ਕੁਝ ਹੀ ਸਮਾਂ ਹੋਇਆ ਹੈ ਕਿ ਭਾਰਤੀ ਰਾਜਨੀਤੀ ਵਿੱਚ ਸਹਿਣਸ਼ੀਲਤਾ ਅਤੇ ਅਸਹਿਣਸ਼ੀਲਤਾ ਦੀ ਸੋਚ ਨੂੰ ਲੈ ਬੜੇ ਜ਼ੋਰ-ਸ਼ੋਰ ਨਾਲ ਚਰਚਾ ਹੁੰਦੀ ਰਹੀ। ਇਸੇ ਹੀ ਮੁੱਦੇ ਨੂੰ ਲੈ, ਸੰਸਦ ਦੇ ਦੋਹਾਂ ਸਦਨਾਂ ਵਿੱਚ ਵੀ ਤਕੜੀ ਬਹਿਸ ਹੋਈ। ਜਿਥੇ ਵਿਰੋਧੀ ਧਿਰ ਨੇ ਸੱਤਾਧਾਰੀ ਧਿਰ ਪੁਰ ਅਸਹਿਣਸ਼ੀਲਤਾ ਨੂੰ ਉਤਸਾਹਿਤ ਕਰਨ ਦਾ ਦੋਸ਼ ਲਾਉਂਦਿਆਂ, ਉਸਦੇ ਕਈ ਸਾਂਸਦਾਂ ਤੇ ਸਹਿਯੋਗੀ ਜਥੇਬੰਦੀਆਂ ਦੇ ਜ਼ਿਮੇਂਦਾਰ ਆਗੂਆਂ ਵਲੋਂ ਘਟ-ਗਿਣਤੀਆਂ ਵਿਰੁਧ ਨਫਰਤ ਅਤੇ ਜ਼ਹਿਰ ਭਰੇ ਦਿੱਤੇ ਜਾ ਰਹੇ ਭੜਕਾਊ ਬਿਆਨਾਂ ਦਾ ਹਵਾਲਾ ਦਿੱਤਾ, ਉਥੇ ਹੀ ਸੱਤਾਧਾਰੀ ਧਿਰ ਨੇ ਭੜਕਾਊ ਬਿਆਨ ਦੇਣ ਵਾਲੇ ਆਪਣੇ ਮੁੱਖੀਆਂ ਨੂੰ ਚਿਤਾਵਨੀ ਦਿੰਦਿਆਂ ਰਹਿਣ ਅਤੇ ਉਨ੍ਹਾਂ ਦੇ ਵਿਚਾਰਾਂ ਕੋਈ ਸੰਬੰਧ ਨਾ ਹੋਣ ਦਾ ਦਾਅਵਾ ਕਰਦਿਆਂ ਆਪਣੇ-ਆਪਨੂੰ ਨਿਰਦੋਸ਼ ਅਤੇ ਵਿਰੋਧੀ ਧਿਰ ਪੁਰ ਅਸਹਿਣਸ਼ੀਲਤਾ ਨੂੰ ਬੇਲੋੜਾ ਮੁੱਦਾ ਬਣਾ ਉਸਨੂੰ ਤੂਲ ਦੇਣ ਦਾ ਦੋਸ਼ ਲਾ, ਉਸਨੂੰ ਕਟਹਿਰੇ ਵਿੱਚ ਖੜਿਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮਤਲਬ ਇਹ ਕਿ ਇਹਨਾਂ ਦੋਹਾਂ ਸਰਵੁੱਚ ਸਦਨਾਂ ਵਿੱਚ ਬਹਿਸ ਤਾਂ ਬਹੁਤ ਲੰਬੀ ਚਲੀ ਪਰ ਨਤੀਜਾ ‘ਜ਼ੀਰੋ’ ਹੀ ਰਿਹਾ। ਅਰਥਾਤ ਪਰਨਾਲਾ ਉਥੇ ਦਾ ਉਥੇ ਹੀ।
ਸੰਸਦ ਵਿੱਚ ਸਹਿਣਸ਼ੀਲਤਾ ਦੇ ਵਿਸ਼ੇ ਪੁਰ ਹੋਈ ਲੰਮੀ-ਚੌੜੀ ਤੇ ਗਰਮਾ-ਗਰਮ ਬਹਿਸ ਦਾ ਭਾਵੇਂ ਕੋਈ ਨਤੀਜਾ ਨਹੀਂ ਨਿਕਲਿਆ। ਫਿਰ ਵੀ ਸੰਸਦ ਵਿੱਚ ਚਲ ਰਹੀ ਚਰਚਾ ਦੌਰਾਨ ਇੱਕ ਵਿਅੰਗ ਲੇਖਕ, ਨੀਰਜ ਬਧਵਾਰ ਨੂੰ ਇਸ ਪੁਰ ਆਪਣੀ ਕਲਮ ਚਲਾਣ ਦਾ ਮਸਾਲਾ ਜ਼ਰੂਰ ਮਿਲ ਗਿਆ। ਸੋ ਉਸਨੇ ਅਸਹਿਣਸ਼ੀਲਤਾ ਇਤਨੀ ਕਿ ਕਾਲਾ ਧਨ ਵੀ ਭਾਰਤ ਨਹੀਂ ਆਉਣਾ ਚਾਹੁੰਦਾ ਵਿਸ਼ੇ ਨੂੰ ਸਪੁਰਦ-ਏ-ਕਲਮ ਕਰਦਿਆਂ ਲਿਖਿਆ ਕਿ (ਦੇਸ਼ ਦੇ) ਹਾਲਾਤ ਬਹੁਤ ਹੀ ਉਲਟੇ-ਪੁਲਟੇ ਹਨ। ਜੋ ਲੋਕੀ ਕਲ ਤੱਕ ਆਪਣੇ ਨਾਲ ਅਸਹਿਮਤੀ ਰਖਣ ਵਾਲਿਆਂ ਨੂੰ ਦੇਸ਼ ਛੱਡ ਜਾਣ ਦੀ ਸਲਾਹ ਦੇ ਰਹੇ ਸਨ, ਉਹੀ ਅੱਜ ਇਸ ਗਲ ਤੇ ਇਤਰਾਜ਼ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਉਹ ਦੇਸ਼ ਛੱਡਣ ਦੀ ਸਲਾਹ ਦੇ ਰਹੇ ਸਨ, ਉਹ (ਉਨ੍ਹਾਂ ਨੂੰ ਦਸੇ ਬਿਨਾਂ) ਦੇਸ਼ ਛੱਡਣ ਦੀ ਗਲ ਕਿਉਂ ਕਰ ਰਿਹਾ ਹੈ? ਜਿਸਤੋਂ ਤਾਂ ਇਉਂ ਜਾਪਦਾ ਹੈ, ਜਿਵੇਂ ਉਹ ਕਹਿ ਰਹੇ ਹੋਣ ਕਿ ਜੇ ਦੇਸ਼ ਛੱਡਣਾ ਹੀ ਹੈ ਤਾਂ ਸਾਨੂੰ ਕਿਉਂ ਨਹੀਂ ਦਸਿਆ, ਅਸੀਂ ਆਪਣੇ ਵਾਲੇ ਟਰੈਵਲ ਏਜੰਟ ਪਾਸੋਂ, ਉਸਦੀ ਟਿਕਟ ਬੁਕ ਕਰਵਾ ਦਿੰਦੇ, ਜਿਸ ਨਾਲ ਸਾਡਾ ਵੀ ਕਮਿਸ਼ਨ ਬਣ ਜਾਂਦਾ।
ਅੱਜ ਜਿਹੜੇ ਲੋਕੀ ਦੂਜਿਆਂ ਨੂੰ ਦੇਸ ਛੱਡ ਜਾਣ ਦੀ ਸਲਾਹ ਦਿੰਦੇ ਰਹੇ, ਕੁਝ ਸਮੇਂ ਬਾਅਦ ਉਹੀ ਇਹ ਸ਼ਿਕਾਇਤ ਕਰਨ ਲਗ ਪਦੇ ਸਨ ਕਿ ਪ੍ਰਧਾਨ ਮੰਤਰੀ ਦੇਸ਼ ਵਿੱੱੱਚ ਟਿਕਦੇ ਕਿਉਂ ਨਹੀਂ? ਸਰਕਾਰ ਵੀ ਚਾਹੇ ਤਾਂ ਅੱਗੇ ਵੱਧ, ਕਹਿ ਸਕਦੀ ਹੈ ਕਿ ਅੱਜ ਦੇਸ਼ ਵਿੱਚ ਅਸਹਿਣਸ਼ੀਲਤਾ ਇਤਨੀ ਵੱਧ ਗਈ ਹੈ ਕਿ ‘ਕਾਲਾ ਧਨ’ ਵੀ ਭਾਰਤ ਆਉਣ ਨੂੰ ਤਿਆਰ ਨਹੀਂ। ਉਸਨੂੰ ਵੀ ਡਰ ਹੈ ਕਿ ਜਦੋਂ ਕਿ ਧਰਮ ਦੇ ਅਧਾਰ ਤੇ ਲੋਕਾਂ ਨਾਲ ਵਿਤਕਰਾ ਕੀਤਾ ਜਾ ਸਕਦਾ ਹੈ, ਤਾਂ ਫਿਰ ਕੀ ਗਰੰਟੀ ਹੈ ਕਿ ਰੰਗ ਦੇ ਅਧਾਰ ਤੇ ਉਸ ਨਾਲ ਵੀ ਵਿਤਕਰਾ ਨਹੀਂ ਹੋਣ ਲਗਾ, ਕਿਉਂਕਿ ਉਹ ਵੀ ਕਾਲਾ ਹੈ।
ਹੈਰਾਨੀ ਦੀ ਗਲ ਇਹ ਹੈ ਅਸਹਿਣਸ਼ੀਲਤਾ ਨੂੰ ਕੋਸਣ ਵਾਲੇ ਵੀ ਆਪਾ-ਵਿਰੋਧੀ ਗਲਾਂ ਕਰਨ ਲਗ ਪਏ ਹਨ। ਇੱਕ ਪਾਸੇ ਤਾਂ ਉਹ ਇਹ ਸ਼ਿਕਾਇਤ ਕਰਦਿਆਂ ਥਕਦੇ ਨਹੀਂ ਕਿ ਜ਼ਰਾ-ਜਿਹੀ ਗਲ ਤੇ ਲੋਕੀ ਭੜਕ ਉਠਦੇ ਹਨ, ਉਥੇ ਹੀ ਦੂਸਰੇ ਪਾਸੇ ਉਹ ਇਹ ਵੀ ਕਹਿ ਦਿੰਦੇ ਹਨ ਕਿ ਸਾਕਸ਼ੀ ਮਹਾਰਾਜ ਅਤੇ ਗਿਰੀਰਾਜ ਸਿੰਹੁ ਜਿਹੇ ਨੇਤਾ ਇਤਨਾ ਕੁਝ ਬੋਲ ਜਾਂਦੇ ਹਨ, ਪਰ ਪ੍ਰਧਾਨ ਮੰਤਰੀ ਚੂੰ ਤੱਕ ਵੀ ਨਹੀਂ ਕਰਦੇ। ਹੋ ਸਕਦਾ ਹੈ ਕਿ ਸਾਰੇ ਜ਼ਹਿਰੀਲੇ ਬਿਆਨਾਂ ਪੁਰ ਚੁਪ ਰਹਿ ਕੇ, ਪ੍ਰਧਾਨ ਮੰਤਰੀ ਆਪਣੀ ਸਹਿਣਸ਼ੀਲਤਾ ਦਾ ਹੀ ਅਹਿਸਾਸ ਕਰਵਾ ਰਹੇ ਹੋਣ ਅਤੇ ਇਸਦੇ ਨਾਲ ਹੀ ਇਹ ਵੀ ਕਹਿ ਰਹੇ ਹੋਣ ਕਿ ਜਿਵੇਂ ਮੈਂਨੂੰ ਇਨ੍ਹਾਂ ਦੀ ਕਿਸੇ ਗਲ ਨਾਲ ਕੋਈ ਫਰਕ ਨਹੀਂ ਪੈਂਦਾ, ਉਸੇ ਤਰ੍ਹਾਂ ਤੁਹਾਨੂੰ ਵੀ ਕੋਈ ਫਰਕ ਨਹੀਂ ਪੈਣਾ ਚਾਹੀਦਾ।
ਖਾਨਦਾਨੀ ਸੱਤਾ : ਭਾਰਤੀ ਜਨਤੰਤਰ / ਲੋਕਤੰਤਰ ਵੀ ਅਨੋਖਾ ਹੈ। ਇਹ ਦਾਅਵਾ ਕਰਦਿਆਂ ਵਿਅੰਗਕਾਰ ਗੋਪਾਲ ਚਤੁਰਵੇਦੀ ਨੇ ਲਿਖਿਆ ਕਿ ਇਥੇ ਸੱਤਾ ਦੀ ਪਰਿਵਾਰਕ ਪਰੰਪਰਾ ਹੈ। ਇੱਕ ਵਾਰ ਕੋਈ ਜਨ-ਨਾਇਕ ਕੁਰਸੀ ਪੁਰ ਬੈਠਾ ਨਹੀਂ, ਕਿ ਉਸਦੇ ਬੇਟੇ, ਪੋਤਰੇ, ਪੜ-ਪੋਤਰੇ ਸਾਰਿਆਂ ਦਾ ਉਸਤੇ ਅਧਿਕਾਰ ਹੋ ਜਾਂਦਾ ਹੈ। ‘ਖਾਨਦਾਨੀ’ ਦਾ ਸੱਤਾ ਵਿੱਚ ਹੋਣਾ ਪ੍ਰਗਤੀ ਜਾਂ ਇਉਂ ਸਮਝੋ ਕਿ ਵਿਕਾਸ ਦਾ ਸੂਚਕ ਹੈ, ਨਹੀਂ ਤਾਂ ਦੇਸ਼ ਵਿੱਚ ਸੰਕਟ ਦਾ ਦੌਰ ਆ ਜਾਂਦਾ ਹੈ। ਜਿਸਦੇ ਚਲਦਿਆਂ ਕਦੀ ਵਿਚਾਰਾਂ ਦੇ ਪ੍ਰਗਟਾਵੇ ਪੁਰ ਖਤਰਾ ਮੰਡਰਾਣ ਲਗ ਪੈਂਦਾ ਹੈ ਅਤੇ ਕਦੀ ਦੇਸ਼ ਦੀ ਧਰਮ-ਨਿਰਪੇਖਤਾ ਪੁਰ। ਬੁੱਧੀਜੀਵੀਆਂ ਨੇ ਵੀ ਅਜਿਹਾ ਕਹਿਰ ਮਚਾਇਆ ਹੈ ਕਿ ਵਿਚਾਰਿਆਂ ਦਾ ਲਿਖਣਾ-ਬੋਲਣਾ ਵੀ ਮੁਸ਼ਕਲ ਕਰ ਦਿੱਤਾ ਗਿਆ ਹੈ। ਇੱਕ ਪਾਸੇ ਉਨ੍ਹਾਂ ਦੇ ਪੈਰਾਂ ਵਿੱਚ ਬੇੜੀ ਪਾ ਦਿੱਤੀ ਗਈ ਤੇ ਦੂਜੇ ਪਾਸੇ ਉਨ੍ਹਾਂ ਦੀ ਜ਼ਬਾਨ ਪੁਰ ਅਲੀਗੜ੍ਹੀ ਤਾਲੇ ਜੜ੍ਹ ਦਿੱਤੇ ਗਏ। ਅਜਿਹਿਆਂ ਵਿਚੋਂ ਕੁਝ-ਇੱਕ ਦੀ ਸੁਤੀ ਅੰਤਰ-ਆਤਮਾ ਅਚਾਨਕ ਜਾਗੀ ਤੇ ਉਹ ਅਤੀਤ ਵਿੱਚ ਮਿਲੇ ਐਵਾਰਡ ਵਾਪਸੀ ਲਈ ਮਜਬੂਰ ਹੋ ਗਏ। ਉਹ ਦੁਖੀ ਹਨ। ਉਨ੍ਹਾਂ ਦੀ ਐਵਾਰਡ ਵਾਪਸੀ ਦੌਰਾਨ ਸਰਕਾਰ ਨੇ ਉਨ੍ਹਾਂ ਨੂੰ ਟੋਕਿਆ ਤਕ ਨਹੀਂ। ਫਿਰ ਵੀ ਉਹ ਸੰਤੁਸ਼ਟ ਹਨ ਕਿ ਉਨ੍ਹਾਂ ਦੇਸ਼ ਦੇ ਚਰਮਰਾਂਦੇ ਜਾ ਰਹੇ ਸੈਕੁਲਰ ਢਾਂਚੇ ਨੂੰ ਬਚਾ ਲਿਆ ਹੈ।
ਮਾਂ-ਪੁਤਰ ਦੀ ਸੱਤਾ ਦੀ ਅਣਹੋਂਦ ਵਿੱਚ ਜਿਵੇਂ ਕੁਝ ਸੂਬੇ ਪਛੜ ਗਏ ਹਨ। ਹੁਣ ਡੇਢ-ਦੋ ਦਹਾਕਿਆਂ ਬਾਅਦ ਉਥੇ ਦੋ ਖਾਨਦਾਨੀ ਚਿਰਾਗ ਜਗਮਗਾ ਸਕੇ ਹਨ। ਦੇਸ਼ ਦੀ ਬਦਕਿਸਮਤੀ ਹੈ ਕਿ ਪਰਿਵਾਰ ਦਾ ਆਕਾ ਭ੍ਰਿਸ਼ਟਾਚਾਰ ਦੀ ਸਜ਼ਾ ਦਾ ਸ਼ਿਕਾਰ ਹੋ, ਸੱਤਾ ਤੋਂ ਬਾਹਰ ਹੀ ਨਹੀਂ, ਸਗੋਂ ਜੇਲ੍ਹ ਵਿੱਚ ਵੀ ਪੁਜ ਗਿਆ ਹੈ।
ਅਤੇ ਅੰਤ ਵਿੱਚ : ਦਸਿਆ ਜਾਂਦਾ ਹੈ ਕਿ ਨਰੇਂਦਰ ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸਰਕਾਰ ਦੀ ਛਬੀ ਨਿਖਾਰਦਿਆਂ ਰਹਿਣ ਲਈ ਬਣਾਈ ਗਈ ਸਰਕਾਰੀ ਮੈਨੇਜਰਾਂ ਦੀ ਟੀਮ, ਅੱਜਕਲ ਮੁਸ਼ਕਲਾਂ ਵਿੱਚ ਹੈ। ਸਰਕਾਰ ਦੇ ਕੰਮ-ਕਾਜ ਦਾ ਗੁਣਗਾਨ ਕਰਨਾ ਤਾਂ ਉਸਲਈ ਬਹੁਤ ਹੀ ਅਸਾਨ ਸੀ। ਪਰ ਰਾਜਨੈਤਿਕ ਵਿਵਾਦਾਂ ਤੋਂ ਉਹ ਸਰਕਾਰ ਨੂੰ ਕਿਵੇਂ ਬਚਾਈ ਰਖੇ? ਇਹ ਗਲ ਉਸਦੀ ਸਮਝ ਵਿੱਚ ਨਹੀਂ ਆ ਰਹੀ। ਜਦਕਿ ਸਰਕਾਰ ਦੀ ਲੀਡਰਸ਼ਿਪ ਚਾਹੁੰਦੀ ਹੈ ਕਿ ‘ਪਰਸੈਪਸ਼ਨ ਮੈਨੇਜਰ’ ਸਰਕਾਰ ਨੂੰ ਨਕਾਰਾਤਮਕ ਖਬਰਾਂ ਤੋਂ ਦੂਰ ਹੀ ਰਖਣ। ਦਸਿਆ ਜਾਂਦਾ ਹੈ ਕਿ ਨਕਾਰਾਤਮਕ ਖਬਰਾਂ ਲਈ ਸੰਬੰਧਤ ਲੋਕਾਂ ਦੀ ਜ਼ਿਮੇਂਦਾਰੀ ਤੈਅ ਕਰਨ ਦੀ ਵੀ ਚਰਚਾ ਹੋ ਰਹੀ ਹੈ। ਫਿਲਹਾਲ ਸਰਕਾਰੀ ਕੰਮ-ਕਾਜ ਦਾ ਪ੍ਰਚਾਰ-ਪਸਾਰ ਕਰਨ ਵਾਲੇ ਅਫਸਰ, ਸਿਰ ਤੇ ਹੱਥ ਰਖੀ ਬੈਠੇ ਹਨ। ਹਰ ਵਿਵਾਦ ਦੇ ਬਾਅਦ ਉਨ੍ਹਾਂ ਦੀ ਮੁਹਿੰਮ ਜ਼ੀਰੋ ਪੁਰ ਆ ਜਾਂਦੀ ਹੈ। ਇਸ ਟੀਮ ਨਾਲ ਜੁੜੇ ਇੱਕ ਅਫਸਰ ਅਨੁਸਾਰ, ਪਿਛਲੀ ਸਰਕਾਰ ਵਿੱਚ ਇੱਕ-ਦੋ ਹੀ ‘ਬੇਨੀ’ ਜਾਂ ‘ਜੈਰਾਮ’ ਸਨ। ਇਥੇ ਤਾਂ ਹਰ ਵਜ਼ਾਰਤ ਵਿੱਚ ਬੇਨੀ ਜਾਂ ਜੈਰਾਮ ਬੈਠੇ ਹੋਏ ਹਨ।੦੦੦

ਮੋਬਾਈਲ : + ੯੧ ੯੫ ੮੨ ੭੧ ੯੮ ੯੦

LEAVE A REPLY

Please enter your comment!
Please enter your name here