ਡਾ. ਗੁਰਦੇਵ ਸਿੰਘ ਸਿੱਧੂ

ਮਾਲਵਾ ਖੇਤਰ ਵਿੱਚ ਅੱਜਕੱਲ੍ਹ ਮਲਵਈ ਗਿੱਧੇ ਦਾ ਖ਼ੂਬ ਪ੍ਰਚਲਨ ਹੈ। ਇਸ ਦੇ ਕਲਾਕਾਰਾਂ ਵਿੱਚ ਕਈ ਵਾਰ ਵੱਡੀ ਉਮਰ ਦੇ ਮਰਦ ਵੀ ਹੋਣ ਕਾਰਨ ਇਸ ਨੂੰ ‘‘ਬਾਬਿਆਂ ਦਾ ਗਿੱਧਾ’’ ਵੀ ਕਿਹਾ ਜਾਂਦਾ ਹੈ। ਮੋਗਾ, ਬਠਿੰਡਾ, ਸੰਗਰੂਰ ਆਦਿ ਦੇ ਇਲਾਕੇ ਵਿੱਚ ਅਜਿਹੀਆਂ ਗਿੱਧਾ ਟੋਲੀਆਂ ਆਮ ਤੌਰ ਉੱਤੇ ਕਰਤਾਰ ਸਿੰਘ ਲੋਪੋਂ ਉਰਫ ਲੋਪੋਂ ਵਾਲੇ ਕਰਤਾਰੇ ਦੇ ਨਾਂ ਦੀ ਮੋਹਰ ਵਾਲੀਆਂ ਬੋਲੀਆਂ ਪਾ ਕੇ ਗਿੱਧੇ ਦਾ ਰੰਗ ਬੰਨ੍ਹਦੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਕਰਤਾਰ ਸਿੰਘ ਲੋਪੋਂ ਅੱਖਰ ਗਿਆਨ ਤੋਂ ਕੋਰਾ ਬਿਲਕੁਲ ਅਨਪੜ੍ਹ ਸੀ। ਉਹ ਬੋਲੀਆਂ ਲਿਖਦਾ ਨਹੀਂ ਸੀ, ਜੋੜਦਾ ਸੀ। ਉਸ ਦੀਆਂ ਜੋੜੀਆਂ ਬੋਲੀਆਂ ਨੂੰ ਲਿਖਣ ਦਾ ਕੰਮ ਕਰਦਾ ਸੀ ਉਸ ਦਾ ਗਰਾਈਂ ਕਾਕਾ ਦੀਨ। ਕਾਕਾ ਦੀਨ ਨਾਲ ਕਰਤਾਰ ਸਿੰਘ ਦੇ ਸਨੇਹ ਅਤੇ ਮਿੱਤਰਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ‘‘ਚਾਹ ਤੇ ਫੀਮ’’ ਕਿੱਸੇ ਉੱਤੇ ਉਸ ਨੇ ਆਪਣੇ ਨਾਂ ਦੇ ਨਾਲ ਹੀ ਕਾਕਾ ਦੀਨ ਦਾ ਨਾਂ ਪ੍ਰਕਾਸ਼ਿਤ ਕਰਵਾਇਆ। ਦੇਸ਼ ਵੰਡ ਕਾਰਨ ਕਾਕਾ ਦੀਨ ਪਾਕਿਸਤਾਨ ਚਲਾ ਗਿਆ ਤਾਂ ਇਹ ਜ਼ਿੰਮੇਵਾਰੀ ਪਿੰਡ ਦੇ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਭਾਈ ਪ੍ਰੀਤਮ ਸਿੰਘ ਨੇ ਨਿਭਾਈ। ਪ੍ਰੀਤਮ ਸਿੰਘ ਦੇ ਯੋਗਦਾਨ ਨੂੰ ਕਰਤਾਰ ਸਿੰਘ ਨੇ ਨਿਰਸੰਕੋਚ ਖੁੱਲ੍ਹੇ ਮਨ ਨਾਲ ਕਈ ਵਾਰ ‘‘ਪ੍ਰੀਤਮ ਸਿਆਂ ਤੂੰ ਨਾਲ ਪਰੇਮ ਦੇ ਲਿਖ ਦੇ ਵਾਰਤਾ ਸਾਰੀ’’ ਵਰਗੀਆਂ ਪੰਕਤੀਆਂ ਲਿਖ ਕੇ ਮਾਨਤਾ ਦਿੱਤੀ ਹੈ।
ਕਾਵਿ ਰਚਨਾ ਲਈ ਰੱਬੀ ਬਖ਼ਸ਼ਿਸ਼ ਪ੍ਰਾਪਤ ਇਸ ਕਵੀ ਦਾ ਜਨਮ ਧਾਲੀਵਾਲ ਗੋਤੀਆਂ ਦੇ ਪਿੰਡ ਲੋਪੋਂ, ਤਹਿਸੀਲ ਮੋਗਾ, ਜ਼ਿਲ੍ਹਾ ਫ਼ਿਰੋਜ਼ਪੁਰ (ਹੁਣ ਇਹ ਪਿੰਡ ਜ਼ਿਲ੍ਹਾ ਮੋਗਾ ਦਾ ਹਿੱਸਾ ਹੈ।) ਦੇ ਵਸਨੀਕ ਦਰਮਿਆਨੇ ਕਿਸਾਨ ਪਰਿਵਾਰ ਵਿੱਚ ਪਿਤਾ ਸਰਦਾਰ ਲਹਿਣਾ ਸਿੰਘ ਤੇ ਮਾਤਾ ਸੰਤ ਕੌਰ ਦੇ ਘਰ 1900 ਦੇ ਨੇੜੇ ਤੇੜੇ ਹੋਇਆ। ਉਨ੍ਹੀਂ ਦਿਨੀਂ ਇਸ ਇਲਾਕੇ ਵਿੱਚ ਸਕੂਲੀ ਵਿਦਿਆ ਦਾ ਕੋਈ ਇੰਤਜ਼ਾਮ ਨਹੀਂ ਸੀ। ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਇਤਿਹਾਸਿਕ ਗੁਰਦੁਆਰਾ ਅਤੇ ਕੁਝ ਡੇਰੇ ਜ਼ਰੂਰ ਸਨ ਜਿੱਥੇ ਬੱਚਿਆਂ ਨੂੰ ਗੁਰਮੁਖੀ ਅੱਖਰਾਂ ਦੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਗੁਰਬਾਣੀ ਪੜ੍ਹਨ ਲਿਖਣ ਦੇ ਯੋਗ ਬਣਾਇਆ ਜਾਂਦਾ ਸੀ। ਕਰਤਾਰ ਸਿੰਘ ਲਹਿਣਾ ਸਿੰਘ ਦੇ ਅੱਠ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਦੋ ਮੁੰਡੇ ਅਤੇ ਛੇ ਕੁੜੀਆਂ ਵਿੱਚੋਂ ਵੱਡੇ ਲੜਕੇ ਦੀ ਛੋਟੀ ਉਮਰ ਵਿੱਚ ਹੀ ਮੌਤ ਹੋਣ ਕਾਰਨ ਕਰਤਾਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਬਣ ਗਿਆ। ਇਸ ਹਾਲਤ ਵਿੱਚ ਮਾਪੇ ਆਪਣੀਆਂ ਅੱਖਾਂ ਦੇ ਤਾਰੇ ਨੂੰ ਆਪਣੇ ਤੋਂ ਦੂਰ ਕਰਨ ਦੀ ਸੋਚ ਵੀ ਨਹੀਂ ਸਨ ਸਕਦੇ। ਲਹਿਣਾ ਸਿੰਘ ਦੀ ਭਵਿੱਖ ਬਾਰੇ ਸੋਚ ਇਹ ਸੀ ਕਿ ਉਸ ਦਾ ਪੁੱਤਰ ਉਸ ਨਾਲ ਖੇਤੀ ਦੇ ਕੰਮ ਵਿੱਚ ਹੀ ਹੱਥ ਵਟਾਏਗਾ। ਉਸ ਦੀ ਨਜ਼ਰ ਵਿੱਚ ਖੇਤੀ ਕਰਨ ਵਾਲੇ ਵਾਸਤੇ ਪੜ੍ਹਾਈ ਦਾ ਕੋਈ ਮੁੱਲ ਨਹੀਂ ਸੀ, ਇਸ ਲਈ ਉਸ ਨੇ ਕਰਤਾਰ ਸਿੰਘ ਦੇ ਬਾਲ ਮਨ ਉੱਤੇ ਅੱਖਰਾਂ ਦੀ ਸੋਝੀ ਕਰਨ ਦਾ ਬੋਝ ਨਾ ਪਾਉਣਾ ਹੀ ਬਿਹਤਰ ਸਮਝਿਆ। ਇਉਂ ਕਰਤਾਰ ਸਿੰਘ ਦਾ ਬਚਪਨ ਹਾਣੀਆਂ ਨਾਲ ਖੇਡਦਿਆਂ ਮੱਲਦਿਆਂ ਬੀਤਿਆ। ਕੁਝ ਵੱਡਾ ਹੋਇਆ ਤਾਂ ਘਰ ਦਾ ਡੰਗਰ ਵੱਛਾ ਚਾਰਨ ਲੱਗ ਪਿਆ ਅਤੇ ਗੱਭਰੂ ਹੋਣ ਉੱਤੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਣ ਲੱਗਾ।
ਉਨ੍ਹੀਂ ਦਿਨੀਂ ਮਾਲਵੇ ਵਿੱਚ ਵਿਆਹ ਦੇ ਮੌਕੇ ਸਥਾਨਕ ਗੱਭਰੂਆਂ ਅਤੇ ਨਾਨਕੇ ਮੇਲ ਵਿੱਚ ਆਈਆਂ ਮੇਲਣਾਂ ਦਾ ਗਿੱਧੇ ਦੇ ਪਿੜ ਵਿੱਚ ਬੋਲੀਆਂ ਪਾਉਣ ਦਾ ਮੁਕਾਬਲਾ ਆਮ ਵਰਤਾਰਾ ਸੀ। ਅਜਿਹੇ ਵਾਤਾਵਰਨ ਵਿੱਚ ਕਰਤਾਰ ਸਿੰਘ ਨੂੰ ਬੋਲੀਆਂ ਸੁਣਨ ਪਾਉਣ ਦਾ ਸ਼ੌਕ ਪੈ ਗਿਆ। ਹੌਲੀ ਹੌਲੀ ਉਸ ਦੇ ਮਨ ਵਿੱਚ ਵੀ ਬੋਲੀਆਂ ਜੋੜਨ ਦੀ ਰੀਝ ਪਨਪਣ ਲੱਗੀ ਅਤੇ ਉਸ ਨੇ ਬੋਲੀਆਂ ਜੋੜਨੀਆਂ ਸ਼ੁਰੂ ਕੀਤੀਆਂ। ਅਨਪੜ੍ਹ ਹੋਣ ਕਾਰਨ ਇਸ ਗੱਲ ਦੀ ਸੰਭਾਵਨਾ ਹੀ ਨਹੀਂ ਸੀ ਕਿ ਉਹ ਆਪਣੀਆਂ ਕਾਵਿ-ਰਚਨਾਵਾਂ ਲਈ ਇਧਰੋਂ ਉਧਰੋਂ ਪੜ੍ਹ ਕੇ ਨਵੇਂ ਸਰੋਤ ਲੱਭ ਲਵੇ। ਫਲਸਰੂਪ ਸੁਣੀਆਂ ਸੁਣਾਈਆਂ ਕਹਾਣੀਆਂ ਨੂੰ ਜਾਂ ਆਪਣੇ ਸਾਹਮਣੇ ਵਰਤ ਰਹੇ ਵਰਤਾਰੇ ਨੂੰ ਹੀ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣਾ ਉਸ ਦੀ ਮਜਬੂਰੀ ਸੀ। ‘‘ਪੂਰਨ ਭਗਤ’’ ਵਿੱਚ ਉਹ ਆਪ ਕਹਿੰਦਾ ਹੈ ‘‘ਸੁਣੀਆਂ ਗੱਲਾਂ ਦੀ ਕਰਦੇ ਸ਼ਾਇਰੀ ਕਵਿਤੇ ਹੈ ਅਨਜਾਣਾ’’ ਅਤੇ ‘‘ਸੁਣੀਆਂ ਗੱਲਾਂ ਪਿਆ ਸੁਣਾਵਾਂ ਮੈਂ ਮੂਰਖ ਅਣਜਾਣਾ।’’ ਬਹੁਤੀ ਵਾਰ ਤਾਂ ਉਹ ਜੋ ਕੁਝ ਵੀ ਸਾਹਮਣੇ ਦੇਖਦਾ ਉਸ ਦਾ ਬਿਆਨ ਕਾਵਿ ਰੂਪ ਬੋਲੀਆਂ ਵਿੱਚ ਕਰੀ ਜਾਂਦਾ।
ਕਰਤਾਰ ਸਿੰਘ ਨੇ ਸਾਰੀ ਉਮਰ ਪਿੰਡ ਵਿੱਚ ਖੇਤੀ ਬਾੜੀ ਕਰਦਿਆਂ ਬਤੀਤ ਕੀਤੀ, ਪਰ ਉਸ ਦਾ ਮਨ ਖੇਤੀ ਵਿੱਚ ਨਹੀਂ ਸੀ ਲੱਗਦਾ। ਘਰ ਗ੍ਰਹਿਸਤੀ ਤੋਰਨ ਵਾਸਤੇ ਉਸ ਲਈ ਖੇਤੀ ਕਰਨਾ ਇੱਕ ਮਜਬੂਰੀ ਸੀ, ਪਰ ਉਸ ਨੂੰ ਗਿੱਧੇ ਦੇ ਪਿੜ ਵਿੱਚ ਬੋਲੀਆਂ ਪਾਉਣਾ ਸੁਖਾਉਂਦਾ ਸੀ। ਆਪਣੀ ਇਸ ਮਨੋ ਅਵਸਥਾ ਦਾ ਬਿਆਨ ਉਸ ਨੇ ਆਪਣੀਆਂ ਬੋਲੀਆਂ ਵਿੱਚ ਕਈ ਵਾਰ ਕੀਤਾ ਹੈ। ‘‘ਪੈਂਤੀ ਅੱਖਰੀ’’ ਵਿੱਚ ਉਹ ਕਹਿੰਦਾ ਹੈ:
ਚੱਚਾ ਚਾਅ ਚੜ੍ਹਦਾ ਜਦੋਂ ਮਿਲੇ  ਬੋਲੀਆਂ ਵਾਲਾ।
ਏਹੀ ਕੰਮ ਸਾਡਾ ਅਸੀਂ ਫੇਰਦੇ ਗਿੱਧੇ ਦੀ ਮਾਲਾ।
ਖੇਤੀ ਨਾਲੋਂ ਬਈ ਇਹ ਸਾਨੂੰ ਬੜਾ ਸੁਖਾਲਾ।
ਕਰਤਾਰ ਸਿੰਘ ਨੇ ਸਾਈ ਫੜ ਕੇ ਬੋਲੀਆਂ ਦਾ ਗਾਇਨ ਨਹੀਂ ਕੀਤਾ, ਪਰ ਜਾਣੂੰ ਲੋਕਾਂ ਦੇ ਸੱਦੇ ਉੱਤੇ ਉਹ ਉਨ੍ਹਾਂ ਦੇ ਵਿਆਹ ਸ਼ਾਦੀਆਂ ਉੱਤੇ ਬੋਲੀਆਂ ਪਾਉਣ ਜ਼ਰੂਰ ਚਲਾ ਜਾਂਦਾ। ਉਹ ਦੂਰ ਨੇੜੇ ਲੱਗਦੇ ਮੇਲਿਆਂ ਮੁਸਾਹਬਿਆਂ ਉੱਤੇ ਜਾਂਦਾ ਤਾਂ ਉਸ ਦੇ ਦੋਸਤ ਮਿੱਤਰ ਵੀ ਉਸ ਨਾਲ ਜਾਂਦੇ, ਉੱਥੇ ਰਲ ਕੇ ਬੋਲੀਆਂ ਪਾਉਣਾ ਉਸ ਦਾ ਸ਼ੌਕ ਸੀ। ਉਸ ਦੀਆਂ ਰਚਨਾਵਾਂ ਵਿੱਚ ਆਉਂਦੇ ਸੰਬੋਧਨੀ ਸ਼ਬਦਾਂ ‘‘ਭਾਈਓ’’, ‘‘ਵੀਰਨੋ’’, ‘‘ਪਿਆਰਿਓ’’, ‘‘ਓਏ’’, ‘‘ਯਾਰੋ’’ ਆਦਿ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਬੋਲੀਆਂ ਦੀ ਰਚਨਾ ਮੁੱਖ ਤੌਰ ਉੱਤੇ ਅਖਾੜੇ ਵਿੱਚ ਪਾਉਣ ਵਾਸਤੇ ਕਰਦਾ ਸੀ। ਉਸ ਨੇ ਇਸ ਬਾਰੇ ਲਿਖਿਆ ਹੈ:
ਨਹੀਂ ਦੇਖਿਆ ਕਿਤੇ ਸੁਣਿਆ ਹੋਊ ਲੋਪੋ ਦਾ ਕਰਤਾਰਾ।
ਭਾਂਤ ਭਾਂਤ ਦੀਆਂ ਪਾਉਂਦਾ ਬੋਲੀਆਂ ਰੱਖਦਾ ਜਮਾ ਕੇ ‘ਖਾੜਾ।
ਇੱਕ ਬੋਲੀਕਾਰ ਵਜੋਂ ਕਰਤਾਰ ਸਿੰਘ ਨੂੰ ਖ਼ੂਬ ਮਾਣ ਸਤਿਕਾਰ ਮਿਲਿਆ। ‘‘ਪੂਰਨ ਪਰਕਾਸ਼’’ ਵਿੱਚ ਉਸ ਦੇ ਆਪਣੇ ਦੱਸਣ ਅਨੁਸਾਰ ‘‘ਚਾਲੀ ਸਾਲ ਤਾਂ ਪਾਈਆਂ ਬੋਲੀਆਂ ਰਚਨਾ ਗਿੱਧੇ ਦੀ ਲਾਈ’’। ਉਸ ਦੇ ਕਿੱਸੇ ‘‘ਚਾਹ ਤੇ ਫੀਮ’’, ‘‘ਪੂਰਨ ਭਗਤ’’, ‘‘ਨਵਾਂ ਜੰਗ’’, ‘‘ਨੂੰਹ ਸਹੁਰਾ’’ ਅਤੇ ‘‘ਗੋਪੀ ਚੰਦ ਭਰਥਰੀ’’ ਪ੍ਰਕਾਸ਼ਿਤ ਹੋਏ, ਪਰ ਇਨ੍ਹਾਂ ਵਿੱਚੋਂ ਪਿਛਲੇ ਦੋਵੇਂ ਅਪ੍ਰਾਪਤ ਹਨ। ਉਸ ਦੀਆਂ ਅਣਪ੍ਰਕਾਸ਼ਿਤ ਰਚਨਾਵਾਂ ‘‘ਹੀਰ’’, ‘‘ਕੌਲਾਂ’’, ‘‘ਭੁੱਖਾ ਵੈਦ ਤੇ ਨਾਰੀ’’ ‘‘ਭਾਬੀ ਦੇਬਰ’’ ‘‘ਸਾਹਿਬਜਾਦਿਆਂ ਦੀ ਸ਼ਹੀਦੀ’’ ਆਦਿ ਹਨ, ਪਰ ਇਹ ਪੂਰਨ ਰੂਪ ਵਿੱਚ ਨਹੀਂ ਮਿਲਦੀਆਂ। ਇਨ੍ਹਾਂ ਰਚਨਾਵਾਂ ਦੇ ਵਿਸ਼ੇ ਲੋਕ ਵੇਦ ਆਧਾਰਿਤ ਹੋਣ ਕਾਰਨ ਪੱਖਪਾਤ ਰਹਿਤ, ਨਿਰਮਲ ਅਤੇ ਨਿਰਛਲ ਮਨ ਵਿੱਚੋਂ ਨਿਕਲੀਆਂ ਤਤਕਾਲੀਨ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ। ਦੇਸ਼ ਵੰਡ ਸਮੇਂ ਹੋਏ ਫਸਾਦ ਪ੍ਰਤੀ ਉਸ ਦੀ ਪਹੁੰਚ ਇਸ ਦੀ ਪਰਬਲ ਉਦਾਹਰਨ ਹੈ। ਵਿਦਵਾਨ ਇਸ ਸਮੇਂ ਹੋਈ ਕਤਲੋ ਗਾਰਦ ਦਾ ਕਾਰਨ ਫਿਰਕੂ ਭਾਵਨਾਵਾਂ ਨੂੰ ਦੱਸਦੇ ਹਨ, ਪਰ ਕਰਤਾਰ ਸਿੰਘ ਅਨੁਸਾਰ ਅਜਿਹਾ ਫਿਰਕੂ ਤੰਗਦਿਲੀ ਦੇ ਨਾਲ ਨਾਲ ਜ਼ਰ ਅਤੇ ਜ਼ੋਰੂ ਖੋਹਣ ਖਾਤਰ ਹੋਇਆ। ਉਹ ਆਪਣੇ ਇਲਾਕੇ ਵਿੱਚ ਵੱਢ ਟੁੱਕ ਨਾ ਹੋਣ ਦਾ ਕਾਰਨ ਇਉਂ ਦੱਸਦਾ ਹੈ:
ਨਾ ਤਾਂ ਸਾਡੇ ਮੁਲਾਂ ਮੁਲਾਣਾ ਤੇ ਨਾ ਸੀ ਲੀਗ ਦਾ ਹਾਮੀ।
ਤਾਕਤ ਵਾਲਾ ਘਰ ਨਾ ਕੋਈ ਨਾ ਹੈ ਲੱਖਾਂ ਦੀ ਸਾਮੀ।
ਨਾ ਤਾਂ ਔਰਤ ਬੇਗਮ ਸੋਣੀ ਬਿਲਕੁਲ ਰਦੀ ਜਨਾਨੀ।
ਲੰਙੇ ਡੁਡੇ ਤੇ ਅੰਨੇ ਕਾਣੇ ਨਾਲ ਨੇਮ ਦੇ ਖਾਮੀ।
ਕਰਤਾਰ ਸਿੰਘਾ ਕੀ ਮਰੇ ਮਾਰਨੇ ਹੋਊਗੀ ਬਦਨਾਮੀ।
ਕਰਤਾਰ ਸਿੰਘ ਨੂੰ ਇਸ ਗੱਲ ਦਾ ਅਫ਼ਸੋਸ ਹੋਇਆ ਕਿ ਉਸ ਦੇ ਪੱਕੀ ਉਮਰ ਨੂੰ ਪਹੁੰਚਦਿਆਂ ਕੁਝ ਗ਼ੈਰਜ਼ਿੰਮੇਵਾਰ ਅਤੇ ਆਚਰਨਹੀਣ ਲੋਕਾਂ ਦੇ ਇਸ ਖੇਤਰ ਵਿੱਚ ਪ੍ਰਵੇਸ਼ ਕਰਨ ਨਾਲ ਬੋਲੀ-ਕਲਾ ਅਤੇ ਬੋਲੀਕਾਰਾਂ ਦੀ ਕਦਰ ਘਟ ਗਈ। ਉਹ ‘ਨਵਾਂ ਜੰਗ’ ਵਿੱਚ ਲਿਖਦਾ ਹੈ:
ਬਖਤ ਬੁਢੇਪੇ ਬੋਲੀ ਵਾਲਿਆਂ ਜਾਦਾ ਕਦਰ ਘਟਾਇਆ।
ਮੈਂ ਕਮਲੇ ਨੂੰ ਸਾਰ ਨਾ ਕੋਈ ਐਵੇਂ ਗਿਆ ਵਡਿਆਇਆ।
ਪਿਛਲੀ ਉਮਰ ਵਿੱਚ ਆ ਕੇ ਉਸ ਦੀ ਸਿਹਤ ਢਿੱਲੀ ਮੱਠੀ ਰਹਿਣ ਲੱਗੀ ਅਤੇ ਬਿਮਾਰੀ ਕਾਰਨ 3 ਜੂਨ 1974 ਨੂੰ ਉਸ ਦੀ ਆਪਣੇ ਪਿੰਡ ਵਿੱਚ ਹੀ ਮੌਤ ਹੋ ਗਈ।

ਸੰਪਰਕ: 94170-49417  

LEAVE A REPLY

Please enter your comment!
Please enter your name here