ਰੁਮਾਂਸ, ਕਲਚਰ ਅਤੇ ਆਰਕੀਟੈਕਚਰਲ ਸੁੰਦਰਤਾ ਦੀ ਮੂੰਹ ਬੋਲਦੀ ਤਸਵੀਰ ਆਗਰਾ ਦੇ ਤਾਜ ਮਹਿਲ ਤੇ ਸ਼ਾਹੀ ਮਸਜਿਦ ਸਹਿਤ ਸ਼ੰਕਰਾਬਾਦ ਦੇ ਅਕਬਰੀ ਮਹਿਲ (ਅਜਾਇਬਘਰ) ਦੀਆਂ ਦੀਵਾਰਾਂ ‘ਤੇ ਕੁਰਾਨ ਦੀਆਂ ਆਇਤਾਂ ਨੂੰ ਸੁਲੇਖ ਕਲਾ ਰਾਹੀਂ ਪੂਰੇ ਸੰਸਾਰ ‘ਚ ਪ੍ਰਸਿੱਧੀ ਦਿਵਾਉਣ ਵਾਲਾ ਮੀਆਂ ਅਬਦੁਲ ਹੱਕ ਸੀ। ਜੋ ਕਿ ਈਰਾਨ ਦੇ ਸ਼ਹਿਰ ਸ਼ੀਰਾਜ ਦਾ ਨਿਵਾਸੀ ਸੀ। ਉਸ ਦੀ ਸੁਲੇਖ ਕਲਾ ਤੋਂ ਪ੍ਰਭਾਵਿਤ ਹੋ ਕੇ ਹੀ ਸੰਨ 1632 ‘ਚ ਬਾਦਸ਼ਾਹ ਸ਼ਾਹ ਜਹਾਨ ਨੇ ਉਸ ਨੂੰ ‘ਅਮਾਨਤ ਖ਼ਾਂ’ ਦੇ ਖ਼ਿਤਾਬ ਅਤੇ ਬਹੁਤ ਸਾਰਾ ਧਨ ਦੇ ਕੇ ਨਿਵਾਜਿਆ। ਮੀਆਂ ਅਬਦੁਲ ਹੱਕ ਅਮਾਨਤ ਖ਼ਾਂ ਨੇ ਉਸੇ ਧਨ ਨਾਲ ਅਫ਼ਗ਼ਾਨਿਸਤਾਨ ਤੋਂ ਕਲਕੱਤਾ ਨੂੰ ਜਾਂਦੀ ਪੁਰਾਣੀ ਜਰਨੈਲੀ (ਮੁਗ਼ਲ ਸ਼ਾਹੀ) ਸੜਕ ‘ਤੇ ਇਕ ਸਰਾਂ ਦਾ ਨਿਰਮਾਣ ਕਰਵਾਇਆ। ਜੋ ਬਾਅਦ ‘ਚ ਉਸ ਦੇ ਨਾਂਅ ਨਾਲ ਹੀ ‘ਸਰਾਏ ਅਮਾਨਤ ਖ਼ਾਂ’ ਵਜੋਂ ਜਾਣੀ ਜਾਣ ਲੱਗੀ। ਮੁਗ਼ਲ ਕਾਲ ‘ਚ ਬਣੀ ਇਹ ਆਲੀਸ਼ਾਨ ਕਾਰਵਾਂ-ਏ-ਸਰਾਂ ‘ਸਰਾਏ ਅਮਾਨਤ ਖ਼ਾਂ’, ਜੋ ਕਿ ਅਦਭੁੱਤ ਭਵਨ ਨਿਰਮਾਣ ਕਲਾ ਅਤੇ ਮੁਗ਼ਲਈ ਸੁਲੇਖ ਕਲਾ ਦਾ ਦਿਲ-ਖਿੱਚ ਨਮੂਨਾ ਹੈ, ਦਾ ਨਿਰਮਾਣ ਅਬਦੁਲ ਹੱਕ ਅਮਾਨਤ ਖ਼ਾਂ ਦੁਆਰਾ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦੇ ਰਾਜਕਾਲ ਸਮੇਂ ਹੀ ਕਰਵਾਇਆ ਗਿਆ।
ਮੌਜੂਦਾ ਸਮੇਂ ਸਰਾਏ ਅਮਾਨਤ ਖ਼ਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਝਬਾਲ ਤੋਂ ਅਟਾਰੀ ਵੱਲ ਨੂੰ ਜਾਂਦੀ ਸੜਕ ‘ਤੇ ਕੋਈ 10 ਕੁ ਕਿਲੋਮੀਟਰ ਦੀ ਦੂਰੀ ‘ਤੇ ਮੌਜੂਦ ਹੈ। 500 ਮੀ.*500 ਮੀਟਰ ਰਕਬੇ ਵਿਚ ਬਣੀ ਇਸ ਸਰਾਂ ਦੇ ਦੋ ਦਰਵਾਜ਼ੇ ਹਨ – ਪੂਰਬ ਵਾਲੇ ਪਾਸੇ ਦਿੱਲੀ ਦਰਵਾਜ਼ਾ ਅਤੇ ਪੱਛਮ ਵੱਲ ਲਾਹੌਰੀ ਦਰਵਾਜ਼ਾ। ਦੇਸ਼ ਦੀ ਵੰਡ ਤੋਂ ਪਹਿਲਾਂ ਸਰਾਂ ਦੀ ਚੜ੍ਹਦੀ ਬਾਹੀ ਵਲ ਹਿੰਦੂ-ਸਿੱਖਾਂ ਦੇ ਘਰ ਸਨ ਅਤੇ ਲਹਿੰਦੀ ਬਾਹੀਂ ਮੁਸਲਮਾਨਾਂ ਦੇ। ਪੂਰਾ ਪਿੰਡ ਇਸ ਸਰਾਂ ਵਿਚ ਹੀ ਵੱਸਿਆ ਹੋਇਆ ਸੀ।
ਝਬਾਲ-ਅਟਾਰੀ ਸੜਕ ‘ਤੇ ਮੁਗ਼ਲਕਾਲ ਦੇ ਬਣੇ ਕੋਸ ਮਿਨਾਰ ਪਾਰ ਕਰਦਿਆਂ ਹੀ ਸਰਾਏ ਅਮਾਨਤ ਖ਼ਾਂ ਦੇ ਬੁਰਜ਼ ਵਿਖਾਈ ਦੇਣ ਲਗਦੇ ਹਨ। ਅੱਜ ਕੱਲ ਦਿੱਲੀ ਦਰਵਾਜ਼ੇ ਵਲੋਂ ਸਰਾਂ ਵਿਚ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਇਸ ਦਰਵਾਜ਼ੇ ਨੂੰ ਰੰਗ-ਬਿਰੰਗੀਆਂ ਖ਼ੂਬਸੂਰਤ ਚਿਕਨੀ ਅਤੇ ਚਮਕੀਲੀਆਂ ਟਾਈਲਾਂ ਨਾਲ ਸਜਾਇਆ ਗਿਆ ਹੈ। ਦਿੱਲੀ ਦਰਵਾਜ਼ੇ ਉੱਪਰ ਖ਼ੂਬਸੂਰਤ ਰੰਗਾਂ ਨਾਲ ਕੀਤੀ ਸ਼ਿਲਪਕਾਰੀ ਅਤੇ ਨਕਾਸ਼ੀ ਦੇ ਰੰਗ ਭਾਵੇਂ ਫਿੱਕੇ ਪੈ ਚੁੱਕੇ ਹਨ, ਪਰ ਸ਼ਾਨ ਕਿਸੇ ਪਾਸਿਓਂ ਵੀ ਖ਼ਤਮ ਨਹੀਂ ਹੋਈ ਅਤੇ ਅੱਜ ਵੀ ਇਸ ਦੀ ਖ਼ੂਬਸੂਰਤੀ ਦਾ ਵਰਨਣ ਸ਼ਬਦਾਂ ਰਾਹੀਂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਦਰਵਾਜ਼ੇ ਦੇ ਦੋਵੇਂ ਪਾਸੇ ਉੱਪਰ ਅੱਠ ਕੋਨੀ ਮੀਨਾਰ ਬਣਾਏ ਗਏ ਹਨ। ਅੰਦਰ ਦੋਵੇਂ ਪਾਸੇ ਸਰਾਂ ਦੇ ਬਹੁਤ ਸਾਰੇ ਕਮਰੇ ਬਣੇ ਹੋਏ ਹਨ ਅਤੇ ਪਾਸ ਹੀ ਇਕ ਵੱਡਾ ਖੂਹ ਵੀ ਹੈ। ਸਰਾਂ ਵਿਚ ਕੁਲ 4-5 ਪੁਰਾਣੇ ਖੂਹ ਹਨ। ਅੰਦਰ ਇਕ ਬਹੁਤ ਖ਼ੂਬਸੂਰਤ ਮਸੀਤ ਵੀ ਹੈ, ਜਿਸ ਦੀਆਂ ਦੀਵਾਰਾਂ ‘ਤੇ ਲਿਖੀਆਂ ਪਵਿੱਤਰ ਕੁਰਾਨ ਦੀਆਂ ਆਇਤਾਂ ਦੀ ਸਿਆਹੀ ਦਾ ਰੰਗ ਫਿੱਕਾ ਪੈ ਚੁਕਿਆ ਹੈ ਅਤੇ ਇਹ ਇਕ ਖੰਡਰਨੁਮਾਂ ਭਵਨ ਦਾ ਰੂਪ ਧਾਰਣ ਕਰ ਚੁਕੀ ਹੈ। ਸਰਾਂ ਦੇ ਲਾਹੌਰੀ ਦਰਵਾਜ਼ੇ ‘ਤੇ ਕੀਤੀ ਨਕਾਸ਼ੀ ਅਤੇ ਸਜਾਵਟ ਵੀ ਧੁੰਦਲੀ ਪੈ ਚੁਕੀ ਹੈ।
ਹਾਲਾਂਕਿ ਮੌਜੂਦਾ ਸਮੇਂ ਸਰਾਂ ਦੀ ਦੇਖ-ਰੇਖ ਅਤੇ ਸੇਵਾ ਸੰਭਾਲ ਪੁਰਾਤਤਵ ਵਿਭਾਗ ਵਲੋਂ ਕੀਤੀ ਜਾ ਰਹੀ ਹੈ, ਪਰ ਇਥੇ ਰਹਿ ਰਹੇ ਲੋਕਾਂ ਵਲੋਂ ਇਸ ਮੁਗ਼ਲਈ ਸਰਾਂ ਦੀ ਸ਼ਾਨ ਨੂੰ ਤਹਿਸ-ਨਹਿਸ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸਰਾਂ ਦੇ ਘੋੜੇ ਦੀ ਖੁਰ੍ਹ ਵਰਗੇ ਡਾਟਦਾਰ ਦਰਵਾਜ਼ੇ ਅਤੇ ਜਾਲੀਦਾਰ ਬਾਰੀਆਂ ਵਿਚ ਇਥੇ ਰਹਿ ਰਹੇ ਲੋਕ ਅਣਗਹਿਲੀ ਨਾਲ ਪਲੱਸਤਰ ਵਗੈਰਹ ਕਰਕੇ ਇਹਨਾਂ ਦੀ ਖ਼ੂਬਸੂਰਤੀ ਨੂੰ ਵੀ ਵੱਡੀ ਢਾਹ ਲਾ ਰਹੇ ਹਨ।
ਸਰਾਏ ਅਮਾਨਤ ਖ਼ਾਂ ਦੇ ਲਾਹੌਰੀ ਦਰਵਾਜ਼ੇ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਇਕ ਪੁਰਾਣੀ ਬਾਉਲੀ ਮੌਜੂਦ ਹੈ, ਜੋ ਸੇਵਾ ਸੰਭਾਲ ਨਾ ਹੋਣ ਕਰਕੇ ਅਸਲੋਂ ਹੀ ਖੰਡਰ ਬਣ ਚੁੱਕੀ ਹੈ। ਇਹ ਬਾਉਲੀ ਧਰਤੀ ਦੇ 13-14 ਫੁੱਟ ਹੇਠਾਂ ਵਲ 20-22 ਪੌੜੀਆਂ ਉੱਤਰ ਕੇ ਸਰਾਂ ਵਿਚ ਠਹਿਰਣ ਵਾਲੇ ਮੁਸਾਫ਼ਰਾਂ ਦੇ ਸਾਫ਼ ਪਾਣੀ ਪੀਣ ਲਈ ਬਣਾਈ ਗਈ ਹੋਵੇਗੀ। ਸੰਭਵ ਹੈ, ਇਸ ਬਉਲੀ ਦਾ ਨਿਰਮਾਣ ਵੀ ਸਰਾਏ ਅਮਾਨਤ ਖ਼ਾਂ ਦਾ ਨਿਰਮਾਣ ਕਰਨ ਵਾਲੇ ਤਾਜ ਮਹਿਲ ਦੇ ਸੁਲੇਖਕ ਅਬਦੁਲ ਹੱਕ ‘ਅਮਾਨਤ ਖ਼ਾਂ’ ਨੇ ਹੀ ਸੰਨ 1640 ਦੇ ਕਰੀਬ ਜਿਹੇ ਕਰਵਾਇਆ ਹੋਵੇਗਾ। ਸਰਾਂ ਵਿਚਲੇ ਮੌਜੂਦਾ ਖੂਹਾਂ ਦਾ ਪਾਣੀ ਇਸ਼ਨਾਨ ਲਈ ਜਾਂ ਹੋਰ ਘਰੇਲੂ ਕੰਮਾਂ ਲਈ ਵਰਤਿਆ ਜਾਂਦਾ ਹੋਵੇਗਾ, ਜਦੋਂ ਕਿ ਇਸ ਬਉਲੀ ਦਾ ਸਾਫ਼ ਪਾਣੀ ਪੀਣ ਲਈ ਇਸਤੇਮਾਲ ‘ਚ ਲਿਆਦਾਂ ਜਾਂਦਾ ਹੋਵੇਗਾ।
ਬਉਲੀ ਦੇ ਉੱਪਰ ਇਕ ਸੁਰੱਖਿਆ ਬੁਰਜੀ ਵੀ ਉੱਚੀ ਜਗ੍ਹਾ ‘ਤੇ ਬਣਾਈ ਗਈ ਹੈ, ਜੋ ਸਰਾਂ ਵਿਚ ਠਹਿਰੇ ਵਿਉਪਾਰੀਆਂ ਅਤੇ ਹੋਰਨਾਂ ਮੁਸਾਫ਼ਰਾਂ ਦੀ ਸੁਰਖਿਆ ਲਈ ਬਣਾਈ ਗਈ ਹੋਵੇਗੀ। ਬੁਰਜੀ ਉੱਚੀ ਜਗ੍ਹਾ ‘ਤੇ ਬਣੀ ਹੋਣ ਕਰਕੇ ਇਸ ਦੇ ਉੱਪਰ ਖੜ੍ਹਾ ਹੋ ਕੇ ਪਹਿਰਾ ਦੇਣ ਵਾਲੇ ਸਿਪਾਹੀਆਂ ਨੂੰ ਸਰਾਂ ਵਿਚ ਲੁੱਟ-ਮਾਰ ਦੇ ਇਰਾਦੇ ਨਾਲ ਆਉਣ ਵਾਲੇ ਲੁਟੇਰਿਆਂ ਜਾਂ ਹਮਲਵਰਾਂ ਅਤੇ ਡਾਕੂਆਂ ਦੇ ਆਉਣ ਦਾ ਦੂਰ ਤੋਂ ਹੀ ਪਤਾ ਲੱਗ ਜਾਂਦਾ ਹੋਵੇਗਾ। ਇਥੇ ਪਹਿਰਾ ਦੇਣ ਵਾਲੇ ਸਿਪਾਹੀ ਇਸ ਪਾਸੇ ਵੀ ਧਿਆਨ ਰੱਖਦੇ ਹੋਣਗੇ ਕਿ ਸਰਾਂ ਵਿਚ ਠਹਿਰੇ ਵਿਓੁਪਾਰੀਆਂ ਅਤੇ ਮੁਸਾਫ਼ਰਾਂ ਦੇ ਪੀਣ ਵਾਲੇ ਪਾਣੀ ਵਿਚ ਕੋਈ ਵਿਅਕਤੀ ਜ਼ਹਿਰੀਲੀ ਵਸਤੂ ਨਾ ਮਿਲਾ ਦੇਵੇ। ਇਸ ਬਾਉਲੀ ਦੇ ਬਿਲਕੁਲ ਨਾਲ ਇਕ ਛੋਟੀ ਖੂਹੀਂ ਵੀ ਮੌਜੂਦ ਹੈ। 
ਜੇਕਰ ਸਰਾਂ ਦੇ ਨਾਲ-ਨਾਲ ਸਮਾਂ ਰਹਿੰਦਿਆਂ ਇਸ ਬਉਲੀ ਨੂੰ ਵੀ ਪੁਰਾਤਤਵ ਵਿਭਾਗ ਦੇ ਮਾਹਰਾਂ ਪਾਸੋਂ ਨਵ-ਨਿਰਮਾਣ ਕਰਕੇ ਬਚਾਅ ਲਿਆ ਜਾਵੇ ਤਾਂ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਦੀ ਸੂਚੀ ਵਿਚ ਇਕ ਹੋਰ ਮੁਗ਼ਲ ਸਮਾਰਕ ਦਾ ਵਾਧਾ ਹੋ ਸਕਦਾ ਹੈ।

ਫੋਨ : 7986837407, 9501435771

NO COMMENTS

LEAVE A REPLY