ਲੰਡਨ

ਬੱਚੀਆਂ ਨਾਲ ਵਾਪਰ ਰਹੀਆਂ ਬਲਾਤਕਾਰ ਜਿਹੀਆਂ ਵਾਰਦਾਤਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ 8 ਸਾਲਾ ਆਸਿਫਾ ਬਾਨੋ ਨਾਂ ਦੀ ਬੱਚੀ ਨਾਲ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਰਹਿੰਦੇ ਲੋਕਾਂ ‘ਚ ਗੁੱਸਾ ਹੈ ਅਤੇ ਉਹ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਹਨ। ਇਹ ਮੁੱਦਾ ਬ੍ਰਿਟੇਨ ਦੀ ਸੰਸਦ ‘ਚ ਵੀ ਗੂੰਜਿਆ। ਪਾਕਿਸਤਾਨ ਮੂਲ ਦੇ ਲਾਰਡ ਅਹਿਮਦ ਨੇ ਬ੍ਰਿਟੇਨ ਦੀ ਸੰਸਦ ਦੇ ਉੱਪਰੀ ਸਦਨ ‘ਹਾਊਸ ਆਫ ਲਾਰਡਜ਼’ ‘ਚ ਇਸ ਮੁੱਦੇ ਨੂੰ ਚੁੱਕਿਆ। ਉਨ੍ਹਾਂ ਨੇ ਬ੍ਰਿਟੇਨ ਦੀ ਸਰਕਾਰ ਤੋਂ ਇਸ ਮਾਮਲੇ ਵਿਚ ਦਖਲ-ਅੰਦਾਜ਼ੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਉਲੰਘਣਕਰਤਾਵਾਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣਾ ਚਾਹੀਦਾ ਹੈ। ਓਧਰ ਬ੍ਰਿਟੇਨ ਦੀ ਸਰਕਾਰ ਵਲੋਂ ਬੈਰੋਨੈੱਸ ਸਟੇਡਮੈਨ ਸਕੌਟ ਨੇ ਕਿਹਾ ਕਿ ਭਾਰਤ ਦਾ ਮਜ਼ਬੂਤ ਲੋਕਤੰਤਰੀ ਢਾਂਚਾ ਹੈ, ਜੋ ਕਿ ਮਨੁੱਖੀ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪਰ ਅਸੀਂ ਮੰਨਦੇ ਹਾਂ ਕਿ ਇਸ ਦੇ ਆਕਾਰ ਅਤੇ ਵਿਸਥਾਰ ਨੂੰ ਦੇਖਦੇ ਹੋਏ ਸੰਵਿਧਾਨ ‘ਚ ਅਹਿਮ ਅਧਿਕਾਰਾਂ ਨੂੰ ਲਾਗੂ ਕਰਨ ‘ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੌਟ ਨੇ ਕਿਹਾ ਕਿ ਇਹ ਮਾਮਲਾ ਬਹੁਤ ਭਿਆਨਕ ਹੈ ਅਤੇ ਸਾਡੀ ਹਮਦਰਦੀ ਪੀੜਤਾ ਦੇ ਪਰਿਵਾਰ ਨਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਨਿਆਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here