ਮੈਕਸੀਕੋ ਸਿਟੀ

ਮੈਕਸੀਕੋ ਦੇ ਕਈ ਬੈਂਕਾਂ ‘ਚ ਹੈਕਿੰਗ ਦੇ ਰਾਹੀਂ ਚੋਰਾਂ ਨੇ ਇਥੇ ਮੌਜੂਦ ਮਿਲੀਅਨ ਡਾਲਰ ਦੀ ਰਕਮ ‘ਤੇ ਆਪਣਾ ਹੱਥ ਸਾਫ ਕਰ ਦਿੱਤਾ ਹੈ। ਚੋਰਾਂ ਨੇ ਮੈਕਸੀਕੋ ਦੇ ਨੰਬਰ ਦੋ ਬੈਂਕ ਬਾਨੋਰਤੇ ਨੂੰ ਵੀ ਨਹੀਂ ਛੱਡਿਆ ਤੇ ਇਥੇ ਵੀ ਫਰਜ਼ੀ ਅਕਾਊਂਟ ਦੇ ਰਾਹੀਂ ਵੱਡੀ ਰਕਮ ਚੋਰੀ ਕਰ ਲਈ। ਸਰਕਾਰ ਦੀ ਜਾਂਚ ਏਜੰਸੀ ਨਾਲ ਜੁੜੇ ਸੂਤਰਾਂ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਚੋਰਾਂ ਨੇ ਪਹਿਲਾਂ ਬਾਨੋਰਤੇ ‘ਚ ਜਾਅਲੀ ਖਾਤੇ ਖੋਲ੍ਹੇ ਫਿਰ ਇਨ੍ਹਾਂ ਹੀ ਖਾਤਿਆਂ ਰਾਹੀਂ ਵੱਡੀ ਰਕਮ ਕਢਵਾ ਕੇ ਬੈਂਕ ਨੂੰ ਚੂਨਾ ਲਾ ਦਿੱਤਾ। ਹੈਕਰਾਂ ਨੇ ਬੈਂਕਾਂ ਨੂੰ ਵੱਡੀ ਰਕਮ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਦਾ ਝੂਠਾ ਹੁਕਮ ਤੱਕ ਦੇ ਦਿੱਤਾ। ਇਹ ਰਕਮ ਬੈਂਕਾਂ ‘ਚ ਖੋਲ੍ਹੇ ਗਏ ਜਾਅਲੀ ਖਾਤਿਆਂ ‘ਚ ਜਮਾ ਕਰਵਾਈ ਗਈ ਸੀ। ਸੂਤਰਾਂ ਦੇ ਮੁਤਾਬਕ ਹੈਕਰਾਂ ਨੇ ਵਿਡਰਾਲ ਕਰਕੇ ਦਰਜਨਾਂ ਬ੍ਰਾਂਚਾਂ ਨੂੰ ਲੁੱਟਿਆ। ਇਕ ਹੋਰ ਸੂਤਰ ਨੇ ਕਿਹਾ ਕਿ ਚੋਰਾਂ ਨੇ ਕਰੀਬ 15.4 ਮਿਲੀਅਨ ਡਾਲਰ ਦੀ ਰਕਮ ਨੂੰ ਟ੍ਰਾਂਸਫਰ ਕੀਤਾ। ਇਸ ਤੋਂ ਬਾਅਦ ਕਰੀਬ 18 ਮਿਲੀਅਨ ਡਾਲਰ ਦੀ ਰਕਮ ਹੈਕਿੰਗ ਰਾਹੀਂ ਚੋਰੀ ਕੀਤੀ ਗਈ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕਿੰਨੀ ਰਕਮ ਨੂੰ ਟ੍ਰਾਂਸਫਰ ਕੀਤਾ ਗਿਆ ਹੈ ਤੇ ਕਿੰਨੀ ਰਕਮ ਕੈਸ਼ ਬੈਂਕ ‘ਚੋਂ ਕੱਢੀ ਗਈ। ਹਾਲਾਂਕਿ ਕੁਝ ਥਾਂਵਾਂ ‘ਤੇ ਟ੍ਰਾਂਸਫਰ ਦੀਆਂ ਕੋਸ਼ਿਸ਼ਾਂ ਨੂੰ ਬਲਾਕ ਵੀ ਕੀਤਾ ਗਿਆ। ਮੈਕਸੀਕੋ ਦੇ ਸੈਂਟਰਲ ਬੈਂਕ ਦੇ ਗਵਰਨਰ ਆਲਜਾਂਦਰੋ ਡਿਯਾਜ਼ ਡਿ ਲਿਯੋਨਾ ਨੇ ਦੱਸਿਆ ਕਿ ਪਿਛਲੇ ਸੋਮਵਾਰ ਨੂੰ ਬੈਂਕ ਦੇ ਪੇਮੈਂਟ ਸਿਸਟਮ ‘ਤੇ ਸਾਈਬਰ ਅਟੈਕ ਹੋਇਆ ਤੇ ਇਸ ਹਮਲੇ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨਾ ਹੋਣ ਇਸ ਲਈ ਉਪਾਅ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here