ਪੱਲੇਕਲ, 27 ਅਗਸਤ
ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ (ਨਾਬਾਦ 124) ਤੇ ਮਹਿੰਦਰ ਸਿੰਘ ਧੋਨੀ ਦੇ ਨੀਮ ਸੈਂਕੜੇ (ਨਾਬਾਦ 67) ਦੀ ਬਦੌਲਤ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਨੇ ਭਾਰਤ ਨੂੰ ਜਿੱਤ ਲਈ 218 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 45.1 ਓਵਰਾਂ ’ਚ ਚਾਰ ਵਿਕਟਾਂ ਦੇ ਨੁਕਸਾਨ ’ਤੇ ਹੀ ਹਾਸਲ ਕਰ ਲਿਆ। ਭਾਰਤ ਨੇ ਇਸ ਸੀਰੀਜ਼ ’ਚ 3-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਮੈਚ ਦੇ 44ਵੇਂ ਓਵਰ ’ਚ ਜਦੋਂ ਭਾਰਤ 210 ਦੌੜਾਂ ਬਣਾ ਦੇ ਜਿੱਤ ਦੇ ਨੇੜੇ ਪਹੁੰਚ ਗਿਆ ਤਾਂ ਦਰਸ਼ਕਾਂ ਨੇ ਸਟੇਡੀਅਮ ’ਚ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਸ੍ਰੀਲੰਕਾ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਦੇ ਮੋਹਰੀ ਬੱਲੇਬਾਜ਼ ਜਲਦੀ ਹੀ ਆਉੂਟ ਹੋ ਗਏ। ਰੋਹਿਤ ਸ਼ਰਮਾ ਤੇ ਧੋਨੀ ਨੇ ਉਸ ਸਮੇਂ ਮੋਰਚਾ ਸਾਂਭਿਆ ਜਦੋਂ ਟੀਮ ਨੇ 61 ਦੌੜਾਂ ’ਤੇ ਚਾਰ ਵਿਕਟਾਂ ਗੁਆ ਲਈਆਂ ਸਨ। ਧੋਨੀ ਤੇ ਰੋਹਿਤ ਨੇ ਸੰਭਲ ਕੇ ਖੇਡਦਿਆਂ 157 ਦੌੜਾਂ ਦੀ ਭਾਈਵਾਲੀ ਕੀਤੀ ਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਤੇਜ਼ ਗੇਂਦਬਾਜ਼ ਜਸਪ੍ਰੀਤ ਬਮਰਾ ਦੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਨਾਲ ਭਾਰਤ ਨੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਸ੍ਰੀਲੰਕਾ ਨੂੰ ਨੌਂ ਵਿਕਟਾਂ ’ਤੇ 217 ਦੇ ਸਕੋਰ ’ਤੇ ਰੋਕ ਦਿੱਤਾ। ਬਮਰਾ ਨੇ 27 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ ਤੇ ਸ਼ੁਰੂ ਤੋਂ ਹੀ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ। ਕੇਦਾਰ ਯਾਦਵ (12 ਦੌੜਾਂ ਦੇ ਕੇ ਇੱਕ ਵਿਕਟ), ਅਕਸ਼ਰ ਪਟੇਲ (35 ਦੌੜਾਂ ਦੇ ਕੇ ਇੱਕ ਵਿਕਟ) ਅਤੇ ਹਾਰਦਿਕ ਪਾਂਡਿਆ (42 ਦੌੜਾਂ ਦੇ ਕੇ ਇੱਕ ਵਿਕਟ) ਨੇ ਵੀ ਉਨ੍ਹਾਂ ਦਾ ਚੰਗਾ ਸਾਥ ਦਿੱਤਾ।
ਸ੍ਰੀਲੰਕਾ ਵੱਲੋਂ ਟੀਮ ’ਚ ਵਾਪਸੀ ਕਰ ਰਹੇ ਲਾਹਿਰੂ ਥਿਰਿਮਾਨੇ ਨੇ 105 ਗੇਂਦਾਂ ’ਚ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਉਸ ਨੇ ਸਲਾਮੀ ਬੱਲੇਬਾਜ਼ ਦਿਨੇਸ਼ ਚਾਂਦੀਮਲ (36) ਨਾਲ ਮਿਲ ਕੇ ਤੀਜੀ ਵਿਕਟ ਲਈ 72 ਦੌੜਾਂ ਦੀ ਭਾਈਵਾਲੀ ਵੀ ਕੀਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਹੇਠਲੇ ਕ੍ਰਮ ’ਚ ਬੱਲੇਬਾਜ਼ੀ ਕਰਨ ਉੱਤਰੇ ਮਲਿੰਦਾ ਸ੍ਰੀਵਰਧਨੇ (29) ਹੀ 20 ਦੌੜਾਂ ਦਾ ਅੰਕੜਾ ਟੱਪ ਸਕਿਆ। ਚਾਂਦੀਮਲ ਦੇ ਅੰਗੂਠੇ ’ਚ ਹੇਅਰਲਾਈਨ ਫ੍ਰੈਕਚਰ ਵੀ ਹੈ ਅਤੇ ਉਹ ਮੈਚ ’ਚ ਅੱਗੇ ਹਿੱਸਾ ਨਹੀਂ ਲੈ ਸਕੇਗਾ। ਰੈਗੂਲਰ ਕਪਤਾਨ ਉਪੁਲ ਥਰੰਗਾ ’ਤੇ ਦੋ ਮੈਚਾਂ ਦੀ ਪਾਬੰਦੀ ਕਾਰਨ ਕਾਰਜਕਾਰੀ ਕਪਤਾਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਚਾਮਰਾ ਕਪੁਗੇਦਾਰਾ ਨੇ ਟੌਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ, ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ’ਤੇ ਸ਼ਿਕੰਜਾ ਕਸ ਦਿੱਤਾ।

LEAVE A REPLY

Please enter your comment!
Please enter your name here