ਉਸ ਨੂੰ
ਬਿਨਾ ਕੁਝ ਕਹੇ
ਚੁਪ ਦੀ ਬੋਲੀ 
ਬੋਲਣ ਦਾ
ਮੇਰਾ ਚਿਤ ਕਰਦੈ…
ਉਸ ਮੁਹਰੇ
ਜਿੰਦਗੀ ਦੀ
ਬੇਰੰਗ ਕਿਤਾਬ
ਖੋਲਣ ਦਾ
ਮੇਰਾ ਚਿਤ ਕਰਦੈ…
ਦਿਲ ਦੇ ਡੂੰਘੇ
ਸਮੁੰਦਰ ਅੰਦਰ
ਬਿਨਾ ਪਾਣੀਓ
ਡੁੱਬਣ ਦਾ
ਮੇਰਾ ਚਿਤ ਕਰਦੈ…
ਨਾਲ ਉਸਦੇ
ਸੁਪਨਿਆਂ ਦੇ ਅੰਬਰੀ
ਬਿਨਾ ਖੰਭਾ ਦੇ
aੁੱਡਣ ਦਾ 
ਮੇਰਾ ਚਿਤ ਕਰਦੈ…
ਸੰਗ ਉਸਦੇ
ਸਿਖ਼ਰ ਦੁਪਹਿਰੇ
ਕੰਡਿਆਲੀ ਥੋਰ
ਤੁਰਨ ਦਾ
ਮੇਰਾ ਚਿਤ ਕਰਦੈ…
ਤੁਰਦਿਆਂ 
ਲਹੂ-ਲੁਹਾਣ ਹੋਏ
ਪੈਰਾਂ ਦੇ ਛਾਲੇ
ਤੱਕਣ ਦਾ 
ਮੇਰਾ ਚਿਤ ਕਰਦੈ…
ਜਾਣਦੀ ਹਾਂ
ਸ਼ਾਮ ਢੱਲਦਿਆਂ ਹੀ
ਛੱਡ ਜਾਏਗਾ
ਮੇਰਾ ਆਪਣਾ
ਪਰਛਾਵਾਂ ਹੀ ਤੇ ਹੈ
ਕਿੱਥੇ ਸਾਥ ਨਿਭਾਏਗਾ ?
ਫੇਰ ਵੀ 
ਆਪਣੇ ਹੀ ਪਰਛਾਵੇਂ ਨੂੰ
ਘੁੱਟ-ਗਲਵੱਕੜੀ
ਪਾਉਣ ਦਾ
ਮੇਰਾ ਚਿਤ ਕਰਦੈ…

LEAVE A REPLY

Please enter your comment!
Please enter your name here