ਬਹੁਤ ਪਹਿਲਾਂ ਦੀ ਗੱਲ ਹੈ, ਇਕ ਪਿੰਡ ਦੇ ਬਾਹਰਵਾਰ ਇਕ ਵਿਦਵਾਨ ਮਹਾਤਮਾ ਨੇ ਆ ਆਪਣਾ ਟਿਕਾਣਾ ਕੀਤਾ। ਆਉਂਦਿਆਂ-ਜਾਂਦਿਆਂ ਉਹ ਪਿੰਡ ਦੇ ਲੋਕਾਂ ਨੂੰ ਗਿਆਨ ਭਰਪੂਰ ਕਥਾ-ਕਹਾਣੀਆਂ ਸੁਣਾਉਂਦਾ ਰਹਿੰਦਾ। ਪਿੰਡ ਦੇ ਲੋਕ ਆਪਣੀ ਸ਼ਰਧਾ ਮੁਤਾਬਿਕ ਮਹਾਤਮਾ ਨੂੰ ਅੰਨ-ਰਸਦ ਭੇਟ ਕਰਦੇ ਪਰ ਮਹਾਤਮਾ ਸਿਰਫ ਆਪਣੇ ਗੁਜ਼ਾਰੇ ਜੋਗੀ ਭੇਟ ਹੀ ਸਵੀਕਾਰ ਕਰਦਾ। ਲੋਕ ਮਹਾਤਮਾ ਦੇ ਸਾਦਾ ਜੀਵਨ ਅਤੇ ਉੱਚੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ। ਹੌਲੀ-ਹੌਲੀ ਪਿੰਡ ਦੇ ਕੁਝ ਬਾਲ ਵੀ ਰੋਜ਼ਾਨਾ ਹੀ ਮਹਾਤਮਾ ਕੋਲ ਆਉਣ ਲੱਗੇ। ਮਹਾਤਮਾ ਜਾਣਦਾ ਸੀ ਕਿ ਪਿੰਡ ਦੇ ਲੋਕ ਮਿਹਨਤੀ ਹੋਣ ਦੇ ਬਾਵਜੂਦ ਆਪਣਾ ਜੀਵਨ ਨਿਰਬਾਹ ਮੁਸ਼ਕਿਲ ਨਾਲ ਚਲਾਉਂਦੇ ਹਨ। ਸੋ, ਉਸ ਨੇ ਇਨ੍ਹਾਂ ਬਾਲਕਾਂ ਨੂੰ ਆਮ ਗਿਆਨ ਦੇ ਨਾਲ ਵੱਖ-ਵੱਖ ਕਿੱਤਿਆਂ ਦਾ ਹੁਨਰ ਵੀ ਸਿਖਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਪਿੱਛੋਂ ਜਦੋਂ ਮਹਾਤਮਾ ਨੂੰ ਲੱਗਾ ਕਿ ਇਹ ਸਾਰੇ ਬਾਲ ਆਪਣੇ-ਆਪਣੇ ਹੁਨਰ ‘ਚ ਮੁਹਾਰਤ ਹਾਸਲ ਕਰ ਚੁੱਕੇ ਹਨ ਤਾਂ ਉਸ ਨੇ ਇਹ ਪਿੰਡ ਛੱਡ ਕਿਸੇ ਹੋਰ ਪਿੰਡ ਵੱਲ ਜਾਣ ਦਾ ਇਰਾਦਾ ਕਰ ਲਿਆ। ਪਿੰਡ ਦੇ ਲੋਕਾਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਹਾਤਮਾ ਇਹ ਕਹਿੰਦਿਆਂ ਅੱਗੇ ਵਧ ਗਿਆ, ‘ਨਗਰੀ ਵਸਦੀ ਭਲੀ, ਸਾਧੂ ਚਲਦੇ ਭਲੇ।’ ਸਮਾਂ ਬੀਤਦਾ ਗਿਆ। ਪਿੰਡ ਦੇ ਇਹ ਸਾਰੇ ਬਾਲ ਹੁਣ ਜਵਾਨ ਹੋ ਚੁੱਕੇ ਸਨ ਤੇ ਆਪੋ-ਆਪਣਾ ਪਿਤਾਪੁਰਖੀ ਕਿੱਤਾ ਪੂਰੀ ਤਰ੍ਹਾਂ ਸੰਭਾਲ ਚੁੱਕੇ ਸਨ। ਇਨ੍ਹਾਂ ਵਿਚੋਂ ਕੋਈ ਕਿਸਾਨ ਸੀ, ਕੋਈ ਲੁਹਾਰ ਤੇ ਕੋਈ ਤਰਖਾਣ, ਪਰ ਇਹ ਸਾਰੇ ਆਪੋ-ਆਪਣਾ ਕੰਮ ਬੜੀ ਨਿਪੁੰਨਤਾ ਨਾਲ ਕਰਦੇ ਸਨ। ਇਨ੍ਹਾਂ ਸਾਰਿਆਂ ਦਾ ਜੀਵਨ ਬੜਾ ਖੁਸ਼ਹਾਲ ਅਤੇ ਅਨੰਦਮਈ ਬੀਤ ਰਿਹਾ ਸੀ। ਇਨ੍ਹਾਂ ਸਾਰਿਆਂ ਦੇ ਨਾਲ ਹੀ ਪਿੰਡ ਦੇ ਸ਼ਾਹੂਕਾਰ ਦਾ ਪੁੱਤਰ ਵੀ ਮਹਾਤਮਾ ਕੋਲ ਜਾਇਆ ਕਰਦਾ ਸੀ। ਉਹ ਹੁਣ ਇਕ ਉੱਘਾ ਵਪਾਰੀ ਬਣ ਚੁੱਕਾ ਸੀ ਤੇ ਉਸ ਦਾ ਲੱਖਾਂ ‘ਚ ਵਪਾਰ ਚਲਦਾ ਸੀ। ਭਾਵੇਂ ਉਹ ਆਪਣੇ ਬਾਕੀ ਸਭ ਸਾਥੀਆਂ ਨਾਲੋਂ ਕਿਤੇ ਵੱਧ ਅਮੀਰ ਹੋ ਗਿਆ ਸੀ ਪਰ ਉਹ ਮਾਇਆ ਦੇ ਚੱਕਰ ਐਸਾ ਪਿਆ ਸੀ ਕਿ ਉਸ ਨੂੰ ਉਨੀਂਦਰੇ ਦੀ ਬਿਮਾਰੀ ਲੱਗ ਗਈ ਸੀ। ਕਈ ਵੈਦ-ਹਕੀਮਾਂ ਤੋਂ ਇਲਾਜ ਕਰਵਾਉਣ ਦੇ ਬਾਵਜੂਦ ਉਸ ਦੀ ਬਿਮਾਰੀ ਵਧਦੀ ਜਾ ਰਹੀ ਸੀ। ਇਸੇ ਕਾਰਨ ਉਹ ਹਮੇਸ਼ਾ ਪ੍ਰੇਸ਼ਾਨ ਰਹਿਣ ਲੱਗਾ ਸੀ। ਉਸ ਦੀ ਇਸ ਅਜੀਬ ਬਿਮਾਰੀ ਦਾ ਜਦੋਂ ਉਸ ਦੇ ਬਾਕੀ ਸਾਥੀਆਂ ਨੂੰ ਪਤਾ ਲੱਗਾ ਤਾਂ ਉਹ ਸਾਰੇ ਬੜੇ ਚਿੰਤਤ ਹੋਏ। ਆਖਰ ਉਨ੍ਹਾਂ ਸਾਰਿਆਂ ਮਿਲ ਕੇ ਸਲਾਹ ਕੀਤੀ ਤੇ ਇਸ ਅਜੀਬ ਬਿਮਾਰੀ ਦਾ ਹੱਲ, ਮਹਾਤਮਾ ਨੂੰ ਮਿਲ ਕੇ ਉਸ ਕੋਲੋਂ ਪਤਾ ਕਰਨ ਦੀ ਸੋਚੀ। ਇੰਜ ਆਲੇ-ਦੁਆਲੇ ਤੋਂ ਉਨ੍ਹਾਂ ਮਹਾਤਮਾ ਦਾ ਟਿਕਾਣਾ ਪਤਾ ਕੀਤਾ ਤੇ ਨੌਜਵਾਨ ਵਪਾਰੀ ਨੂੰ ਨਾਲ ਲੈ ਕੇ ਉਥੇ ਜਾ ਪੁੱਜੇ। ਉਥੇ ਜਾ ਜਦੋਂ ਉਨ੍ਹਾਂ ਮਹਾਤਮਾ ਨੂੰ ਆਪਣਾ ਨਿੱਤ ਦਾ ਕਾਰ-ਵਿਹਾਰ ਏਨੇ ਸਾਲਾਂ ਬਾਅਦ ਵੀ ਉਸੇ ਤਰ੍ਹਾਂ ਕਰਦਿਆਂ ਦੇਖਿਆ ਤਾਂ ਉਹ ਸਾਰੇ ਬਹੁਤ ਪ੍ਰਸੰਨ ਹੋਏ। ਤੁਰੰਤ ਪਛਾਣਦਿਆਂ ਮਹਾਤਮਾ ਨੇ ਉਨ੍ਹਾਂ ਸਾਰਿਆਂ ਦੀ ਰਾਜ਼ੀ-ਖੁਸ਼ੀ ਪੁੱਛੀ ਤੇ ਆਉਣ ਦਾ ਮਨੋਰਥ ਪੁੱਛਿਆ। ਉਨ੍ਹਾਂ ‘ਚੋਂ ਇਕ ਥੋੜ੍ਹਾ ਗੰਭੀਰ ਹੁੰਦਿਆਂ ਕਹਿਣ ਲੱਗਾ, ‘ਮਹਾਤਮਾ ਜੀ, ਆਪ ਜੀ ਦੀ ਸਿੱਖਿਆ ਦੁਆਰਾ ਸਾਡਾ ਸਾਰਿਆਂ ਦਾ ਕੰਮ-ਕਾਰ ਬਹੁਤ ਵਧੀਆ ਚੱਲ ਰਿਹਾ ਹੈ ਤੇ ਅਸੀਂ ਅਨੰਦ ਨਾਲ ਜੀਵਨ ਬਿਤਾ ਰਹੇ ਹਾਂ ਪਰ ਸਾਡਾ ਇਹ ਸਾਥੀ ਜੋ ਸਾਡੇ ਸਭ ਤੋਂ ਵੱਧ ਅਮੀਰ ਹੈ, ਉਨੀਂਦਰੇ ਦੀ ਅਜੀਬ ਬਿਮਾਰੀ ਲੱਗ ਜਾਣ ਕਾਰਨ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਹੈ। ਅਜਿਹਾ ਕਿਉਂ?’ ਮਹਾਤਮਾ ਨੇ ਸ਼ਾਂਤ ਚਿੱਤ ਹੋ ਕੇ ਸਭ ਦੇ ਚਿਹਰਿਆਂ ਵੱਲ ਦੇਖਿਆ ਤੇ ਬੜੇ ਠਰ੍ਹੰਮੇ ਨਾਲ ਉੱਤਰ ਦਿੱਤਾ, ‘ਬੇਟਾ! ਕਮਾਈ ਉਹ ਹੀ ਸੁਖ ਅਤੇ ਸੰਤੁਸ਼ਟੀ ਦਿੰਦੀ ਹੈ, ਜਿਸ ਵਿਚ ਸਾਡੀ ਕਿਰਤ ਜੁੜੀ ਹੋਵੇ। ਜਦੋਂ ਅਸੀਂ ਆਪਣੇ ਕਿੱਤੇ ‘ਚੋਂ ਆਪਣੀ ਕਿਰਤ ਤੋਂ ਵੀ ਵੱਧ ਕਮਾਈ ਭਾਲਦੇ ਹਾਂ ਤਾਂ ਉਸ ਦਾ ਨਤੀਜਾ ਇਹੋ ਜਿਹਾ ਹੀ ਨਿਕਲਦਾ।’ ਨੌਜਵਾਨ ਵਪਾਰੀ ਇਹ ਸਭ ਬੜੇ ਧਿਆਨ ਨਾਲ ਸੁਣ ਰਿਹਾ ਸੀ। ਆਪਣੀ ਗ਼ਲਤੀ ਮਹਿਸੂਸ ਕਰਕੇ ਉਹ ਤੁਰੰਤ ਮਹਾਤਮਾ ਦੇ ਪੈਰੀਂ ਪੈ ਗਿਆ। ‘ਮਹਾਤਮਾ ਜੀ, ਮੈਥੋਂ ਭੁੱਲ ਹੋ ਗਈ, ਅੱਗੇ ਤੋਂ ਮੈਂ ਵੀ ਚਲਾਕੀ ਛੱਡ ਕਿਰਤ ਦੀ ਕਮਾਈ ਹੀ ਘਰ ਲਿਆਇਆ ਕਰਾਂਗਾ।’ ਉਸ ਦੇ ਇਹ ਪ੍ਰਣ ਕਰਨ ਦੀ ਦੇਰ ਸੀ ਕਿ ਉਸ ਦੇ ਚਿਹਰੇ ਤੋਂ ਪ੍ਰੇਸ਼ਾਨੀ ਦੂਰ ਹੋਣ ਲੱਗੀ। ਕਿਰਤ ਦੀ ਕਮਾਈ ਦਾ ਭੇਤ ਜਾਣ ਉਹ ਸਾਰੇ ਖੁਸ਼ੀ-ਖੁਸ਼ੀ ਆਪਣੇ ਪਿੰਡ ਨੂੰ ਵਾਪਸ ਚੱਲ ਪਏ

NO COMMENTS

LEAVE A REPLY