ਇੱਕ ਅੰਤਰ-ਰਾਸ਼ਟਰੀ ਸੰਸਥਾ ਵਲੋਂ ਸੰਸਾਰ ਪੱਧਰ ਤੇ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਬਜ਼ਰਗਾਂ ਦੇ ਰਹਿਣ ਲਾਇਕ ਦੇਸ਼ਾਂ ਵਿਚੋਂ ਸਵਿਟਜ਼ਰਲੈਂਡ ਸਭ ਤੋਂ ਵਧੀਆ ਤੇ ਪਹਿਲੇ ਨੰਬਰ ਦਾ ਦੇਸ਼ ਹੈ, ਜਦਕਿ ਇਸ ਮਾਮਲੇ ਵਿੱਚ ਭਾਰਤ ਦੀ ਥਾਂ ੭੧ਵੀਂ ਹੈ। ਇਸੇ ਸਰਵੇਖਣ ਅਨੁਸਾਰ ਸੰਸਾਰ ਭਰ ਵਿੱਚ ਤੇ ਵਿਸ਼ੇਸ਼ ਕਰ ਵਿਕਾਸ-ਸ਼ੀਲ ਦੇਸ਼ਾਂ ਵਿੱਚ ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਅਤੇ ਉਨ੍ਹਾਂ ਨਾਲ ਕੀਤੇ ਜਾ ਰਹੇ ਮਾੜੇ ਵਰਤਾਉ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਚਲੀਆਂ ਜਾ ਰਹੀਆਂ ਹਨ। ਗਲੋਬਲ ਏਜਵਾਚ ਦੇ ਸਰਵੇ-ਇੰਡੇਕਸ ਅਨੁਸਾਰ ਬਜ਼ੁਰਗਾਂ ਲਈ ਸਾਜ਼ਗਾਰ ਦੇਸ਼ਾਂ ਵਿੱਚ ਸਵਿਟਜ਼ਰਲੈਂਡ ਤੋਂ ਬਾਅਦ ਤਰਤੀਬਵਾਰ ਨਾਰਵੇ, ਸਵੀਡਨ, ਜਰਮਨੀ, ਕਨਾਡਾ, ਨੀਦਰਲੈਂਡ ਅਈਸਲੈਂਡ ਅਤੇ ਜਾਪਾਨ ਦਾ ਅਸਥਾਨ ਆਉਂਦਾ ਹੈ। ਇਸੇ ਸੰਬੰਧ ਵਿੱਚ ਸੰਨ-੨੦੧੫ ਵਿੱਚ ਜਾਰੀ, ੯੬ ਦੇਸ਼ਾਂ ਦੀ ਇੱਕ ਸੂਚੀ ਵਿੱਚ ਅਮਰੀਕਾ ਦਾ ਅਸਥਾਨ ਦਸਵਾਂ ਹੈ।
ਇਸੇ ਸੰਬੰਧ ਵਿੱਚ ਸੰਯੁਕਤ ਰਾਸ਼ਟਰ ਵਲੋਂ ਆਪਣੇ ਤੋਰ ਤੇ ਜਾਰੀ ਇੱਕ ਅਨੁਮਾਨ ਅਨੁਸਾਰ ਸੰਸਾਰ ਦੇ ਲਗਭਗ ਚਾਰ ਤੋਂ ਛੇ ਫੀਸਦੀ ਬਜ਼ੁਰਗ ਆਪਣੇ ਹੀ ਘਰਾਂ ਵਿੱਚ ਮਾੜੇ ਵਰਤਾਉ ਦਾ ਸ਼ਿਕਾਰ ਹੁੰਦੇ ਹਨ, ਜਦਕਿ ੧੩ ਫੀਸਦੀ ਅਜਿਹੇ ਬਜ਼ੁਰਗ ਹਨ, ਜਿਨ੍ਹਾਂ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ੯ ਫੀਸਦੀ ਬਜ਼ੁਰਗਾਂ ਦਾ ਆਪਣੇ ਘਰਾਂ ਵਿੱਚ ਹੀ ਮਾਰ-ਕੁਟ ਕਰ ਸ਼ਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ੧੩ ਫੀਸਧੀ ਬਜ਼ੁਰਗਾਂ ਨੂੰ ਮਾਨਸਿਕ ਸ਼ੋਸ਼ਣ ਸਹਿਣਾ ਪੈਂਦਾ ਹੈ। ਹੇਲਪੇਜ ਇੰਡੀਆ ਵਲੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚਲੇ ਲਗਭਗ ੫ ਜਜ਼ਾਰ ਬਜ਼ੁਰਗਾਂ ਨਾਲ ਗਲਬਾਤ ਕਰ ਤਿਆਰ ਕੀਤੀ ਗਈ ਇਸ ਸਰਵੇਖਣ-ਰਿਪੋਰਟ ਅਨੁਸਾਰ ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਕਰਮਚਾਰੀ ਬਜ਼ੁਰਗਾਂ ਨਾਲ ਬਹੁਤ ਹੀ ਮਾੜਾ ਵਰਤਾਉ ਕਰਦੇ ਹਨ। ਰਿਪੋਰਟ ਅਨੁਸਾਰ ਬੀਤੇ ਵਰ੍ਹੇ ਦੌਰਾਨ ੨੬ ਫੀਸਦੀ ਬਜ਼ੁਰਗਾਂ ਨੂੰ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਬੁਰੇ ਵਰਤਾਉ ਦਾ ਸਾਹਮਣਾ ਕਰਨਾ ਪਿਆ, ਜਦਕਿ ੨੨ ਫੀਸਦੀ ਬਜ਼ੁਰਗ ਬੇਂਗਲੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਮਾੜੇ ਵਰਤਾਉ ਦਾ ਸ਼ਿਕਾਰ ਹੋਏ। ਦਸਿਆ ਗਿਆ ਹੈ ਕਿ ਇਸ ਸੰਸਥਾ ਵਲੋਂ ਇਹ ਸਰਵੇਖਣ ਜਿਨ੍ਹਾਂ ੧੯ ਸ਼ਹਿਰਾਂ ਵਿੱਚ ਕੀਤਾ ਗਿਆ, ਉਨ੍ਹਾਂ ਵਿਚੋਂ ਬੇਂਗਲੂਰ, ਹੈਦਰਾਬਾਦ, ਮੁੰਬਈ ਅਤੇ ਚੇਨਈ ਦੀ ਹਾਲਤ ਬਹੁਤ ਹੀ ਮਾੜੀ ਤੇ ਚਿੰਤਾਜਨਕ ਹੈ। ਇਨ੍ਹਾਂ ਸ਼ਹਿਰਾਂ ਦੇ ੪੪ ਫੀਸਦੀ ਬਜ਼ੁਰਗਾਂ ਨੇ ਦਸਿਆ ਕਿ ਪਬਲਿਕ ਅਸਥਾਨਾਂ ਪੁਰ, ਲੋਕੀ ਉਨ੍ਹਾਂ ਨਾਲ ਬਹੁਤ ਮਾੜਾ ਵਰਤਾਉ ਕਰਦੇ ਹਨ, ਜਦਕਿ ੫੩ ਫੀਸਦੀ ਬਜ਼ਰਗਾਂ ਨੂੰ ਸ਼ਿਕਾਇਤ ਹੈ ਕਿ ਸਮਾਜ ਹੀ ਉਨ੍ਹਾਂ ਨਾਲ ਵਿਤਕਰੇ ਭਰਿਆ ਵਿਹਾਰ ਕਰਦਾ ਹੈ। ੬੪ ਫੀਸਦੀ ਬਜ਼ੁਰਗਾਂ ਅਨੁਸਾਰ ਲੋਕੀ ਉਨ੍ਹਾਂ ਨਾਲ ਗਲਬਾਤ ਕਰਦਿਆਂ ਬਹੁਤ ਰੁਖਾ ਬੋਲਦੇ ਹਨ, ਜਦਕਿ ੧੨ ਫੀਸਦੀ ਬਜ਼ੁਰਗ ਮੰਨਦੇ ਹਨ ਕਿ ਜਦੋਂ ਉਹ ਕਿਸੇ ਥਾਂ ਤੇ ਲਗੀ ਲਾਈਨ ਵਿੱਚ ਅਗੇ ਖੜੇ ਹੁੰਦੇ ਹਨ ਤਾਂ ਲੋਕੀ ਉਨ੍ਹਾਂ ਵਿਰੁਧ ਵਿਅੰਗ ਭਰੇ ਬਹੁਤ ਕੌੜੇ ਸ਼ਬਦਾਂ ਦੀ ਵਰਤੋਂ ਕਰਨ ਲਗਦੇ ਹਨ।
ਕੁਝ ਹੀ ਮਹੀਨੇ ਪਹਿਲਾਂ ਦਿੱਲੀ ਹਾਈ ਕੋਰਟ ਦੇ ਵਿਦਵਾਨ ਜੱਜਾਂ ਨੇ, ਬਚਿਆਂ ਵਲੋਂ ਆਪਣੇ ਬਜ਼ਰਗਾਂ ਨਾਲ ਕੀਤੇ ਜਾ ਰਹੇ ਮਾੜੇ ਵਰਤਾਉ ਦੇ ਇੱਕ ਮਾਮਲੇ ਤੇ ਸੁਣਵਾਈ ਕਰਦਿਆਂ, ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦi ਦੇਖ-ਭਾਲ ਅਤੇ ਕਲਿਆਣ ਨਾਲ ਸੰਬੰਧਤ ਪ੍ਰਾਵਧਾਨਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਜੇ ਬੇਟਾ/ਬੇਟੀ ਅਪਣੇ ਸਰਪ੍ਰਸਤ ਦਾ ਸ਼ੋਸ਼ਣ ਕਰਦੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਸਰਪ੍ਰਸਤ ਦਾ ਅਧਿਕਾਰ ਹੈ ਕਿ ਉਹ ਉਨ੍ਹਾਂ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਘਰ ਵਿੱਚੋਂ ਬਾਹਰ ਕਢ ਦੇਵੇ।
ਆਪਣਿਆਂ ਹਥੋਂ ਹੀ ਸ਼ੋਸ਼ਣ: ਮਿਲੀ ਜਾਣਕਾਰੀ ਅਨੁਸਾਰ ਕਿ ਕੇਂਦਰੀ ਸਮਾਜਕ ਨਿਆਂ ਵਿਭਾਗ ਨੂੰ ਮਿਲ ਰਹੀਆਂ ਸ਼ਿਕਾਇਤਾਂ ਵਿਚੋਂ ਤਕਰੀਬਨ ੧੮ ਫੀਸਦੀ ਸ਼ਿਕਾਇਤਾਂ ਤਾਂ ਆਪਣੇ ਹੀ ਬਚਿਆਂ ਵਲੋਂ ਕੀਤੇ ਜਾ ਰਹੇ ਸ਼ੋਸ਼ਣ ਨਾਲ ਸੰਬੰਧਤ ਹੁੰਦੀਆਂ ਹਨ। ਪ੍ਰਬੰਧਕੀ ਸੁਧਾਰ ਅਤੇ ਜਨ-ਸ਼ਿਕਾਇਤ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਸੀਨੀਅਰ ਸਿਟੀਜ਼ਨ (ਬਜ਼ੁਰਗ) ਸਰੀਰਕ ਅਤੇ ਮਾਨਸਕ ਤੋਰ ਤੇ ਬਹੁਤ ਕਮਜ਼ੋਰ ਹੁੰਦੇ ਹਨ, ਇਸ ਹਾਲਤ ਵਿੱਚ ਉਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਪਰ ਬਚਿਆਂ ਵਲੋਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਣਾ ਹਾਲਾਤ ਨੂੰ ਖਰਾਬ ਕਰ ਦਿੰਦਾ ਹੈ। ਇਨ੍ਹਾਂ ਹਾਲਾਤ ਤੋਂ ਪ੍ਰੇਸ਼ਾਨ ਹੋ ਕੇ ਹੀ ਉਹ ਸਹਾਰੇ ਦੀ ਤਲਾਸ਼ ਵਿੱਚ ਸਰਕਾਰ ਜਾਂ ਹੋਰ ਸੰਸਥਾਵਾਂ ਵਲ ਵੇਖਣ ਲਗਦੇ ਹਨ ਤੇ ਬਚਿਆਂ ਦੇ ਵਰਤਾਉ ਦੀ ਸ਼ਿਕਾਇਤ ਕਰ ਮਦਦ ਦੀ ਮੰਗ ਕਰਦੇ ਹਨ। ਦਸਿਆ ਗਿਆ ਹੈ ਕਿ ਇਨ੍ਹਾਂ ਸ਼ਿਕਾਇਤਾਂ ਵਿੱਚ ਬਹੁਤੀਆਂ, ਬਚਿਆਂ ਵਲੋਂ ਜਾਇਦਾਦ ਨੂੰ ਲੈ ਕੇ ਪ੍ਰੇਸ਼ਾਨ ਕੀਤੇ ਜਾਣ ਨਾਲ ਸੰਬੰਧਤ ਹੁੰਦੀਆਂ ਹਨ।
ਇੱਕ ਰਿਪੋਰਟ ਅਨੁਸਾਰ ਬਜ਼ੁਰਗਾਂ ਦੀ ਦੇਖ-ਭਾਲ ਨਾਲ ਸੰਬੰਧਤ ਕਾਨੂੰਂਨ, ਮੈਂਟੇਂਨੇਸ ਐਂਡ ਵੈਲਫੇਅਰ ਆਫ ਪੇਰੰਟਸ ਐਂਡ ਸੀਨੀਅਰ ਸਿਟੀਜ਼ਨਸ ਐਕਟ-੨੦੦੭ ਦੇਸ਼ ਵਿੱਚ ਲਾਗੂ ਹੈ, ਪ੍ਰੰਤੂ ਇਸ ਪੁਰ ਢੰਗ ਨਾਲ ਅਮਲ ਨਹੀਂ ਹੋ ਰਿਹਾ। ਸਾਂਝੇ ਪਰਿਵਾਰਾਂ ਦੇ ਟੁੱਟਣ ਨਾਲ ਮੁਸ਼ਕਲਾਂ ਵੱਧ ਰਹੀਆਂ ਹਨ। ਬਹੁਤੇ ਮਾਮਲੇ ਜਾਇਦਾਦ ਦੀ ਵੰਡ ਨੂੰ ਲੈ ਭਰਾਵਾਂ ਵਿੱਚ ਵੱਧ ਰਹੇ ਝਗੜੇ ਅਤੇ ਫਲਸਰੂਪ ਮਾਂ-ਬਾਪ ਨੂੰ ਘਰੋਂ ਬੇਦਖਲ ਕਰ ਦੇਣ ਨਾਲ ਸੰਬੰਧਤ ਹੀ ਸਾਹਮਣੇ ਆ ਰਹੇ ਹਨ।
ਚੀਨ ਦਾ ਅਨੋਖਾ ਕਾਨੂੰਨ: ਦਸਿਆ ਜਾਂਦਾ ਹੈ ਕਿ ਚੀਨ ਵਿੱਚ ਅਜਿਹੇ ਬਜ਼ੁਰਗਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜਿਨ੍ਹਾਂ ਦੇ ਬਚਿਆਂ ਵਲੋਂ ਉਨ੍ਹਾਂ ਨੂੰ ਇਕਲਿਆਂ ਛੱਡ ਦਿੱਤਾ ਜਾਂਦਾ ਹੈ। ਇਨ੍ਹਾਂ ਹਾਲਾਤ ਨੂੰ ਸੰਭਾਲਣ ਲਈ ਇੱਕ ਕਾਨੂੰਨ ਰਾਹੀਂ ਬਾਲਗ ਬਚਿਆਂ ਲਈ ਨੇਮ ਨਾਲ ਇੱਕ ਨਿਸ਼ਚਿਤ ਸਮੇਂ ਵਿੱਚ ਆਪਣੇ ਬਜ਼ੁਰਗ ਮਾਤਾ-ਪਿਤਾ ਨਾਲ ਮਿਲਣਾ ਬਹੁਤ ਜ਼ਰੂਰੀ ਕਰ ਦਿੱਤਾ ਗਿਆ ਹੋਇਆ ਹੈ। ਜੇ ਉਨ੍ਹਾਂ ਵਲੋਂ ਅਜਿਹਾ ਨਾ ਕੀਤਾ ਜਾਏ ਤਾਂ ਮਾਤਾ-ਪਿਤਾ ਉਨ੍ਹਾਂ ਵਿਰੁਧ ਕਾਨੂੰਨੀ ਚਾਰਾਜੋਈ ਲਈ ਮੁਕਦਮਾ ਕਰ ਸਕਦੇ ਹਨ।
ਇੱਕ ਅਨੋਖੀ ਪਰੰਪਰਾ: ਭਾਰਤੀ ਪਰੰਪਰਾ ਅਨੁਸਾਰ ਪਿਤ੍ਰਪੱਖ ਦੇ ਮੌਕੇ ਜਿਥੇ ਸਾਡੇ ਦੇਸ਼, ਭਾਰਤ ਵਿੱਚ ਆਪਣੇ ਸਵਰਗੀ ਬਜ਼ੁਰਗਾਂ ਨੂੰ ਜਲ-ਅਰਪਣ ਕੀਤਾ ਜਾਂਦਾ ਹੈ, ਉਥੇ ਹੀ ਇੰਡੋਨੇਸ਼ੀਆ ਦੀ ਇੱਕ ਵਿਸ਼ੇਸ਼ ਜਨਜਾਤੀ ਕੁਝ ਅਨੋਖੇ ਹੀ ਢੰਗ ਨਾਲ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੀ ਹੈ। ਇੰਡੋਨੇਸ਼ੀਆ ਦੇ ਦਖਣੀ ਸੁਲਾਵੇਸੀ ਰਾਜ ਸਥਿਤ ਟੋਰਜਨ ਜਨਜਾਤੀ ਦੇ ਪਿੰਡਾਂ ਵਿੱਚ ਹਰ ਸਾਲ, ਅਗਸਤ ਦੇ ਮਹੀਨੇ ਤੁਹਾਨੂੰ ਉਥੇ ਚਹੁੰ-ਪਾਸੀਂ ਮੁਰਦੇ ਚਲਦੇ-ਫਿਰਦੇ ਨਜ਼ਰ ਅਉਂਦੇ ਹਨ। ਇਸਦਾ ਕਾਰਣ ਇਹ ਹੈ ਕਿ ਆਪਣੇ ਸਵਰਗੀ ਬਜ਼ੁਰਗਾਂ ਦੀਆਂ ਲਾਸ਼ਾਂ ਨੂੰ ਕਬਰਾਂ ਵਿੱਚੋਂ ਕਢ, ਘਰ ਲਿਆਣਾ, ਉਨ੍ਹਾਂ ਨੂੰ ਫਾਰਮਲਡਿਹਾਈਡ ਦੇ ਘੋਲ ਵਿੱਚ ਨੁਹਾ, ਨਵੇਂ-ਨਵੇਂ ਕਪੜੇ ਪਹਿਨਾ, ਇੱਕ ਕਮਰੇ ਵਿੱਚ ਰਖ, ਉਨ੍ਹਾਂ ਦੇ ਵਾਲਾਂ ਤੇ ਸ਼ਰੀਰ ਨੂੰ ਸਜਾਣ-ਸੰਵਾਰਨ ਦੇ ਨਾਲ ਹੀ, ਉਨ੍ਹਾਂ ਸਾਹਮਣੇ ਉਨ੍ਹਾਂ ਦੀਆਂ ਪਸੰਦ ਦੀਆਂ ਵਸਤਾਂ, ਜਿਵੇਂ ਚਸ਼ਮਾ, ਟੋਪੀ, ਸਿਗਰਟ ਤੇ ਖਾਣ ਆਦਿ ਰਖਣਾ, ਟੋਰਜਨਾਂ ਦੀ ਪਰੰਪਰਾ ਦਾ ਇੱਕ ਹਿੱਸਾ ਹੈ। ਉਹ ਸਾਲਾਨਾ ਖੇਤੀ ਅਨੁਸ਼ਠਾਨ ਮਨੇਨੇ ਦੇ ਦੌਰਾਨ ਆਪਣੇ ਪਰਿਵਾਰ ਦੇ ਸਵਰਗੀ ਮੈਂਬਰਾਂ ਦੀਆਂ ਲਾਸ਼ਾਂ ਨੂੰ ਪਿੰਡ ਵਿੱਚ ਘੁਮਾਂਦੇ ਹਨ।
ਇਸ, ਟੋਰਜਨ ਜਾਤੀ ਦੇ ਲੋਕੀ ਆਪਣੇ ਸਵਰਗੀ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਤੋਂ ਪਰਹੇਜ਼ ਨਹੀਂ ਕਰਦੇ। ਕਈ ਵਾਰ ਤਾਂ ਉਹ ਦਫਨਾਣ ਤੋਂ ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਹਫਤਿਆਂ ਜਾਂ ਵਰਿ੍ਹਆਂ ਬੱਧੀ ਘਰਾਂ ਵਿੱਚ ਹੀ ਰਖੀ ਰਖਦੇ ਹਨ। ਦਫਨਾ ਦਿੱਤੇ ਜਾਣ ਤੋਂ ਬਾਅਦ ਉਹ ਉਨ੍ਹਾਂ ਨੂੰ ਸਾਲਾਨਾ ਰਿਵਾਜ ਜਾਂ ਕਿਸੇ ਵਿਸ਼ੇਸ਼ ਮੌਕੇ ਤੇ ਕਬਰ ਵਿਚੋਂ ਕਢ ਘਰ ਲੈ ਆਉਂਦੇ ਹਨ। ਅਸਲ ਵਿੱਚ ਟੋਰਜਨ, ਗੁਜ਼ਰ ਚੁਕੇ ਲੋਕਾਂ ਨੂੰ ਮਰ ਗਿਆ ਨਹੀਂ ਮੰਨਦੇ, ਜੋ ਖੁਦ ਚਲ-ਫਿਰ ਨਹੀਂ ਸਕਦੇ। ਉਹ ਮੌਤ ਨੂੰ ਜੀਵਨ ਦਾ ਦੂਸਰਾ ਚਰਣ ਮੰਨਦੇ ਹਨ।
ਅਤੇ ਅੰਤ ਵਿੱਚ: ਅਜ ਦੇ ਸਮੇਂ ਵਿੱਚ ਜਦੋਂ ਕਿ ਜਨ-ਸੇਵਕ ਹੋਣ ਦੇ ਦਾਅਵੇਦਾਰ ਸਾਡੇ ਨੇਤਾਵਾਂ ਦਾ ਇੱਕ ਵੱਡਾ ਹਿੱਸਾ ਰਾਜਿਆਂ ਵਰਗਾ ਵਿਹਾਰ ਕਰਦਾ ਵਿਖਾਈ ਦੇਣ ਲਗਾ ਹੈ, ਏਪੀਜੇ ਅਬਦੁਲ ਕਲਾਮ ਨੇ ਆਪਣੇ ਰਾਸ਼ਟਰਪਤੀ-ਕਾਲ ਦੌਰਾਨ ਆਪਣੀ ਸਾਦਗੀ, ਘਟ ਖਰਚੇਲੂ ਤੇ ਈਮਾਨਦਾਰੀ ਦੀਆਂ ਕਈ ਅਪਨਾਣਯੋਗ ਮਿਸਾਲਾਂ ਛੱਡੀਆਂ ਹਨ। ਜੋ ਪ੍ਰੇਰਣਾ ਵੀ ਹੋ ਸਕਦੀਆਂ ਹਨ ਤੇ ਆਇਨਾ (ਸ਼ੀਸ਼ਾ) ਵੀ। ਦਸਿਆ ਗਿਆ ਹੈ ਕਿ ਇੱਕ ਵਾਰ ਕਲਾਮ ਦੇ ਕੁਝ ਰਿਸ਼ਤੇਦਾਰ, ਜਿਨ੍ਹਾਂ ਦੀ ਗਿਣਤੀ ੫੦-੬੦ ਦੇ ਕਰੀਬ ਹੋਵੇਗੀ, ਉਨ੍ਹਾਂ ਨੂੰ ਮਿਲਣ ਰਾਸ਼ਟਰਪਤੀ ਭਵਨ ਆਏ। ਸਟੇਸ਼ਨ ਤੋਂ ਸਾਰਿਆਂ ਨੂੰ ਰਾਸ਼ਟਰਪਤੀ ਭਵਨ ਲਿਆਂਦਾ ਗਿਆ। ਜਿਥੇ ਉਨ੍ਹਾਂ ਦੇ ਕੁਝ ਦਿਨ ਠਹਿਰਣ ਦਾ ਪ੍ਰੋਗਰਾਮ ਸੀ। ਉਨ੍ਹਾਂ ਨੂੰ ਲਿਆਣ, ਠਹਿਰਣ, ਖਾਣੇ ਅਤੇ ਛੱਡਣ ਜਾਣ ਤੱਕ ਦਾ ਸਾਰਾ ਖਰਚ, ਉਨ੍ਹਾਂ ਆਪਣੀ ਜੇਬ੍ਹ ਵਿਚੋਂ ਦਿੱਤਾ। ਉਨ੍ਹਾਂ ਵਲੋਂ ਸੰਬੰਧਤ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਸੀ ਕਿ ਇਨ੍ਹਾਂ ਮਹਿਮਾਨਾਂ ਲਈ ਰਾਸ਼ਟਰਪਤੀ ਭਵਨ ਦੀਆਂ ਕਾਰਾਂ ਇਸਤੇਮਾਲ ਨਹੀਂ ਕੀਤੀਆਂ ਜਾਣਗੀਆਂ। ਇਤਨਾ ਹੀ ਨਹੀਂ ਉਨ੍ਹਾਂ ਨੂੰ ਇਹ ਵੀ ਆਦੇਸ਼ ਸੀ ਕਿ ਇਨ੍ਹਾਂ ਦੇ ਰਾਸ਼ਟਰਪਤੀ ਭਵਨ ਵਿੱਚ ਰਹਿਣ ਅਤੇ ਖਾਣ-ਪੀਣ ਤੇ ਹੋਣ ਵਾਲੇ ਸਾਰੇ ਖਰਚੇ ਦਾ ਵੇਰਵਾ ਵਖਰਾ ਰਖਿਆ ਜਾਇਗਾ ਅਤੇ ਉਸਦਾ ਭੁਗਤਾਨ ਰਾਸ਼ਟਰਪਤੀ ਦੇ ਨਹੀਂ, ਸਗੋਂ ਕਲਾਮ ਦੇ ਨਿਜੀ ਖਾਤੇ ਵਿਚੋਂ ਹੋਵੇਗਾ। ਇੱਕ ਹਫਤੇ ਵਿੱਚ ਇਨ੍ਹਾਂ ਰਿਸ਼ਤੇਦਾਰਾਂ ਪੁਰ ਹੋਏ, ੩,੫੪,੯੨੪ ਰੁਪਏ ਦਾ ਕੁਲ ਖਰਚ ਦੇਸ਼ ਦੇ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਆਪਣੀ ਜੇਬ੍ਹ ਵਿਚੋਂ ਭਰਿਆ। ਆਪਣਾ ਕਾਰਜ-ਕਾਲ ਪੂਰਾ ਕਰ, ਜਦੋਂ ਉਹ ਰਾਸ਼ਟਰਪਤੀ ਭਵਨ ਵਿਚੋਂ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਵਿਦਾਇਗੀ ਸੰਦੇਸ਼ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ, ਵਿਦਾਇਗੀ ਕਿਹੀ, ਮੈਂ ਹੁਣ ਵੀ ਆਪਣੇ ਦੇਸ਼-ਵਾਸੀਆਂ ਨਾਲ ਹਾਂ। ਅੱਜ ਭਾਵੇਂ ਉਹ ਸਾਡੇ ਵਿੱਚ ਨਹੀਂ, ਫਿਰ ਵੀ ਉਹ ਆਪਣੇ ਸਮੁਚੇ ਦੇਸ਼-ਵਾਸੀਆਂ ਨਾਲ ਹਨ ਅਤੇ ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ਅੱਜ ਵੀ ਕਈਆਂ ਨੂੰ ਪ੍ਰੇਰਣਾ ਦੇਣ ਦਾ ਕੰਮ ਕਰ ਰਹੀਆਂ ਹਨ।
——————–00000————–

ਮੋਬਾਈਲ : 919582719890 ,

LEAVE A REPLY

Please enter your comment!
Please enter your name here