ਪਿਛਲੇ ਇਕ ਮਹੀਨੇ ਤੋਂ ਮੈਨੂੰ ਮਲੇਰੀਆ ਬੁਖਾਰ ਚੜ੍ਹਿਆ ਹੋਇਆ ਸੀ।ਇਸ ਸਮੇਂ ਦੌਰਾਨ ਮੇਰੀ ਭੂਆ ਦੇ ਸੱਭ ਤੋਂ ਛੋਟੇ ਲੜਕੇ ਜਸਵੀਰ  ਦੀ ਮੌਤ ਹੋ ਗਈ ਸੀ। ਸਿਹਤ ਠੀਕ ਨਾ ਹੋਣ ਕਾਰਨ ਮੈਂ ਨਾ ਤਾਂ ਉਸ ਦੇ ਸੰਸਕਾਰ ਤੇ ਅਤੇ ਨਾ ਹੀ  ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਸਕਿਆ ਸਾਂ। ਅੱਜ ਕੁਝ ਚੰਗਾ ਮਹਿਸੂਸ ਕਰ ਰਿਹਾ ਸਾਂ। ਇਸ ਕਰਕੇ ਮੈਂ ਜਸਵੀਰ ਦੀ ਮੌਤ ਦਾ ਅਫਸੋਸ ਕਰਨ ਲਈ ਉਸ ਦੇ ਘਰ ਪਹੁੰਚ ਗਿਆ ਸਾਂ।ਮੈਨੂੰ ਆਇਆ ਦੇਖ ਕੇ ਜਸਵੀਰ ਦਾ ਮੁੰਡਾ ਮੇਰੀ ਭੂਆ ਦੇ ਵੱਡੇ ਲੜਕੇ ਨੂੰ ਵੀ ਸੱਦ ਲਿਆਇਆ।ਉਸ ਨੇ ਅਫਸੋਸ ਦੀਆਂ ਗੱਲਾਂ ਕਰਦਿਆਂ ਆਖਿਆ, “ਮਾਸਟਰ ਜੀ, ਤੁਹਾਨੂੰ ਪਤਾ ਹੀ ਆ, ਮੇਰਾ ਭਰਾ ਪਿਛਲੇ ਚਾਰ ਸਾਲ ਤੋਂ ਚੂਲਾ ਟੁੱਟਣ ਕਰਕੇ ਮੰਜੇ ਤੇ ਪਿਆ ਸੀ ।ਉਹ ਰੋਟੀ ਵੀ ਮੰਜੇ ਤੇ ਹੀ ਖਾਂਦਾ ਸੀ ਅਤੇ ਟੱਟੀ, ਪਿਸ਼ਾਬ ਵੀ ਮੰਜੇ ਤੇ ਹੀ ਕਰਦਾ ਸੀ।ਉਸ ਦੀ ਪਤਨੀ ਤੇ ਬੱਚਿਆਂ ਨੂੰ ਹੀ ਪਤਾ ਆ, ਉਨ੍ਹਾਂ ਨੇ ਚਾਰ ਸਾਲ ਕਿਵੇਂ ਗੁਜ਼ਾਰੇ ਆ। ਉਹ ਉਸ ਨੂੰ  ਦਿਨ ਨੂੰ ਵੀ ਸੰਭਾਲਦੇ ਸਨ ਤੇ ਰਾਤ ਨੂੰ ਵੀ।ਫਿਰ ਘਰ ਦਾ ਸਾਰਾ ਕੰਮ ਵੀ  ਕਰਦੇ ਸਨ। ਹੁਣ ਤਾਂ ਉਸ ਦੇ ਸਰੀਰ ਤੇ ਟਾਕੀਆਂ ਵੀ ਪੈ ਗਈਆਂ ਸਨ। ਲੋਕ ਕਹਿੰਦੇ ਆ, ਮੌਤ ਮਾੜੀ ਆ। ਪਰ ਮੈਂ ਕਹਿੰਨਾ, ਮੌਤ ਚੰਗੀ ਆ, ਜਿਸ ਨੇ ਮੇਰੇ ਛੋਟੇ ਭਰਾ ਨੂੰ ਇਸ ਨਰਕ ਭਰੀ ਜ਼ਿੰਦਗੀ ਚੋਂ ਕੱਢ ਦਿੱਤਾ ਆ।”ਜਸਵੀਰ ਦੇ ਸੰਸਕਾਰ ਅਤੇ ਅੰਤਮ ਅਰਦਾਸ ਵਿੱਚ ਸ਼ਾਮਿਲ ਨਾ ਹੋਣ ਦਾ ਜਿਹੜਾ ਬੋਝ ਮੇਰੇ ਮਨ ਤੇ ਸੀ, ਉਹ ਆਪਣੀ ਭੂਆ ਦੇ ਵੱਡੇ ਲੜਕੇ ਦੀਆਂ ਭਾਵਪੂਰਤ ਗੱਲਾਂ ਸੁਣ ਕੇ ਲਹਿ ਗਿਆ ਸੀ।

LEAVE A REPLY

Please enter your comment!
Please enter your name here