`ਸੁਨਹਿਰੀ ਮੱਛੀ`
ਲੇਖਕ- ਪ੍ਰਿੰਸੀਪਲ ਹਰਨੇਕ ਸਿੰਘ ਕੈਲੇ
ਪ੍ਰਕਾਸ਼ਕ-ਸਾਹਿਬਦੀਪ ਪ੍ਰਕਾਸ਼ਨ-ਭੀਖੀ ਮਾਨਸਾ
ਪ੍ਰਿੰਸੀਪਲ ਹਰਨੇਕ ਸਿੰਘ ਕੈਲੇ ਅਧਿਆਪਕਾਂ ਦੇ ਅਧਿਆਪਕ ਹਨ। ਉਹਨਾਂ ਲੰਬਾ ਸਮਾਂ ਪੰਜਾਬ ਦੇ ਵੱਖੋ ਵੱਖਰੇ ਬੀ.ਐੱਡ.
ਟਰੇਨਿੰਗ ਕਾਲਜਾਂ ਵਿਚ ਅੰਗਰੇਜ਼ੀ ਵਿਸ਼ਾ ਪੜ੍ਹਾਇਆ ਹੈ। ਉਹ ਅਧਿਆਪਨ ਦੇ `ਡਾਕਟਰ` ਹਨ। ਉਹਨਾਂ ਨੂੰ ਭਲੀਭਾਂਤ ਪਤਾ
ਹੈ, ਕਿ ਬਾਲ ਕੀ ਪੜ੍ਹਨਾ ਪਸੰਦ ਕਰਦੇ ਹਨ। ਜਿੱਥੇ ਉਹਨਾਂ ਆਪਣੇ ਅਨੁਭਵ ਤੇ ਤਜਰਬੇ ਇਕ ਦਰਜਨ ਪੁਸਤਕਾਂਕਹਾਣੀਆਂ,
ਦਿਲਚਸਪ ਜੀਵਨ ਬ੍ਰਿਤਾਂਤ, ਸਫ਼ਰਨਾਮਾ ਅਤੇ ਫੁਟਕਲ ਨਿਬੰਧਾਂ ਵਿਚ ਪ੍ਰਕਾਸ਼ਤ ਕਰਵਾਏ, ਉਥੇ ਭਾਰਤੀ
ਸਿੱਖਿਆ ਨਾਲ ਸੰਬੰਧਿਤ ਆਪਣੀ ਖੋਜ ਉਪਰ ਆਧਾਰਿਤ ਪੁਸਤਕਾਂ-`ਭਾਰਤੀ ਸਿੱਖਿਆ ਚੌਰਾਹੇ `ਤੇ` ਅਤੇ ‘ਸਿਰਜਾਨਤਮਕ
ਬੱਚੇ’ ਵੀ ਪੰਜਾਬੀ ਪਾਠਕਾਂ ਦੀ ਝੋਲ਼ੀ ਪਾਈਆਂ। ਇਹਨਾਂ ਦੋਹਾਂ ਰਚਨਾਵਾਂ ਨੂੰ ਮਿਲੇ ਭਰਪੂਰ ਪਾਠਕੀ ਹੁੰਗਾਰੇ ਕਾਰਨ ਹਿੰਦੀ
ਅਤੇ ਅੰਗਰੇਜ਼ੀ ਵਿਚ ਵੀ ਛਾਪਿਆ ਗਿਆ। ਡਾਕਟਰ ਕੈਲੇ ਹੋਰਾਂ ਸਕੂਲੀ ਵਿਦਿਆਰਥੀਆਂ ਦੀ ਪੜ੍ਹਨ ਰੁਚੀ ਨੂੰ ਉਤਸ਼ਾਹਿਤ
ਕਰਨ, ਉਹਨਾਂ ਦੀ ਜਾਣਕਾਰੀ ਤੇ ਜਗਿਆਸਾ ਵਧਾਉਣ ਅਤੇ ਕਲਪਨਾ ਸ਼ਕਤੀ ਨੂੰ ਟੁੰਬਣ ਲਈ ਸੰਸਾਰ ਸਾਹਿਤ ਵਿਚੋਂ ਉੱਤਮ
ਕਥਾਵਾਂ ਚੁਣਕੇ ਪੰਜਾਬੀ ਸਾਹਿਤ ਨੂੰ ਦੇਣ ਦਾ ਬੀੜਾ ਵੀ ਚੁੱਕਿਆ ਹੈ। ਹੁਣ ਤੱਕ ਉਹ ਨੇਪਾਲੀ ਲੋਕ ਕਥਾਵਾਂ ਦੀ ਪੁਸਤਕ
ਗਿੱਦੜ ਅਤੇ ਰਿੱਛ, ਯੂਕਰੇਨੀ ਬਾਲ ਕਥਾਵਾਂ ਸ਼ਹਿਜ਼ਾਦੀ ਦੀ ਮੁੰਦਰੀ ਅਤੇ ਹੋਰ ਬਾਲ ਕਹਾਣੀਆਂ ਪੰਜ ਮਿੱਤਰ ਨਾਮਕ
ਤਿੰਨ ਕਿਤਾਬਾਂ ਨਿੱਕੇ ਪਾਠਕਾਂ ਨੂੰ ਸੌਂਪ ਚੁੱਕੇ ਹਨ।ਨੰਨ੍ਹੇ ਮੁੰਨੇ ਬੱਚਿਆਂ ਨੂੰ ਸਮਰਪਿਤ, ਹਥਲੀ ਅਤਿ ਰੌਚਿਕ ਪੁਸਤਕ
‘ਸੁਨਹਿਰੀ ਮੱਛੀ’ ਵਿਚ ਡਾਕਟਰ ਹਰਨੇਕ ਸਿੰਘ ਕੈਲੇ ਨੇ ਰੂਸੀ ਦਾਦੀਆਂ ਨਾਨੀਆਂ ਵੱਲੋਂ ਬਾਲ ਬਾਲੜੀਆਂ ਨੂੰ ਸੁਣਾਈਆਂ
ਜਾਂਦੀਆਂ ਲੋਕ ਕਹਾਣੀਆਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਪ੍ਰਕਾਸ਼ਤ ਕਰਵਾਇਆ ਹੈ। ਉਲੱਥਾ ਏਨਾ ਸੁਭਵਿਕ ਤੇ ਅਸਲੀ
ਹੈ ਕਿ ਪੁਸਤਕ ਪੜ੍ਹਦੇ ਸਮੇਂ ਮੈਨੂੰ ਤਾਂ ਇਹ ਸਾਰੀਆਂ ਕਹਾਣੀਆਂ ਪੰਜਾਬੀ ਦੀਆਂ ਮੌਲਿਕ ਕਥਾਵਾਂ ਹੀ ਜਾਪੀਆਂ ਹਨ।
ਇਸਦਾ ਇਕ ਕਾਰਨ ਰੂਸੀ ਜੀਵਨ ਅਤੇ ਸਭਿਆਚਾਰ ਦੀ ਭਾਰਤੀ ਸਮਾਜ ਨਾਲ ਸਭਿਆਚਾਰਕ ਸਾਂਝ ਵੀ ਹੋ ਸਕਦੀ ਹੈ।
‘ਸੁਨਹਿਰੀ ਮੱਛੀ’ ਇਕ ਨੱਕਚੜ੍ਹਾਊ ਪਤਨੀ ਦੀ ਅਤ੍ਰਿਪਤ ਤ੍ਰਿਸ਼ਨਾ ਦੀ ਕਹਾਣੀ ਹੈ। ਵਧਦੀ ਉਮਰ ਨਾਲ ਬੇਸਬਰੀ
ਤੇ ਨੁਕਸਛਾਂਟੂ ਬਣੀ ਔਰਤ ਆਪਣੇ ਮਾਛੀ ਪਤੀ ਰਾਹੀਂ ਇਕ ਸੁਨਹਿਰੀ ਮੱਛੀ ਪਾਸੋਂ ਘਰ ਗ੍ਰਹਿਸਤੀ ਦੀਆਂ ਮੁੱਢਲੀਆਂ ਲੋੜਾਂ
ਦੀ ਪੂਰਤੀ ਕਰਦੀ, ਐਸ਼ਪ੍ਰਸਤੀ ਦੇ ਸਾਧਨ ਮੰਗਦੀ, ਚੌਧਰ ਪੂਰਤੀ ਕਰਨ ਉਪਰੰਤ ਵੀ ਸਾਰੇ ਸੰਸਾਰ ਦੀ ਬਨਸਪਤੀ,
ਪਸ਼ੂ-ਪੰਛੀਆਂ ਉੱਤੇ ਆਪਣੀ ਸਰਦਾਰੀ ਸਥਾਪਤ ਕਰਨ ਉੱਤੇ ਉੱਤਰੀ, ਮੁੜ ਕੱਖਾਂ ਕਾਨਿਆਂ ਦੀ ਝੌਂਪੜੀ ਜੋਗੀ ਰਹਿ ਜਾਂਦੀ
ਹੈ।‘ਲੂੰਬੜੀ ਅਤੇ ਬਘਿਆੜ’ ਇਕ ਲੂੰਬੜੀ ਦੀਆਂ ਇਕ ਮਿਹਰਵਾਨ ਬੁੱਢੀ, ਭੋਲੇ ਭਾਲੇ ਪੇਂਡੂ ਜਵਾਕਾਂ ਅਤੇ ਖੂੰਖਾਰ
ਬਘਿਆੜ ਨਾਲ ਖੇਡੀਆਂ ਸਫਲ ਚਾਲਾਂ ਦੀ ਰੌਚਿਕ ਕਥਾ ਹੈ।‘ਪੰਛੀਆਂ ਦੀ ਬੋਲੀ’ ਅਸਲ ਵਿਚ ਮਾਪਿਆਂ ਅਤੇ ਪੁੱਤਰ
ਪਿਆਰ ਦੀ ਹੋਰ ਵੀ ਦਿਲਚਸਪ ਕਥਾ ਹੈ ਜਿਹੜੀ ਇਸਦੇ ਪਾਤਰ ਈਵਾਨ ਨੂੰ ਪੰਛੀਆਂ ਦੀ ਬੋਲੀ ਸਿੱਖਣ ਲਈ ਉਤਸ਼ਾਹਤ
ਕਰਦੀ, ਜੰਗਲ-ਬੇਲੇ ਘੁਮਾਉਂਦੀ, ਸਮੁੰਦਰਾਂ ਦੀ ਸੈਰ ਕਰਵਾਉਂਦੀ, ਰਾਜ ਭਾਗ ਦਾ ਮਾਲਕ ਬਣਾਉਂਦੀ, ਪਿਤਾ ਮੋਹ ਜਗਾਉਂਦੀ
ਉੱਤਮ ਰਚਨਾ ਬਣ ਜਾਂਦੀ ਹੈ।‘ਮੋਰੋਜ਼ਕੋ ਬਾਬਾ’ ਜਿਥੇ ਮਨੁੱਖ ਦੀ ਕੁਦਰਤ ਨਾਲ ਅਤੁੱਟ ਸਾਂਝ ਦਰਸਾਉਂਦੀ, ਸੁੰਦਰ ਰਚਨਾ ਹੈ
ਉਥੇ ਇਕ ਮਤਰੇਈ ਮਾਂ ਦੀ ਆਪਣੇ ਦੁਹਾਜੂ ਪਤੀ ਨਾਲ ਪਿੱਛਲੱਗ ਆਈ ਬਾਲੜੀ ਉੱਤੇ ਕੀਤੇ ਜ਼ੁਲਮਾਂ ਦੀ ਬਾਤ ਪਾਉਂਦੀ
ਹੈ।‘ਸੁਨਹਿਰੀ ਪਰਬਤ’ ਵਿੱਚ ਸੋਨੇ ਦੇ ਲਾਲਚੀ ਇਕ ਅਮੀਰ ਸ਼ਾਹੂਕਾਰ ਦੇ ਜ਼ੁਲਮ ਦਰਸਾਏ ਗਏ ਹਨ ਜਿਹਨਾਂ ਤੋਂ ਉਸਦੀ
ਘਰਵਾਲੀ ਅਤੇ ਲੜਕੀ ਵੀ ਦੁਖੀ ਸਨ ਕਿਉਂਕਿ ਅਮਲੀ ਦੇ ਅਮਲ ਵਾਂਗ ਸ਼ਾਹੂਕਾਰ ਨੂੰ ਸਿਰਫ਼ ਧਨ ਹੀਂ ਲੋੜੀਂਦਾ ਸੀ।ਉਸਦੇ
ਲਾਲਚ ਦਾ ਅੰਤ ਇਕ ਉਤਸ਼ਾਹੀ ਨੌਜਵਾਨ ਬੜੇ ਰੌਚਿਕ ਢੰਗ ਨਾਲ ਕਿਵੇਂ ਕਰਦਾ ਹੈ, ਇਸਦਾ ਅਸਲੀ ਸੁਆਦ ਤਾਂ ਕਹਾਣੀ
ਆਪ ਪੜ੍ਹਕੇ ਹੀ ਲਿਆ ਜਾ ਸਕਦਾ ਹੈ। ‘ਕਮਜ਼ੋਰ ਦੀ ਮਦਦ ਕਰੋ। ਕਿਸੇ ਨੂੰ ਮਾੜਾ ਨਾ ਬੋਲੋ। ਹਰ ਇਕ ਲਈ ਚੰਗੇ ਤੇ
ਉਪਕਾਰੀ ਬਣੋ। ਕੋਈ ਤੁਹਾਡੀ ਮਦਦ ਵੀ ਜ਼ਰੂਰ ਕਰੇਗਾ’। ਇਹ ਹਨ, ‘ਯਾਗਾ ਡੈਣ’ ਨਾਂ ਦੀ ਕਹਾਣੀ ਵਿਚ ਦਾਦੀ ਵੱਲੋਂ
ਬੋਲੇ ਕੁਝ ਸ਼ਬਦ। ਜੋ ਲੋੜ ਪੈਣ ਉੱਤੇ ਉਸਦੇ ਨਿੱਕੇ ਪੋਤੇ ਅਤੇ ਪੋਤੀ ਨੂੰ ਖ਼ੂੰਖਾਰ ਡੈਣ ਦੇ ਪੰਜੇ ਵਿਚੋਂ ਵੀ ਸੁਰੱਖਿਅਤ ਕੱਢ
ਲਿਆਉਂਦੇ ਹਨ। ਦੋ ਬੱਚਿਆਂ ਦੀ ਬਹਾਦਰੀ ਦਾ ਦਲੇਰੀ ਭਰਿਆ ਕਾਰਨਾਮਾ ਹੈ, ਏਹ ਲੋਕ ਕਥਾ। ‘ਨਿੰਬੂ ਦਾ ਬ੍ਰਿਛ’ ਵੀ
‘ਸੁਨਹਿਰੀ ਮੱਛੀ’ ਦੀ ਤਰਜ਼ ਉੱਤੇ ਲਿਖੀ ਇਕ ਹੋਰ ਲੋਕ ਕਹਾਣੀ ਹੈ। ਗਰੀਬੀ ਦਾ ਸਤਾਇਆ ਇਕ ਕਿਸਾਨ ਨਿੰਬੂ ਦੇ ਬੂਟੇ
ਪਾਸੋਂ ਵਧੀਆ ਮਕਾਨ, ਆਪਣੀ ਪਤਨੀ ਲਈ ਸੁੰਦਰਤਾ, ਘਰ ਲਈ ਧਨ ਦੌਲਤ ਅਤੇ ਜਾਗੀਰਦਾਰੀ ਮੰਗਦਾ, ਪ੍ਰਾਪਤ ਕਰਦਾ
ਅਖੀਰ ਬਾਦਸ਼ਾਹਤ ਦੀ ਮੰਗ ਪਾਉਂਦਾ, ਸਾਰਾ ਕੁਝ ਜੋ ਹੁਣ ਤੱਕ ਮਿਲਿਆ ਸੀ, ਉਹ ਵੀ ਗੁਆ ਬੈਠਦਾ ਹੈ। ਮਾਰਚ ਵਿਚ
ਬਨਫ਼ਸ਼ੇ ਦੇ ਫੁੱਲ ਖਿੜਦੇ ਹਨ। ਜੂਨ ਵਿਚ ਬੈਰੀ ਦਾ ਫਲ ਪੱਕਦਾ ਹੈ। ਸਤੰਬਰ ਵਿਚ ਸੇਬ ਪੱਕਦੇ ਹਨ। ਦਸੰਬਰ, ਜਨਵਰੀ,
ਫਰਵਰੀ ਵਿਚ ਸਰਦੀ ਸਾਰੇ ਬ੍ਰਿਛਾਂ ਉੱਤੇ ਛਾਈ ਰਹਿੰਦੀ ਹੈ। ਜੇ ਕੁਦਰਤ ਦੇ ਇਹਨਾਂ ਰੰਗਾਂ ਨਾਲ ਇਕਮਿੱਕ ਹੋਣਾ ਲੋੜਦੇ ਹੋ
,ਤਾਂ ਪੜ੍ਹੋ ਤੇ ਮਾਣੋ, ਅਗਲੀ ਕਹਾਣੀ-‘ਬਾਰਾਂ ਮਹੀਨੇ’।
‘ਉਡਣਾ ਜਹਾਜ਼’, ‘ਤੂੜੀ ਦਾ ਸਾਹਨ’ ਅਤੇ ‘ਸੂਹਾ ਫੁੱਲ’ ਵੀ ਏਨੀਆਂ ਹੀ ਦਿਲਚਸਪ ਕਹਾਣੀਆਂ ਹਨ।
ਡਾਕਟਰ ਹਰਨੇਕ ਸਿੰਘ ਕੈਲੇ ਦੀਆਂ ਅਨੁਵਾਦਿਤ ਕਹਾਣੀਆਂ ਦੀ ਖ਼ੂਬਸੂਰਤੀ ਇਹ ਹੈ ਕਿ ਇਹਨਾਂ ਕਥਾਵਾਂ ਨੂੰ ਪੜ੍ਹਨ
ਉਪਰੰਤ ਨਵੇਂ ਵਿਦਿਆਰਥੀਆਂ ਦੇ ਮਨਾਂ ਅੰਦਰ ਜਿੱਥੇ ਅਜਿਹਾ ਹੋਰ ਬਿਦੇਸ਼ੀ ਸਾਹਿਤ ਪੜ੍ਹਨ ਦੀ ਰੁਚੀ ਜਾਗੇਗੀ ਉਥੇ ਉਹਨਾਂ
ਨੂੰ ਮਨੁੱਖੀ ਰਿਸ਼ਤਿਆਂ ਵਿਚਲੀ ਪ੍ਰੇਮ ਭਾਵਨਾ, ਹਮਦਰਦੀ, ਮਿਲਵਰਤਣ, ਬਹਾਦਰੀ, ਖ਼ਤਰਿਆਂ ਨਾਲ ਜੂਝਣ ਦੀ ਦਲੇਰੀ,
ਉੱਦਮ, ਪਰਿਵਾਰਕ ਪਿਆਰ, ਨਿਮਰਤਾ, ਸ੍ਰੇਸ਼ਟ ਆਚਾਰ ਨੂੰ ਧਾਰਨ ਕਰਨ ਲਈ ਪ੍ਰੇਰਨਾ ਵੀ ਮਿਲੇਗੀ। ਨੀਝਵਾਨ ਪਾਠਕ
ਇਸ ਨੂੰ ਪੜ੍ਹਕੇ ਰੂਸ ਦੇਸ਼ ਦੇ ਕੁਦਰਤੀ ਵਾਤਾਵਰਨ, ਬਰਫੀਲੀ ਸਰਦੀ, ਸਮੁੱਚੇ ਜੀਵਨ ਤੇ ਸਭਿਆਚਾਰ ਬਾਰੇ ਬਹੁਤ ਕੁਝ
ਜਾਣ ਸਕਦੇ ਹਨ। ਇਸਦੇ ਨਾਲੋ ਨਾਲ ਕੁਦਰਤ ਦੇ ਵੇਲ ਬੂਟਿਆਂ, ਪੰਛੀਆਂ ਜਾਨਵਰਾਂ, ਪਹਾੜਾਂ-ਦਰਿਆਵਾਂ, ਬਰਫ਼ਾਂ, ਬੱਦਲਾਂ
ਦੇ ਭਰਪੂਰ ਦਰਸ਼ਨ ਉਹਨਾਂ ਅੰਦਰ ਕੁਦਰਤ ਲਈ ਖਿੱਚ ਪੈਦਾ ਕਰਦੇ, ਕਲਪਨਾ ਸ਼ਕਤੀ ਨੂੰ ਟੁੰਬਦੇ ਅਤੇ ਸੁਹਜ ਸੁਆਦ
ਜਗਾਉਂਦੇ ਬੜਾ ਸੋਹਣਾ ਪ੍ਰਭਾਵ ਸਿਰਜਦੇ ਹਨ। ਮਨੁੱਖਾਂ ਦੇ ਕਰੂਰ ਵਰਤਾਓ ਨੂੰ ਦੇਖ ਕੇ ਬਾਲ ਮਨਾਂ ਅੰਦਰ ਪਨਪਦੇ ਡਰ,
ਹਮਦਰਦੀ, ਕਰੁਣਾ ਦੇ ਭਾਵ ਉਹਨਾਂ ਦੇ ਮਨਾਂ ਨੂੰ ਇਹਨਾਂ ਤੋਂ ਮੁਕਤ ਕਰਕੇ ਆਪ ਚੰਗੇ ਗੁਣਾਂ ਦੇ ਧਾਰਨੀ ਬਣਨ ਦਾ ਗੁੱਝਾ
ਸੁਨੇਹਾ ਵੀ ਦਿੰਦੇ ਹਨ। ਬਾਲਾਂ ਲਈ ਤਾਂ ਇਹ ਅਮੁੱਲਾ ਤੋਹਫ਼ਾ ਹੈ ਜਿਹੜਾ ਉਹਨਾਂ ਨੂੰ ਕਲਪਨਾ ਦੀਆਂ ਉੱਚੀਆਂ ਉਡਾਰੀਆਂ
ਲਵਾਉਂਦਾ, ਜ਼ਮੀਨੀ ਯਥਾਰਥ ਨਾਲ ਜੁੜੇ ਰਹਿਣ ਦੀ ਸੂਝ ਸਮਝ ਵੀ ਪਰਦਾਨ ਕਰੇਗਾ। ਇਸਨੂੰ ਹਰ ਉਮਰ ਦੇ ਪਾਠਕ ਪੜ੍ਹ
ਅਤੇ ਮਾਣ ਸਕਦੇ ਹਨ।ਇਸ ਚੰਗੀ ਰਚਨਾ ਦੀ ਜਿੰਨੀ ਸਿਫ਼ਤ ਕਰੀਏ ਥੋੜੀ ਹੈ। ਡਾਕਟਰ ਹਰਨੇਕ ਸਿੰਘ ਕੈਲੇ ਇਹਨਾਂ
ਕਹਾਣੀਆਂ ਦੀ ਚੋਣ, ਸੁੰਦਰ ਅਨੁਵਾਦ ਅਤੇ ਠੁੱਕਦਾਰ ਪੰਜਾਬੀ ਭਾਸ਼ਾ ਵਿਚ ਕੀਤੀ ਪੇਸ਼ਕਾਰੀ ਲਈ ਪ੍ਰਸੰਸਾ ਦੇ ਹੱਕਦਾਰ
ਹਨ। ਉਮੀਦ ਹੈ, ਉਹ ਭਵਿੱਖ ਵਿਚ ਇੰਝ ਹੀ ਕਠਿਨ ਮਿਹਨਤ ਕਰਕੇ ਛੋਟੇ ਬਾਲਾਂ ਵਾਸਤੇ ਹੋਰ ਦੇਸਾਂ ਦੇ ਸਾਹਿਤ ਵਿਚੋਂ
ਅਜਿਹੀ ਜਗਿਆਸਾ ਜਗਾਊ ਸਮੱਗਰੀ ਪਰੋਸਦੇ ਰਹਿਣਗੇ। ਸੁੰਦਰ ਪ੍ਰਕਾਸ਼ਨਾ ਲਈ ਸਾਹਿਬਦੀਪ ਪਬਲੀਕੇਸ਼ਨ
ਭੀਖੀ-ਮਾਨਸਾ ਨੂੰ ਵੀ ਵਧਾਈ ਦੇਣੀ ਬਣਦੀ ਹੈ।
avtarsinghbilling@gmail.com

2 COMMENTS

LEAVE A REPLY

Please enter your comment!
Please enter your name here