ਮੇਰੀ ਨੀਂੰਦਰ ਉਡਾਉਂਦੇ ਨੇ; ਮੇਰੇ ਯਾਰਾ ਤੇਰੇ ਸੁਪਨੇ ।
ਮੇਰੀ ਧੜਕਣ ਵਧਾਉਂਦੇ ਨੇ; ਮੇਰੇ ਯਾਰਾ ਤੇਰੇ ਸੁਪਨੇ ।
ਇਹ ਦਿਨ ਵੇਲੇ ਵੀ ਆ ਜਾਂਦੇ, ਸਤਾਉਦੇ ਆਣ ਸੁੱਤੇ ਨੂੰ ,
ਸਦਾ ਸੰਗੀ ਕਹਾਉਂਦੇ ਨੇ , ਮੇਰੇ ਯਾਰਾ ਤੇਰੇ ਸੁਪਨੇ ।
ਨਾ ਆਇਆ ਤੂੰ ਕਦੇ ਚੰਨਾ, ਤੇ ਨਾ ਹੀ ਫੋਨ ਖਤ ਤੇਰਾ
ਇਹ ਤੇਰੀ ਥਾਂ ਤੇ ਆਉਂਦੇ ਨੇ , ਮੇਰੇ ਯਾਰਾ ਤੇਰੇ ਸੁਪਨੇ ।
ਵਸਲ-ਯਾਦਾਂ ਤੜਪ-ਬਿਰਹਾ,ਦੋਹਾਂ ਨੇ ਮਾਰਿਐ ਮੈਨੂੰ
ਮਰੇ ਵਿਚ ਜਾਨ ਪਾਉਦੇ ਨੇ , ਮੇਰੇ ਯਾਰਾ ਤੇਰੇ ਸੁਪਨੇ ।
ਇਹ ਦੇਦੇ ਹੰਝ ਨੈਣਾਂ ਨੂੰ , ਤੇ ਬੁੱਲੀਂ ਬਖਸ਼ਦੇ ਹਾਸਾ ,
ਰੁਆਉਦੇ ਨੇ ਹਸਾਉਦੇ ਨੇ , ਮੇਰੇ ਯਾਰਾ ਤੇਰੇ ਸੁਪਨੇ ।
ਡੁਬੋਂਦੇ ਯਾਦ-ਸਾਗਰ ਵਿਚ , ਉਡਾਦੇ ਆਸ-ਅੰਬਰ ਤੇ,
ਇਹ ਦਿਲ ਤਾਈਂ ਨਚਾਉਦੇ ਨੇ , ਮੇਰੇ ਯਾਰਾ ਤੇਰੇ ਸੁਪਨੇ ।
ਤੇਰੇ ਖਿਆਲਾਂ ਚ ਸੁੱਤੇ ਨੂੰ , ਇਹ ਦਿੰਦੇ ਪਿਆਰ ਦਾ ਚੁੰਮਣ,
ਤੇ ਮਸਤੀ ਵਿੱਚ ਲਿਆਉਦੇ ਨੇ ,ਮੇਰੇ ਯਾਰਾ ਤੇਰੇ ਸੁਪਨੇ ।
ਇਹ ਜੀੰਦੇ ਨੇ ਮੇਰੇ ਸਾਹੀਂ , ਇਨਾਂ ਨੂੰ ਦੇਖ ਮੈ ਜੀਵਾਂ
ਇਹ ਜੀਵਨ-ਰੌਂ ਚਲਾਉਦੇ ਨੇ , ਮੇਰੇ ਯਾਰਾ ਤੇਰੇ ਸੁਪਨੇ ।
ਇਨਾਂ ਵਿੱਚ ਰੰਗ ਹੈ ਤੇਰਾ, ਇਨਾਂ ਵਿੱਚ ਮਹਿਕ ਹੈ ਤੇਰੀ,
ਤੇਰੀ ਹੀ ਬਾਤ ਪਾਉਦੇ ਨੇ , ਮੇਰੇ ਯਾਰਾ ਤੇਰੇ ਸੁਪਨੇ ।
‘ਰੁਪਾਲ ’ ਐਦਾਂ ਕਲਮ ਕੋਲੋਂ ,ਲਿਖਾ ਲੈਦੇ ਨੇ ਇਹ ਗਜ਼ਲਾਂ
ਜਦੋਂ ਹਰਫ਼ਾਂ ਚ’ ਆਉਂਦੇ ਨੇ ,ਮੇਰੇ ਯਾਰਾ ਤੇਰੇ ਸੁਪਨੇ ।
—————-00000—————

LEAVE A REPLY

Please enter your comment!
Please enter your name here