ਲੰਡਨ

24 ਘੰਟਿਆਂ ਦੇ ਅੰਦਰ ਬ੍ਰੈਗਜ਼ਿਟ ਮੰਤਰੀ ਅਤੇ ਫਿਰ ਵਿਦੇਸ਼ ਮੰਤਰੀ ਦੇ ਅਸਤੀਫੇ ਕਾਰਨ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਇਸ ਸਮੇਂ ਸੰਕਟ ਨਾਲ ਨਜਿੱਠ ਰਹੀ ਹੈ। ਬ੍ਰੈਗਜ਼ਿਟ ਮੰਤਰੀ ਡੇਵਿਡ ਡੇਵਿਸ, ਸਟੀਵ ਬੇਕਰ ਅਤੇ ਉਨ੍ਹਾਂ ਦੇ ਸਹਿਯੋਗੀ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਇਕ ਵਾਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਬ੍ਰੈਗਜ਼ਿਟ ਸੰਭਵ ਹੈ ਜਾਂ ਨਹੀਂ? ਉਹ ਵੀ ਉਦੋਂ ਜਦੋਂ ਬ੍ਰੈਗਜ਼ਿਟ ਲਈ ਬ੍ਰਿਟੇਨ ਕੋਲ ਹੁਣ 9 ਮਹੀਨਿਆਂ ਤੋਂ ਘੱਟ ਦਾ ਸਮਾਂ ਬਚਿਆ ਹੈ। ਬ੍ਰਿਟੇਨ ਨੂੰ ਮਾਰਚ 2019 ਤੱਕ ਯੂਰਪੀ ਸੰਘ ਤੋਂ ਵੱਖ ਹੋਣਾ ਹੈ। ਥੈਰੇਸਾ ਮੇਅ ਨੇ 2 ਸਾਲ ਪਹਿਲਾਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਉਸ ਸਾਲ ਬ੍ਰਿਟੇਨ ‘ਚ ਯੂਰਪੀ ਸੰਘ ਤੋਂ ਵੱਖ ਹੋਣ ਨੂੰ ਲੈ ਕੇ ਜਨਮਤ ਸੰਗ੍ਰਹਿ ਕਰਾਇਆ ਗਿਆ ਅਤੇ ਇਸ ਦੇ ਪੱਖ ‘ਚ ਬਹੁਮਤ ਮਿਲਣ ਤੋਂ ਬਾਅਦ ਡੇਵਿਡ ਕੈਮਰਨ ਦੀ ਥਾਂ ਥੈਰੇਸਾ ਮੇਅ ਪ੍ਰਧਾਨ ਮੰਤਰੀ ਬਣੀ। ਇਕ ਧੜਾ ਜਿਸ ਦੀ ਨਜ਼ਰ ‘ਚ ‘ਬ੍ਰੈਗਜ਼ਿਟ ਦਾ ਮਤਲਬ ਬ੍ਰੈਗਜ਼ਿਟ’ ਮਤਲਬ ਪੂਰੀ ਤਰ੍ਹਾਂ ਯੂਰਪੀ ਸੰਘ ਤੋਂ ਵੱਖ ਹੋਣਾ ਹੈ ਤਾਂ ਦੂਜੇ ਬ੍ਰੈਗਜ਼ਿਟ ਤੋਂ ਬਾਅਦ ਵੀ ਯੂਰਪੀ ਸੰਘ ਨਾਲ ਚੰਗੇ ਸੰਬੰਧਾਂ ਦਾ ਹੋਣਾ ਵੀ ਜ਼ਰੂਰੀ ਹੈ। ਪਾਰਟੀ ਦੇ ਦੋਵੇਂ ਧੜਿਆਂ ਨੂੰ ਇਕ ਕਰਨ ਲਈ ਥੈਰੇਸਾ ਮੇਅ ਨੇ ਬੋਰਿਸ ਜਾਨਸਨ ਨੂੰ ਵਿਦੇਸ਼ ਮੰਤਰੀ ਬਣਾਇਆ ਅਤੇ ਡੇਵਿਡ ਡੇਵਿਸ ਨੂੰ ਬ੍ਰੈਗਜ਼ਿਟ ਮੰਤਰਾਲੇ ਸੌਂਪਿਆ। ਹਾਲਾਂਕਿ ਉਹ ਸ਼ੁਰੂ ਤੋਂ ਇਹ ਦੱਸਣ ‘ਚ ਅਸਫਲ ਰਹੀ ਹੈ ਕਿ ਯੂਰਪੀ ਸੰਘ ਤੋਂ ਵੱਖ ਹੋਣਾ ਬ੍ਰਿਟੇਨ ਲਈ ਕੀ ਮਾਇਨੇ ਰੱਖਦਾ ਹੈ। ਥੈਰੇਸਾ ਮੇਅ ਦੀ ਕੈਬਨਿਟ ਨੇ ਉਨ੍ਹਾਂ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਸੀ। ਬੀਤੇ ਇਕ ਸਾਲ ‘ਚ ਥੈਰੇਸਾ ਮੇਅ ਦੀ ਕੈਬਨਿਟ ਦੇ 7 ਮੰਤਰੀਆਂ ਨੇ ਅਸਤੀਫੇ ਦਿੱਤੇ ਹਨ ਪਰ ਇਨ੍ਹਾਂ ਦੇ ਕਾਰਨ ਅਲੱਗ-ਅਲੱਗ ਰਹੇ।
ਪ੍ਰਧਾਨ ਮੰਤਰੀ ਥੈਰੇਸਾ ਮੇਅ ਬ੍ਰੈਗਜ਼ਿਟ ਤੋਂ ਬਾਅਦ ਯੂਰਪੀ ਸੰਘ ਨਾਲ ਮਜ਼ਬੂਤ ਆਰਥਿਕ ਸੰਬੰਧਾਂ ਨੂੰ ਬਣਾਏ ਰੱਖਣ ਨੂੰ ਲੈ ਕੇ ਆਪਣੀ ਪਾਰਟੀ ਨੂੰ ਇਕੱਜੁਟ ਕਰਨ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ। ਹਾਲਾਂਕਿ ਮੇਅ ਦੇ ਇਸ ਕਦਮ ਨਾਲ ਬ੍ਰੈਗਜ਼ਿਟ ਦੇ ਸਮਰਥਕ ਨਾਰਾਜ਼ ਹਨ। ਬੋਰਿਸ ਜਾਨਸਨ ਮੁਤਾਬਕ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਦਾ ਜਿਹੜਾ ਫਾਰਮੂਲਾ ਸਾਹਮਣੇ ਰੱਖਿਆ ਹੈ ਉਸ ਨਾਲ ਬ੍ਰਿਟੇਨ ਯੂਰਪੀ ਸੰਘ ਦਾ ਉਪ ਨਿਵੇਸ਼ ਬਣ ਕੇ ਰਹਿ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮੇਅ ਦਾ ਇਹ ਫਾਰਮੂਲਾ ‘ਸੇਮੀ-ਬ੍ਰੈਗਜ਼ਿਟ’ ਜਿਹਾ ਹੈ ਜਿੱਥੇ ਆਰਥਿਕ ਸੰਬੰਧਾਂ ਦੇ ਮਾਮਲੇ ‘ਚ ਯੂਰਪੀ ਸੰਘ ਨਾਲ ਪਹਿਲਾਂ ਜਿਹਾ ਹੀ ਸਭ ਕੁਝ ਰਹੇਗਾ ਪਰ ਇਸ ਸਿਸਟਮ ‘ਤੇ ਬ੍ਰਿਟੇਨ ਦਾ ਕੋਈ ਕੰਟਰੋਲ ਨਹੀਂ ਰਹਿ ਜਾਵੇਗਾ। ਡੇਵਿਡ ਡੇਵਿਸ ਦਾ ਕਹਿਣਾ ਹੈ ਕਿ ਨਵੇਂ ਸਮਝੌਤੇ ‘ਚ ਈ. ਯੂ. ਦੇ ਨਾਲ ਇਕ ਕਰੀਬੀ ਰਿਸ਼ਤਾ ਸ਼ਾਮਲ ਹੈ ਅਤੇ ਸਿਰਫ ਇਕ ਭਰਮ ਬਣਾਇਆ ਗਿਆ ਹੈ ਕਿ ਈ. ਯੂ. ਤੋਂ ਵੱਖ ਹੋਣ ਤੋਂ ਬਾਅਦ ਬ੍ਰਿਟੇਨ ਨੂੰ ਪੂਰਾ ਕੰਟਰੋਲ ਮਿਲ ਜਾਵੇਗਾ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਜੇਕਰ ਥੈਰੇਸਾ ਮੇਅ ਨੇ ਆਪਣਾ ਫਾਰਮੂਲਾ ਨਹੀਂ ਬਦਲਿਆ ਤਾਂ ਅਗਲੇ ਕੁਝ ਦਿਨਾਂ ‘ਚ ਹੋਰ ਅਸਤੀਫੇ ਹੋ ਸਕਦੇ ਹਨ। ਥੈਰੇਸਾ ਮੇਅ ਦੇ ਨਵੇਂ ਪ੍ਰਸਤਾਵ ‘ਚ ਯੂ. ਕੇ./ਈ. ਯੂ. ਨੂੰ ਮੁਕਤ ਵਪਾਰ ਖੇਤਰ ਬਣਾਏ ਰਹਿਣ ਦਾ ਫਾਰਮੂਲਾ ਦਿੱਤਾ ਗਿਆ ਹੈ। ਬ੍ਰੈਗਜ਼ਿਟ ਸਮਰਥਕਾਂ ਦਾ ਮੰਨਣਾ ਹੈ ਕਿ ਬ੍ਰਿਟੇਨ ਅਤੇ ਯੂਰਪੀ ਸੰਘ ਵਿਚਾਲੇ ਨਵੇਂ ਸਮਝੌਤਿਆਂ ਦੇ ਤਹਿਤ ਜਿਸ ਪਾਰਟਨਰਸ਼ਿਪ ਮਾਡਲ ਨੂੰ ਅਪਣਾਉਣ ਦੀ ਗੱਲ ਕਹੀ ਗਈ ਹੈ ਉਹ ਬ੍ਰੈਗਜ਼ਿਟ ਤੋਂ ਪਹਿਲਾਂ ਲਾਗੂ ਮਾਡਲ ਤੋਂ ਜ਼ਿਆਦਾ ਵੱਖ ਨਹੀਂ ਹੈ।

LEAVE A REPLY

Please enter your comment!
Please enter your name here