ਕੋਈ ਸਮਾਂ ਸੀ ਜਦੋਂ ਕਿਸੇ ਦਾ ਪਹਿਰਾਵਾ ਦੇਖ ਕੇ ਉਸ ਦੇ ਕਿੱਤੇ ਅਤੇ ਖਿੱਤੇ ਦਾ ਅੰਦਾਜ਼ਾ ਲੱਗ ਜਾਂਦਾ ਸੀ। ਜਿਵੇਂ ਅਸੀਂ ਰਾਜਸਥਾਨੀ ਲੋਕਾਂ ਦਾ ਪਹਿਰਾਵਾ ਦੇਖ ਕੇ ਝੱਟ ਪਹਿਚਾਣ ਜਾਂਦੇ ਹਾਂ ਕਿ ਇਹ ਕਿਸ ਸੂਬੇ ਦੇ ਵਸਨੀਕ ਹਨ। ਹਰਿਆਣਾ ਦੇ ਜਾਟਾਂ ਦੀਆਂ ਧੋਤੀਆਂ ਅਤੇ ਪੱਗਾਂ ਦੇਖ ਕੇ ਵੀ ਉਨ੍ਹਾਂ ਦੀ ਪਹਿਚਾਣ ਆ ਜਾਂਦੀ ਸੀ। ਇਸੇ ਤਰ੍ਹਾਂ ਪੰਜਾਬੀਆਂ, ਖ਼ਾਸ ਕਰ ਪੇਂਡੂ ਪੰਜਾਬੀ ਲੋਕਾਂ ਦੇ ਪਹਿਰਾਵੇ ਦੀ ਤਾਂ ਵੱਖਰੀ ਹੀ ਸ਼ਾਨ ਤੇ ਪਛਾਣ ਸੀ। ਅੱਜ ਜਿੱਥੇ ਇਸ ਆਧੁਨਿਕ ਯੁੱਗ ਵਿੱਚ ਸਾਡੇ ਕਿੱਤੇ ਬਦਲ ਗਏ ਹਨ, ਬੋਲੀ ਬਦਲ ਗਈ ਹੈ, ਰਹਿਣ-ਸਹਿਣ ਦਾ ਢੰਗ-ਤਰੀਕਾ ਬਦਲ ਗਿਆ ਹੈ ਉੱਥੇ ਸਾਡਾ ਪਹਿਰਾਵਾ ਵੀ ਬਹੁਤ ਹੱਦ ਤਕ ਬਦਲ ਗਿਆ ਹੈ। ਸ਼ਹਿਰਾਂ ਵਿੱਚ ਹੀ ਨਹੀਂ ਪਿੰਡਾਂ ਵਿੱਚ ਵੀ ਪੱਛਮੀ ਪਹਿਰਾਵੇ ਦਾ ਬਹੁਤ ਪ੍ਰਭਾਵ ਪਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪਹਿਲਾਂ ਇਹ ਪ੍ਰਭਾਵ ਮਰਦ ਜਾਤੀ ਨੇ ਪੈਂਟ-ਕੋਟ ਦੇ ਰੂਪ ਵਿੱਚ ਕਬੂਲਿਆ ਜਦੋਂ ਕਿ ਅਜੋਕੇ ਸਮੇਂ ਨਾਰੀ ਜਾਤੀ ਬੁਰੀ ਤਰ੍ਹਾਂ ਇਸ ਦੇ ਅਸਰ ਦੀ ਮਾਰ ਹੇਠ ਹੈ।
ਅਜੇ ਡੇਢ-ਦੋ ਦਹਾਕੇ ਪਹਿਲਾਂ ਵੀ ਪੇਂਡੂ ਔਰਤਾਂ ਬਹੁਤਾ ਤੜਕ-ਭੜਕ ਵਾਲਾ ਪਹਿਰਾਵਾ ਨਹੀਂ ਸਨ ਪਹਿਨਦੀਆਂ। ਜਿਹੜੇ ਫੈਸ਼ਨ ਸ਼ਹਿਰਾਂ ਵਿੱਚ ਕਾਫ਼ੀ ਦੇਰ ਚੱਲਦੇ ਉਹ ਆਖ਼ੀਰ ਜਿਹੇ ਵਿੱਚ ਪਿੰਡ ਵੜਦੇ। ਅਜੋਕੇ ਸਮੇਂ ਸਾਡੀਆਂ ਪੇਂਡੂ ਸੁਆਣੀਆਂ ਵੀ ਸਜਣ-ਧਜਣ ਵਿੱਚ ਸ਼ਹਿਰਨਾਂ ਦੀ ਬਰਾਬਰੀ ਕਰਦੀਆਂ ਹਨ। ਪਿਛਲੇ ਸਮੇਂ ਤਾਂ ਸ਼ਹਿਰਾਂ ਅਤੇ ਪਿੰਡਾਂ ਦੇ ਪਹਿਨਣ-ਖਾਣ ਦਾ ਬਹੁਤ ਅੰਤਰ ਹੁੰਦਾ ਸੀ ਜਿਸ ਨਾਲ ਕਿਸੇ ਦੇ ਪੇਂਡੂ ਜਾਂ ਸ਼ਹਿਰੀ ਹੋਣ ਦਾ ਝੱਟ ਪਤਾ ਲੱਗ ਜਾਂਦਾ। ਪੇਂਡੂ ਔਰਤਾਂਂ ਬਹੁਤ ਸਮੇਂ ਤੋਂ ਘਰਾਂ ਵਿੱਚ ਕਮੀਜ਼ਾਂ-ਸਲਵਾਰਾਂ ਹੀ ਪਾਉਂਦੀਆਂ ਹਨ। ਬਹੁਤ ਸਮਾਂ ਪਹਿਲਾਂ ਘਰੋਂ ਬਾਹਰ ਜਾਣ ਸਮੇਂ ਭਾਵੇਂ ਖੂਹ ਤੋਂ ਪਾਣੀ ਭਰਨ ਜਾਣਾ ਹੁੰਦਾ, ਖੇਤ ਰੋਟੀ-ਭੱਤਾ ਲੈ ਕੇ ਜਾਣਾ ਹੁੰਦਾ ਜਾਂ ਕਿਧਰੇ ਹੋਰ ਤਾਂ ਔਰਤਾਂ ਘੱਗਰਾ ਪਾ ਕੇ ਬਾਹਰ ਨਿਕਲਦੀਆਂ। ਘੱਗਰੇ ਆਮ ਤੌਰ ’ਤੇ ਕਾਲੀ ਸੂਫ ਜਾਂ ਹਰੀ ਛੈਲ ਦੇ ਤੇ ਸਟਨ ਦੇ ਹੁੰਦੇ। ਲੋਕ ਕਾਵਿ ਵਿੱਚ ਸੂਫ ਜਾਂ ਕਾਲੀ ਸੂਫ ਦਾ ਬਹੁਤ ਜ਼ਿਕਰ ਮਿਲਦਾ ਹੈ:
* ਕਾਲਾ ਘੱਗਰਾ ਸੂਫ ਦਾ
  ਧਰਤੀ ਸੰਬਰਦਾ ਜਾਏ ਨੀਂ 
* ਸੁੱਥਣੇ ਸੂਫ ਦੀਏ
  ਤੈਨੂੰ ਸੱਸ ਦੇ ਮਰੀ ਤੋਂ ਪਾਵਾਂ
ਮਾਹੀ ਨਾਲ ਰੁੱਸ ਕੇ ਪੇਕੇ ਜਾਣ ਲੱਗੀ ਮੁਟਿਆਰ, ਪੈਣ ਵਾਲੇ ਵਿਛੋੜੇ ਦਾ ਸੰਕੇਤ ਕਰਦੀ ਕਹਿੰਦੀ:
ਦੇਖ ਦੇਖ ਰੋਏਗਾਂ ਜੱਟਾ
ਕਾਲਾ ਘੱਗਰਾ ਸੰਦੂਕ ਵਿੱਚ ਮੇਰਾ

ਪਰਮਜੀਤ ਕੌਰ ਸਰਹਿੰਦ

ਪਰਮਜੀਤ ਕੌਰ ਸਰਹਿੰਦ

ਆਮ ਤੌਰ ’ਤੇ ਹੀ ‘ਘੱਗਰਾ ਵੀਹ ਗਜ਼’ ਦਾ ਕਹਿ ਦਿੱਤਾ ਜਾਂਦਾ ਹੈ, ਪਰ ਘੱਗਰੇ ਸੱਤ, ਨੌਂ ਜਾਂ ਗਿਆਰਾਂ ਗਜ਼ ਦੇ ਬਣਾਏ ਜਾਂਦੇ। ਸੂਫ ਤੇ ਛੈਲ ਤੋਂ ਬਿਨਾਂ ਚਿੱਟੇ ਲੱਠੇ ਜਾਂ ਮਲਮਲ ਦੇ ਘੱਗਰੇ ਵੀ ਬਣਦੇ। ਇਹ ਵੀ ਹੋ ਸਕਦਾ ਹੈ ਮਲਮਲ ਦਾ ਘੱਗਰਾ ਵੱਧ ਕੱਪੜੇ ਦਾ ਬਣਾਇਆ ਜਾਂਦਾ ਹੋਵੇ ਕਿਉਂਕਿ ਮਲਮਲ, ਸੂਫ ਜਾਂ ਛੈਲ ਵਰਗੀ ‘ਗਫ਼’ ਭਾਵ ਭਾਰੇ ਕੱਪੜੇ ਦੀ ਨਹੀਂ ਹੁੰਦੀ। ਰੰਗਦਾਰ ਮਲਮਲ ਦੇ ਘੱਗਰੇ ਵੀ ਬੜੇ ਫੱਬਦੇ ਕਿਸੇ ਨੇ ਫਿਰੋਜ਼ੀ ਜਾਂ ਗੁਲਾਬੀ ਘੱਗਰੇ ਨਾਲ ਅੱਡ ਰੰਗ ਦੀ ਕੁੜਤੀ ਪਾਉਣੀ ਤਾਂ ਉਹਨੇ ਲੋਹੜੇ ਦਾ ਉਠਾ ਦੇਣਾ। ਅੱਜ ਇਸ ਨੂੰ ‘ਕੰਟਰਾਸਟ’ ਕਿਹਾ ਜਾਂਦਾ। ਜਿਵੇਂ ਗੁਲਾਬੀ ਸਲਵਾਰ ਨਾਲ ਹਰੀ ਕਮੀਜ਼ ਤੇ ਫਿਰੋਜ਼ੀ ਨਾਲ ਲਾਲ ਰੰਗ ਦਾ ਜੋੜ ਬਣਾਉਣਾ। ਘੱਗਰੇ ਦੇ ਹੇਠਲੇ ਘੇਰੇ ਨੂੰ ਅਲੱਗ ਰੰਗ ਦੇ ਕੱਪੜੇ ਦੀ ਕਿਨਾਰੀ ਲਾਈ ਜਾਂਦੀ ਇਸ ਨੂੰ ‘ਲੌਣ’ ਕਿਹਾ ਜਾਂਦਾ। ਇਹ ਕਿਨਾਰੀ ਗੋਟੇ ਦੀ ਵੀ ਹੁੰਦੀ। ਅਜੋਕੇ ਸਮੇਂ ਸਟੇਜ ਸ਼ੋਅ ਲਈ ਬਣਾਏ ਗਏ ਘੱਗਰਿਆਂ ਉੱਤੇ ਸ਼ੀਸ਼ੇ ਅਤੇ ਬਹੁਤ ਕਿਸਮ ਦੇ ਗੋਟੇ ਕਿਨਾਰੀਆਂ ਲਾਈਆਂ ਜਾਂਦੀਆਂ ਹਨ। ਇਹ ਘੱਗਰੇ ਆਮ ਤੌਰ ’ਤੇ ਟੈਰੀਵਾਲ ਦੇ ਬਣਦੇ ਹਨ। ਲੌਣ ਦਾ ਜ਼ਿਕਰ ਲੋਕਗੀਤਾਂ ਤੇ ਪੰਜਾਬੀ ਗੀਤਾਂ ਵਿੱਚ ਵੀ ਮਿਲਦਾ ਹੈ। ਲੋਕ-ਕਾਵਿ ਦੀ ਬੋਲੀ ਹੈ-
ਵੀਹ ਗਜ਼ ਦਾ ਤਾਂ ਘੱਗਰਾ ਸੁਆਇਆ
ਲੌਣ ਨੂੰ ਘੁੰਗਰੂ ਲਾਏ
ਬੁਣ ਕੇ ਪਾਇਆ ਨਾਲਾ ਰੇਸ਼ਮੀ
ਸਿਰਿਆਂ ’ਤੇ ਫੁੱਲ ਪਾਏ
ਅੰਗ ਦੀ ਪਤਲੀ ਨੂੰ
ਘੱਗਰਾ ਮੇਚ ਨਾ ਆਏ
ਘੱਗਰੇ ਵਿੱਚ ਨਾਲਾ ਪਾਉਣ ਲਈ ਖੱਬੇ ਪਾਸੇ ਕੱਟ ਹੁੰਦਾ ਤੇ ਤਿੰਨ-ਚਾਰ ਇੰਚ ਚਾਕ ਹੁੰਦਾ। ਕਈ ਸ਼ੁਕੀਨ ਔਰਤਾਂ ਸ਼ੀਸ਼ਿਆਂ ਜਾਂ ਫੂੰਦਿਆਂ ਵਾਲੇ ਨਾਲੇ ਘੱਗਰੇ ਵਿੱਚ ਪਾਉਂਦੀਆਂ ਤੇ ਉਨ੍ਹਾਂ ਨੂੰ ਕਾਫ਼ੀ ਸਾਰਾ ਲਮਕਾ ਕੇ ਰੱਖਦੀਆਂ, ਉਂਜ ਵੀ ਘੱਗਰੇ ਦਾ ਨਾਲਾ ਬਾਹਰ ਵੱਲ ਹੁੰਦਾ ਹੈ।
ਪੰਜਾਬੀ ਗੀਤਾਂ ਵਿੱਚ ਨੰਦ ਨਾਲ ਨੂਰਪੁਰੀ ਦੇ ਪ੍ਰਸਿੱਧ ਗੀਤ ‘ਚੰਨ ਵੇ ਕਿ ਸ਼ੌਕਣ ਮੇਲੇ ਦੀ…’ ਵਿੱਚ ਵੀ ਘੱਗਰੇ ਦਾ ਜ਼ਿਕਰ ਹੈ:
ਚੰਨ ਵੇ ਕਿ ਘੱਗਰਾ ਵੀਹ ਗਜ਼ ਦਾ
ਲੱਕ ਗੋਰੀ ਦਾ ਮਰੋੜੇ ਖਾਵੇ
ਪੇਸ਼ ਨਾ ਜਾਵੇ ਕਿ ਸ਼ੌਂਕਣ ਮੇਲੇ ਦੀ…
ਅੱਜ ਘੱਗਰੇ ਕੇਵਲ ਟੀ.ਵੀ. ਦੇ ਪਰਦੇ ’ਤੇ ਫ਼ਿਲਮਾਂ, ਅਖ਼ਬਾਰਾਂ ਜਾਂ ਮੈਗਜ਼ੀਨਾਂ ਵਿੱਚ ਤਾਂ ਬਹੁਤ ਦਿਸਦੇ ਹਨ, ਸਟੇਜਾਂ ਉੱਤੇ ਤੀਆਂ ਨੂੰ ਇਹ ਘੱਗਰੇ ਘੁੰਮਦੇ ਹਨ ਜਾਂ ਵਿਆਹ ਸ਼ਾਦੀ ਮੌਕੇ ਪੈਲੇਸ ਵਿੱਚ ਰੌਣਕ ਲਾਉਂਦੇ ਹਨ, ਪਰ ਸਾਡੀ ਅਸਲੀ ਜ਼ਿੰਦਗੀ ਵਿੱਚੋਂ ਇਹ ਗੁੰਮ ਹੋ ਚੁੱਕੇ ਹਨ। ਪਿੰਡਾਂ ਦੇ ਨੇੜੇ ਵੀ ਪੈਲੇਸ ਬਣ ਗਏ ਹਨ ਤੇ ਸਾਡੇ ਖੁੱਲ੍ਹੇ-ਡੁੱਲ੍ਹੇ ਘਰਾਂ-ਵਿਹੜਿਆਂ ਵਾਲੇ ਪੇਂਡੂ ਲੋਕ ਵੀ ਪੈਲੇਸ ਵਿੱਚ ਵਿਆਹ ਕਰਨ ਵਿੱਚ ਸ਼ਾਨ ਸਮਝਦੇ ਹਨ ਭਾਵੇਂ ਉਨ੍ਹਾਂ ਨੂੰ ਵਾਧੂ ਦਾ ਖ਼ਰਚਾ ਕਰਨ ਲਈ ਕਰਜ਼ੇ ਹੀ ਚੁੱਕਣੇ ਪੈਣ। ਇਨ੍ਹਾਂ ਪੈਲੇਸਾਂ ਵਿੱਚ ਵੀ ‘ਰੰਗਾਰੰਗ ਪ੍ਰੋਗਰਾਮ’ ਹੁੰਦੇ ਹਨ। ਘਰਾਂ ਵਿੱਚੋਂ ਗੁੰਮ ਹੋਏ ਘੱਗਰੇ ਸਟੇਜ ’ਤੇ ਦਰਸ਼ਨ ਦਿੰਦੇ ਹਨ। ਇੱਕ ਟੱਪਾ ਇਸੇ ਸੰਦਰਭ ਵਿੱਚ ਹੈ:
ਪੈਲੇਸ ਹੈ ਦੇਬੇ ਦਾ
ਘੁੰਮਦਾ ਸਟੇਜਾਂ ’ਤੇ 
ਹੁਣ ਘੱਗਰਾ ਬੇਬੇ ਦਾ
ਘੱਗਰੇ-ਘੱਗਰੀਆਂ ਤੇ ਲਹਿੰਗੇ ਤਕਰੀਬਨ ਇੱਕੋ ਜਿਹੇ ਹੀ ਹੁੰਦੇ, ਪਰ ਇਨ੍ਹਾਂ ਦਾ ਐਨਾ ਕੁ ਫ਼ਰਕ ਹੁੰਦਾ ਕਿ ਲਹਿੰਗੇ ਤੇ ਘੱਗਰੀ ਦੇ ਵਲ ਘੱਟ ਹੁੰਦੇ ਹਨ, ਉਹ ਘੱਟ ਕੱਪੜੇ ਵਿੱਚ ਬਣੇ ਹੁੰਦੇ। ਇਨ੍ਹਾਂ ਪਹਿਰਨਾਂ ਨੂੰ ਔਰਤਾਂ ਆਪਣੀ ਮਰਜ਼ੀ ਨਾਲ਼ ਸ਼ਿੰਗਾਰ ਲੈਂਦੀਆਂ। ਪੁਰਾਣੇ ਸਮੇਂ ਵੀ ਘੱਗਰਿਆਂ ਨੂੰ ਸਲਮੇ-ਸਿਤਾਰੇ ਜਾਂ ਗੋਟੇ ਪੱਤੀ ਦੇ ਫੁੱਲ ਲਾ ਕੇ ਬਣਾਇਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿੱਚ ਘੇਰੇ ’ਤੇ ਘੁੰਗਰੂ ਲਾਉਣ ਦਾ ਰਿਵਾਜ ਵੀ ਸੀ। ਅਜਿਹਾ ਘੱਗਰਾ ਪਹਿਨ ਕੇ ਮੁਟਿਆਰ ਚਾਅ ਨਾਲ ਭਰੀ ਹੁੰਦੀ ਤੇ ਕਹਿੰਦੀ:
ਲੋਕਾਂ ਭਾਵੇਂ ਸੱਪ ਸ਼ੂਕਦਾ ਮੇਰਾ ਘੱਗਰਾ ਸ਼ੂਕਦਾ ਜਾਵੇ
ਭਾਵੇਂ ਮੈਂ ਘੱਗਰਿਆਂ ਵਾਲਾ ਸਮਾਂ ਬਹੁਤਾ ਨਹੀਂ ਦੇਖਿਆ, ਪਰ ਬਚਪਨ ਵਿੱਚ ਮੈਂ ਜੋ ਦੇਖਿਆ ਉਹ ਮੈਨੂੰ ਸੁਪਨੇ ਵਾਂਗੂੰ ਯਾਦ ਹੈ। ਕਿਧਰੇ ਮੁਕਾਣ ਆਉਣ-ਜਾਣ ਵੇਲੇ ਔਰਤਾਂਂ ਘੱਗਰੇ ਪਹਿਨਦੀਆਂ ਸਨ, ਉਂਜ ਆਮ ਹੀ ਘੱਗਰੇ ਪਾਉਣ ਦਾ ਰਿਵਾਜ ਸਾਡੇ ਪਿੰਡ ਵਿੱਚ ਵੀ ਖ਼ਤਮ ਹੀ ਸੀ। ਘਰੋਂ ਤੁਰਨ ਲੱਗੀਆਂ ਇਹ ਔਰਤਾਂਂ ਘੱਗਰੇ ਨੂੰ ਮਰੋੜੀ ਜਿਹੀ ਦੇ ਕੇ ਇਕੱਠਾ ਕਰ ਲੈਂਦੀਆਂ। ਇਨ੍ਹਾਂ ਘੱਗਰਿਆਂ ਵਿੱਚ ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਾਦੇ ਨਾਲੇ ਪਾਏ ਹੁੰਦੇ ਕਿਉਂਕਿ ਘੱਗਰੇ ਦਾ ਨਾਲਾ ਬਾਹਰ ਵੱਲ ਲਮਕਦਾ ਦੂਰੋਂ ਦਿਸਦਾ ਹੈ। ਮੈਂ ਆਪ ਤਾਂ ਕਾਲੇ ਘੱਗਰੇ ਲਈ ਜਾਂ ਪਾਈ ਜਾਂਦੀਆਂ ਔਰਤਾਂਂ ਹੀ ਦੇਖੀਆਂ ਹਨ, ਪਰ ਘੱਗਰਿਆਂ ਸਬੰਧੀ ਹੋਰ ਬਾਰੀਕੀ ਨਾਲ ਜਾਣਕਾਰੀ ਮੈਂ ਆਪਣੇ ਪੜਨਾਨਕੇ (ਮਾਮੇ ਦੇ ਸਹੁਰੇ) ਪਿੰਡ ਪੰਜੋਲੀ ਕਲਾਂ ਤੋਂ ਲਈ। ਮੇਰੇ ਵੱਡੀ ਉਮਰ ਦੇ ਨਾਨੀ ਜੀ ਹਰਮੇਲ ਕੌਰ ਨੇ ਮੈਨੂੰ ਦੱਸਿਆ ਕਿ ਮੁਕਾਣ ਆਉਣ-ਜਾਣ ਲਈ ਉਨ੍ਹਾਂ ਦੇ ਸਮਿਆਂ ਵਿੱਚ ਚਿੱਟੇ ਘੱਗਰੇ ਹੀ ਪਹਿਨੇ ਜਾਂਦੇ ਸਨ। ਰੰਗਦਾਰ ਘੱਗਰੇ ਜਾਂ ਝੋਨਾ (ਦੁਪੱਟਾ) ਕੋਈ ਨਹੀਂ ਸੀ ਪਹਿਨਦੀ। ਬਦਲਦੇ ਸਮੇਂ ਨਾਲ ਫ਼ਰਕ ਪੈਂਦਾ ਗਿਆ, ਪਰ ਝੋਨੇ ਚਿੱਟੇ ਹੀ ਲਏ ਜਾਂਦੇ ਸਨ। ਅੱਜ ਘੱਗਰੇ ਪਿੰਡਾਂ ਵਿੱਚੋਂ ਤਾਂ ਲੋਪ ਹੋ ਗਏ ਹਨ, ਪਰ ਸਰਕਾਰੀ-ਗ਼ੈਰ ਸਰਕਾਰੀ ਅਦਾਰਿਆਂ ਵਿੱਚ ਹੁੰਦੇ ਸੱਭਿਆਚਾਰਕ ਸਮਾਗਮਾਂ ਵਿੱਚ ਅਤੇ ਵਿਆਹ-ਸ਼ਾਦੀਆਂ ਵਿੱਚ ਇਹ ਖ਼ੂਬ ਘੁੰਮਦੇ ਹਨ।

ਸੰਪਰਕ : 98728-98599

LEAVE A REPLY

Please enter your comment!
Please enter your name here