ਉਂਜ ਤਾਂ ਬਿੱਲੀਆਂ ਪੂਰੇ ਵਿਸ਼ਵ ਵਿਚ ਪਾਈਆਂ ਜਾਂਦੀਆਂ ਹਨ ਪਰ ਸਭ ਤੋਂ ਡਰਾਉਣੀਆਂ ਬਿੱਲੀਆਂ ਉੱਤਰੀ ਅਮਰੀਕਾ ਦੇ ਸੰਘਣੇ ਜੰਗਲਾਂ ਵਿਚ ਦੇਖਣ ਨੂੰ ਮਿਲਦੀਆਂ ਹਨ। ਇਹ ਲੂੰਬੜੀ ਅਤੇ ਕੁੱਤੇ ਨੂੰ ਵੀ ਆਪਣੇ ਤਿੱਖੇ ਪੰਜਿਆਂ ਨਾਲ ਜ਼ਖਮੀ ਕਰ ਦਿੰਦੀਆਂ ਹਨ ਅਤੇ ਫਿਰ ਉਨ੍ਹਾਂ ਦਾ ਖੂਨ ਚੂਸਦੀਆਂ ਹਨ। ਇਸੇ ਕਰਕੇ ਇਨ੍ਹਾਂ ਨੂੰ ਹਿੰਸਕ ਬਿੱਲੀਆਂ ਵੀ ਆਖਿਆ ਜਾਂਦਾ ਹੈ। ਬਿੱਲੀ ਦੀ ਇਕ ਨਸਲ ਅਜਿਹੀ ਵੀ ਹੈ, ਜੋ ਕੁੱਤੇ ਵਾਂਗ ਭੌਂਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ ਭੌਂਕਦੇ ਹੋਏ ਦੇਖ ਕੇ ਭੌਂਕਣ ਵਾਲੇ ਕੁੱਤੇ ਵੀ ਦੂਰ ਨੱਸਣ ਲਗਦੇ ਹਨ। ਇਹ ਬਿੱਲੀ ਮੈਕਸੀਕੋ ਦੀਆਂ ਪਹਾੜੀਆਂ ‘ਤੇ ਰਹਿੰਦੀ ਹੈ। ਇਸ ਨੂੰ ‘ਰਿੰਗਟੇਲ ਕੈਟ’ ਵੀ ਕਹਿੰਦੇ ਹਨ। ਇਸ ਦੀ ਪੂਛ 4-5 ਫੁੱਟ ਲੰਮੀ ਹੁੰਦੀ ਹੈ। ਇਹ ਆਪਣੀ ਪੂਛ ਦੀ ਮਦਦ ਨਾਲ ਹੀ ਸ਼ਿਕਾਰ ਕਰਦੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਚਿਹਰਾ ਜੰਗਲੀ ਗਲਹਿਰੀ ਵਰਗਾ ਹੁੰਦਾ ਹੈ ਅਤੇ ਇਹ ਦਰੱਖਤਾਂ ਆਦਿ ‘ਤੇ ਬਾਂਦਰਾਂ ਵਾਂਗ ਟੱਪਦੀ ਰਹਿੰਦੀ ਹੈ। ਇਹ ਆਪਣੀ ਬੋਲੀ ਪ੍ਰਤੀ ਵੀ ਅਪਵਾਦ ਹੈ, ਕਿਉਂਕਿ ਇਹ ਮਿਆਊਂ-ਮਿਆਊਂ ਦੀ ਥਾਂ ਕੁੱਤੇ ਵਾਂਗ ਭੌਂਕਦੀ ਹੈ। ਇਸ ਨੂੰ ਕਈ ਸ਼ਿਕਾਰੀ ਲੋਕ ਪਾਲਤੂ ਬਣਾ ਕੇ ਵੀ ਰੱਖਦੇ ਹਨ, ਕਿਉਂਕਿ ਇਸ ਦੀ ਮਦਦ ਨਾਲ ਸ਼ਿਕਾਰੀਆਂ ਨੂੰ ਸ਼ਿਕਾਰ ਕਰਨ ‘ਚ ਘੱਟ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਹ ਸ਼ਿਕਾਰ ਨੂੰ ਦੂਰੋਂ ਦੇਖ ਕੇ ਹੀ ਆਪਣੇ-ਆਪ ਸ਼ਿਕਾਰ ਦੇ ਕੋਲ ਚਲੀ ਜਾਂਦੀ ਹੈ। ਇਸ ਤਰ੍ਹਾਂ ਸ਼ਿਕਾਰੀ ਸ਼ਿਕਾਰ ਕਰਨ ‘ਚ ਕਾਮਯਾਬ ਹੋ ਜਾਂਦੇ ਹਨ। ਇਸ ਦੀ ਸੁੰਘਣ ਸ਼ਕਤੀ ਕਾਫੀ ਤੇਜ਼ ਹੁੰਦੀ ਹੈ। ਇਸੇ ਤਰ੍ਹਾਂ ਕਿਚੀ ਨਾਂਅ ਦੀ ਬਿੱਲੀ ਪੇਰੂ ਦੇਸ਼ ਦੇ ਖੰਡਰਾਂ ਆਦਿ ਵਿਚ ਦੇਖੀ ਜਾ ਸਕਦੀ ਹੈ। ਇਸ ਦੀ ਪੂਛ ‘ਤੇ ਨੀਲੀਆਂ ਧਾਰੀਆਂ ਹੁੰਦੀਆਂ ਹਨ ਪਰ ਇਸ ਬਾਰੇ ਇਕ ਦਿਲਚਸਪ ਗੱਲ ਇਹ ਹੈ ਕਿ ਵਰਖਾ ਆਉਣ ਤੋਂ ਪਹਿਲਾਂ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ। ਇਸ ਕਰਕੇ ਇਸ ਨੂੰ ‘ਵਰਖਾ ਸੂਚਕ ਬਿੱਲੀ’ ਵੀ ਆਖਿਆ ਜਾਂਦਾ ਹੈ। ਇਸ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ। ਇਹ 25 ਤੋਂ 30 ਮੀਟਰ ਦੂਰ ਪਈ ਵਸਤੂ ਨੂੰ ਅਸਾਨੀ ਨਾਲ ਦੇਖ ਲੈਂਦੀ ਹੈ। ਮੱਧ ਆਸਟ੍ਰੇਲੀਆ ਵਿਚ ‘ਮੀਰੀਆ’ ਨਾਂਅ ਦੀ ਬਿੱਲੀ ਤਾਂ ਕੰਗਾਰੂ ਦੀ ਪਿੱਠ ‘ਤੇ ਸਵਾਰੀ ਕਰਦੀ ਹੈ। ਇਹ ਬਿੱਲੀ ਪੂਰਨ ਤੌਰ ‘ਤੇ ਸ਼ਾਕਾਹਾਰੀ ਹੈ। ਇਹ ਮਿੱਠੇ ਫਲਾਂ ਨੂੰ ਬਹੁਤ ਸੁਆਦ ਨਾਲ ਖਾਂਦੀ ਹੈ। ਆਸਟ੍ਰੇਲੀਆ ਦੇ ਕਈ ਘਰਾਂ ਵਿਚ ਇਸ ਨੂੰ ਪਾਲਤੂ ਬਣਾ ਕੇ ਪਾਲਿਆ ਜਾਂਦਾ ਹੈ। ਤਿੱਬਤ ਦੇ ਕੁਝ ਬਰਫੀਲੇ ਹਿਮ-ਖੰਡਾਂ ਵਿਚ ਬਰਫ ਵਰਗੀਆਂ ਸਫੈਦ ਬਿੱਲੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਇਹ ਸੱਪ, ਡੱਡੂ, ਕੇਕੜੇ ਆਦਿ ਦਾ ਸ਼ਿਕਾਰ ਕਰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਨਸਲ ਦੀਆਂ ਬਿੱਲੀਆਂ ਮਨੁੱਖ ਦੇ ਛੋਟੇ-ਛੋਟੇ ਬੱਚਿਆਂ ਨੂੰ ਸ਼ਿਕਾਰ ਬਣਾ ਕੇ ਉਨ੍ਹਾਂ ਦਾ ਖੂਨ ਚੂਸ ਲੈਂਦੀਆਂ ਹਨ। ਇਨ੍ਹਾਂ ਦੀ ਦੌੜਨ ਦੀ ਗਤੀ ਬਹੁਤ ਤੇਜ਼ ਹੈ। ਇਹ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀਆਂ ਹਨ। ਜਾਪਾਨ ਵਿਚ ਕਿਆਨਾ ਨਾਂਅ ਦੀ ਬਿੱਲੀ ਦੀ ਬਹੁਤ ਮਹਿਮਾ ਹੈ। ਇਥੇ ਇਸ ਨੂੰ ਧਨ ਦੀ ਦੇਵੀ ਦਾ ਅਵਤਾਰ ਮੰਨਿਆ ਜਾਂਦਾ ਹੈ। ਕਈ ਬੋਧ ਮੱਠਾਂ ਵਿਚ ਇਸ ਨੂੰ ਪਾਲਤੂ ਬਣਾ ਕੇ ਵੀ ਰੱਖਿਆ ਜਾਂਦਾ ਹੈ। ਇਸ ਦਾ ਰੰਗ ਕਾਲਾ ਹੁੰਦਾ ਹੈ ਅਤੇ ਸਰੀਰ ‘ਤੇ ਲੰਮੇ-ਲੰਮੇ ਵਾਲ ਹੁੰਦੇ ਹਨ। ਇਹ ਮਨੁੱਖ ਵਰਗ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਖੁਸ਼ੀ ਨਾਲ ਨੱਚਦੀ-ਕੁੱਦਦੀ ਹੈ। ਇਸ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਜੀਵ-ਵਿਗਿਆਨੀਆਂ ਅਨੁਸਾਰ ਇਹ 45 ਤੋਂ 50 ਸਾਲ ਤੱਕ ਜੀਵਤ ਰਹਿ ਸਕਦੀ ਹੈ। ਇਹ ਸ਼ਾਕਾਹਾਰੀ ਜੀਵ ਪ੍ਰਾਣੀ ਹੈ। ਇਹ ਨਿੰਬੂ ਜਾਤੀ ਦੇ ਫਲਾਂ ਨੂੰ ਬੜੇ ਸ਼ੌਕ ਨਾਲ ਖਾਂਦੀ ਹੈ। ਸਪੇਨ ਦੀ ‘ਬੇਰਨਾ’ ਜਾਤੀ ਦੀ ਬਿੱਲੀ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਆਦਿ ਖਾਣ ਦਾ ਬਹੁਤ ਸ਼ੌਕ ਹੈ।

LEAVE A REPLY

Please enter your comment!
Please enter your name here