ਵਿਆਹ ਵਾਲੇ ਦਿਨ ਵਰ ਅਤੇ ਉਸ ਦੇ ਪਰਿਵਾਰ ਵੱਲੋਂ ਲਾੜੀ ਨੂੰ ਵਿਆਹੁਣ ਗਿਆਂ, ਲਾੜੀ ਨੂੰ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀਆਂ ਮੁੱਲਵਾਨ ਵਸਤੂਆਂ ਨੂੰ ‘ਵਰੀ’ ਕਹਿੰਦੇ ਹਨ। ਬਰਾਤ ਦੇ ਢੁਕਾਅ ਤੋਂ ਬਾਅਦ ਜਿਵੇਂ ਕੰਨਿਆ ਵਾਲੀ ਧਿਰ ਵਰ ਵਾਲੀ ਧਿਰ ਨੂੰ ‘ਖੱਟ’ ਦੀ ਰਸਮ ਵੇਲੇ ਸਾਰੇ ਬਰਾਤੀਆਂ ਅਤੇ ਆਪਣੀ ਬਰਾਦਰੀ ਸਾਹਮਣੇ ਦਾਜ ਵਿਖਾਉਂਦੀ ਰਹੀ ਹੈ, ਉਵੇਂ ਹੀ ਵਰ ਵਾਲੀ ਧਿਰ ਉਚੇਚੇ ਰੂਪ ਵਿੱਚ ਲਾੜੀ ਲਈ ‘ਵਰੀ’ ਦੇ ਰੂਪ ਵਿੱਚ ਲਿਆਂਦੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀ ਸਮੱਗਰੀ ਕੰਨਿਆ ਵਾਲੀ ਧਿਰ ਨੂੰ ਵਿਖਾਉਂਦੀ ਰਹੀ ਹੈ। ਕੰਨਿਆ ਵਾਲੀ ਧਿਰ ਦੇ ਲੋਕ ਵਰੀ ਨੂੰ ਬੜੇ ਚਾਅ ਨਾਲ ਦੇਖਦੇ ਸਨ। ਇਸ ਵਿਖਾਲੇ ਵੇਲੇ ਦੋਵਾਂ ਧਿਰਾਂ ਦੀ ਆਰਥਿਕ ਸੰਪੰਨਤਾ ਜੱਗ-ਜ਼ਾਹਰ ਹੁੰਦੀ। ਇਸ ਲਈ ਕਈ ਹਾਲਤਾਂ ਵਿੱਚ ਪਹੁੰਚ ਤੋਂ ਵਧੇਰੇ ਉਚੇਚ ਕੀਤਾ ਵੀ ਨਜ਼ਰ ਆਉਂਦਾ। ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਜਦੋਂ ਜੰਞ ਰੱਥਾਂ, ਹਾਥੀਆਂ ਅਤੇ ਘੋੜਿਆਂ ’ਤੇ ਜਾਂਦੀ ਸੀ ਉਸ ਸਮੇਂ ਵਰੀ ਦੀਆਂ ਚੀਜ਼ਾਂ ਟੋਕਰਿਆਂ ਵਿੱਚ ਸਜਾ ਕੇ ਵਾਜਿਆਂ-ਗਾਜਿਆਂ ਨਾਲ ਵਿਆਹ ਵਾਲੇ ਘਰ ਲਿਆਂਦੀਆਂ ਜਾਂਦੀਆਂ ਸਨ। ਧੀ ਵਾਲੇ ਉਨ੍ਹਾਂ ਚੀਜ਼ਾਂ ਦਾ ਖ਼ੂਬ ਸਵਾਗਤ ਕਰਕੇ ਆਪਣੀ ਅਤੇ ਆਪਣੀ ਧੀ ਦੇ ਸਹੁਰਿਆਂ ਦੀ ਸ਼ੋਭਾ ਕਰਾਉਣ ਲਈ ਭਾਈਚਾਰੇ ਨੂੰ ਸੱਦ ਲੈਂਦੇ ਸਨ ਤਾਂ ਕਿ ਭਾਈਚਾਰਾ ਦੇਖ ਸਕੇ ਕਿ ਉਨ੍ਹਾਂ ਦਾ ਨਾਤਾ ਕਿਹੋ ਜਿਹੇ ਪਰਿਵਾਰ ਨਾਲ ਜੁੜਿਆ ਹੈ।

ਵਰੀ ਦੇ ਰੂਪ ਵਿੱਚ ਆਏ ਕੱਪੜੇ, ਗਹਿਣੇ ਆਦਿ ਵਿਆਹ ਉਪਰੰਤ ਲਾੜੀ ਦੇ ਡੋਲੇ ਨਾਲ ਵਰ ਵਾਲੀ ਧਿਰ ਦੇ ਟੱਬਰ ਵਿੱਚ ਹੀ ਪਰਤਾ ਦਿੱਤੇ ਜਾਂਦੇ ਹਨ, ਪਰ ਫਿਰ ਵੀ ਇਸ ਰਸਮ ਦੀ ਵਿਆਹ ਵਿੱਚ ਕਾਫ਼ੀ ਮਹੱਤਤਾ ਹੈ।
ਵਰੀ ਨੂੰ ‘ਬਰਾ ਸੂਹੀ’ ਵੀ ਕਿਹਾ ਜਾਂਦਾ ਹੈ ਕਿਉਂਕਿ ਲਾੜੀ ਲਈ ਲਿਆਂਦੇ ਇਨ੍ਹਾਂ ਕੀਮਤੀ ਬਸਤਰਾਂ ਵਿੱਚ ਇੱਕ ਜੋੜਾ ਲਾਲ ਸੂਹੇ ਰੰਗ ਦਾ ਵੀ ਹੁੰਦਾ ਹੈ ਕਿਉਂਕਿ ਲਾਲ ਰੰਗ ਸ਼ਗਨਾਂ ਦਾ ਰੰਗ ਮੰਨਿਆ ਜਾਂਦਾ ਹੈ। ਗਹਿਣਿਆਂ ਅਤੇ ਬਸਤਰਾਂ ਦੇ ਰੂਪ ਵਿੱਚ ਵਰੀ ਇੱਕ ਟਰੰਕ (ਸੂਟਕੇਸ) ਵਿੱਚ ਪਾ ਕੇ ‘ਲਾਗੀ’ ਨੂੰ ਚੁਕਵਾ ਲਈ ਜਾਂਦੀ ਸੀ, ਜਿਸ ਨੂੰ ਸੰਭਾਲਣ ਅਤੇ ਲੋੜ ਪੈਣ ’ਤੇ ਵਰ ਵਾਲੀ ਧਿਰ ਦੀ ਹਾਜ਼ਰੀ ਅਤੇ ਰਜ਼ਾਮੰਦੀ ਨਾਲ ਟਰੰਕ ਖੋਲ੍ਹ ਕੇ ਵਿਖਾਉਣ ਦੀ ਜ਼ਿੰਮੇਵਾਰੀ ਵੀ ਲਾਗੀ ਦੇ ਜ਼ੁੰਮੇਂ ਹੀ ਹੁੰਦੀ। ਵਰੀ ਦੀਆਂ ਇਨ੍ਹਾਂ ਵਸਤਾਂ ਵਿੱਚ ਗਹਿਣੇ ਅਤੇ ਕੱਪੜਿਆਂ ਤੋਂ ਇਲਾਵਾ ਲਾੜੀ ਲਈ ਜੁੱਤੀ, ਪਰਾਂਦੀ, ਪਰਸ ਅਤੇ ਸ਼ਗਨ ਵਜੋਂ ਲਾਲ ਗੁਥਲੀ ਵਿੱਚ ਸਵਾ ਜਾਂ ਢਾਈ ਕਿਲੋ ਬਿੱਦ (ਸੌਗੀ, ਮਖਾਣੇ, ਬਦਾਮ, ਛੁਹਾਰੇ, ਛੋਟੀਆਂ ਲੈਚੀਆਂ, ਮਿਸ਼ਰੀ, ਖੰਮਣ੍ਹੀ ਲਪੇਟਿਆ ਨਾਰੀਅਲ, ਮਹਿੰਦੀ ਆਦਿ) ਵੀ ਸ਼ਾਮਲ ਹੁੰਦੀ ਹੈ। ਲਾੜੀ ਲਈ ਚੁੰਨੀਆਂ ਸਮੇਤ ਸੱਤ, ਗਿਆਰਾਂ ਜਾਂ ਇੱਕੀ ਸੂਟਾਂ (ਝੱਗਾ, ਚੁੰਨੀ, ਸਲਵਾਰ) ਵਿੱਚ ਇੱਕ ਜਾਂ ਇੱਕ ਤੋਂ ਵਧੇਰੇ ਸੂਟ ਸਿਊਂ ਕੇ ਵੀ ਲਿਆਂਦੇ ਜਾਂਦੇ ਹਨ ਤਾਂ ਜੋ ਫੇਰਿਆਂ ਤੋਂ ਬਾਅਦ ਜਾਂ ਸਹੁਰੇ ਘਰ ਪ੍ਰਵੇਸ਼ ਕਰਨ ਮਗਰੋਂ ਵਹੁਟੀ ਪਹਿਰਾਵਾ ਬਦਲਣ ਸਮੇਂ ਫੌਰੀ ਤੌਰ ’ਤੇ ਸੀਤਾ ਹੋਇਆ ਸੂਟ ਪਹਿਨ ਸਕੇ।
10103769cd _rajwant kaurਬੇਸ਼ੱਕ ਹਾਰ-ਸ਼ਿੰਗਾਰ ਦੀ ਸਮੱਗਰੀ ਨਾਲ ਭਰਪੂਰ ਸੁਹਾਗ-ਪਟਾਰੀ ਵਰ ਵਾਲੀ ਧਿਰ ਵੱਲੋਂ ਕੁੜਮਾਈ ਸਮੇਂ ਵੀ ਭੇਜੀ ਜਾਂਦੀ ਹੈ, ਪਰ ਆਰਥਿਕ ਪੱਖੋਂ ਸੰਪੰਨ ਟੱਬਰ ਹਾਰ-ਸ਼ਿੰਗਾਰ ਦਾ ਸਾਮਾਨ ਵਰੀ ਨਾਲ ਦੁਬਾਰਾ ਭੇਜ ਦਿੰਦੇ ਹਨ। ਸੁਹਾਗ ਪਟਾਰੀ ਵਿਚਲੀ ਕੋਈ ਵਸਤੂ ਟੁੱਟ-ਭੱਜ ਨਾ ਜਾਵੇ, ਇਸ ਲਈ ਬੜੀ ਇਹਤਿਆਤ ਤੋਂ ਕੰਮ ਲਿਆ ਜਾਂਦਾ ਹੈ। ਇੱਕ ਲੋਕ ਵਿਸ਼ਵਾਸ ਅਨੁਸਾਰ ਸੁਹਾਗ ਪਟਾਰੀ ਵਿੱਚੋਂ ਕੋਈ ਚੀਜ਼ ਟੁੱਟਣੀ ਬਦਸ਼ਗਨੀ ਸਮਝੀ ਜਾਂਦੀ ਹੈ।
ਵਰ ਵਾਲੀ ਧਿਰ ਨੇ ਵਰੀ ਵਿੱਚ ਭਾਵੇਂ ਕਿੰਨੀਆਂ ਕੀਮਤੀ ਵਸਤਾਂ ਵੀ ਕਿਉਂ ਨਾ ਢੋਈਆਂ ਹੋਣ, ਕੰਨਿਆ ਵਾਲੀ ਧਿਰ ਦੀਆਂ ਇਸਤਰੀਆਂ ਖ਼ਾਸ ਕਰ ਨਾਨਕੀਆਂ ਅਤੇ ਦਾਦਕੀਆਂ ਗੀਤ ਗਾਉਂਦੀਆਂ ਹੋਈਆਂ ਹਰ ਚੰਗੀ ਚੀਜ਼ ਨੂੰ ਛੁਟਿਆਉਂਦੀਆਂ ਹਾਸੇ-ਠੱਠੇ ਦਾ ਮਾਹੌਲ ਸਿਰਜਦੀਆਂ ਹਨ। ਅਰਥਾਤ ਵਰੀ ਵਿਚਲੇ ਨਵੇਂ-ਨਕੋਰ, ਗੋਟੇ-ਕਿਨਾਰੀਆਂ ਅਤੇ ਸਿਲਮੇ-ਸਿਤਾਰਿਆਂ ਵਾਲੇ ਚਮਕਦਾਰ ਤੇ ਮਨਮੋਹਣੇ ਕੱਪੜਿਆਂ, ਗਹਿਣਿਆਂ ਅਤੇ  ਵਸਤਾਂ ਨੂੰ ਸਿੱਠਣੀਆਂ ਰਾਹੀਂ ਨਿੰਦਿਆ/ਭੰਡਿਆ ਜਾਂਦਾ ਹੈ। ਅਜਿਹਾ ਕਿਸੇ ਮੰਦੀ ਭਾਵਨਾ ਤਹਿਤ ਨਹੀਂ ਕੀਤਾ ਜਾਂਦਾ ਸਗੋਂ ਹਾਸੇ-ਖੇੜੇ ਵਾਲਾ ਮਾਹੌਲ ਪੈਦਾ ਕਰਨਾ ਹੀ ਉਨ੍ਹਾਂ ਦਾ ਮਨੋਰਥ ਹੁੰਦਾ ਹੈ। ਮਹਿੰਗੀ ਵਰੀ ਦੇ ਪੁਰਾਣੀ, ਤੁੱਛ ਅਤੇ ਅਧੂਰੀ ਹੋਣ ਦੇ ਮਿਹਣੇ ਮਾਰੇ ਜਾਂਦੇ ਹਨ :
* ਪੱਟ ਕੁੜੇ, ਨੀ ਜਰੀ ਕੁੜੇ।
ਏਨ੍ਹਾਂ ਘੱਟ ਲਿਆਂਦੀ ਵਰੀ ਕੁੜੇ।
ਟੂੰਬਾਂ ਦੀ ਤਾਂ ਬਸ ਕੁੜੇ।
ਨੀ ਨਿੱਕਾ ਲਿਆਂਦਾ ਹੱਸ ਕੁੜੇ।
ਗਲ ਦਾ ਹਾਰ ਦਿਸੇਂਦਾ ਨਾਹੀਂ।
ਸੱਗੀ ਫੁੱਲ ਹੀ ਘੱਤ ਕੁੜੇ।
ਬਾਂਕਾਂ ਮੁੰਦੀਆਂ ਟਿੱਕਾ ਕੋ ਨਾ
ਸਾਥੋਂ ਲੈ ਲੀਂ ਨੱਥ ਕੁੜੇ।
* ਫੁਲਝੜੀ ਕੁੜੇ
ਪੁਰਾਣੀ ਲਿਆਂਦੀ ਵਰੀ ਕੁੜੇ।
* ਮੈਂ ਲੱਜ ਮੋਈ ਮੈਂ ਲੱਜ ਮੋਈ
ਇਹ ਵਰੀ ਪੁਰਾਣੀ ਲਿਆਏ,
ਮੈਂ ਲੱਜ ਮੋਈ।
ਇਨ੍ਹਾਂ ਗੀਤਾਂ ਦੀ ਸੁਰ ਭਾਵੇਂ ਕਟਾਖ਼ਸ਼ ਭਰੀ ਹੁੰਦੀ ਹੈ, ਪਰ ਵਰ ਵਾਲੀ ਧਿਰ ਇਸ ਹਾਸੇ-ਠੱਠੇ ਦਾ ਬੁਰਾ ਨਹੀਂ ਮਨਾਉਂਦੀ। ਵਰੀ ਨੂੰ ਸਮੇਟਣ ਸਮੇਂ ਗੀਤਾਂ ਵਿਚਲੇ ਗਿਲੇ-ਸ਼ਿਕਵੇ ਭੁਲਾ ਕੇ ਹੋਰ ਵੀ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ।
ਵਰੀ ਦਿਖਾਈ ਜਾਣ ਤੋਂ ਬਾਅਦ ਵਿਚੋਲੇ ਦਾ ਕੰਮ ਤਕਰੀਬਨ ਖ਼ਤਮ ਹੋ ਜਾਂਦਾ ਹੈ, ਇਸ ਲਈ ਵਿਚੋਲੇ ਨੂੰ ਪਿੰਡ ਵਿੱਚੋਂ ਕੱਢਣ ਦੀਆਂ ਕਾਵਿਕ ਗਾਲ੍ਹਾਂ (ਸਿੱਠਣੀਆਂ) ਸ਼ੁਰੂ ਹੋ ਜਾਂਦੀਆਂ ਹਨ :
ਮੱਕੀ ਦਾ ਦਾਣਾ ਟਿੰਡ ਵਿੱਚ ਵੇ।
ਵਿਚੋਲਾ ਨੀ ਰੱਖਣਾ ਪਿੰਡ ਵਿੱਚ ਵੇ।
ਵਰੀ ਵੇਖ ਕੇ ਵਿਚੋਲੇ ਦੀਆਂ ਸ਼ੇਖੀਆਂ, ਫੋਕੀਆਂ ਫੜਾਂ ਅਤੇ ਹੇਰਾਫੇਰੀਆਂ ਦਾ ਸਭ ਨੂੰ ਪਤਾ ਲੱਗ ਜਾਂਦਾ। ਇਸ ਲਈ ਉਸ ਦੀ ਭੰਡੀ ਕੀਤੀ ਜਾਂਦੀ :
ਸਾਕ ਦੀ ਵਾਰੀ ਵਿਚੋਲਾ ਭੱਜ ਭੱਜ ਆਵੇ
ਟੂੰਮਾਂ ਦੀ ਵਾਰੀ ਵਿਚੋਲਾ ਲੁਕ ਛਿਪ ਜਾਵੇ।
ਲਾੜੀ ਨੂੰ ਵਿਆਹੁਣ ਸਮੇਂ ਵਰ ਵਾਲੀ ਧਿਰ ਵੱਲੋਂ ਵਰੀ ਲਿਆਉਣ ਦੀ ਰੀਤ ਕਾਫ਼ੀ ਪ੍ਰਾਚੀਨ ਸਮਿਆਂ ਤੋਂ ਪ੍ਰਚਲਿਤ ਹੈ। ਇਸ ਸਮੇਂ ਗਾਏ ਜਾਣ ਵਾਲੇ ਗੀਤਾਂ ਵਿੱਚ ਅਜੋਕੇ ਗਹਿਣਿਆਂ ਦੀ ਵੰਨਗੀ ਦਾ ਜ਼ਿਕਰ ਮਿਲਦਾ ਹੈ ਜਿਹੜੇ ਕਾਫ਼ੀ ਸਮਾਂ ਪਹਿਲਾਂ ਦੀ ਰਹਿਤਲ ਅਤੇ ਹਾਰ-ਸ਼ਿੰਗਾਰ ਦਾ ਹਿੱਸਾ ਰਹੇ ਹਨ। ਜਿਵੇਂ ਆਰਸੀ, ਹੱਸ, ਗੋਖੜੂ, ਹੰਸਲੀ, ਟਿੱਕਾ, ਬਾਜੂ-ਬੰਦ, ਬਘਿਆੜੀ, ਕਲਿੱਪ, ਨੱਥ, ਮਛਲੀ, ਤੀਲ੍ਹੀ, ਲੌਂਗ, ਸ਼ਿੰਗਾਰ ਪੱਟੀ, ਰਤਨ ਚੌਂਕ, ਲੂਲ੍ਹਾਂ, ਡੰਡੀਆਂ, ਬੁਜਲੀਆਂ, ਪਟੜੇ ਅਤੇ ਬਾਂਕਾਂ ਆਦਿ।
ਕਈ ਪਰਿਵਾਰਾਂ ਦੇ ਚਲਨ ਅਨੁਸਾਰ, ਵਿਆਹ ਸਮੇਂ ਕੰਨਿਆ ਨੂੰ ਖਾਰੇ ਲਾਹੁਣ ਸਮੇਂ ਤੋਂ ਹੀ ਵਰ ਵਾਲੀ ਧਿਰ ਦਾ ਜੀਅ ਸਮਝ ਕੇ ਫੇਰਿਆਂ ਸਮੇਂ ਵੀ ਵਰੀ ਦਾ ਸੂਟ ਪਾ ਲਿਆ ਜਾਂਦਾ ਹੈ। ਵਰੀ ਵਿੱਚ ਢੋਏ ਜਾਣ ਵਾਲੇ ਕੱਪੜੇ ਅਤੇ ਗਹਿਣੇ ਆਦਿ ਹਰ ਪਰਿਵਾਰ ਦੀ ਆਰਥਿਕ ਸੰਪੰਨਤਾ ਅਤੇ ਜਾਤ ਗੋਤ ਅਨੁਸਾਰੀ ਹੁੰਦੇ ਹਨ। ਵਰੀ ਵਿਚਲੇ ਸੂਟਾਂ ਦੀ ਰੰਗਤ ਸ਼ੋਖ਼, ਗੂੜ੍ਹੀ, ਚਮਕੀਲੀ ਅਤੇ ਸੂਹੀ ਭਾਹ ਵਾਲੀ ਹੁੰਦੀ ਹੈ।
ਜਿਸ ਪ੍ਰਕਾਰ ਧੀ ਦੇ ਮਾਪੇ ਆਪਣੀ ਸੰਪਤੀ ਵਿੱਚੋਂ ਧੀ ਦਾ ਹਿੱਸਾ ਦਾਜ ਦੇ ਰੂਪ ਵਿੱਚ ਦਿੰਦੇ ਹਨ, ਉਸੇ ਪ੍ਰਕਾਰ ਪੁੱਤ ਵਾਲੀ ਧਿਰ ਵੱਲੋਂ ਯਾਨੀ ਲਾੜੇ ਵੱਲੋਂ ਲਾੜੀ ਨੂੰ ਆਪਣੀ ਧਨ-ਸੰਪਤੀ ਵਿੱਚੋਂ ਕੁਝ ਹਿੱਸਾ ਵਰੀ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਜਿਸ ਦੀ ਵਰਤੋਂ ਉੱਪਰ ਵਿਆਹ ਉਪਰੰਤ ਲਾੜੀ ਦਾ ਅਧਿਕਾਰ ਹੁੰਦਾ ਹੈ। ਸੋ ਵਰੀ ਵੀ ਦਾਜ ਦੀ ਹੀ ਇੱਕ ਕਿਸਮ ਹੈ ਕਿਉਂਕਿ ਦਾਜ ਧੇਤਿਆਂ ਵੱਲੋਂ ਪੁਤੇਤਿਆਂ ਨੂੰ ਅਤੇ ਵਰੀ ਪੁਤੇਤਿਆਂ ਵੱਲੋਂ ਧੇਤਿਆਂ ਨੂੰ ਦਿੱਤੀ ਜਾਂਦੀ ਹੈ। ਬਹੁਤ ਚੰਗਾ ਲੱਗਦਾ ਹੈ ਉਦੋਂ ਜਦੋਂ ਕਿਸੇ ਅਜਿਹੇ ਵਿਆਹ ਵਿੱਚ ਸ਼ਾਮਲ ਹੁੰਦੇ ਹਾਂ ਜਿੱਥੇ ਨਾ ਦਾਜ ਦਿੱਤਾ ਜਾਂਦਾ ਹੈ ਅਤੇ ਨਾ ਵਰੀ। ਕਹਿੰਦੇ ਨੇ ਕਿ ਚੰਗਿਆਈ ਦਾ ਬੀਜ ਕਦੇ ਨਾਸ ਨਹੀਂ ਹੁੰਦਾ। ਸੋ ਸਾਨੂੰ ਸਾਧਾਰਨ ਵਿਆਹ ਕਰਨ ਵਾਲੇ ਪਰਿਵਾਰਾਂ ਦੀ ਨਕਲ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਪਰਿਵਾਰ ਧੀਆਂ ਦੇ ਜਨਮ ਤੋਂ ਨਾ ਡਰੇ।

ਸੰਪਰਕ : 85678-86223

LEAVE A REPLY

Please enter your comment!
Please enter your name here