ਲੰਡਨ

ਭਾਰਤੀ ਮੂਲ ਦੀ ਇਕ ਔਰਤ ਨੇ ਸ਼ਰਾਬ ਪੀ ਕੇ ਜਹਾਜ਼ ਵਿਚ ਭੜਥੂ ਪਾ ਦਿੱਤਾ, ਜਿਸ ਕਾਰਨ ਉਸ ਤੋਂ ਤੰਗ ਆਏ ਕਰੂ ਮੈਂਬਰਾਂ ਨੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਉਸ ਨੂੰ ਅਦਾਲਤ ਵਲੋਂ ਜੇਲ ਦੀ ਸਜ਼ਾ ਸੁਣਾਈ ਗਈ। ਜਹਾਜ਼ ਵਿਚ ਸ਼ਰਾਬ ਪੀ ਕੇ ਹੰਗਾਮਾ ਕਰਨ ‘ਤੇ ਇਸ ਔਰਤ ਨੂੰ 6 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ। ਉਸ ਦੇ ਇਸ ਵਰਤਾਓ ਕਾਰਨ ਜਹਾਜ਼ ਦੇ ਇਕ ਮੁਸਾਫਰ ਨੂੰ ਮਿਰਗੀ ਦਾ ਦੌਰਾ ਪੈ ਗਿਆ ਸੀ। ਇਸ ਭਾਰਤੀ ਮੂਲ ਦੀ ਔਰਤ ਦੀ ਪਛਾਣ ਕਿਰਨ ਜਗਦੇਵ ਵਜੋਂ ਹੋਈ ਹੈ। ਕਿਰਨ ਨੇ ਇਸ ਸਾਲ ਜਨਵਰੀ ਵਿਚ ਸਪੇਨ ਦੇ ਟੇਨੇਰਿਫੇ ਤੋਂ ਬ੍ਰਿਟੇਨ ਵਾਪਸੀ ਦੌਰਾਨ ਜਹਾਜ਼ ਵਿਚ ਅਲਕੋਹਲ ਦਾ ਸੇਵਨ ਕਰਨ ਦੇ ਮਾਮਲੇ ਵਿਚ ਜੈਟ 2 ਏਅਰਲਾਈਨ ‘ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਜਸਟਿਸ ਫਿਲਿਪ ਹੇਡ ਨੇ ਸੁਣਵਾਈ ਦੌਰਾਨ ਉਨ੍ਹਾਂ ਦੇ ਤਰਕ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ 6 ਮਹੀਨੇ ਦੀ ਜੇਲ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਜਹਾਜ਼ ਵਿਚੋਂ ਉਤਰਣ ਦੌਰਾਨ ਦਿੱਕਤ ਆਉਣ ਤੋਂ ਬਾਅਦ ਕਿਰਨ ਚੀਕਾਂ ਮਾਰਨ ਲੱਗੀ ਅਤੇ ਆਖਣ ਲੱਗੀ ਕਿ ਅਸੀਂ ਸਾਰੇ ਮਰਨ ਜਾ ਰਹੇ ਹਾਂ, ਜਿਸ ਕਾਰਨ ਜਹਾਜ਼ ਵਿਚ ਸਵਾਰ ਹੋਰ ਮੁਸਾਫਰ ਵੀ ਪ੍ਰੇਸ਼ਾਨ ਹੋ ਗਏ। ਇਸਤਿਗਾਸਾ ਧਿਰ ਮੁਤਾਬਕ ਕਿਰਨ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਹੀ 6 ਤੋਂ 8 ਬੀਅਰ ਪੀ ਚੁੱਕੀ ਸੀ। ਚਾਰ ਘੰਟੇ ਦੀ ਉਡਾਣ ਦੌਰਾਨ ਉਹ ਜਹਾਜ਼ ਵਿਚ ਚਾਰ ਤੋਂ 6 ਗਿਲਾਸ ਵਾਈਨ ਪੀ ਚੁੱਕੀ ਸੀ। ਜਹਾਜ਼ ਵਿਚੋਂ ਹੋਰ ਸ਼ਰਾਬ ਦੇਣ ਤੋਂ ਮਨਾਂ ਕਰਨ ‘ਤੇ ਉਸ ਨੇ ਆਪਣੇ ਕੋਲੋਂ ਸ਼ਰਾਬ ਪੀਤੀ। ਉਸ ਨੇ ਇਥੇ ਬਦਤਮੀਜ਼ੀਆਂ ਕੀਤੀਆਂ। ਕਿਰਨ ਨੂੰ ਜਹਾਜ਼ ਵਿਚੋਂ ਉਤਰਣ ਤੋਂ ਬਾਅਦ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ।

LEAVE A REPLY

Please enter your comment!
Please enter your name here