ਮੋਗਾ

ਸਥਾਨਕ ਚੈਂਬਰ ਰੋਡ  ‘ਤੇ ਬੀਤੀ 26 ਸਤੰਬਰ ਨੂੰ ਸੂਦ ਕੋਰੀਅਰ ਦੀ ਦੁਕਾਨ ‘ਚ ਦੇਸੀ ਬੰਬ ਦੇ ਹੋਏ ਵਿਸਫੋਟਕ ਮਾਮਲੇ ਦੀ ਜਾਂਚ ਲਈ ਚੰਡੀਗੜ੍ਹ ਤੋਂ ਐੱਨ. ਐੱਸ. ਜੀ. ਦੀ ਟੀਮ ਦੇ ਡਾਇਰੈਕਟਰ ਜਮਾਲ ਖਾਨ ਅਤੇ ਜਲੰਧਰ ਤੋਂ ਬੰਬ ਡਿਟੈਕਸ਼ਨ ਡਿਸਪੋਜ਼ਲ ਸਕੁਐਡ ਦੀ ਟੀਮ ਸਬ-ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਅਗਵਾਈ ‘ਚ ਵੱਖ-ਵੱਖ ਟੀਮਾਂ  ਘਟਨਾ ਸਥਾਨ ‘ਤੇ ਸੂਦ ਕੋਰੀਅਰ ਦੀ ਦੁਕਾਨ ‘ਤੇ ਪਹੁੰਚੀਆਂ ਅਤੇ ਉਥੇ ਵਿਸਫੋਟਕ ਬੰਬ ਦੇ ਪਏ ਹਿੱਸਿਆਂ ਦੀ ਜਾਂਚ ਕਰਨ ਦੇ ਇਲਾਵਾ ਆਸ-ਪਾਸ ਦਾ ਨਿਰੀਖਣ ਕੀਤਾ ਗਿਆ। ਇਸ ਉਪਰੰਤ  ਉਥੋਂ  ਚਾਰਜੇਬਲ ਬੈਟਰੀ ਦੇ ਟੁਕੜੇ ਬਰਾਮਦ ਕੀਤੇ ਗਏ ਤੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ, ਡੀ. ਐੱਸ. ਪੀ. ਸਿਟੀ ਕੇਸਰ ਸਿੰਘ, ਥਾਣਾ ਮੁਖੀ ਜਤਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ। ਇਸ ਦੇ ਇਲਾਵਾ ਫਾਇਰ ਬਿਗ੍ਰੇਡ ਦੀ ਗੱਡੀ ਵੀ ਮੌਜੂਦ ਸੀ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਹੋ ਸਕੇ। ਇਸ ਸਮੇਂ ਚੈਂਬਰ ਰੋਡ ਅਤੇ ਆਲੇ-ਦੁਆਲੇ ਦਾ ਸਾਰਾ ਇਲਾਕਾ ਪੁਲਸ ਵੱਲੋਂ ਪੂਰੀ ਤਰ੍ਹਾਂ ਨਾਲ ਸੀਲ ਕਰ ਕੇ ਰੱਖਿਆ ਸੀ, ਕਿਸੇ ਨੂੰ ਵੀ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਜਗ੍ਹਾ-ਜਗ੍ਹਾ ‘ਤੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।  ਜਾਂਚ ਟੀਮ ਉਕਤ ਸਾਰੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕਰ ਕੇ ਇਹ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਕਤ ਬੰਬ ਬਲਾਸਟ ਮਾਮਲੇ ‘ਚ ਕਿਹੜੀ ਧਮਾਕਾਖੇਜ਼ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ। 

ਜਾਂਚ ਟੀਮ ਨੇ ਨਹੀਂ ਦਿੱਤੀ ਸਹੀ ਜਾਣਕਾਰੀ
ਜਦ ਇਸ ਸਬੰਧ ‘ਚ ਬੰਬ ਵਿਸਫੋਟਕ ਮਾਮਲੇ ਦੀ ਜਾਂਚ ਲਈ ਆਈ ਟੀਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ  ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਜਾਂਚ ਲਈ ਆਈ ਟੀਮਾਂ ਨੇ ਕਿਸੇ ਅਣਪਛਾਤੇ ਜਗ੍ਹਾ ‘ਤੇ ਲੈ ਜਾ ਕੇ ਵਿਸਫੋਟਕ ਸਮੱਗਰੀ ਨੂੰ ਦਬਾ ਦਿੱਤਾ, ਜਿਸ ਬਾਰੇ  ਕੋਈ ਜਾਣਕਾਰੀ ਨਹੀਂ ਮਿਲ ਸਕੀ। ਆਮ ਲੋਕਾਂ ‘ਚ ਇਹ ਚਰਚਾ ਸੀ ਕਿ ਘਟਨਾ ਸਥਾਨ ‘ਤੇ ਦੋ ਬੰਬ ਮਿਲੇ ਹਨ ਪਰ ਕਿਸੇ ਵੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਇਸ ਨੂੰ ਸਿਰਫ ਅਫਵਾਹ ਦੱਸਿਆ।

 

ਭੁਪੇਸ਼ ਰਾਜੇਆਣਾ ਬਾਰੇ ਕੀਤੀ ਗਈ ਪੁੱਛਗਿੱਛ : ਐੱਸ. ਐੱਸ. ਪੀ.
ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇਸ ਪਤੇ ‘ਤੇ (ਭੁਪੇਸ਼ ਰਾਜੇਆਣਾ ਹਾਊਸ ਪਟਿਆਲਾ ਗੇਟ ਸੰਗਰੂਰ) ਬੰਬ ਪਾਰਸਲ ਕੋਰੀਅਰ ਪੁੱਜਣਾ ਸੀ, ਜਿਸ ‘ਤੇ ਸੰਗਰੂਰ ਪੁਲਸ ਨੇ ਭੁਪੇਸ਼ ਰਾਜੇਆਣਾ ਨੂੰ ਹਿਰਾਸਤ ‘ਚ ਲਿਆ ਪੁਛ-ਗਿੱਛ ਕੀਤੀ ਪਰ ਭੁਪੇਸ਼ ਰਾਜੇਆਣਾ ਨੇ ਕਿਹਾ ਕਿ ਉਸਦੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ । ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਕੋਈ ਸ਼ੱਕ ਹੋਇਆ ਤਾਂ ਮੋਗਾ ਪੁਲਸ ਦੀ ਵਿਸ਼ੇਸ਼ ਟੀਮ ਭੁਪੇਸ਼ ਰਾਜੇਆਣਾ ਤੋਂ ਪੁੱਛਗਿੱਛ ਕਰੇਗੀ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਜਿਸ ਪਤੇ ਤੋਂ ਕੋਰੀਅਰ ਭੇਜਿਆ ਗਿਆ ਸੀ ਉਸ ਬਾਰੇ ਜਾਂਚ ਕੀਤੀ ਗਈ ਹੈ ਪਰ ਉਹ ਪਤਾ ਗਲਤ ਨਿਕਲਿਆ ਹੈ, ਫਿਰ ਵੀ ਅਸੀਂ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰਨ ‘ਚ ਲੱਗੇ ਹਾਂ।

LEAVE A REPLY

Please enter your comment!
Please enter your name here