ਮੈਂ ਡਬਲਿਨ ਜਾਣਾ ਸੀ – ਮੇਰੀ ਭਾਣਜੀ ਨੇ ਟਰੇਨ ਦੀਆਂ ਟਿਕਟਾਂ ਖਰੀਦੀਆਂ ਸਨ ਤੇ ਸਟੇਸ਼ਨ ਤੇ ਜਾਣ ਲਈ ਸਾਨੂੰ ਟੈਕਸੀ ਦੀ ਲੋੜ ਸੀ ਸਟੇਸ਼ਨ ਉਸ ਦੇ ਘਰ ਤੋਂ ਕੁਝ ਦੂਰ ਸੀ – ਇੱਕ ਈਸਟ ਇੰਡੀਅਨ ਭਾਈ ਅੱਗੇ ਆਇਆ ਤੇ ਸਾਨੂੰ ਆਪਣੀ ਟੈਕਸੀ ਵਿੱਚ ਬਿਠਾ ਲਿਆ – ਰਿਪਸੀ ਨੇ ਪਹਿਲਾਂ ਦੀ ਬੁਕਿੰਗ ਕੀਤੀ ਹੋਈ ਸੀ। ਉਸ ਦੇ ਗੱਡੀ ਵਿੱਚ ਉਸ ਦਾ ਨਾਮ ਟੈਗ ਸੀ ‘ਮੁਹੱਮਦ ਇਸਮਾਈਲ ‘ ਤੇ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਉਹ ਕਿਥੋਂ ਦਾ ਹੈ। ‘ਪਾਕਿਸਤਾਨ’ ਉਸ ਦੱਸਿਆ। “ਕਿਸ ਸ਼ਹਿਰ ਤੋਂ ?” ਉਹ ਬੋਲਿਆ ਪੇਸ਼ਾਵਰ ਕੋਲ ਉਸ ਦਾ ਪਿੰਡ ਹੈ ਤੇ ਇਸ ਦਾ ਨਾਮ ਹੈ ‘ਹਰੀਪੁਰ’ – ਫਿਰ ਉਸ ਨੇ ਖੁਦ ਹੀ ਦੱਸਿਆ ਕਿ ਉਸ ਦੇ ਪਿੰਡ ਦਾ ਨਾਮ “ਹਰੀਪੁਰ” ਹਰੀ ਸਿੰਘ ਨਲੂਏ ਕਰ ਕੇ ਹੈ। ਗੱਲ ਬਾਤ ਅਸੀਂ ਇੰਗਲਿਸ਼ ਵਿੱਚ ਸ਼ੁਰੂ ਕੀਤੀ ਸੀ ਪਰ ਫਿਰ ਛੇਤੀ ਹੀ ਅਸੀਂ ਪੰਜਾਬੀ ਵਿੱਚ ਬੋਲਣ ਲੱਗੇ। 
” ਕੀ ਹਰੀ ਸਿੰਘ ਨਲੂਏ ਦੇ ਨਾਮ ਤੇ ਕੋਈ ਇਮਾਰਤ ਜਾ ਨਿਸ਼ਾਨੀ ਹੈ ?” ਪੁੱਛਣ ਤੇ ਉਸ ਦੱਸਿਆ ਕਿ ਉਸ ਦੇ ਪਿੰਡ ਵਿੱਚ ਇੱਕ ਕਿਲ੍ਹਾ ਹੈ। ਪਰ ਬਦਕਿਸਮਤੀ ਨਾਲ ਪਾਕਿਸਤਾਨ ਸਰਕਾਰ ਨੇ ਉਸ ਨੂੰ ਸਰਕਾਰੀ ਇਮਾਰਤ ਸਾਂਭਣ ਦੇ ਬਜਾਏ ਪੁਲਿਸ ਸਟੇਸ਼ਨ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਇਮਾਰਤ ਦੀ ਹਾਲਤ ਹੁਣ ਕੋਈ ਖਾਸ ਵਧੀਆ ਨਹੀਂ । ਉਸ ਦੱਸਿਆ ਕਿ ਜਦ ਉਹ  ਪਿਛਲੀ ਵਾਰ ਵਤਨ ਗਿਆ ਸੀ ਤਾਂ ਆਪਣੇ ਕਿਸੇ ਮਿੱਤਰ ਨਾਲ ਉਸ ਕਿਲ੍ਹੇ ਕੋਲ ਲੰਘਿਆ ਤੇ ਆਪਣੇ ਦੋਸਤ ਨਾਲ ਇਸ ਬਾਰੇ ਗੱਲਾਂ ਕਰਨ ਲੱਗਾ ਕਿ ਇਸ ਕਿਲ੍ਹੇ ਦੀ ਕਿੰਨੀਂ ਸ਼ਾਨ ਸ਼ੌਕਤ ਹੁੰਦੀ ਹੋਵੇਗੀ – ਉਹ ਤੱਸਵੁਰ ਕਰਨ ਲੱਗੇ ਕਿ ਇਥੇ ਦਰਬਾਰੀ ਹੁੰਦੇ ਹੋਣਗੇ- ਇਹ ਥਾਂ ਘੋੜਿਆਂ ਲਈ ਹੁੰਦੀ ਹੋਵੇਗੀ ਵਗਰੈਹ ਵਗਰੈਹ।  – ਤੇ ਉਸ ਨੇ ਬਹੁਤ ਦੁਖੀ ਹੋ ਕੇ ਕਿਹਾ ਕਿ ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ਪਾਕਿਸਤਾਨ ਨੇ ਇਸ ਨੂੰ ਕੌਮੀ ਇਮਾਰਤ ਜਾਣ ਕੇ ਸਾਂਭਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ। ਉਸ ਨੂੰ ਮੈਂ ਢਾਰਸ ਦਿੱਤੀ ਕਿ ਕੋਈ ਨਾ ਇਹ ਆਪਣੇ ਪੰਜਾਬੀਆਂ ਦੀ ਸਾਂਝੀ ਬਦਕਿਸਮਤੀ ਹੈ ਕਿ ਆਪਾਂ ਆਪਣੀਆਂ ਜੜ੍ਹਾਂ ਇਸ ਕਰ ਕੇ ਰੋਲ ਦਿੱਤੀਆਂ ਕਿਉਂਕਿ ਕੁਝ ਮੁਸਲਮਾਨ ਸਨ ਤੇ ਕੁਝ ਸਿੱਖ।
 “ਇਸ ਇਲਾਕੇ ਦੇ ਲੋਕਾਂ ਨੇ ਇਤਿਹਾਸ ਵਿੱਚ ਕਦੀ ਵੀ ਕਿਸੇ ਦੀ ਈਨ ਨਹੀਂ ਮੰਨੀ – ਸਿਵਾਇ ਹਰੀ ਸਿੰਘ ਨਲੂਏ ਤੋਂ ਕੋਈ ਵੀ ਇਹ ਇਲਾਕਾ ਜਿੱਤ ਨਹੀਂ ਸਕਿਆ” ਉਸ ਪੂਰੇ ਮਾਣ ਨਾਲ ਦੱਸਿਆ  -ਸ਼ਾਇਦ ਇਸੇ ਕਰ ਕੇ ਹੁਣ ਇਹ ਮੰਨ ਲਿਆ ਗਿਆ ਹੈ ਕਿ ਹਰੀ ਸਿੰਘ ਨਲੂਆ  ਇਤਿਹਾਸ ਵਿੱਚ ਦੁਨੀਆ ਦਾ ਇੱਕ ਸੱਭ ਤੋਂ ਵੱਡਾ ਜਰਨੈਲ ਸੀ। ਇਸਮਾਈਲ ਨੂੰ ਹਰੀ ਸਿੰਘ ਦੇ ਨਾਮ ਤੇ ਮਾਣ ਸੀ ਤੇ ਉਸ ਦੀ ਇਸ ਗੱਲ ਤੇ ਮੇਰੇ ਜ਼ਿਹਨ ਵਿੱਚ ਹਜ਼ਾਰਾਂ ਸੁਆਲ ਘੁੰਮਣ ਲੱਗੇ। ਉਸ ਤੋਂ ਪਤਾ ਲੱਗਿਆ  ਕਿ ਕੁਝ ਸਾਲ ਪਹਿਲਾਂ ਉਸ ਦੇ ਪਿੰਡ ਦੇ ਲੋਕਾਂ ਨੇ ਮਿਲ ਕੇ ਹਰੀਪੁਰ ਵਿੱਚ ਹਰੀ ਸਿੰਘ ਨਲੂਏ ਦੀ ਇੱਕ ਯਾਦਗਾਰ ਬਣਾਈ ਹੈ – ਜੋ ਸਿਆਣਪ ਪਾਕਿਸਤਾਨ ਸਰਕਾਰ ਨੇ ਨਹੀਂ ਸੀ ਕੀਤੀ ਉਹ ਸਿਆਣਪ ਪਿੰਡ ਦੇ ਲੋਕਾਂ ਨੇ ਦਿਖਾਈ। ਪਾਕਿਸਤਾਨ ਇਸ ਪਿੰਡ ਦੇ ਕਿਲ੍ਹੇ ਨੂੰ ਇਸ ਕਰਕੇ ਨਹੀਂ ਸਾਂਭੇਗੀ ਕਿਉਂਕਿ ਹਰੀ ਸਿੰਘ ਨਲੂਆ ਇੱਕ ਸਿੱਖ ਸੀ ਤੇ ਭਾਰਤ ਸਰਕਾਰ ਉਨ੍ਹਾਂ ਨੂੰ ਇਹੋ ਜਿਹੀਆਂ ਇਮਾਰਤਾਂ ਸਾਂਭਣ ਲਈ ਵੀ ਨਹੀਂ ਆਖੇਗੀ ਇਸੇ ਕਾਰਨ ਕਰ ਕੇ ਹੀ । ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਏ ਦੀਆਂ ਯਾਦਾਂ ਨੂੰ ਸਿਰਫ ਪੰਜਾਬੀ ਲੋਕ ਹੀ ਸਾਂਭ ਸਕਦੇ ਹਨ ਜੇ ਉਹ ਆਪਣੇ ਆਪ ਨੂੰ ਸਿਰਫ ਪੰਜਾਬੀ ਜਾਣ ਕੇ ਸੋਚ ਸਕਣ ‘ਧਰਮ ਦੇ ਨਾਮ ਤੋਂ ਉੱਪਰ ਉੱਠ ਕੇ।  ਕਾਸ਼ ਇਸ ਤਰ੍ਹਾਂ ਦੀਆਂ ਥਾਵਾਂ ਯੂਨੈਸਕੋ ਦੇ ਅਧੀਨ ਆ ਸਕਣ ਕਿਉਂਕਿ ਜ਼ਾਹਿਰ ਹੈ ਨਾ ਹੀ ਭਾਰਤ ਦੀ ਹਿੰਦੂ ਸਰਕਾਰ ਤੇ ਨਾ ਹੀ ਪਾਕਿਸਤਾਨ ਦੀ ਮੁਸਲਮਾਨ ਸਰਕਾਰ ਇਸ ਬਾਰੇ ਕੁਝ ਕਰੇਗੀ ਕਿਉਂਕਿ ਦੋਹੇਂ ਧਿਰਾਂ ਡਰਦੀਆਂ ਹਨ ਕਿ ਸਾਂਝੀ ਯਾਦ ਮੁੜ ਕਿਸੇ ਵੇਲੇ ਫਿਰ ਤੋਂ ਸਾਨੂੰ ਸਾਂਝਾਂ ਨਾ ਕਰ ਦੇਵੇ। ਜੇ ਯੂਨੈਸਕੋ ਕੁਝ ਨਹੀਂ ਕਰਦੀ ਤਾਂ ਸ਼ਰੋਮਣੀ ਪ੍ਰਬੰਧਕ ਕਮੇਟੀ ਨੂੰ ਅਜਿਹੇ ਕਦਮ ਉਠਾਣੇ ਚਾਹੀਦੇ ਨੇ। ਪਤਾ ਨਹੀਂ ਹੁਣ ਦਾ ਪਰ ਸ਼ਾਇਦ ਅਤੀਤ ਵਿੱਚ ਉਨ੍ਹਾਂ ਨੇ ਕੁਝ ਇਮਾਰਤਾਂ ਬਾਰੇ ਕੋਈ ਗੱਲ ਕੀਤੀ ਹੋਵੇ – ਇਸ ਬਾਰੇ ਮੈਨੂੰ ਇੰਨਾ ਗਿਆਨ ਨਹੀਂ। 
ਇਸਮਾਈਲ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ ਵੰਡ ਬਾਰੇ ਵੀ। ਪਰ ਅਸੀਂ ਛੇਤੀ ਹੀ ਆਪਣੇ ਮੁਕਾਮ ਤੇ ਪੁੱਜ ਗਏ ਤੇ ਸਾਡੀਆਂ ਸੋਚਾਂ ਜੋ ਸੈਂਕੜੇ ਸਾਲ ਪਹਿਲਾਂ ਦੇ ਵੇਲਿਆਂ ਵਿੱਚ ਘੁੰਮ ਰਹੀ ਸੀ ਉਹ ਇੱਕ ਦੰਮ ਹੀ ਡਬਲਿਨ ਦੇ ਰੇਲਵੇ ਸਟੇਸ਼ਨ ਤੇ ਆ ਕੇ ਰੁਕ ਗਈ । ਯਕੀਨ ਨਹੀਂ ਸੀ ਆਉਂਦਾ ਕਿ ਹਰੀ ਸਿੰਘ ਨਲੂਏ ਦੀ ਗੱਲ ਨੇ ਕਿਵੇਂ ਸਾਨੂੰ ਇੱਕ ਬਿੰਦੂ ਤੇ ਲਿਆ ਖੜ੍ਹਾ ਕੀਤਾ ਸੀ ਤੇ  ਜਿਵੇਂ ਇੱਕ ਪਲ ਉਸ  ਬਿੰਦੂ ਤੇ ਸਾਡੇ ਦਿਲ ਇੱਕ ਹੋ ਧੜ੍ਹਕੇ ਸਨ। ਮੈਂ ਉਸ ਨਾਲ ਫੋਟੋ ਖਿਚਵਾਉਣ ਲਈ ਪੁੱਛਿਆ ਤੇ ਮੇਰੀ ਭਾਣਜੀ ਨੇ ਵੀ ਖੁਸ਼ ਹੋ ਸਾਡੀ ਤਸਵੀਰ ਲਈ। ਮੇਰੇ ਲਈ ਇਹ ਇੱਕ ਕੀਮਤੀ ਯਾਦਗਾਰ ਹੈ ਤੇ ਉਮੀਦ ਕੀਤੀ ਹੋਰ ਵੀ ਲੋਕ ਇਸਮਾਈਲ ਵਾਂਗ ਸੋਚਦੇ ਹੋਣਗੇ – ਪਿਛਲੇ ਦਿਨਾਂ ਵਿੱਚ ਜੋ ਮਹਾਰਾਜਾ ਰਣਜੀਤ ਸਿੰਘ ਦੇ ਸੀਰੀਅਲ ਨੂੰ ਲੈ ਕੇ ਚਰਚਾ ਹੋ ਰਹੀ ਹੈ – ਉਹ ਵੀ ਮੰਦਭਾਗੀ ਹੈ – ਅਸੀਂ ਤਾਂ ਗੁਰੂਆਂ ਦੀਆਂ ਥਾਵਾਂ ਨੂੰ ਅਸਲ ਰੂਪ ਵਿੱਚ ਸਾਂਭ ਨਹੀਂ ਸਕੇ -ਇਤਿਹਾਸਿਕ ਥਾਵਾਂ ਨੂੰ ਕੀ ਸਾਂਭਣਾ ਹੈ? ਮਹਾਰਾਜਾ ਰਣਜੀਤ ਸਿੰਘ ਇੱਕੋ ਇੱਕ ਪੰਜਾਬੀ ਰਾਜਾ ਸੀ ਸ਼ਾਇਦ ਪੋਰਸ ਤੋਂ ਬਾਅਦ ਜਿਸ ਨੇ ਇੱਕ ਵੱਡੇ ਪੰਜਾਬ ਤੇ ਰਾਜ ਕੀਤਾ ਸੀ ਤੇ ਉਸ ਬਾਰੇ ਸਾਨੂੰ ਪੰਜਾਬੀ ਜਾਣ ਕੇ ਹੀ ਯਾਦ ਰੱਖਣਾ ਚਾਹੀਦਾ ਸੀ – ਦੁਨੀਆ ਦੇ ਹਰ ਰਾਜੇ ਵਾਂਗ ਹੀ ਇਤਿਹਾਸ ਵਿੱਚ ਉਸ ਦੀ ਥਾਂ ਨੂੰ ਪਰਖਣਾ ਚਾਹੀਦਾ ਹੈ – ਪੂਰਾ ਯਕੀਨ ਹੈ ਕਿ ਉਹ ਇੱਕ ਸਫਲ ਰਾਜਾ ਸੀ ਤੇ ਉਹ ਪੰਜਾਬੀ ਸੀ ਕਿਸੇ ਧਰਮ ਦੀ ਪੂਛ ਲਾ ਕੇ ਉਸ ਬਾਰੇ ਨਹੀਂ ਸੋਚਣਾ ਚਾਹੀਦਾ । ਪੰਜਾਬੀਓ ਤੁਹਾਡਾ ਅੱਜ ਬਹੁਤ ਖਰਾਬ ਹੈ।  ਅਤੀਤ ਤੁਹਾਡੇ ਕੋਲੋਂ ਸੰਭਲ ਨਹੀਂ ਰਿਹਾ ਤੇ ਤੁਸੀਂ ਆਉਣ ਵਾਲੇ ਕੱਲ ਕੋਲੋਂ ਕੀ ਭਾਲ ਰਹੇ ਹੋ ? 

LEAVE A REPLY

Please enter your comment!
Please enter your name here