ਅੱਜ ਐਤਵਾਰ ਦਾ ਦਿਨ ਸੀ । ਸਾਡੇ ਸਕੂਲ ਦੇ ਸਟਾਫ਼ ਦੇ ਇਕ ਮੈਂਬਰ ਮਨਜੀਤ ਸਿੰਘ ਦੀ ਲੜਕੀ ਦਾ ਵਿਆਹ ਅੱਜ ਨਵਾਂ ਸ਼ਹਿਰ ਦੇ ਬਜ਼ੀਦ ਪੈਲੇਸ ਵਿੱਚ ਹੋਣਾ ਸੀ । ਮਨਜੀਤ ਸਿੰਘ ਨੇ ਸਾਰੇ ਸਟਾਫ਼ ਮੈਂਬਰਾਂ ਨੂੰ ਸੱਦਾ ਪੱਤਰ ਦਿੱਤੇ ਹੋਏ ਸਨ । ਦਿਨ ਦੇ ਦਸ ਵੱਜ ਚੁੱਕੇ ਸਨ , ਪਰ ਮੇਰਾ ਵਿਆਹ ਨੂੰ ਜਾਣ ਦਾ ਹਾਲੇ ਤੱਕ ਮੂਡ ਨਹੀਂ ਬਣਿਆ ਸੀ । ਅਚਾਨਕ ਮੇਰੇ ਮੋਬਾਈਲ  ਫ਼ੋਨ ਦੀ ਰਿੰਗ ਵੱਜੀ । ਮੈਂ ਮੋਬਾਈਲ ਫ਼ੋਨ ਦੀ ਸਕਰੀਨ ਵੱਲ ਵੇਖਿਆ । ਸਾਡੇ ਸਕੂਲ ਦੇ ਸਟਾਫ ਮੈਂਬਰ ਬਲਵਿੰਦਰ ਸਿੰਘ ਦਾ ਫ਼ੋਨ ਸੀ । ਫ਼ੋਨ ਨੰਬਰ ਪੜ੍ਹ ਕੇ ਮੈਂ ਅੰਦਾਜ਼ਾ ਲਾਇਆ ਕਿ ਉਹ ਵੀ ਵਿਆਹ ਜਾਣ ਬਾਰੇ ਮੈਥੋਂ ਪੁੱਛਣਾ ਚਾਹੁੰਦਾ ਹੈ । ਮੈਂ ਫ਼ੋਨ ਸੁਣਨ ਲਈ ਮੋਬਾਈਲ ਫ਼ੋਨ ਦਾ ਬਟਨ ਦੱਬਿਆ , ਉੱਧਰੋਂ ਬਲਵਿੰਦਰ ਸਿੰਘ ਦੀ ਆਵਾਜ਼ ਆਈ , “ਹੈਲੋ , ਸੰਧੂ ਸਾਹਿਬ ਸਤਿ ਸ੍ਰੀ ਅਕਾਲ । ਕਿੱਦਾਂ ਅੱਜ ਵਿਆਹ ਨੂੰ ਜਾਣਾ ਨਈਂ । ”
“ਵਿਆਹ ਨੂੰ ਤਾਂ ਜਾਣਾ ਆਂ , ਪਰ ਮੂਡ ਨਈਂ ਬਣਦਾ । ਤੁਸੀਂ ਦੱਸੋ , ਤੁਹਾਡੀ ਕੀ ਸਲਾਹ ਐ ? ” ਮੈਂ ਅੱਗੋਂ ਜਵਾਬ ਦਿੱਤਾ ।
“ਏਦਾਂ ਕਰਦੇ ਆਂ , ਮੈਂ ਤੁਹਾਡੇ ਕੋਲ ਆ ਜਾਨਾਂ । ਫਿਰ ਕੱਠੇ ਵਿਆਹ ਨੂੰ ਚਲੇ ਚੱਲਾਂਗੇ ।”ਬਲਵਿੰਦਰ ਸਿੰਘ ਨੇ ਆਖਿਆ ।
“ਠੀਕ ਐ ।” ਕਹਿ ਕੇ ਮੈਂ ਫ਼ੋਨ ਬੰਦ ਕਰ ਦਿੱਤਾ ।
ਪੰਦਰਾਂ ਕੁ ਮਿੰਟਾਂ ਵਿੱਚ ਬਲਵਿੰਦਰ ਸਿੰਘ ਸਾਡੇ ਘਰ ਪਹੁੰਚ ਗਿਆ । ਕਮਰੇ ਦਾ ਦਰਵਾਜ਼ਾ ਖੋਲ੍ਹਦਿਆਂ ਉਸ ਦੀ ਨਜ਼ਰ ਮੇਰੇ ਪਿਤਾ ਜੀ ‘ਤੇ ਪੈ ਗਈ । ਉਹ ਮੰਜੇ ‘ਤੇ ਲੇਟੇ ਹੋਏ ਸਨ ।ਬਲਵਿੰਦਰ ਸਿੰਘ ਨੇ ਮੇਰੇ ਪਿਤਾ ਜੀ ਦੇ ਪੈਰੀਂ ਹੱਥ ਲਾਇਆ । ਮੈਂ ਆਖਿਆ , “ਮੇਰੇ ਪਿਤਾ ਜੀ ਅੱਖਾਂ ਦੀ ਘੱਟ ਨਜ਼ਰ ਕਾਰਨ ਕਿਸੇ ਨੂੰ ਪਛਾਣਦੇ ਨਹੀਂ , ਨਾਲੇ ਉਨ੍ਹਾਂ ਨੂੰ ਸੁਣਦਾ ਵੀ ਕਾਫ਼ੀ ਉੱਚਾ ਆ ।”
“ਸੰਧੂ ਸਾਹਿਬ , ਕੋਈ ਗੱਲ ਨਈਂ । ਸਾਡਾ ਫਰਜ਼ ਬਣਦਾ ਕਿ ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰੀਏ ਤੇ ਉਨ੍ਹਾਂ ਤੋਂ ਪਿਆਰ ਲਈਏ । ਤੁਹਾਨੂੰ ਸ਼ਾਇਦ ਪਤਾ ਨਈਂ, ਮੇਰੇ ਪਿਤਾ ਜੀ ਉਦੋਂ ਇਸ ਦੁਨੀਆਂ ਨੂੰ ਛੱਡ ਗਏ ਸਨ , ਜਦੋਂ ਮੈਂ ਕੇਵਲ ਸੱਤ ਵਰ੍ਹਿਆਂ ਦਾ ਸਾਂ । ਮੈਂ ਪਿਤਾ ਦੇ ਪਿਆਰ ਤੋਂ ਸੱਖਣਾ ਆਂ । ਮੇਰੀ ਇਹ ਭੁੱਖ ਤੁਹਾਡੇ ਪਿਤਾ ਜੀ ਦੇ ਪੈਰੀਂ ਹੱਥ ਲਾਣ ਨਾਲ ਪੂਰੀ ਹੋ ਗਈ ਆ । ਚਾਹੇ ਉਨ੍ਹਾਂ ਨੇ ਮੈਨੂੰ ਪਛਾਣਿਆ , ਚਾਹੇ ਨਈਂ ।” ਏਨਾ ਕਹਿ ਕੇ ਬਲਵਿੰਦਰ ਸਿੰਘ ਨੇ ਆਪਣੀਆਂ ਅੱਖਾਂ ‘ਚ ਹੰਝੂ ਭਰ ਲਏ । ਪੰਜ ਕੁ ਮਿੰਟਾਂ ਪਿੱਛੋਂ ਉਹ ਸੰਭਲ ਗਿਆ ਅਤੇ ਫਿਰ ਅਸੀਂ ਦੋਵੇਂ ਜਣੇ ਸਕੂਟਰ ‘ਤੇ ਬੈਠ ਕੇ ਨਵਾਂ ਸ਼ਹਿਰ ਦੇ ਬਜ਼ੀਦ ਪੈਲੇਸ ਨੂੰ ਚੱਲ ਪਏ ।

LEAVE A REPLY

Please enter your comment!
Please enter your name here