ਵਿਆਹ ਕਿਸੇ ਸਮੇਂ ਵਿੱਚ ਚਾਅ, ਮਲ੍ਹਾਰ ਅਤੇ ਮੇਲ ਦਾ ਨਾਂ ਹੁੰਦਾ ਸੀ। ਵਿਆਹ ਦਾ ਦਾਇਰਾ ਲਾੜਾ, ਲਾੜੀ ਅਤੇ ਉਨ੍ਹਾਂ ਦੇ ਪਰਿਵਾਰਾਂ ਤਕ ਸੀਮਿਤ ਨਾ ਹੋ ਕੇ ਸਾਰੇ ਸਾਕ ਸਬੰਧੀਆਂ ਤੇ ਪੂਰੇ ਪਿੰਡ ਵਾਸੀਆਂ ਤਕ ਹੁੰਦਾ ਸੀ। ਵਿਆਹ ਦੀ ਸਭ ਤੋਂ ਪਹਿਲੀ ਰੀਤ ਸੱਦਾ ਭੇਜਣ ਦੀ ਹੁੰਦੀ ਸੀ। ਪਿੰਡ ਦਾ ਲਾਗੀ ਜਿਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਂਦੀ ਸੀ, ਉਹ ਸੱਦਾ ਪੱਤਰ ਲੈ ਕੇ ਜਾਂ ਮਿੱਠੇ ਬੋਲਾਂ ਦੀ ਮਠਿਆਈ ਲੈ ਕੇ ਸਬੰਧਿਤ ਪਿੰਡ/ਸ਼ਹਿਰ ਪਹੁੰਚ ਜਾਂਦਾ ਸੀ। ਉਸ ਦੀ ਵੀ ਪੂਰੀ ਆਉਭਗਤ ਹੁੰਦੀ ਸੀ। ਸਰਦਾ ਬਣਦਾ ਕੱਪੜਾ ਜਾਂ ਕੋਈ ਸੌਗਾਤ ਉਸ ਨੂੰ ਭੇਟ ਕੀਤੀ ਜਾਂਦੀ ਸੀ। ਉਸ ਲਈ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਕੀਤਾ ਜਾਂਦਾ ਸੀ।

ਵਿਆਹ ਦਾ ਸੱਦਾ ਆਉਣ ’ਤੇ ਹੀ ਨਿੱਕੇ ਨਿੱਕੇ ਜਵਾਕਾਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਚਾਅ ਚੜ੍ਹ ਜਾਂਦਾ ਸੀ। ਆਂਢ ਗੁਆਂਢ ਵੀ ਪਤਾ ਲੱਗ ਜਾਂਦਾ ਸੀ ਕਿ ਅੱਜ ਇਨ੍ਹਾਂ ਦੇ ਘਰ ਵਿਆਹ ਦਾ ਸੱਦਾ ਆ ਗਿਆ, ਹੁਣ ਤਾਂ ਇਨ੍ਹਾਂ ਨੂੰ ਵਿਹਲ ਨਹੀਂ ਰਹਿਣੀ। ਵਿਆਹ ਭਾਵੇਂ ਮਹੀਨੇ ਬਾਅਦ ਹੁੰਦਾ, ਪਰ ਤਿਆਰੀਆਂ ਸੱਦਾ ਆਉਣ ’ਤੇ ਹੀ ਸ਼ੁਰੂ ਹੋ ਜਾਂਦੀਆਂ ਸਨ। ਇੱਕ ਵਿਆਹ ਦਾ ਸੱਦਾ ਪੂਰੇ ਘਰ ਵਿੱਚ ਖ਼ੁਸ਼ੀਆਂ, ਖੇੜੇ ਤੇ ਮਿੱਠੇ ਇੰਤਜ਼ਾਰ ਦਾ ਸਬੱਬ ਲੈ ਕੇ ਆਉਂਦਾ ਸੀ।
ਸਿਰਫ਼ ਵਿਆਹ ਦੇ ਸੱਦੇ ਦੀ ਹੀ ਗੱਲ ਕਰਦਿਆਂ ਅੱਗੇ ਵਧੀਏ ਤਾਂ ਪਤਾ ਲੱਗਦਾ ਹੈ ਕਿ ਹੌਲੀ ਹੌਲੀ ਕਾਰਡਾਂ ਦਾ ਜ਼ਮਾਨਾ ਆ ਗਿਆ। ਲਾਗੀਆਂ ਨੂੰ ਬੁਲਾਉਣ ਦਾ ਰਿਵਾਜ ਨਾ ਰਿਹਾ। ਘਰ ਦਾ ਹੀ ਕੋਈ ਮੈਂਬਰ ਜਾਂ ਸਾਕ ਸਬੰਧੀ ਕਾਰਡਾਂ ਦਾ ਝੋਲਾ ਭਰਕੇ ਮਠਿਆਈ ਦੀ ਪੰਡ ਬੰਨ੍ਹ ਕੇ ਪਿੰਡੋਂ ਪਿੰਡੀ ਹੋ ਤੁਰਦਾ। ਪਹਿਲਾਂ ਪਹਿਲ ਵਿਆਹ ਵਾਲੇ ਘਰ ’ਚ ਤਿਆਰ ਕੀਤੀ ਮਠਿਆਈ ਭੇਜੀ ਜਾਂਦੀ ਸੀ। ਫਿਰ ਸ਼ਹਿਰੋਂ ਵਧੀਆ ਹਲਵਾਈ ਦੀ ਬਣਾਈ ਮਠਿਆਈ ਭੇਜਣ ਦਾ ਰਿਵਾਜ ਆ ਗਿਆ। ਵਿਆਹ ਦੇ ਕਾਰਡ ’ਤੇ ਨਵੀਆਂ ਨਵੀਆਂ ਮੋਹ ਭਿੱਜੀਆਂ ਪੰਕਤੀਆਂ ਨਵੇਂ ਰਿਵਾਜ ਨੂੰ ਪ੍ਰਗਟਾਉਣ ਲੱਗੀਆਂ, ਪਰ ਇਹ ਮੋਹ ਸਿਰਫ਼ ਕਾਗਜ਼ਾਂ ਤਕ ਸੀਮਿਤ ਹੋ ਕੇ ਰਹਿ ਗਿਆ। ਫਿਰ ਵੀ ਕਾਰਡ ਦੇਣ ਆਏ ਮਹਿਮਾਨ ਦੀ ਪੂਰੀ ਆਉਭਗਤ ਹੁੰਦੀ ਸੀ। ਉਸ ਦੇ ਆਉਂਦਿਆਂ ਹੀ ਕਿਸੇ ਨੇ ਸ਼ਹਿਰ ਭੱਜ ਲੈਣਾ, ਮਿੱਠਾ ਨਮਕੀਨ ਲੈ ਆਉਣਾ, ਘਰ ਸੁਆਣੀਆਂ ਨੇ ਖੀਰ ਜਾਂ ਕੜਾਹ ਬਣਾ ਲੈਣਾ। ਸੋ ਇੱਥੋਂ ਤਕ ਵੀ ਵਿਆਹ ਦੇ ਸੱਦੇ ਵਿੱਚ ਲੁਕੇ ਚਾਅ ਅਤੇ ਖੇੜੇ ਨੇ ਸਾਹ ਲੈਣਾ ਨਹੀਂ ਛੱਡਿਆ ਸੀ।

ਰਾਮ ਸਿੰਘ ਦਿਲਾਵਰ

ਰਾਮ ਸਿੰਘ ਦਿਲਾਵਰ

ਪਰ ਹੁਣ ਵਿਆਹ ਦੇ ਸੱਦੇ ਵਿੱਚ ‘ਭੁੰਜੇ ਪੈਰ ਨਾ ਲੱਗਣ ਵਾਲੀ’ ਕੋਈ ਗੱਲ ਨਹੀਂ ਰਹੀ। ਵਿਆਹ ਦੀਆਂ ਕਨਾਤਾਂ ਪਹਿਲਾਂ ਪਿੰਡ ਦੀਆਂ ਬੀਹੀਆਂ ’ਚੋਂ ਖੁੱਲ੍ਹੇ ਮੈਦਾਨਾਂ ਵੱਲ ਅਤੇ ਫਿਰ ਸ਼ਹਿਰਾਂ, ਕਸਬਿਆਂ ਦੇ ਪੈਲੇਸਾਂ ਵਿੱਚ ਚਲੀਆਂ ਗਈਆਂ। ਉਦੋਂ ਤੋਂ ਵਿਆਹ ਦੇ ਸੱਦੇ ਦੀ ਮਿਠਾਸ ਵੀ ਫਿੱਕੀ ਹੁੰਦੀ ਗਈ। ਕਾਰਡ ਦੀ ਬਣਤਰ ਜਿੰਨੀ ਸੋਹਣੀ ਹੁੰਦੀ ਗਈ, ਸੱਦੇ ਵਾਲੀ ਰਸਮ ਹੋਰ ਤੋਂ ਹੋਰ ਬਣਾਉਟੀ ਹੁੰਦੀ ਗਈ। ਕਾਰਡ ਦੇ ਡਿਜ਼ਾਈਨ ਵਰਗੇ ਮਠਿਆਈ ਦੇ ਡੱਬੇ ’ਚ ਭਾਵੇਂ ਮਠਿਆਈਆਂ ਦੀ ਭਾਂਤ ਵਧ ਗਈ, ਪਰ ਇਸ ਰਸਮ ਦੀ ਮਿਠਾਸ ਬਿਲਕੁਲ ਗੁਆਚ ਗਈ। ਕੁਝ ਕੁ ਪਲਾਂ ਦਾ ਸਮਾਂ ਕੱਢ ਕੇ ਕਾਰਡ ਦੇਣ ਵਾਲਾ ਇਉਂ ਆ ਕੇ ਚਲਾ ਜਾਂਦਾ ਹੈ ਜਿਵੇਂ ਡਾਕੀਆ ਚਿੱਠੀ ਦੇਣ ਆਇਆ ਹੋਵੇ। ਬਾਹਰ ਉਸ ਦੀ ਗੱਡੀ ਵਿੱਚ ਪਏ ਡੱਬਿਆਂ ਦੀ ਗਿਣਤੀ ਉਸ ਦੀ ਮਸ਼ਰੂਫ਼ੀਅਤ ਨੂੰ ਬਿਆਨ ਕਰ ਰਹੀ ਹੁੰਦੀ ਹੈ। ਚਾਹ ਦਾ ਕੱਪ ਵੀ ਅੱਧਾ ਛੱਡ ਕੇ ਇਹ ਕਹਿ ਕੇ ਚਲਾ ਜਾਂਦਾ ਹੈ ਕਿ ਸਵੇਰ ਤੋਂ ਲੈ ਕੇ ਬਹੁਤ ਚਾਹ ਪੀ ਲਈ ਹੈ, ਹੁਣ ਤਾਂ ਦਿਲ ਨਹੀਂ ਕਰਦਾ। ਚਾਹ ਵੀ ਅੱਧੀ ਰਹਿ ਜਾਂਦੀ ਹੈ ਅਤੇ ਵਿਆਹ ਦਾ ਚਾਅ ਤਾਂ ਪੂਰਾ ਹੀ ਮੁੱਕ ਜਾਂਦਾ ਹੈ।
ਹੁਣ ਤਾਂ ਵਿਆਹ ਦੇ ਕਾਰਡ ਵੀ ਮੋਬਾਈਲ ’ਤੇ ਭੇਜੇ ਜਾਣ ਲੱਗੇ ਹਨ। ਜਾਪਦਾ ਹੈ ਕਿ ਵਿਆਹ ਦੇ ਸੱਦੇ ਵਾਲੀ ਰਸਮ ਵੀ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਵਾਂਗ ਬੰਦ ਹੋ ਜਾਵੇਗੀ।
ਸੰਪਰਕ: 98558-30222

LEAVE A REPLY

Please enter your comment!
Please enter your name here