• ਪ੍ਰੀਤ ਲਾਈ ਤੂੰ ਇੱਕ ਪ੍ਰਮਾਤਮਾ ਨਾਲ, ਝੂਠੀ ਜੱਗ ਦੀ ਪ੍ਰੀਤ ਸੀ ਤੋੜ ਦਿੱਤੀ ।
    ਉਸ ਅਨਾਮੀ ਦੇ ਨਾਮ ਨੂੰ ਜਪ ਜਪ ਕੇ,ਸੁਰਤ ਸ਼ਬਦ ਦੇ ਵਿੱਚ ਸੀ ਜੋੜ ਦਿੱਤੀ ।
    ਰੂਹ ਸਦਾ ਹੀ ਪ੍ਰਭੂ ਦੇ ਗੀਤ ਗਾਵੇ,ਕੂੜ-ਰੀਤ ਦੁਨੀਆਂ ਵਾਲੀ ਤੋੜ ਦਿੱਤੀ ।
    ਜਾਤ-ਪਾਤ ਵਿੱਚ ਗ੍ਰਸੀ ਸੀ ਸੋਚ ਜਿਹੜੀ,ਇੱਕੋ ਜੋਤ ਦੇ ਵੱਲ ਨੂੰ ਮੋੜ ਦਿੱਤੀ ।

ਜਿਹੜੇ ਪੈਰਾਂ ਨੂੰ ਤੁਰਨ ਦੀ ਜਾਚ ਆ ਗਈ, ਉਨ੍ਹਾਂ ਵਾਸਤੇ ਨੈਣ ਵਿਛਾਏ ਤੂੰ ਤਾਂ ।
ਕੰਡੇ ਚੁਭਣ ਨਾ,ਕਿਤੇ ਨਾ ਪੈਣ ਅੱਟਣ, ਖਾਤਰ ਉਨ੍ਹਾਂ ਦੀ ਜੋੜੇ ਬਣਾਏ ਤੂੰ ਤਾਂ ।
ਅੱਗੇ ਲੱਗ ਕੇ ਚਲਣਾ ਦੱਸਿਆ ਸੀ, ਸੱਚੇ ਮਾਰਗ ਦੇ ਪੂਰਨੇ ਪਾਏ ਤੂੰ ਤਾਂ ।
ਅਸਲ ਵਿੱਚ ਸੁੱਚੇ ‘ਸੁੱਚੀ ਕਿਰਤ ਵਾਲੇ’, ਸੁੱਚ-ਜੂਠ ਦੇ ਭੇਦ ਸਮਝਾਏ ਤੂੰ ਤਾਂ ।

ਆਈ ਮੱਥੇ ਤਰੇਲੀ ਸੀ ਬ੍ਰਾਹਮਣਾਂ ਦੇ, ਮਾਲਕ ਨਾਲ ਜਾਂ ਤੱਕਿਆ ਪਿਆਰ ਤੇਰਾ ।
ਊਚ ਨੀਚ ਬਿਰਤੀ ਜੜ੍ਹੋਂ ਹਿੱਲ ਗਈ ਸੀ, ਇੱਕੋ ਜਿਹਾ ਸਭ ਖਾਤਰ ਵਿਵਹਾਰ ਤੇਰਾ ।
ਨੀਚ ਸਮਝ ਤੈਨੂੰ ਘਿਰਣਾ ਕਰਨ ਜਿਹੜੇ,ਉਹਨਾਂ ਲਈ ਵੀ ਖੁਲ੍ਹਾ ਦਰਬਾਰ ਤੇਰਾ ।
ਸ਼ਰਮਸ਼ਾਰ ਹੋਏ ਸਾਰੇ ਕਰਮ-ਕਾਂਡੀ, ਨਾਲ ਨਿਮਰਤਾ ਰਿਦਾ ਸਰਸ਼ਾਰ ਤੇਰਾ ।

ਪ੍ਰਭੂ-ਪ੍ਰੀਤ ਦੇ ਜ਼ਜ਼ਬੇ ਜੋ ਭਰੇ ਦਿਲ ਵਿੱਚ,ਅਮਰ-ਸ਼ਬਦਾਂ ਦੇ ਅੰਦਰ ਸੰਭਾਲ ਦਿੱਤੇ ।
ਰਾਗ ਅਤੇ ਸੰਗੀਤ ਦੀ ਛੋਹ ਦੇ ਕੇ, ਉਚੀ ਸੁਰਤ ਦੇ ਉਚੇ ਖਿਆਲ ਦਿੱਤੇ ।
ਆਦਿ-ਗ੍ਰੰਥ ਖਜ਼ਾਨੇ ਲਈ ਗੁਰੂ ਅਰਜਨ ,ਜੌਹਰੀ ਬਣ ਹੀਰੇ ਸਨ ਭਾਲ ਦਿਤੇ ।

ਸਿੱਖ-ਗੁਰੂ-ਪਰਮਾਤਮਾ ਇੱਕ ਹੋਇਆ,ਪਰਦੇ ਸਾਰੇ ਦੇ ਸਾਰੇ ਉਠਾਲ਼ ਦਿੱਤੇ ।

ਤੈਨੂੰ ਭਗਤ ਆਖਾਂ ਜਾਂ ਮੈਂ ਗੁਰੂ ਆਖਾਂ,ਹਰੀ ਆਖਾਂ ਜਾਂ ਹਰੀ ਦਾ ਦਾਸ ਆਖਾਂ ।
ਰਵੀ ਕਈਆਂ ਤੋਂ ਵਧ ਕੇ ਤੇਜ ਤੇਰਾ,ਕਿੱਦਾਂ ਦੱਸ ਖਾਂ ‘ਰਵੀ’ ਦਾ ‘ਦਾਸ’ ਆਖਾਂ ।
ਇੱਧਰ ਉਧਰ ਹਰ ਥਾਂ ਤੂੰ ਹੀਂ ਨਜ਼ਰ ਆਵੇਂ,ਆਮ ਆਖਾਂ ਜਾਂ ਮੈਂ ਤੈਨੂੰ ਖਾਸ ਆਖਾਂ ।
ਤੋਹੀ ਮੋਹੀ ਵਿੱਚ ਫਰਕ ਨਾ ਰਿਹਾ ਕੋਈ,ਤੂੰ ਹੀ ਤੂੰ ਹੀ ਬੱਸ ਸਾਸ ਗਿਰਾਸ ਆਖਾਂ ।

“ਮੋਹ-ਫਾਸ” ਵਿੱਚ ਫਸਿਆ ਹਾਂ ਅਜੇ ਤੀਕਰ,ਕਿਵੇਂ ਛੁੱਟਾਂਗਾ ਏਸ ਜੰਜਾਲ ਵਿੱਚੋਂ ।
ਨਾਮ ਸਿਮਰਨ ਦਾ ਵੱਲ ਨਾ ਜਾਣਦਾ ਹਾਂ,ਤਾਹੀਂਓਂ ਜਾਂਦੇ ਨਹੀਂ ਖਿੰਡੇ ਖਿਆਲ ਵਿੱਚੋਂ ।
ਜਿਵੇਂ ਹਰੀ ਨੂੰ ਬੰਨਿਐ “ਪ੍ਰੇਮ-ਬੰਧਨ”,ਜਾਚ ਮੈਨੂੰ ਵੀ ਓਹੀ ਸਿਖਾਲ਼ ਵਿੱਚੋਂ ।
“ਬੇਗਮਪੁਰੇ” ਦਾ ਵਾਸੀ ਬਣਾ ਕੇ ਤੇ ,ਮੈਲ਼ ਧੋ ਦੇ ਸਾਰੀ ‘ਰੁਪਾਲ’ਵਿੱਚੋਂ ।
——————–00000———————
ਲੈਕਚਰਰ ਅਰਥ-ਸ਼ਾਸ਼ਤਰ,
ਸ.ਸ.ਸ.ਸਕੂਲ,ਭੈਣੀ ਸਾਹਿਬ(ਲੁਧਿਆਣਾ)

LEAVE A REPLY

Please enter your comment!
Please enter your name here