੂੰ

ਨਸੀਬ ਨਹੀਂ ਹੋਇਆ

ਤੂੰ ਆਪ ਹੀ

ਕੋਹਾਂ ਮੀਲ ਦੂਰ ਸਿਵੇ ਵੱਲ ਖਿਸਕ ਗਈ

ਤੇਰੀ ਚੁੱਪ ਨਾਲ

ਹੋਰ ਬਹੁਤ ਰੀਝਾਂ ਰਾਖ ਹੋ ਗਈਆਂ

ਤੇ ਤੇਰੀ ਸਮਾਧੀ ਚ ਅੰਤਾਂ ਦੀ ਪੀੜ

ਤੂੰ ਅਨਜਾਣ ਨਹੀਂ ਸੀ

ਆਪਣੀ ਚੁੱਪ ਤੋਂ

ਤੈਨੂੰ ਪਤਾ ਸੀ

ਫਿਰ ਇੱਕ ਤਾਂਡਵ ਸ਼ੁਰੂ ਹੋਵੇਗਾ

ਤੇਰੇ ਸਿਵੇ ਦੀਆਂ ਲੱਟ ਲੱਟ ਬਲਦੀਆਂ ਲਾਟਾਂ

ਬਹੁਤ ਕੁੱਝ ਕਹਿ ਗਈਆਂ

ਤੇਰੀ ਇਕੱਲਤਾ

ਮੇਰੇ ਲਈ ਇੱਕ ਬੁਝਾਰਤ ਬਣ ਕੇ ਰਹਿ ਗਈ

ਤੇਰੇ ਨਾ ਹੋਣ ਦੇ ਖਲਾਅ ਨੂੰ

ਕਿਹੜੇ ਸ਼ਬਦਾਂ ਦਾ ਆਕਾਰ ਦੇਵਾਂਗਾ

ਪਹਿਲਾਂ ਬੂਹੇ ਅੰਦਰ

ਤੇਰੇ ਦੀਦਾਰ ਲਈ ਆਉਂਦਾ ਸਾਂ

ਤੇ ਇੰਜ ਹੀ ਚਲਾ ਜਾਂਦਾ ਸਾਂ

ਉਦੋਂ ਆਉਣ ਤੇ ਜਾਣ ਦੇ

ਅਰਥ ਹੋਰ ਸਨ

ਉਂਜ ਅਰਥ ਹੁਣ ਵੀ ਬੜੇ ਨੇ

ਤੇਰੇ ਜਾ ਕੇ ਨਾ ਪਰਤਣ ਦੇ

ਇਹ ਸਾਰਾ ਕੁੱਝ ਜਾਣਦੇ ਹੋਏ

ਇਹ ਰਾਜ਼ ਕਿਸੇ ਨਾਲ ਸਾਂਝਾ ਨਹੀਂ ਕਰਾਂਗਾ

ਸਿਵੇ ਦੇ ਐਨ ਉੱਪਰ

ਜੇ ਸਰਕੜੇ ਸਮੇਤ ਕੰਡਿਅਲੀ ਥੋਹਰ ਪਈ ਏ

ਤਾਂ ਦੂਜੀ ਸਵੇਰ ਰਾਖ ਚ ਫੁੱਲ ਵੀ ਛਿਪੇ ਹੋਣਗੇ

ਇਹ ਫੁੱਲ ਜਦੋਂ ਆਖਰੀ ਰਸਮ ਲਈ

ਜਲ ਪਰਵਾਹ ਹੋਣਗੇ

ਤਾਂ ਕਿੰਨੇ ਰਿਸ਼ਤੇ ਇਹਨਾਂ ਨਾਲ ਰੁੱੜ ਜਾਣਗੇ

ਸਿਵੇ ਚ ਬੈਠ, ਤੂੰ ਤਾਂ ਲੀਨ ਹੋ ਗਈ

ਪਰ ਮੇਰੇ ਜੀਣ ਦੇ ਅਰਥ ਬਦਲ ਦਿੱਤੇ

ਤੂੰ ਦਿਲ ਦੇ ਵਲ ਵਲਿਆਂ ਨੂੰ

ਬਿਨਾਂ ਪ੍ਰੀਭਾਸ਼ਤ ਕਰੇ ਹੀ

ਸਦਾ ਲਈ ਅਲਵਿਦਾ ਕਹਿ ਗਈ

ਤੇ ਇੱਕ ਬਾਪ ਦਾ ਦਰਦ

ਸਦਾ ਲਈ ਇੱਕ ਕਵਿਤਾ ਦਾ ਰੂਪ ਧਾਰ ਗਿਆ

LEAVE A REPLY

Please enter your comment!
Please enter your name here