ਬੋਲ ਚਾਲ,ਕੁਝ ਕਹਿਣਾ, ਕਿਸੇ ਲਈ ਸ਼ਬਦਾਂ ਦੀ ਵਰਤੋਂ ਕਰਨਾ,ਦੂਸਰੇ ਲਈ ਕੀ ਫਾਇਦਾ ਨੁਕਸਾਨ ਕਰਦਾ ਹੈ ਬਾਦ ਦੀ ਗੱਲ ਹੈ,ਤੁਹਾਡੇ ਬਾਰੇ ਸੱਭ ਕੁਝ ਬਿਆਨ ਹੋ ਜਾਂਦਾ ਹੈ।ਸਿਆਣੇ ਠੀਕ ਹੀ ਕਹਿੰਦੇ ਹਨ ਕਿ ਜ਼ੁਬਾਨ ਵਿੱਚ ਹੱਡੀ ਨਹੀਂ,ਤਿੱਖੀ ਨਹੀਂ ਪਰ ਜੋ ਜ਼ਖਮ ਜ਼ੁਬਾਨ ਦਿੰਦੀ ਹੈ ਉਹ ਜ਼ਿੰਦਗੀ ਭਰ ਨਹੀਂ ਭਰਦੇ ਤੇ ਨਾ ਹੀ ਠੀਕ ਹੁੰਦੇ ਹਨ,ਏਹ ਰੱਸਦੇ ਰਹਿੰਦੇ ਹਨ।ਜ਼ੁਬਾਨ ਵਿੱਚੋਂ ਨਿਕਲੇ ਸ਼ਬਦ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ,ਜੋੜੀ ਰੱਖਦੇ ਹਨ ਤੇ ਤੋੜਨ ਤੇ ਰਿਸ਼ਤਿਆਂ ਨੂੰ ਖਤਮ ਕਰਨ ਵਿੱਚ ਇਸਦਾ ਬਹੁਤ ਵੱਡਾ ਯੋਗਦਾਨ ਹਮੇਸ਼ਾ ਰਿਹਾ ਹੈ ਤੇ ਰਹੇਗਾ।ਵਧੀਆ ਸ਼ਬਦਾਂ ਦੀ ਵਰਤੋਂ ਤੁਹਾਡਾ ਵੀ ਭਲਾ ਕਰ ਦਿੰਦਾ ਹੈ ਤੇ ਦੂਸਰੇ ਦਾ ਵੀ।ਅੱਜਕਲ ਕਪੜਿਆਂ,ਘਰ ਤੇ ਕਾਰ ਤੋਂ ਲੋਕਾਂ ਦਾ ਹਿਸਾਬ ਕਿਤਾਬ ਲਗਾਉਂਦੇ ਹਨ ਪਰ ਕਈ ਵਾਰ ਜਦੋਂ ਉਹ ਬੋਲਦੇ ਹਨ ਤਾਂ ਸਾਹਮਣੇ ਵਾਲਾ ਵੀ ਸੋਚਦਾ ਹੈ ਇਸ ਨਾਲੋਂ ਚੰਗਾ ਸੀ ਮੂੰਹ ਨਾ ਹੀ ਖੋਲਦਾ।ਗੱਲ ਕਰਨ ਦਾ ਸਲੀਕਾ ਏਹ ਨਹੀਂ ਕਿ ਤੁਸੀਂ ਗੱਲ ਨਾ ਕਰਨ ਵਿੱਚ ਆਪਣੀ ਇੱਜ਼ਤ ਸਮਝਦੇ ਹੋ।ਮਹਿੰਗੇ ਕਪੜੇ ਤੇ ਇੱਕ ਵੱਖਰੇ ਅੰਦਾਜ਼ ਵਿੱਚ ਦੂਸਰਿਆਂ ਤੋਂ ਦੂਰ ਰਹਿਣਾ, ਤੁਹਾਡੇ ਵਿੱਚਲੇ ਹੰਕਾਰ ਨੂੰ ਵਿਖਾ ਜਾਂਦਾ ਹੈ।ਮਹਿੰਗੇ ਪਾਏ ਹੋਏ ਕਪੜੇ -ਜੁੱਤੇ ਤੁਹਾਡੇ ਲਈ ਮਹੱਤਵ ਰੱਖਦੇ ਹੋਣਗੇ, ਸਾਹਮਣੇ ਖੜੇ ਤੇ ਉਥੇ ਇਕੱਠੇ ਹੋਏ ਲੋਕਾਂ ਵਾਸਤੇ ਉਸ ਸੱਭ ਦੀ ਕੀਮਤ,ਕੁਝ ਵੀ ਹੋਵੇ ਕੋਈ ਮਾਇਨੇ ਨਹੀਂ ਰੱਖਦੀ।ਜਦੋਂ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਤੁਹਾਡੇ ਵਿਖਾਵੇ ਲਈ ਪਾਏ ਕਪੜਿਆਂ ਦੀ ਪੋਲ ਖੁੱਲ ਜਾਂਦੀ ਹੈ।ਕਈ ਵਾਰ ਨਹੀਂ, ਆਮ ਕਰਕੇ ਤਲਖੀ ਨਾਲ ਬੋਲਣ ਕਰਕੇ ਬਣਿਆ ਹੋਇਆ ਕੰਮ ਵੀ ਵਿਗੜ ਜਾਂਦਾ ਹੈ।ਜਦੋਂ ਗੁੱਸੇ ਨਾਲ ਜ਼ੋਰ ਜ਼ੋਰ ਦੀ ਬੋਲਿਆ ਜਾਂਦਾ ਹੈ ਤਾਂ ਮਾਨਸਿਕ ਤੌਰ ਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ,ਸਰੀਰ,ਸੋਤ ਤੇ ਵਿਚਾਰ ਸੱਭ ਨੂੰ ਏਹ ਏਹ ਪ੍ਰਭਾਵਿਤ ਕਰਦਾ ਹੈ।ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਤੇ ਸੇਧ ਦਿੰਦੇ ਹਨ,”ਨਾਨਕ ਫਿਕੈ ਬੋਲੀਐ ਤਨ ਮਨ ਫਿਕਾ ਹੋਇ।।ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।”ਜੋ ਇਨਸਾਨ ਬੇਰਸਾ,ਭੱਦਾ,ਗੰਦਾ ਤੇ ਘਟੀਆ ਸ਼ਬਦ ਬੋਲਦਾ ਹੈ,ਉਸਦਾ ਵਿਅਕਤੀਤਵ ਤੇ ਸੋਚ ਵੀ ਇਵੇਂ ਦੀ ਹੋ ਜਾਂਦੀ ਹੈ।ਕਿਸੇ ਦੀ ਪਿੱਠ ਪਿੱਛੇ ਭੈੜੀ ਸ਼ਬਦਾਵਲੀ ਵਰਤਣੀ,ਤੁਹਾਡੇ ਆਪਣੇ ਚੈਨ ਤੇ ਖੁਸ਼ੀ ਨੂੰ ਖਤਮ ਕਰ ਦਿੰਦੇ ਹਨ।ਮਿੱਠਾ ਬੋਲਣਾ, ਹੱਸਕੇ ਬੋਲਣਾ, ਪਿਆਰ ਨਾਲ ਬੋਲਣਾ, ਲੋਕਾਂ ਵਿੱਚ ਹਰਮਨ ਪਿਆਰਾ ਬਣਾਉਂਦਾ ਹੈ,ਮਾਨਸਿਕ ਊਰਜਾ ਫਜ਼ੂਲ ਵਿੱਚ ਬਰਬਾਦ ਨਹੀਂ ਹੁੰਦੀ, ਲੋਕ ਤੁਹਾਡੇ ਨਾਲ ਗੱਲ ਕਰਨੀ ਤੇ ਸੰਗਤ ਕਰਨੀ ਪਸੰਦ ਕਰਨਗੇ।ਨਿਮਰਤਾ ਇੱਕ ਵਰਦਾਨ ਹੈ।ਵੱਡੇ ਤੋਂ ਵੱਡਾ ਕੰਮ ਕਈ ਵਾਰ ਸਿਰਫ਼ ਦੋ ਮਿੱਠੇ ਸ਼ਬਦਾਂ ਨਾਲ ਸਿਰੇ ਚੜ੍ਹ ਜਾਂਦਾ ਹੈ।ਕਈ ਵਾਰ ਘਰਾਂ ਵਿੱਚ ਗੱਲ ਕਿਸੇ ਛੋਟੀ ਵਜਹਾ ਤੋਂ ਸ਼ੁਰੂ ਹੁੰਦੀ ਹੈ, ਫਿਰ ਬਹਿਸ ਤੇ ਉਸ ਤੋਂ ਬਾਦ ਲੜਾਈ ਦਾ ਰੂਪ ਧਾਰਨ ਕਰ ਜਾਂਦੀ ਹੈ।ਕਈ ਵਾਰ ਝਗੜਾ ਖਤਮ ਕਰਨ ਵਾਸਤੇ ਇੱਕ ਧਿਰ ਚੁੱਪ ਰਹਿੰਦੀ ਹੈ ਪਰ ਦੂਸਰਾ ਉਸਨੂੰ ਉਸਦੀ ਕਮਜ਼ੋਰੀ ਸਮਝਦਾ ਹੈ।ਸਿਆਣਿਆਂ ਨੇ ਠੀਕ ਹੀ ਕਿਹਾ ਹੈ,”ਇੱਜ਼ਤ ਵਾਲਾ ਅੰਦਰ ਵੜੇ ਮੂਰਖ ਕਹੇ ਮੈਥੋਂ ਡਰੇ”।ਜਦੋਂ ਨਿਮਰਤਾ ਤੇ ਸਾਫ਼ ਨੀਅਤ ਹੁੰਦੀ ਹੈ ਤਾਂ ਉਸ ਵਕਤ ਭਲੇ ਤੇ ਮਿੱਠੇ ਸ਼ਬਦਾਂ ਦੇ ਬੋਲਣ ਦਾ ਅੰਦਾਜ਼, ਕਹਿਣ ਦਾ ਤਰੀਕਾ ਤੇ ਤੁਹਾਡੇ ਵਿਅਕਤੀਤਵ ਦਾ ਪ੍ਰਭਾਵ ਵੱਖਰਾ ਪੈਂਦਾ ਹੈ।ਤੁਹਾਡੀ ਹਾਜ਼ਰੀ ਇੱਕ ਵੱਖਰੀ ਊਰਜ਼ਾ ਦੇਂਦੀ ਹੈ ਮਾਹੌਲ ਨੂੰ।ਹਰ ਇੱਕ ਨੂੰ ਨੀਵਾਂ ਵਿਖਾਉਣਾ,ਗੱਲ ਗੱਲ ਤੇ ਦੂਸਰਿਆਂ ਨੂੰ ਬੁਰਾ ਕਹਿਣਾ, ਅਖੀਰ ਵਿੱਚ ਉਹ ਖੁਦ ਦੇ ਵਿਅਕਤੀਤਵ ਦਾ ਹਿੱਸਾ ਬਣ ਜਾਂਦੀ ਹੈ।ਇਸ ਤਰ੍ਹਾਂ ਦੇ ਸੁਭਾਅ ਵਾਲੇ ਨੂੰ ਲੋਕ ਹੌਲੀ ਹੌਲੀ ਇਕੱਲਾ ਕਰ ਦਿੰਦੇ ਹਨ,ਉਸਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਹੁੰਦਾ।ਪੈਸੇ ਨਾਲ ਤੁਸੀਂ ਸਾਰੇ ਲੋਕਾਂ ਨੂੰ ਆਪਣੇ ਪਿੱਛੇ ਨਹੀਂ ਲਗਾ ਸਕਦੇ ਤੇ ਪੈਸੇ ਕਰਕੇ ਸਾਰੇ ਤੁਹਾਡੇ ਭੈੜੇ ਸ਼ਬਦਾਂ ਤੇ ਗੱਲਾਂ ਨੂੰ ਨਹੀਂ ਸੁਣਨਗੇ।ਸਾਂਤ ਹੋਵੋਗੇ ਤਾਂ ਵਧੀਆ ਸੋਚ ਸਕੋਗੇ।ਮਿੱਠਾ ਤੇ ਭਲਾ ਬੋਲਣਾ ਜਿਥੇ ਖੁਦ ਦਾ ਭਲਾ ਕਰਦਾ ਹੈ ਉਥੇ ਦੂਸਰੇ ਨੂੰ ਵੀ ਭਲਾ ਤੇ ਚੰਗਾ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ।ਜ਼ੁਬਾਨ ਵਿੱਚੋਂ ਨਿਕਲੇ ਸ਼ਬਦ ਤੇ ਤੀਰ ਕਮਾਨ ਵਿੱਚੋਂ ਨਿਕਲਿਆ ਤੀਰ ਕਦੇ ਵਾਪਿਸ ਨਹੀਂ ਆਉਂਦੇ।ਬੋਲਣ ਤੋਂ ਪਹਿਲਾਂ ਸੋਚ ਲੈਣਾ ਬੇਹਤਰ ਹੈ।ਇੱਕ ਨਿੱਕੀ ਜਿਹੀ ਪੁਰਾਣੀ ਕਹਾਣੀ ਹੈ,ਕੋਈ ਫਕੀਰ ਰੋਜ਼ ਗਜ਼ਾ ਕਰਕੇ ਰੋਟੀ ਲੈਕੇ ਜਾਂਦਾ ਸੀ।ਇੱਕ ਘਰ ਗਿਆ ਮਾਈ ਰੋਟੀ ਬਣਾ ਰਹੀ ਸੀ,ਉਸਨੇ ਵਿਹੜੇ ਵਿੱਚ ਮੱਝ ਵੇਖੀ ਤੇ ਮਾਈ ਨੂੰ ਕਹਿਣ ਲੱਗਾ, ਮਾਈ ਮੱਝ ਸੋਹਣੀ ਹੈ ਤਕੜੀ ਹੈ ਪਰ ਜੇ ਮਰ ਜਾਏ ਤਾਂ ਦਰਵਾਜ਼ੇ ਤੋਂ ਬਾਹਰ ਕਿਵੇਂ ਕੱਢੋਗੇ,ਦਰਵਾਜ਼ਾ ਛੋਟਾ ਹੈ।ਮਾਈ ਨੂੰ ਚੰਗਾ ਨਹੀਂ ਲੱਗਾ ਉਸਨੇ ਜਿਵੇਂ ਦਾ ਕੱਚਾ ਪੱਕਾ ਭੋਜਨ ਬਣਿਆ ਸੀ ਉਸਦੀ ਝੋਲੀ ਪਾ ਦਿੱਤਾ।ਉਸ ਵਿੱਚੋਂ ਪਾਣੀ ਚੋਅ ਰਿਹਾ ਸੀ,ਲੋਕਾਂ ਨੇ ਪੁੱਛਿਆ ਬਾਬਾ ਏਹ ਪਾਣੀ ਕਿਉਂ ਚੋ ਰਿਹਾ ਹੈ?ਉਹ ਅੱਗੋਂ ਜਵਾਬ ਦੇ ਰਿਹਾ ਸੀ ਪਾਣੀ ਨਹੀਂ ਮੇਰੀ ਜ਼ੁਬਾਨ ਦੇ ਬੋਲੇ ਸ਼ਬਦਾਂ ਦਾ ਰਸ ਚੋ ਰਿਹਾ ਹੈ।ਜ਼ੁਬਾਨ ਦੇ ਨਾਲ ਪਰਾਇਆਂ ਨੂੰ ਆਪਣੇ ਤੇ ਆਪਣਿਆਂ ਨੂੰ ਪਰਾਏ ਬਣਾ ਦੇਣ ਦੀ ਤਾਕਤ ਹੈ।ਜ਼ੁਬਾਨ ਤੁਹਾਡੀ ਮੂਰਖਤਾ ਨੂੰ ਵਿਖਾ ਦੇਂਦੀ ਹੈ ਜਦੋਂ ਤੁਸੀਂ ਇਸਦੀ ਵਰਤੋਂ ਦੱਸ ਬੰਦਿਆਂ ਵਿੱਚ ਬੈਠਕੇ,ਵੱਡੇ ਛੋਟੇ ਦੀ ਪ੍ਰਵਾਹ ਕੀਤੇ ਬਗੈਰ ਕਰਦੇ ਹੋ।ਜ਼ੁਬਾਨ ਤੋਂ ਮਿੱਠੇ ਤੇ ਭਲੇ ਸ਼ਬਦਾਂ ਦੀ ਵਰਤੋਂ ਕਰੋ,ਇਸ ਨਾਲ ਆਪਣਾ ਵੀ ਭਲਾ ਤੇ ਦੂਸਰੇ ਦਾ ਵੀ ਭਲਾ ਹੋ ਜਾਂਦਾ ਹੈ,ਏਹ ਸੁਤੇ ਸਿਧ ਹੋ ਜਾਂਦਾ ਹੈ।ਇੱਕ ਸਧਾਰਨ ਤੇ ਮਹੱਤਵਪੂਰਨ ਗੱਲ ਯਾਦ ਰੱਖੋ,ਭਲਾ ਬੋਲਣਾ ਹੀ ਭਲਾ ਕਰ ਦਿੰਦਾ ਹੈ।

LEAVE A REPLY

Please enter your comment!
Please enter your name here