ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਵਿਚਾਰਧਾਰਾ ਕਿਤਨੀ ਵੀ ਮਜ਼ਬੂਤ ਕਿਉਂ ਨਾ ਹੋਵੇ ਉਹ ਬਿਨਾ ਪ੍ਰਚਾਰ ਦੇ ਲੋਕਾਂ ਤੱਕ ਨਹੀਂ ਪਹੁੰਚ ਸਕਦੀ। ਪ੍ਰਚਾਰ ਦੇ ਢੰਗ ਸਮੇਂ ਨਾਲ ਬਦਲਦੇ ਰਹਿੰਦੇ ਹਨ ਪਰ ਪ੍ਰਚਾਰ ਦਾ ਇਕ ਪ੍ਰਭਾਵਸ਼ਾਲੀ ਅੰਗ ਵਿਵਹਾਰ ਵੀ ਹੈ। ਜੇ ਪ੍ਰਚਾਰਕ ਦਾ ਵਿਵਹਾਰ ਉਸ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਉਂਦਾ ਤਾਂ ਪ੍ਰਚਾਰ ਪ੍ਰਭਾਵਸ਼ਾਲੀ ਨਹੀਂ ਹੋ ਸਕਦਾ।
ਗੁਰਮਤਿ ਵਿਚਾਰਧਾਰਾ ਦੇ ਸੂਤਰਧਾਰ ਯੁਗਪੁਰਸ਼ ਬਾਬਾ ਨਾਨਕ ਜੀ ਸਨ। ਬੇਸ਼ਕ ਗੁਰਮਤਿ ਵਿਚਾਰਧਾਰਾ ਦੇ ਅੰਸ਼ ਉਨ੍ਹਾਂ ਤੋਂ ਪਹਿਲਾਂ ਅਤੇ ਸਮਕਾਲੀ ਕੁੱਝ ਮਹਾਂਪੁਰਖਾਂ ਵਿਚ ਵੀ ਮਿਲਦੇ ਹਨ ਪਰ ਮਜ਼ਬੂਤ ਵਿਉਂਤਬੰਦੀ ਅਤੇ ਕਾਮਯਾਬੀ ਨਾਲ ਗੁਰਮਤਿ ਇਨਕਲਾਬ ਨੂੰ ਉਨ੍ਹਾਂ ਨੇ ਲਾਮਬੰਦ ਕੀਤਾ । ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਲਈ ਪ੍ਰਚਾਰ ਢੰਗ ਸਿੱਖਣ ਲਈ ਸਭ ਤੋਂ ਵਧੀਆ ਰੋਲ ਮਾਡਲ ‘ਬਾਬਾ ਨਾਨਕ’ ਜੀ ਹੀ ਹੋ ਸਕਦੇ ਹਨ। ਬਾਬਾ ਨਾਨਕ ਜੀ ਦੇ ਪ੍ਰਚਾਰ ਢੰਗ ਦੀਆਂ ਕੁਝ ਖੂਬੀਆਂ ਹੇਠ ਲਿਖੀਆਂ ਹਨ
1. ਉਨ੍ਹਾਂ ਦੀ ਪਕੜ ਵਿਚ ਜੋ ਵੀ ਗੱਲ ਆ ਗਈ ਉਨ੍ਹਾਂ ਨੇ ਪੂਰੀ, ਸਪਸ਼ਟ ਅਤੇ ਖਰੇ ਰੂਪ ਵਿਚ ਲੋਕਾਈ ਸਾਹਮਣੇ ਸੋਹਣੇ ਢੰਗ ਨਾਲ ਪੇਸ਼ ਕਰ ਦਿਤੀ। ਮਿਸਾਲ ਲਈ ਜਨੇਉ ਘਟਨਾਕ੍ਰਮ, ਸੂਰਜ ਨੂੰ ਪਾਣੀ ਦੇਣ ਦਾ ਘਟਨਾਕ੍ਰਮ, ਮੰਦਿਰ ਵਿਚ ਆਰਤੀ ਦੀ ਮਨਮੱਤ ਦਾ ਖੰਡਨ ਜਾਂ ਮੱਕੇ ਨੂੰ ਰੱਬ ਦਾ ਘਰ ਮੰਨਣ ਦੀ ਮਨਮੱਤ ਆਦਿ। ਉਨ੍ਹਾਂ ਦੇ ਸੱਚ ਪੇਸ਼ ਕਰਦੇ ਸਮੇਂ ਬੇਸ਼ਕ ਢੰਗ ਪ੍ਰਭਾਵਸ਼ਾਲੀ ਵਰਤਿਆ ਪਰ ਇਹ ਦਿਮਾਗ ਵਿਚ ਨਹੀਂ ਰੱਖਿਆ ਕਿ ‘ਸੰਗਤ ਹਾਲੀਂ ਤਿਆਰ ਨਹੀਂ ਜਾਂ ਮੇਰਾ ਵਿਰੋਧ ਹੋ ਸਕਦਾ ਹੈ ਜਾਂ ਪੁਜਾਰੀ ਤਬਕਾ ਮੈਨੂੰ ਬਦਨਾਮ ਕਰ ਦੇਵੇਗਾ ਆਦਿ’। ਇਸ ਲਈ ਮੈਂ ਪੂਰਾ ਸੱਚ ਪੇਸ਼ ਕਰਨ ਦੀ ਥਾਂ ਗੱਲ ਥੋੜੀ ਲੁਕੋ ਲਵਾਂ। ਜਦਕਿ ਉਸ ਸਮੇਂ ਮਾਹੌਲ ਐਸਾ ਸੀ ਕਿ ਜਿਨ੍ਹਾਂ ਲੋਕਾਂ ਸਾਹਮਣੇ ਉਹ ਖਰਾ ਸੱਚ ਪੇਸ਼ ਕਰਦੇ ਸਨ ਉਨ੍ਹਾਂ ਵਿਚ ਉਨ੍ਹਾਂ ਨੂੰ ਸਮਝਣ ਵਾਲੇ ਨਾਂ-ਮਾਤਰ ਹੀ ਹੁੰਦੇ ਸਨ।
2. ਬਾਬਾ ਨਾਨਕ ਜੀ ਨੇ ਕਦੇ ਇਹ ਨਹੀਂ ਸੋਚਿਆ ਕਿ ਮੈਨੂੰ ਸੁਣਨ ਵਾਲੇ 100% ਲੋਕ ਮੇਰੀ ਗੱਲ ਮੰਨ ਕੇ ਸੁਧਰ ਹੀ ਜਾਣਗੇ। ਉਨ੍ਹਾਂ ਦੇ ਪ੍ਰਚਾਰ ਢੰਗ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਉਹ ਸਿਰਫ ਲੋਕਾਈ ਸਾਹਮਣੇ ਖਰਾ ਅਤੇ ਪੂਰਾ ਸੱਚ ਪੇਸ਼ ਕਰਨਾ ਚਾਹੁੰਦੇ ਸਨ ਅਤੇ ਉਸ ਨੂੰ ਵਿਵਹਾਰ ਵਿਚ ਵਿਖਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਹਰ ਕਿਸੇ ਨੇ ਨਹੀਂ ਬਦਲ ਜਾਣਾ ਜਿਸ ਨੂੰ ਸਮਝ ਪੈ ਗਈ ਉਸ ਨੇ ਹੀ ਅਪਨਾਉਣਾ ਹੈ।
3. ਬਾਬਾ ਨਾਨਕ ਜੀ ਨੇ ਕਦੇ ਇਹ ਨਹੀਂ ਸੋਚਿਆ ਕਿ ਮੈ ਫਲਾਣਾ ਮੁੱਦਾ ਹਾਲੀਂ ਨਹੀਂ ਛੇੜਣਾ ਜਾਂ ਉਸ ਵਿਸ਼ੇ ਤੇ ਸੱਚ ਪੇਸ਼ ਨਹੀਂ ਕਰਨਾ ਕਿਉਂਕਿ ਉਸ ਨਾਲ ਸਾਰੇ ਹੀ ਮੇਰੇ ਖਿਲਾਫ ਹੋ ਜਾਣਗੇ ਜਾਂ ਪੁਜਾਰੀਆਂ ਨੂੰ ਮੈਨੂੰ ਬਦਨਾਮ ਕਰਨ ਦਾ ਮੌਕਾ ਮਿਲ ਜਾਵੇਗਾ।
4. ਬਾਬਾ ਨਾਨਕ ਜੀ ਨੇ ਕਦੇ ਵੀ ਕਿਸੇ ਮਾਨਤਾ ਜਾਂ ਰਸਮ ਨੂੰ ਧੱਕੇ ਨਾਲ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਸ਼ਰੀਰਕ ਜ਼ੋਰ ਅਜਮਾਇਸ਼ ਨੂੰ ਇਸ ਲਈ ਵਰਤਿਆ। ਉਨ੍ਹਾਂ ਨੇ ਸਿਰਫ ਪ੍ਰਚਾਰ ਅਤੇ ਵਿਚਾਰ ਚਰਚਾ ਦਾ ਢੰਗ ਹੀ ਅਪਨਾਇਆ। ਨਾ ਹੀ ਉਨ੍ਹਾਂ ਨੇ ਕੋਈ ਐਸੀ ਸ਼ਰਤ ਰੱਖੀ ਕਿ ਪਹਿਲਾਂ ਫਲਾਣੀ ਮਨਮੱਤ ਦਾ ਖਾਤਮਾ ਹੋਣ ਦਿਉ ਤਾਂ ਅਗਲੀ ਗੱਲ ਕਰਾਂਗੇ ਆਦਿ ।
ਪਰ ਆਪਣੇ ਆਪ ਨੂੰ ਸਹੀ ਗੁਰਮਤਿ ਦਾ ਪ੍ਰਚਾਰਕ ਹੋਣ ਦਾ ਦਾਅਵਾ ਕਰਨ ਵਾਲੇ ਲਗਭਗ ਸਾਰੇ ਪ੍ਰਚਾਰਕ ਬਾਬਾ ਨਾਨਕ ਤੋਂ ਸੇਧ ਲੈਣ ਦੀ ਲੋੜ ਨੂੰ ਬੇਮਾਅਨਾ ਸਮਝਦੇ ਹਨ। ਉਹ ਬੇਸ਼ਕ ਪ੍ਰੋ. ਦਰਸ਼ਨ ਸਿੰਘ ਹੋਣ, ਪੰਥਪ੍ਰੀਤ ਸਿੰਘ ਹੋਣ, ਸਰਬਜੀਤ ਸਿੰਘ ਧੁੰਦਾ ਜਾਂ ਵੱਖ ਵੱਖ ਮਿਸ਼ਨਰੀ ਕਾਲਜਾਂ ਨਾਲ ਜੁੜੇ ਸਟਾਰ ਪ੍ਰਚਾਰਕ। ਪਿੱਛਲੇ ਲੰਮੇ ਸਮੇਂ ਤੋਂ ‘ਤੱਤ ਗੁਰਮਤਿ ਪਰਿਵਾਰ’ ਇਨ੍ਹਾਂ ਨੂੰ ਵਾਰ ਵਾਰ ਬੇਨਤੀਆਂ ਕਰਦਾ ਰਿਹਾ ਹੈ ਕਿ ਜੇ ਅਸੀਂ ਸਚਮੁੱਚ ਗੁਰਮਤਿ ਇਨਕਲਾਬ ਦੀ ਪੁਨਰਸੁਰਜੀਤੀ ਲਈ ਗੰਭੀਰ ਹਾਂ ਤਾਂ ਸਾਨੂੰ ਪ੍ਰਚਾਰ ਸੇਧ ਬਾਬਾ ਨਾਨਕ ਜੀ ਤੋਂ ਲੈਣੀ ਚਾਹੀਦੀ ਹੈ ਪਰ ਇਹ ਪ੍ਰਚਾਰਕ ਹਮੇਸ਼ਾਂ ਉਨ੍ਹਾਂ ਸੇਧਾਂ ਤੋਂ ਭਟਕੇ ਹੀ ਨਜ਼ਰ ਆਉਂਦੇ ਹਨ। ਕੋਈ ਵੀ ਮਸਲਾ ਚੁੱਕ ਕਿ ਵੇਖ ਲਵੋ ਉਹ ਭਾਂਵੇ ਰਹਿਤ ਮਰਿਯਾਦਾ ਦਾ ਹੋਵੇ, ਦਸਮ ਗ੍ਰੰਥ ਹੋਵੇ, ਨਾਨਕਸ਼ਾਹੀ ਕੈਲੰਡਰ ਹੋਵੇ ਜਾਂ ਹੋਰ ਕੋਈ। ਹਰ ਮੁੱਦੇ ਤੇ ਇਨ੍ਹਾਂ ਨੇ ‘ਮੀਂਗਨਾ ਪਾਕੇ ਦੁੱਧ ਦੇਣ ਵਾਲਾ ਕੰਮ ਹੀ ਕੀਤਾ ਹੈ’। ਮਿਸ਼ਨਰੀ ਕਾਲਜਾਂ ਨਾਲ ਜੁੜੇ ਪ੍ਰਚਾਰਕਾਂ ਦੀ ਜ਼ਮੀਰ ਤਾਂ ‘ਸਿੱਖ ਰਹਿਤ ਮਰਿਯਾਦਾ’ ਦੇ ਬੋਝ ਨੇ ਹੀ ਇਤਨੀ ਸਾਹਸੱਤਹੀਣ ਕਰ ਰੱਖੀ ਹੈ ਕਿ ਉਨ੍ਹਾਂ ਤੋਂ ਖਰਾ ਸੱਚ ਪੇਸ਼ ਕਰਨ ਦੀ ਫਿਲਹਾਲ ਆਸ ਰੱਖਣੀ ਮੂਰਖਤਾ ਤੋਂ ਵੱਧ ਕੁਝ ਨਹੀਂ। ਪ੍ਰੋ. ਦਰਸ਼ਨ ਜੀ ਵਾਲੇ ਧੜੇ ਨੇ ਬੇਸ਼ਕ ‘ਸਿੱਖ ਰਹਿਤ ਮਰਿਯਾਦਾ’ ਵਿਚਲੀ ਕਮੀਆਂ ਦਾ ਵਿਰੋਧ ਕੀਤਾ ਪਰ ਇਹ ਵੀ ‘ਦੁੱਧ ਮੀਂਗਨਾ ਪਾ ਕੇ ਦੇਣ’ ਦੀ ਨੀਤੀ ਵਿਚ ਹੀ ਵਿਸ਼ਵਾਸ ਰੱਖਦੇ ਹਨ । ਮਿਸਾਲ ਲਈ ਦਸਮ ਗ੍ਰੰਥ ਦੇ ਮਸਲੇ ਤੇ ਹੀ ਜਦੋਂ 4-5 ਸਾਲ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਇਨ੍ਹਾਂ ਨੂੰ ਪੰਥ ਪ੍ਰਵਾਨਿਕਤਾ ਦੀਆਂ ਬੇੜੀਆਂ ਤੋੜਣ ਦੀ ਸਲਾਹ ਦੇਂਦਾ ਸੀ ਅਤੇ ਇਨ੍ਹਾਂ ਵਲੋਂ ‘ਪਹਿਲਾਂ ਦਸਮ ਗ੍ਰਂੰਥ ਦਾ ਪ੍ਰਕਾਸ਼ ਚੁੱਕਵਾ ਲਈਏ’ ਆਦਿ ਕੱਚਘਰੜ ਯੋਜਨਾਵਾਂ ਨੂੰ ਗਲਤ ਕਹਿੰਦਾ ਸੀ ਤਾਂ ਇਨ੍ਹਾਂ ਦੇ ਧੜੇ ਵਾਲੇ ਸਾਡੇ ਖਿਲਾਫ ਕਲਮੀ ਡਾਂਗ-ਸੋਟਾ ਚੁੱਕ, ਫਤਵੇਬਾਜ਼ੀ ਵਿਚ ਸੰਪਰਦਾਈਆਂ ਨੂੰ ਵੀ ਪਿੱਛੇ ਕਰਨ ਵਿਚ ਕਾਹਲੇ ਪਏ ਨਜ਼ਰ ਆਉਂਦੇ ਸਨ। ਅੱਜ ਇਨ੍ਹਾਂ ਨੇ ਬੇਸ਼ਕ ‘ਪੰਥ ਪ੍ਰਵਾਨਿਕਤਾ’ ਦੇ ਭਰਮ ਵਿਚੋਂ ਬਾਹਰ ਨਿਕਲਣ ਦੇ ਯਤਨ ਕੀਤੇ ਹਨ ਪਰ ਉਥੇ ਵੀ ਕੰਮ ਅਧੂਰਾ ਹੀ ਹੈ। ਜੇ ਤੱਤ ਗੁਰਮਤਿ ਪਰਿਵਾਰ ਵਾਂਗੂ ਕਿਸੇ ਨੇ ਵੀ ਖਰਾ ਸੱਚ ਪੇਸ਼ ਕਰਨ ਦੀ ਜੁਰੱਤ ਕੀਤੀ ਹੈ ਤਾਂ ਇਨ੍ਹਾਂ ਨੇ ਸੰਪਰਦਾਈਆਂ ਵਾਂਗੂ ਵਿਰੋਧ ਵਿਚ ਖੜਾ ਹੋਣ ਨੂੰ ਹੀ ਤਰਜੀਹ ਦਿਤੀ ਹੈ। ਐਸੇ ਧੜੇ ਤੋਂ ਗੁਰਮਤਿ ਇਨਕਲਾਬ ਦੇ ਚੰਗੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸ਼ਖਸੀਅਤ ਪ੍ਰਸਤੀ ਦੀ ਕਮਜ਼ੋਰੀ ਤਾਂ ਸਾਡੇ ਸਾਰਿਆਂ ਦੀ ਰੱਗਾਂ ਵਿਚ ਘੁੱਟ-ਘੁੱਟ ਕੇ ਭਰੀ ਪਈ ਹੈ, ਜਿਸ ਵਿਚੋਂ ਬਾਬਾ ਨਾਨਕ ਜੀ ਆਮ ਮਨੁੱਖਤਾਂ ਨੂੰ ਬਾਹਰ ਕੱਢਣਾ ਚਾਹੁੰਦੇ ਸਨ ਅਤੇ ‘ਬਿਬੇਕ-ਪ੍ਰਸਤੀ’ ਵੱਲ ਤੋਰਣਾ ਚਾਹੁੰਦੇ ਸਨ।
ਤੱਤ ਗੁਰਮਤਿ ਦੇ ਪ੍ਰਚਾਰ ਖੇਤਰ ਵਿਚ ਜੁੜਿਆ ਇਕ ਨਵਾਂ ਅਤੇ ਮਸ਼ਹੂਰ ਨਾਂ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਵਾਲਿਆਂ ਦਾ ਹੈ। ਇਨ੍ਹਾਂ ਵਿਚ ਇਕ ਵੱਡਾ ਫਰਕ ਇਹ ਹੈ ਕਿ ਇਨ੍ਹਾਂ ਦਾ ਪਿਛੋਕੜ ਨਿਰੋਲ ਉਸ ਸੰਪਰਦਾਈ ਅਖੌਤੀ ਬਾਬਾਵਾਦ ਨਾਲ ਜੁੜਿਆ ਹੋਇਆ ਹੈ ਜਿਸ ਨੇ ਸਿੱਖ ਸਮਾਜ ਨੂੰ ਗੁਰਮਤਿ ਇਨਕਲਾਬ ਤੋਂ ਭਟਕਾ ਕਿ ਪੁਜਾਰੀਵਾਦੀ ਮਾਨਤਾਵਾਂ ਅਤੇ ਰਸਮਾਂ ਦਾ ਗੁਲਾਮ ਬਣਾਉਣ ਵਿਚ ਵੱਡਾ ਰੋਲ ਅਦਾ ਕੀਤਾ । ਉਸ ਘੇਰੇ ਵਿਚੋਂ ਨਿਕਲ ਕੇ ਜਿਸ ਸ਼ਿੱਦਤ ਨਾਲ ਉਹ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਇਹ ਆਪਣੇ ਆਪ ਵਿਚ ਅਜੂਬਾ ਨਾ ਵੀ ਹੋਵੇ, ਅਚੰਭਾ ਜ਼ਰੂਰ ਹੈ। ਅਸੀਂ ਉਨ੍ਹਾਂ ਸਮੇਤ ਕਿਸੇ ਦੇ ਵੀ ਸੱਚ ਵੱਲ ਵਾਪਸੀ ਦੇ ਸਫਰ ਦੀ ਇਮਾਨਦਾਰਾਨਾ ਕੋਸ਼ਿਸ਼ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ। ਉਨ੍ਹਾਂ ਦੀ ਤਾਕਤ ਉਨ੍ਹਾਂ ਦੇ ਦੀਵਾਨਾਂ ਵਿਚ ਜੁੜਦੀ ਉਹ ਭੀੜ ਜਾਪਦੀ ਹੈ, ਜੋ ਉਨ੍ਹਾਂ ਦੀ ਸ਼ਖਸੀਅਤ ਨਾਲ ਬਾਬਾਵਾਦ ਦੇ ਦੌਰ ਤੋਂ ਹੀ ਹੈ। ਇਥੇ ਇਹ ਜ਼ਿਕਰ ਕਰਨਾ ਬੇਮਾਅਣਾ ਨਹੀਂ ਕਿ ਦੀਵਾਨ ਵਿਚਲੀਆਂ ਭੀੜਾਂ ‘ਕਾਮਯਾਬ ਪ੍ਰਚਾਰ’ ਦਾ ਪੈਮਾਣਾ ਤਾਂ ਹੋ ਸਕਦੀਆਂ ਹਨ ਪਰ ‘ਸਹੀ ਪ੍ਰਚਾਰ’ ਦਾ ਨਹੀਂ। ਅਖੌਤੀ ਧਰਮ ਦੇ ਖੇਤਰ ਵਿਚ ਵਿਚਰਦੇ ਕਿਸੇ ਵੀ ਅਖੌਤੀ ਬਾਬੇ ਜਾਂ ਡੇਰੇਦਾਰ ਦੇ ਦੀਵਾਨ ਵੇਖ ਲਵੋਂ ਸਾਹਮਣੇ ਭੀੜ ਬਹੁਤ ਹੁੰਦੀ ਹੈ। ਸਹੀ ਪ੍ਰਚਾਰ ਦਾ ਪੈਮਾਣਾ ਇਹ ਹੁੰਦਾ ਹੈ ਕਿ ਅਸੀਂ ਪ੍ਰਚਾਰ ਨਾਲ ‘ਸ਼ਖਸੀਅਤ ਪ੍ਰਸਤ’ ਬਣ ਰਹੇ ਹਾਂ ਜਾਂ ‘ਬਿਬੇਕ-ਪ੍ਰਸਤ’ ? ‘ਸ਼ਖਸੀਅਤ ਪ੍ਰਸਤ’ ਸ਼ਰਧਾਲੂ ਇਹ ਦਾਅਵੇ ਕਰਦੇ ਸੁਣੇ ਜਾ ਸਕਦੇ ਹਨ ਕਿ ਸਾਡਾ ਬਾਬਾ ( ਜਾਂ ਪ੍ਰਚਾਰਕ) ਜੋ ਵੀ ਕਹਿ ਰਿਹਾ ਹੈ ਉਹ ਬਿਲਕੁਲ ਸਹੀ ਹੈ ( ਜਾਂ ਉਸ ਪਿੱਛੇ ਕੋਈ ਲੁਕੀ ਹੋਈ ਯੋਜਨਾ ਹੈ)। ਉਸ ਵਿਚ ਕਮੀਆਂ ਕੱਢਣਾ ਗਲਤ ਹੈ। ਉਸ ਦਾ ਕਿਸੇ ਤਰਾਂ ਵੀ (ਹਾਂ-ਪੱਖੀ ਜਾਂ ਨਾਂਹ-ਪੱਖੀ) ਵਿਰੋਧ ਕਰਨਾ ਗਲਤ ਹੈ। ਦੂਜੀ ਤਰਫ, ‘ਬਿਬੇਕ-ਪ੍ਰਸਤ’ ਕਿਸੇ ਵੀ ਬਾਬੇ ਜਾਂ ਪ੍ਰਚਾਰਕ ਦੀ ਸ਼ਖਸੀਅਤ ਦੇ ਬੇਲੋੜੇ ਪ੍ਰਭਾਵ ਹੇਠ ਨਾ ਆਉਣ ਦੀ ਥਾਂ ਉਸ ਵਲੋਂ ਪੇਸ਼ ਕੀਤੇ ਹਰ ਤੱਥ ਨੂੰ ਬਿਬੇਕ ਅਤੇ ਤਰਕ ਦੇ ਆਧਾਰ ਤੇ ਪਰਖਣ ਦੀ ਰੁੱਚੀ ਪੈਦਾ ਕਰਦਾ ਹੈ। ਬਾਬਾ ਨਾਨਕ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਬਣਦਾ ਹੈ ਕਿ ਨਾਨਕ ਜੀ ਮਨੁੱਖ ਨੂੰ ‘ਸ਼ਖਸੀਅਤ-ਪ੍ਰਸਤ’ ਬਣਾਉਣਾ ਚਾਹੁੰਦੇ ਸਨ ਜਾਂ ‘ਬਿਬੇਕ-ਪ੍ਰਸਤ’ ? ਨਾਲ ਹੀ ਸਾਨੂੰ ਸਵੈ-ਪੜਚੋਲ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਅਸੀਂ ਸ਼ਖਸੀਅਤ-ਪ੍ਰਸਤ ਹਾਂ ਜਾਂ ਬਿਬੇਕ-ਪ੍ਰਸਤ ?
ਗੱਲ ਚਲ ਰਹੀ ਸੀ ਭਾਈ ਰਣਜੀਤ ਸਿੰਘ ਦੇ ਪ੍ਰਚਾਰ ਢੰਗ ਦੀ। ਬੇਸ਼ਕ ਭਾਈ ਜੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਇਮਾਨਦਾਰੀ ਨਾਲ ਪ੍ਰਚਾਰ ਕਰ ਰਹੇ ਹਨ ਪਰ ਉਨ੍ਹਾਂ ਦਾ ਪ੍ਰਚਾਰ ਖਰੇ ਸੱਚ ਕਰਨ ਦੀ ਥਾਂ ਕੱਚਾਪਣ ਜ਼ਿਆਦਾ ਲੱਗ ਰਿਹਾ ਹੈ। ਦੂਜੀ ਤਰਫ ਉਨ੍ਹਾਂ ਦੇ ਪ੍ਰਚਾਰ ਅਤੇ ਵਿਵਹਾਰ ਵਿਚ ਵੀ ਵੱਡਾ ਫਰਕ ਹੈ ਜੋ ‘ਸੱਚ ਦੇ ਪ੍ਰਚਾਰਕ’ ਲਈ ਚੰਗਾ ਨਹੀਂ। ਉਨ੍ਹਾਂ ਦੀ ਪ੍ਰਚਾਰ ਪਹੁੰਚ ਵਿਚਲੀਆਂ ਕੁਝ ਕਮੀਆਂ/ਕਮਜ਼ੋਰੀਆਂ ਦੀ ਪਛਾਣ ਚੰਦ ਨੁਕਤਿਆਂ ਤੇ ਵਿਚਾਰ ਰਾਹੀਂ ਹੇਠਾਂ ਕਰ ਰਹੇ ਹਾਂ। ਉਨ੍ਹਾਂ ਦੀ ਇਮਾਨਦਾਰਾਨਾ ਪਹੁੰਚ ਵੇਖ ਕਿ ਸਾਨੂੰ ਉਮੀਦ ਹੈ ਕਿ ਉਹ ਸਾਡੀ ਇਸ ਆਲੋਚਣਾ ਨੂੰ ਹਾਂ-ਪੱਖੀ ਲੈਣਗੇ। ਅਸੀਂ ਦਿਲੋਂ ਚਾਹੁੰਦੇ ਹਾਂ ਇਨ੍ਹਾਂ ਨੁਕਤiਆਂ ਨੇ ਰਣਜੀਤ ਸਿੰਘ ਜੀ ਆਪ ਆਪਣਾ ਪੱਖ ਪੇਸ਼ ਕਰਨ।
1. ਰਣਜੀਤ ਸਿੰਘ ਜੀ ਜੇ ਕਿਸੇ ਨੁਕਤੇ ਤੇ ਖਰਾ ਸੱਚ ਪੇਸ਼ ਕਰਦੇ ਵੀ ਹਨ ਤਾਂ ਵਿਰੋਧ ਹੋਣ ਤੇ ਪੈਰ ਪਿੱਛੇ ਵੀ ਖਿੱਚ ਲੈਂਦੇ ਹਨ। ਮਿਸਾਲ ਲਈ ਉਨ੍ਹਾਂ ਨੇ ਕਿਸੇ ਦੀਵਾਨ ਵਿਚ ਇਹ ਖਰਾ ਸੱਚ ਪੇਸ਼ ਕੀਤਾ ਕਿ ਅੰਮ੍ਰਿਤਸਰ ਵਿਚਲੇ ਸਰੋਵਰ ਵਿਚੋਂ ਪਾਣੀ ਦੀਆਂ ਕੈਨੀਆਂ ਆਦਿ ਭਰ ਕਿ ਲਿਆਉਣਾ ਗਲਤ ਹੈ। ਪਰ ਜਦੋਂ ਵਿਰੋਧ ਹੋਇਆਂ ਤਾਂ ਆਪਣੇ ਅਗਲੇ ਦੀਵਾਨਾਂ ਵਿਚ ਇਹ ਸਪਸ਼ਟੀਕਰਨ ਦੇਂਦੇ ਸੁਣੇ ਗਏ ਕਿ ਮੈਂ ਪਾਣੀ ਲਿਆਉਣ ਤੋਂ ਕਦ ਮਨਾ ਕੀਤਾ ਹੈ। ਮੈਂ ਤਾਂ ਕਿਹਾ ਸੀ ‘ਪਾਣੀ ਵੀ ਲਿਆਉ ਅਤੇ ਬਾਣੀ ਵੀ’। ਐਸੀ ਪਹੁੰਚ ਕਿਉਂ? ਬਾਬਾ ਨਾਨਕ ਜੀ ਵਾਂਗ ਖਰਾ ਸੱਚ ਇਹ ਹੈ ਕਿ ਅੰਮ੍ਰਿਤਸਰ ਸਮੇਤ ਕਿਸੇ ਵੀ ਸਰੋਵਰ ਦਾ ਪਾਣੀ ਨੂੰ ਪਵਿੱਤਰ/ਅੰਮ੍ਰਿਤ ਸਮਝ ਲਿਆਉਣ ਦੀ ਸੋਚ ਨਿਰੋਲ ਮਨਮੱਤ ਹੈ। ‘ਦਰਬਾਰ ਸਾਹਿਬ’ ਕੰਪਲੈਕਸ ਤਾਂ ਵੈਸੇ ਵੀ ਅਸੀਂ ‘ਮਨਮੱਤਾਂ ਦਾ ਘਰ’ ਬਣਾ ਛੱਡਿਆ ਹੈ। ‘ਬਾਣੀ ਲਿਆਉਣ’ ਦੀ ਗੱਲ ਵੀ ਬਹੁਤੀ ਜਚਦੀ ਨਹੀਂ ਕਿਉਂਕਿ ਬਾਣੀ ਤਾਂ ਅੱਜ-ਕੱਲ ਹਰ ਥਾਂ ਉਪਲਬਦ ਹੈ, ਉਸ ਲਈ ਕਿਸੇ ਥਾਂ ਵਿਸ਼ੇਸ਼ ਜਾਣ ਦੀ ਲੋੜ ਨਹੀਂ। ਸੋ ਕਿਸੇ ਥਾਂ ਵਿਸ਼ੇਸ਼ ਤੋਂ ਪਾਣੀ ਜਾਂ ਬਾਣੀ ਲਿਆਉਣ ਦੀ ਪ੍ਰੋੜਤਾ ਮਨਮੱਤ ਨੂੰ ਬੜਾਵਾ ਦੇਣ ਵਾਲੀ ਗੱਲ ਹੈ। ਬਾਣੀ (ਦੀ ਸੇਧ) ਮਨ (ਵਿਵਹਾਰ) ਵਿਚ ਵਸਾਉਣਾ ਹੀ ਸੱਚ ਵੱਲ ਵੱਧਣ ਦਾ ਇਕੋ ਇਕ ਅਤੇ ਸਰਲ ਰਸਤਾ ਹੈ। ਸਾਨੂੰ ਤਾਂ ਲੋਕਾਈ ਨੂੰ ਅਖੌਤੀ ਧਾਰਮਿਕ ਸਥਾਨਾਂ ਦੀ ਸ਼ਰਧਾਮਈ ਯਾਤਰਾ ਰਾਹੀਂ ਹੁੰਦੀ ਆਪਣੀ ਮਾਨਸਿਕ ਅਤੇ ਆਰਥਿਕ ਲੁੱਟ ਤੋਂ ਬਚਾ ਕੇ, ਸਰਲ ਢੰਗ ਦਾ ਬਿਬੇਕਮਈ ਜੀਵਨ ਜੀਣ ਲਈ ਪ੍ਰੇਰਣਾ ਚਾਹੀਦਾ ਹੈ। ਰਣਜੀਤ ਸਿੰਘ ਜੀ ਦਾ ਐਸਾ ਭੁਲੇਖਾਭਾਉ ਪ੍ਰਚਾਰ ਸਹੀ ਨਹੀਂ ਹੈ।
2. ਇਕ ਹੋਰ ਵੱਡਾ ਨੁਕਤਾ ਉਨ੍ਹਾਂ ਦੀ ਅਖੌਤੀ ਦਸਮ ਗ੍ਰੰਥ ਸੰਬੰਧੀ ਪਹੁੰਚ ਹੈ। ਗੁਰਮਤਿ ਦੀ ਰੋਸ਼ਨੀ ਵਿਚ ਸੱਚ ਨੂੰ ਵਿਚਾਰਨ ਵਾਲਾ ਹਰ ਸ਼ਖਸ ਜਾਣਦਾ ਹੈ ਦਸਮ ਗ੍ਰੰਥ (ਮੂਲ ਨਾਂ ਬਚਿੱਤਰ ਨਾਟਕ), ਗੁਰਮਤਿ ਇਨਕਲਾਬ ਨੂੰ ਆਪਣੇ ਰਸਤੇ ਤੋਂ ਭਟਕਾਉਣ ਲਈ ਪੁਜਾਰੀਵਾਦੀ ਤਾਕਤਾਂ ਵਲੋਂ ਲੰਮੇ ਸਮੇਂ ਵਿਚ ਕੀਤੀਆਂ ਗਈਆਂ ਸਾਜਿਸ਼ਾਂ ਦੇ ਇਕ ਹਥਿਆਰ ਵਜੋਂ, ‘ਸ਼ਬਦ ਗੁਰੂ ਗ੍ਰਂੰਥ ਸਾਹਿਬ ਜੀ’ ਦੇ ਸ਼ਰੀਕ ਬਣਾਉਣ ਦੇ ਮੰਸੂਬੇ ਨਾਲ ਪੇਸ਼ ਕੀਤਾ ਗਿਆ। ਆਪਣੇ ਇਨ੍ਹਾਂ ਯਤਨਾਂ ਵਿਚ ਉਹ ਤਾਕਤਾਂ ਪੂਰੀ ਤਰਾਂ ਕਾਮਯਾਬ ਵੀ ਰਹੀਆਂ। ਅੱਜ ਥੋੜਾ ਵੀ ਸੁਚੇਤ ਸੱਜਣ ਇਸਦਾ ਵਿਰੋਧ, ਕਿਸੇ ਨਾ ਕਿਸੇ ਪੱਧਰ ਤੇ, ਜ਼ਰੂਰ ਕਰਦਾ ਹੈ। ਪਰ ਰਣਜੀਤ ਸਿੰਘ ਜੀ ਦੀ ਇਸ ਵਿਸ਼ੇ ਤੇ ਪਹੁੰਚ ਇਸਦੇ ਹੱਕ ਵਿਚ ਖੜਣ ਵਾਲੀ ਹੈ। ਉਨ੍ਹਾਂ ਨੇ ਆਪਣੇ ਇਕ ਤਾਜ਼ਾ ਬਿਆਨ ਵਿਚ ਫੇਰ ਦੁਹਰਾਇਆ ਹੈ ਕਿ ਉਨ੍ਹਾਂ ਨੇ ਦਸਮ ਗ੍ਰੰਥ ਦਾ ਕਦੀਂ ਵਿਰੋਧ ਨਹੀਂ ਕੀਤਾ। ਇਸਦਾ ਮਤਲਬ ਤਾਂ ਇਹੀ ਬਣਦਾ ਹੈ ਕਿ ਉਹ ਇਸ ਨੂੰ ਮਂੰਨਦੇ ਹਨ। ਭਾਈ ਰਣਜੀਤ ਸਿੰਘ ਦੇ ਇਕ ਸਾਥੀ ਵੀਰ ਭੁਪਿੰਦਰ ਸਿੰਘ ਜੀ ਦੇ ਕਤਲ ਤੋਂ ਕੁੱਝ ਦਿਨ ਬਾਅਦ ਰਣਜੀਤ ਸਿੰਘ ਦਾ ਇਕ ਵੀਡੀਉ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਨੇ ਕੁਝ ਇਸ ਤਰਾਂ ਕਿਹਾ, “ਮੈਂ ਦਸਮ ਗ੍ਰੰਥ ਦਾ ਕਦੇ ਵਿਰੋਧ ਨਹੀਂ ਕੀਤਾ। ਜੇ ਕੀਤਾ ਹੈ ਤਾਂ ਉਸ ਦਾ ਕੋਈ ਸਬੂਤ ਪੇਸ਼ ਕਰੋ। ਦਰਅਸਲ ਕੁਝ ਧਿਰਾਂ ਮੈਨੂੰ ਦਸਮ ਗ੍ਰੰਥ ਦਾ ਵਿਰੋਧੀ ਦਰਸਾ ਕੇ ਪੰਥ-ਵਿਰੋਧੀ ਸਾਬਿਤ ਕਰਨਾ ਚਾਹੁੰਦੀਆਂ ਹਨ”। ਇਹ ਬਿਆਨ ਤਾਂ ਬਹੁਤ ਹੀ ਗਲਤ ਸੀ। ਕੀ ਜੋ ਵੀ ਦਸਮ ਗ੍ਰੰਥ ਦਾ ਵਿਰੋਧ ਕਰਦਾ ਹੈ ਉਹ ਪੰਥ-ਵਿਰੋਧੀ ਹੈ? ਤੱਤ ਗੁਰਮਤਿ ਦੀਆਂ ਇਤਨੀ ਸੋਹਣੀਆਂ ਗੱਲਾਂ ਕਰਨ ਵਾਲਾ ਪ੍ਰਚਾਰਕ ਜੇ ਦਸਮ ਗੰ੍ਰਥ ਨੂੰ ਮੰਨਦਾ ਹੈ ਅਤੇ ਇਸ ਦੇ ਵਿਰੋਧੀ ਨਾ ਹੋਣ ਦਾ ਦਾਅਵਾ ਕਰਦਾ ਹੈ ਤਾਂ ਇਹ ਪਹੁੰਚ ਸੱਚ ਤੋਂ ਮੁੰਹ ਮੌੜ ਲੈਣ ਵਾਲੀ ਗੱਲ ਹੈ। ਜੇ ਉਨ੍ਹਾਂ ਦਾ ਬਿਬੇਕ ਦਸਮ ਗ੍ਰੰਥ ਨੂੰ ਸਹੀ ਮੰਨਦਾ ਹੈ ਤਾਂ ਉਨ੍ਹਾਂ ਨੂੰ ਇਸਦੇ ਵਿਰੁਧ ਜਾਗਰੂਕ ਮੰਨੇ ਜਾਂਦੇ ਪ੍ਰਚਾਰਕਾਂ ਵਲੋਂ ਉਠਾਏ ਨੁਕਤਿਆਂ ਦਾ ਬਾ-ਦਲੀਲ ਜਵਾਬ ਦੇਣਾ ਚਾਹੀਦਾ ਹੈ ਅਤੇ ਸਪਸ਼ਟ ਕਹਿਣਾ ਚਾਹੀਦਾ ਹੈ ਕਿ ਮੈਂ ਦਸਮ ਗ੍ਰੰਥ ਦੇ ਵਿਰੋਧ ਨੂੰ ਗਲਤ ਮੰਨਦਾ ਹਾਂ। ਦੂਜੀ ਤਰਫ, ਜੇ ਉਹ ਅੰਦਰੋਂ ਇਸ ਨੂੰ ਗਲਤ ਮੰਨਦੇ ਹਨ ਪਰ ਕਿਸੇ ਨੀਤੀ ਅਧੀਨ ਫਿਲਹਾਲ ਇਸ ਦਾ ਵਿਰੋਧ ਨਹੀਂ ਕਰ ਰਹੇ (ਹੈ ਤਾਂ ਐਸੀ ਨੀਤੀ ਹੀ ਬਾਬੇ ਨਾਨਕ ਦੀ ਸੇਧ ਦੇ ਉਲਟ) ਤਾਂ ਘੱਟੋ-ਘੱਟ ਇਹ ਬਿਆਨ ਦੇ ਸਕਦੇ ਹਨ ਕਿ ਮੈਂ ਇਸ ਵਿਸ਼ੇ ਤੇ ਖੋਜ ਨਹੀਂ ਕੀਤੀ ਸੋ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ।
ਭਾਈ ਰਣਜੀਤ ਸਿੰਘ ਦਸਮ ਗ੍ਰੰਥ ਦਾ ਵਿਰੋਧੀ ਨਾ ਹੋਣ ਦਾ ਜੋ ਐਲਾਣ ਕਰ ਰਹੇ ਹਨ ਉਸਦੇ ਨਾਲ ਤਾਂ ਉਨ੍ਹਾਂ ਦਾ ਸਾਰਾ ਪ੍ਰਚਾਰ ਹੀ ਦੋਗਲਾ ਸਾਬਿਤ ਹੋ ਜਾਂਦਾ ਹੈ। ਇਹ ਅਗਲੀ ਵਿਚਾਰ ਤੋਂ ਸਾਬਿਤ ਹੋ ਜਾਵੇਗਾ। ਆਪਣੇ ਦੀਵਾਨਾਂ ਵਿਚ ਭਾਈ ਜੀ ‘ਸੂਰਜ ਪ੍ਰਕਾਸ਼’ ਦੀ ਨਾਨਕ ਸਰੂਪਾਂ ਨਾਲ ਜੋੜੀਆਂ ਗੁਰਮਤਿ ਵਿਰੋਧੀ ਗੱਲਾਂ ਦਾ ਸਹੀ ਖੰਡਨ ਬਹੁਤ ਜ਼ਜਬਾਤੀਂ ਅਤੇ ਦਲੀਲਮਈ ਤਰੀਕੇ ਨਾਲ ਕਰਦੇ ਹੋਏ ਐਸੀਆਂ ਰਚਨਾਵਾਂ ਨੂੰ ਗਲਤ ਐਲਾਣਦੇ ਹਨ। ਸੂਰਜ ਪ੍ਰਕਾਸ਼ ਆਦਿ ਰਚਨਾਵਾਂ ਕਿਸੇ ਸਾਜਿਸ਼ ਜਾਂ ਮੰਦ ਭਾਵਨਾ ਨਾਲ ਲਿਖੀਆਂ ਹੋ ਸਕਦੀਆਂ ਹਨ। ਕੋਈ ਦੂਜਾ ਲੇਖਕ ਐਸਾ ਲਿਖ ਸਕਦਾ ਹੈ। ਪਰ ਦਸਮ ਗ੍ਰੰਥ ਰਾਹੀਂ ਦਾ ਇਹ ਸਿੱਧ ਕੀਤਾ ਗਿਆ ਹੈ ਕਿ ਦਸ਼ਮੇਸ਼ ਜੀ ਆਪ ਹੀ ਇਹ ਬਿਆਨ ਕਰ ਰਹੇ ਹਨ ਕਿ ਉਹ ਅਤੇ ਬਾਬਾ ਤੇਗਬਹਾਦੁਰ ਜੀ ਅਨੇਕਾਂ ਮਨਮੱਤਾਂ (ਦੇਵੀ ਪੂਜਾ, ਤੀਰਥ ਨਹਾਉਣਾ, ਪਹਾੜਾਂ ਦੇ ਤਪ ਕਰਨਾ, ਵੇਸਵਾ ਦੇ ਕੋਠੇ ਤੇ ਜਾਣਾ ਆਦਿ) ਕਰਦੇ ਰਹੇ ਹਨ। ਦਸਮ ਗ੍ਰੰਥ ਤਾਂ ਗੁਰਮਤਿ ਵਿਰੋਧੀ ਅਤੇ ਅਸ਼ਲੀਲ ਰਚਨਾਵਾਂ ਨਾਲ ਨੱਕੋ-ਨੱਕ ਭਰਿਆ ਪਿਆ ਹੈ।
ਕਿਸੇ ਲੇਖਕ ਵਲੋਂ ਨਾਨਕ ਸਰੂਪਾਂ ਬਾਰੇ ਕੀਤੀ ਗਲਤ ਬਿਆਨੀ ਦਾ ਖੁੱਲੇਆਮ ਵਿਰੋਧ ਕਰਨਾ ਪਰ ਦਸਵੇਂ ਨਾਨਕ ਦੇ ਨਾਂ ਨਾਲ (ਗੁਰਮਤਿ ਵਿਰੋਧੀ ਮਸਾਲੇ ਨਾਲ ਭਰੇ) ਜੋੜੇ ਜਾਂਦੇ ਦਸਮ ਗ੍ਰੰਥ ਦਾ ਸਮਰਥਨ (ਵਿਰੋਧ ਨਾ ਕਰਨਾ ਸਮਰਥਨ ਹੀ ਹੈ) ਦੋਗਲਾਪਨ ਨਹੀਂ ਹੈ ਤਾਂ ਹੋਰ ਕੀ ਹੈ? ਸ਼ਾਇਦ ਰਣਜੀਤ ਸਿੰਘ ਜੀ ਨੇ ਕਦੀਂ ਇਸ ਨਜ਼ਰੀਏ ਤੋਂ ਸੋਚਿਆ ਹੀ ਨਹੀਂ ਹੋਣਾ। ਸਾਨੂੰ ਉਮੀਦ ਹੈ ਕਿ ਹੁਣ ਉਹ ਇਸ ਵਿਸ਼ੇ ਤੇ ਸਵੈ-ਪੜਚੋਲ ਕਰ ਲੈਣਗੇ ਅਤੇ ਜਲਦ ਹੀ ਇਸ ਬਾਰੇ ਇਕ ਸਪਸ਼ਟ ਅਤੇ ਖਰਾ ਸਟੈਂਡ ਲੈਣਗੇ। ਇਮਾਨਦਾਰੀ ਤਾਂ ਇਸ ਪਹੁੰਚ ਦੀ ਮੰਗ ਕਰਦੀ ਹੈ।
3. ਭਾਈ ਰਣਜੀਤ ਸਿੰਘ ਆਪਣੇ ਦੀਵਾਨਾਂ ਵਿਚ ਇਹ ਗੱਲ ਖੁੱਲ ਕੇ ਕਰ ਚੁੱਕੇ ਹਨ ਕਿ ਗੁਰਮਤਿ ਅਨੁਸਾਰ ਸ਼ਰੀਰ ਗੁਰੂ ਨਹੀਂ ਹੁੰਦਾ, ਗਿਆਨ ਗੁਰੂ ਹੁੰਦਾ ਹੈ। ਇਹ ਗੁਰਮਤਿ ਇਨਕਲਾਬ ਦਾ ਮੂਲ ਨੁਕਤਾ ਸੀ, ਜਿਸ ਨੂੰ ਬਾਬਾ ਨਾਨਕ ਜੀ ਨੇ ਦ੍ਰਿੜ ਕਰਵਾਇਆ ਸੀ ਪਰ ਸਮੇਂ ਨਾਲ ਸਿੱਖ ਸਮਾਜ ਇਸ ਮੂਲ ਤੱਤ ਤੋਂ ਪੂਰੀ ਤਰਾਂ ਭਟਕ ਗਿਆ। ਅੱਜ ਵਿਰਲੇ ਸੱਜਣ ਹੀ ਹਨ ਜੋ ਇਸ ਸੱਚ ਨੂੰ ਸਮਝਦੇ ਅਤੇ ਵਿਵਹਾਰ ਵਿਚ ਅਪਨਾਉਂਦੇ ਹਨ। ਪੰਥ ਦੇ ਸੁਚੇਤ ਤਬਕੇ ਨਾਲ ਜੁੜੇ ਬਹੁਤੇ ਵਿਦਵਾਨ ਅਤੇ ਪ੍ਰਚਾਰਕ ਬੇਸ਼ਕ ‘ਸ਼ਬਦ (ਗਿਆਨ) ਗੁਰੂ’ ਦੀ ਮੁਹਾਰਨੀ ਰੱਟਦੇ ਤਾਂ ਰਹਿੰਦੇ ਹਨ ਪਰ ਵਿਵਹਾਰ ਵਿਚ ਉਹ ਦਸ ਨਾਨਕ ਸਰੂਪਾਂ, ਪੰਥ ਆਦਿ ਨਾਲ ‘ਗੁਰੂ’ ਵਿਸ਼ੇਸ਼ਨ ਵਰਤ ਕੇ ਇਸ ਮੂਲ ਤੱਤ ਦੇ ਵਿਰੋਧ ਵਿਚ ਹੀ ਖੜੇ ਹਨ ਅਤੇ ਸੱਚ ਤੇ ਪਹਿਰਾ ਦੇਣ ਦਾ ਹੋਕਾ ਦੇਣ ਵਾਲਿਆਂ ਨੂੰ ‘ਕਾਮਰੇਡ-ਨਾਸਤਿਕ’ ਆਦਿ ਫਤਵੇ ਦੇਂਦੇ ਆਮ ਵੇਖੇ ਜਾ ਸਕਦੇ ਹਨ। ਅਫਸੋਸ! ਭਾਈ ਰਣਜੀਤ ਸਿੰਘ ਦੀ ਵੀ ਇਸ ਵਿਸ਼ੇ ਤੇ ਪਹੁੰਚ ਕਾਫੀ ਕੁੱਝ ਉਨ੍ਹਾਂ ਵਰਗੀ ਹੀ ਹੈ। ਉਹ ਤਾਂ ਕੁਝ ਪੱਕੀਆਂ-ਕੱਚੀਆਂ ਬਾਣੀਆਂ ਨੂੰ ਪੜ੍ਹ ਕੇ ਤਿਆਰ ਕੀਤੀ ਪਾਹੁਲ ਨੂੰ ਛੱਕ ਕੇ ਆਏ ਲੋਕਾਂ ਨੂੰ ਹੀ ਦੀਵਾਨ ਵਿਚ ‘ਗੁਰੂ ਵਾਲੇ’ ਹੋ ਜਾਣ ਦਾ ਸਰਟੀਫਿਕੇਟ ਦੇਈ ਜਾਂਦੇ ਹਨ ਜਦਕਿ ਸੱਚਾਈ ਇਹ ਹੈ ਕਿ ਗੁਰਮਤਿ ਐਸੀ ਕਿਸੇ ਰਸਮ ਨਾਲ ਕੋਈ ‘ਅੰਮ੍ਰਿਤ’ ਤਿਆਰ ਹੋਣ ਜਾਂ ‘ਗੁਰੂ ਵਾਲੇ’ ਬਣ ਜਾਣ ਦੀ ਸੋਚ ਦੀ ਪ੍ਰੋੜਤਾ ਨਹੀਂ ਕਰਦੀ। ਇਸ ਪੱਖੋਂ ਵੀ ਭਾਈ ਜੀ ਆਪਣੀ ਪਹੁੰਚ ਦੀ ਸਵੈ-ਪੜਚੋਲ ਕਰਨਗੇ, ਸਾਨੂੰ ਆਸ ਹੈ।
ਨੁਕਤੇ ਤਾਂ ਹੋਰ ਵੀ ਬਹੁਤ ਹਨ, ਪਰ ਸਵੈ-ਪੜਚੋਲ ਦੀ ਬੇਨਤੀ ਲਈ ਫਿਲਹਾਲ ਇਤਨੇ ਹੀ ਕਾਫੀ ਹਨ। ਇਹ ਸੱਚ ਹੈ ਕਿ ਸ਼ਖਸੀਅਤ ਨਾਲ ਜੁੜੀ ਭੀੜ (ਸੰਗਤ) ਕਿਸੇ ਵੀ ਪ੍ਰਚਾਰਕ ਦੇ ਲੈਕਚਰਾਂ ਦਾ ਵਿਸ਼ਲੇਸ਼ਨ ਇਤਨੇ ਸੂਖਮ ਪੱਧਰ ਤੇ ਨਹੀਂ ਕਰਦੀ। ਜੇ ਕਰਦੀ ਹੁੰਦੀ ਤਾਂ ਬਾਬਿਆਂ ਸਾਹਮਣੇ ਨਹੀਂ, ਸੱਚ ਦੇ ਆਸ਼ਿਕਾਂ ਸਾਹਮਣੇ ਭੀੜਾਂ ਹੁੰਦੀਆਂ।
ਲੇਖ ਦੇ ਅੰਤ ਵਿਚ ਕੁਝ ਵਿਚਾਰ ਪੰਥ ਦੇ ਜਾਗਰੂਕ ਮੰਨੇ ਜਾਂਦੇ ਤਬਕੇ ਨਾਲ ਜੁੜੇ ਸੱਜਣਾਂ ਦੀ ਸ਼ਖਸੀਅਤ ਪ੍ਰਸਤੀ ਦੀ ਵੀ ਕਰਨੀ ਗੈਰ-ਵਾਜ਼ਿਬ ਨਹੀਂ ਹੋਵੇਗੀ। ਕਿਸੇ ਸੁਚੇਤ ਮੰਨੇ ਜਾਂਦੇ ਸੱਜਣ ਵਿਚ ‘ਸ਼ਖਸੀਅਤ-ਪ੍ਰਸਤੀ’ ਹੋਣਾ ਹੀ ਇਕ ਕਮਜ਼ੋਰੀ ਦੀ ਨਿਸ਼ਾਨੀ ਹੈ। ਕਿਉਂਕਿ ਸ਼ਖਸੀਅਤ ਪ੍ਰਸਤੀ ਆਪਣੀ ਪਸੰਦੀਦਾ ਸ਼ਖਸੀਅਤ ਦੀ ਆਲੋਚਣਾ ਸਹਿਣ ਨਹੀਂ ਕਰਨ ਦਿੰਦੀ ਅਤੇ ਉਸ ਸ਼ਖਸੀਅਤ ਵਿਚਲੀ ਕਮੀਆਂ ਨੂੰ ਪੜਚੋਲਣ ਦੇ ਕਾਬਿਲ ਨਹੀਂ ਛੱਡਦੀ। ਸ਼ਖਸੀਅਤ ਪ੍ਰਸਤੀ ਸਾਨੂੰ ਇਕ ਤਰਾਂ ਨਾਲ ‘ਅੰਨ੍ਹੇ ਸ਼ਰਧਾਲੂ’ ਹੀ ਬਣਾ ਦਿੰਦੀ ਹੈ। ਪਿੱਛਲੇ ਸਮੇਂ ਵਿਚ ਜਦੋਂ ਵੀ ਤੱਤ ਗੁਰਮਤਿ ਪਰਿਵਾਰ ਨੇ ਪ੍ਰੋ. ਦਰਸ਼ਨ ਸਿੰਘ ਜੀ, ਭਾਈ ਸਰਬਜੀਤ ਸਿੰਘ ਧੁੰਦਾ ਜੀ ਆਦਿ ਪ੍ਰਚਾਰਕਾਂ ਦੀ ਕਮੀਆਂ ਬਾਰੇ ਹਾਂ-ਪੱਖੀ ਸੁਧਾਰਮਈ ਆਲੋਚਣਾ ਕੀਤੀ ਤਾਂ ਇਨ੍ਹਾਂ ਧੜੇ ਦੇ ਸੱਜਣਾਂ ਨੇ ਬਹੁਤ ਬੁਰਾ ਮਨਾਇਆ ਅਤੇ ਸਾਡੇ ਖਿਲਾਫ ਫਤਵੇਬਾਜ਼ੀ ਅਤੇ ਪੀਲੀ ਪੱਤਰਕਾਰੀ (ਖਾਲਸਾ ਨਿਉਜ਼) ਦੀ ਹੱਦ ਤੱਕ ਜਾ ਪਹੁੰਚੇ। ਹੁਣ ਵੀ ਰਣਜੀਤ ਸਿੰਘ ਜੀ ਦੀ ਸ਼ਖਸੀਅਤ ਨਾਲ ਜੁੜੇ ਸੱਜਣ ਸਾਡੇ ਪ੍ਰਤੀ ਐਸਾ ਰਵੱਈਆ ਅਪਨਾਉਣਗੇ ਤਾਂ ਸਾਨੂੰ ਕੋਈ ਅਚੰਭਾ ਨਹੀਂ ਹੋਵੇਗਾ। ਹਾਂ, ਇਸ ਸ਼ਖਸੀਅਤ ਨਾਲ ਜੁੜੀ ਟੀਮ ਰੇਡਿਉ ਵਿਰਸਾ ਜਦੋਂ ਕੱਚਘਰੜ ਦਲੀਲਾਂ ਦੇ ਸਹਾਰੇ ‘ਅੰਨ੍ਹਾ ਸਮਰਥਨ’ ਕਰਦੀ ਹੋਈ ਹੋਰਾਂ ਨੂੰ ਵੀ ਐਸਾ ਕਰਨ ਦਾ ਹੋਕਾ ਦਿੰਦੀ ਹੈ ਤਾਂ ਸਾਨੂੰ ਅਫਸੋਸ ਜ਼ਰੂਰ ਹੁੰਦਾ ਹੈ ਕਿਉਂਕਿ ਇਸ ਟੀਮ ਤੋਂ ਸਾਨੂੰ ਕਾਫੀ ਉਮੀਦਾਂ ਹਨ। ਪ੍ਰੋ. ਧੂੰਦਾ ਦੇ ਮਸਲੇ ਵਿਚ ਉਹ ਇਕ ਵਾਰ ਐਸੀ ਪਹੁੰਚ ਅਪਣਾ ਕੇ ਵੇਖ ਚੁੱਕੇ ਹਨ, ਜੋ ਨਾਕਾਮ ਸਾਬਿਤ ਹੋਈ ਅਤੇ ਲਹਿਰ ਦਾ ਨੁਕਸਾਨ ਹੋਇਆ। ਢੱਢਰੀਆਂ ਵਾਲੇ ਦੇ ਵਿਸ਼ੇ ਤੇ ਵੀ ਉਹ ਇਹੀ ਕੱਚੀ ਦਲੀਲ ਦੇ ਰਹੇ ਹਨ ਕਿ ਉਹ ਜੈਸਾ ਵੀ ਕਰ ਰਹੇ ਹਨ, ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ, ਵਿਰੋਧ ਬਿਲਕੁਲ ਨਹੀਂ ਕਰਨਾ ਚਾਹੀਦਾ। ਭਾਈ ਜੀ ਵਲੋਂ ਦਸਮ ਗ੍ਰੰਥ ਦੇ ਵਿਰੋਧੀ ਨਾ ਹੋਣ ਦੇ ਕੱਚੇ ਬਿਆਨ ਦਾ ਸਮਰਥਨ ਕਰਦੇ ਹੋਏ ਇਸ ਟੀਮ ਦੇ ਹਰਨੇਕ ਸਿੰਘ ਜੀ ਨੇ ਇਹ ਕੱਚੀ ਦਲੀਲ ਵੀ ਦਿਤੀ ਕਿ ਸਾਨੂੰ ਕੁੱਝ ਨੁਕਤਿਆਂ ਤੋਂ ਸਾਈਡ ਤੋਂ ਵੀ ਲੰਘ ਜਾਣਾ ਚਾਹੀਦਾ ਹੈ। ਇੰਜ ਤਾਂ ਬਾਬਾ ਨਾਨਕ ਨੂੰ ਵੀ ਜਨੇਉ, ਹਰਿਦੁਆਰ ਆਦਿ ਤੋਂ ਸਾਈਡ ਤੋਂ ਲੰਘ ਜਾਣਾ ਚਾਹੀਦਾ ਸੀ। ਖੈਰ! ਅਸੀਂ ਤਾਂ ਸਿਰਫ ਸਲਾਹ ਹੀ ਦੇ ਸਕਦੇ ਹਾਂ, ਹਰ ਕੋਈ ਆਪਣੀ ਪਹੂੰਚ ਅਤੇ ਵਿਹਾਰ ਲਈ ਆਪ ਹੀ ਕੁੱਝ ਕਰ ਸਕਦਾ ਹੈ। ਸਾਡੀ ਸਾਰਥਿਕ ਆਲੋਚਣਾ ਪਹਿਲਾਂ ਵੀ ਉਨ੍ਹਾਂ ਨੂੰ ਸਾਜ਼ਗਾਰ ਨਹੀਂ ਗੁਜ਼ਰੀ, ਪਰ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਾਂਗੇ।
ਸੱਚ ਦਾ ਦੰਮ ਭਰਣ ਵਾਲੇ ਪ੍ਰਚਾਰਕਾਂ ਨੂੰ ਇਹ ਸਵੈ-ਪੜਚੋਲ ਕਰਨੀ ਚਾਹੀਦੀ ਹੈ ਕਿ ਅਸੀਂ ਪ੍ਰਚਾਰ ਸੇਧ ਬਾਬਾ ਨਾਨਕ ਜੀ ਤੋਂ ਲੈਂਦੇ ਹੋਏ ਪੂਰਾ ਅਤੇ ਖਰਾ ਸੱਚ (ਜਿਥੋਂ ਤੱਕ ਸਮਝ ਆ ਗਿਆ) ਪੇਸ਼ ਕਰਨਾ ਹੈ ਜਾਂ ਬਹਾਨੇ-ਬਾਜ਼ੀ ਕਰਕੇ ਸਮਝੌਤਾਵਾਦੀ ਰੁੱਖ ਅਪਨਾਈ ਰੱਖਣਾ ਹੈ? ਨਾਲ ਹੀ ਸਾਨੂੰ ਸਾਰਿਆਂ ਨੂੰ ਇਹ ਸਵੈ-ਪੜਚੋਲ ਵੀ ਕਰਨੀ ਚਾਹੀਦੀ ਹੈ ਕਿ ਅਸੀਂ ਸ਼ਖਸੀਅਤ-ਪ੍ਰਸਤ ਬਣਨਾ ਹੈ ਜਾਂ ਬਿਬੇਕ-ਪ੍ਰਸਤ

LEAVE A REPLY

Please enter your comment!
Please enter your name here