ਨਾ ਫੱਟੀ ਤੇ ਗਾਚੀ ਲਾਈ
ਨਾ ਹੀ ਕਦੀ ਸਲੇਟੀ ਖਾਈ

ਹਾਈ ਫਾਈ ਸਕੂਲੇ ਪੜਿਆ
ਕੋਟ ਪੈਂਟ ਅਤੇ ਬੰਨੀ ਟਾਈ

ਹੈਲੋ ਹਾਏ ਸਿੱਖਿਆ ਮੈਂ ਤਾਂ
ਕਦੀ ਨਾ ਬੋਲਾਂ ਬੇਬੇ ਬਾਈ

ਮਾਂ ਬੋਲੀ ਕਿ ਹੁੰਦੀ ਮਿਤਰੋ
ਸਮਝ ਕਦੀ ਨਾ ਮੈਨੂੰ ਅਾਈ

ਚੈਕ ਕਰਾਕੇ ਮੈਂ ਹਾਂ ਜੰਮਿਆ
ਕਿ ਹੁੰਦੀ ਏ ਮਾਂ ਦੀ ਜਾਈ

ਵੀਡੀਓਗੇਮ ਹੀ ਖੇਡੀ ਮੈਂ ਤਾਂ
ਖੇਡੀ ਨਾ ਮੈਂ ਲੁਕਣ ਮਚਾਈ

ਮੋਢੇ ਚੜ ਨਾ ਮੇਲੇ ਘੁੱਮਿਅਾਂ
ਪੈਰ ਕਦੀ ਮੈਂ ਧੂੜ ਨਾ ਲਾਈ

ਮਖਮਲ ਦੇ ਕੰਬਲ ਮੈ ਸੁੱਤਾ
ਚੁੱਭਦੀ ਦਾਦੇ ਵਾਲੀ ਰਜਾਈ

ਦਾਦੀ ਤੋਂ ਨਾ ਸੁਣੀ ਕਹਾਣੀ
ਨਾ ਹੀ ਕਿਸੇ ਨੇ ਲੋਰੀ ਗਾਈ

ਮੈਂ ਕਮਪਿਉਟਰ ਦਾ ਪੁੱਤ ਹਾਂ
ਅੱਜ ਹੈ ਮੇਰੀ ਇਹੀ ਸਚਾਈ

ਕੋਠੇ ਸਿਧਾ ਕਿਵੇਂ ਮੈਂ ਚੜ ਜਾਂ
ਪਹਿਲੀ ਪੌੜੀ ਨਹੀ ਚੜਾਈ

ਅਾਪਣੀ ਬੋਲੀ ਮਾਣ ਅਾਪਣਾ
ਸਟੇਜਾਂ ਉੱਤੇ ਪਾਉਣ ਦੁਹਾਈ

ਪਦਾਰਥਵਾਦੀ ਸੋਚਾਂ ਬਿੰਦਰਾ
ਮਾਂ ਬੋਲੀ ਕਰ ਦਿਤੀ ਪਰਾਈ

                                   ————-Binder Jaan e sahit

NO COMMENTS

LEAVE A REPLY