ਗਰਮੀਆਂ ਦੇ ਦਿਨ ਸਨ। ਰਾਤ ਦੇ ਨੌਂ ਕੁ ਵੱਜਣ ਵਾਲੇ ਸਨ। ਮੀਤੋ ਨੇ ਆਪਣੇ ਪਤੀ ਮੇਸ਼ੀ ਦੀ ਉਡੀਕ ਕਰਨ ਪਿੱਛੋਂ ਆਪਣੇ ਦੋਹਾਂ ਬੱਚਿਆਂ ਨੂੰ ਰੋਟੀ ਖਲਾ ਕੇ ਆਪ ਵੀ ਰੋਟੀ ਖਾ ਲਈ ਸੀ। ਅਚਾਨਕ ਕਮਰੇ ਦਾ ਦਰਵਾਜ਼ਾ ਖੜਕਿਆ। ਮੀਤੋ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ, ਉਸ ਦਾ ਪਤੀ ਮੇਸ਼ੀ ਸ਼ਰਾਬ ਨਾਲ ਰੱਜਿਆ ਖੜਾ ਸੀ। ਉਹ ਡਿੱਗਦਾ, ਢਹਿੰਦਾ ਅੰਦਰ ਵੜ ਕੇ ਮੰਜੇ ਤੇ ਆ ਕੇ  ਬੈਠ ਗਿਆ। ਉਸ ਨੇ ਮੀਤੋ ਨੂੰ ਰੋਟੀ ਲਿਆਉਣ ਦਾ ਹੁਕਮ ਕੀਤਾ। ਮੀਤੋ ਨੇ ਮਸਰਾਂ ਦੀ ਦਾਲ ਕੌਲੀ ਵਿੱਚ ਪਾਈ ਤੇ ਚਾਰ ਰੋਟੀਆਂ ਪਲੇਟ ਵਿੱਚ ਰੱਖ ਕੇ ਪਲੇਟ ਉਸ ਦੇ ਅੱਗੇ ਰੱਖ ਦਿੱਤੀ। ਉਹ ਮਸਰਾਂ ਦੀ ਦਾਲ ਨੂੰ ਦੇਖ ਕੇ ਅੱਗ ਬਬੂਲਾ ਹੋ ਗਿਆ ਤੇ ਉੱਚੀ ਆਵਾਜ਼ ਵਿੱਚ ਬੋਲਿਆ, “ਰੋਜ਼ੇ ਮਸਰਾਂ ਦੀ ਦਾਲ ਬਣਾ ਲੈਨੀ ਆਂ, ਕੋਈ ਸਬਜ਼ੀ ਨ੍ਹੀ ਬਣਾ ਹੁੰਦੀ।”
“ਤੂੰ ਕਿਹੜਾ ਮੈਨੂੰ ਨੋਟ ਦੇ ਕੇ ਗਿਆ ਸੀ, ਜਿੰਨ੍ਹਾਂ ਦੀ ਮੈਂ ਸਬਜ਼ੀ ਲੈ ਲੈਂਦੀ।”ਮੀਤੋ ਨੇ ਆਖਿਆ।
“ਮੇਰੇ ਅੱਗੇ ਤੋਂ ਪਲੇਟ ਚੱਕ ਕੇ ਲੈ ਜਾ, ਨ੍ਹੀ ਤਾਂ ਮੈਂ ਸਾਰਾ ਕੁਛ ਚੱਕ ਕੇ ਬਾਹਰ ਮਾਰਨਾ।”ਉਹ ਫੇਰ ਗਰਜ਼ਿਆ।
“ਆਪੇ ਸਿੱਟ ਦੇ,ਜਿੱਥੇ ਸਿੱਟਣੀ ਆਂ।ਜੇ ਤੈਂ ਸਾਰੀ ਰਾਤ ਭੁੱਖਾ ਮਰਨਾ ,ਤਾਂ ਵੀ ਤੇਰੀ ਮਰਜ਼ੀ ਆ। ਅਸੀਂ ਸਾਰੇ ਤਾਂ ਰੋਟੀ ਖਾ ਚੁੱਕੇ ਆਂ।”
ਮੇਸ਼ੀ ਦੇ ਦਿਮਾਗ ‘ਚ ਇਹ ਗੱਲ ਆ ਵੜੀ ਕਿ aਸ ਨੇ ਤਾਂ ਦੁਪਹਿਰੇ ਵੀ ਰੋਟੀ ਨਹੀਂ ਸੀ ਖਾਧੀ।
ਉਸ ਨੇ ਸੋਚਿਆ , ਜੇ ਉਸ ਨੇ ਹੁਣ ਵੀ ਰੋਟੀ ਨਾ ਖਾਧੀ, ਤਾਂ ਉਸ ਨੂੰ ਭੁੱਖੇ ਨੂੰ ਨੀਂਦ ਨਹੀਂ ਆਉਣੀ।ਇਹ ਸੋਚ ਕੇ ਉਹ ਚੁੱਪ ਕਰਕੇ ਰੋਟੀ ਖਾਣ ਲੱਗ ਪਿਆ।

LEAVE A REPLY

Please enter your comment!
Please enter your name here