“ਦੀਦੀ ਮੰਗਲੀਕ ਕੀ ਹੁੰਦਾ” ਸ਼ਰਨ ਨੇ ਰੋਟੀ ਵਾਲਾ ਡੱਬਾ ਖੋਲਦਿਆਂ ਆਖਿਆ।
“ਕੁੱਝ ਨਹੀਂ ਹੁੰਦਾ, ਐਵੇਂ ਪੰਡਤਾਂ ਵਲੋਂ ਫੈਲਾਏ ਵਹਿਮ ਨੇ,ਤੂੰ ਕਿਉਂ ਪੁਛਿਆ?” ਸ਼ਵਿੰਦਰ ਨੇ ਬੁਰਕੀ ਤੋੜਦਿਆਂ ਆਖਿਆ।
“ਮੇਰੇ ਹਸਬੈਂਡ ਦੀ ਮੌਤ ਹੋਣ ਤੇ ਬੁੜੀਆਂ ਮੈਨੂੰ ਆਂਦੀਆਂ ਸੀ ਕਿ ਮੰਗਲੀਕ ਹੋਣੀ,ਜੋ ਆਪਣੇ ਪਤੀ ਨੂੰ ਖਾਹ ਗਈ’ ਸ਼ਰਨ ਨੇ ਅੱਖਾਂ ਭਰਕੇ ਆਖਿਆ।।
ਸ਼ਰਨਦੀਪ ਤੇ ਸ਼ਵਿੰਦਰ ਸਕੂਲ ਵਿੱਚ ਪੜਾਉਂਦੀਆਂ ਨੇ।ਸ਼ਵਿੰਦਰ ਮੁੱਖ ਅਧਿਆਪਕਾ ਵੀ ਹੈ ਤੇ ਸ਼ਰਨਦੀਪ ਦੀ ਪੱਕੀ ਸਹੇਲੀ ਵੀ।ਸ਼ਵਿੰਦਰ ਤਰਕਸ਼ੀਲ ਵਿਚਾਰਾਂ ਵਾਲੀ ਹੈ।ਦੋਵਾਂ ਦਾ ਆਪਸ ਵਿੱਚ ਪਿਆਰ ਬਹੁਤ।
” ਜਦੋਂ ਔਰਤਾਂ ਇਨ੍ਹਾਂ ਦੇ ਕੰਮ ਦੀਆਂ ਨਾ ਰਹਿਣ ਇਹ ਕੋਈ ਨਾ ਕੋਈ ਠੱਪਾ ਲਾਉਦੇ ਹੀ ਨੇ,ਮੈਨੂੰ ਪੰਜ ਸਾਲ ਵਰਤ ਕੇ,ਤਨਖਾਹ ਸਾਰੀ ਹਜਮ ਕਰਕੇ,ਘਰੋਂ ਕੱਢ ਦਿੱਤਾ ਜਦੋਂ ਪਤਾ ਲੱਗਾ ਕਿ ਮੇਰੇ ਬੱਚਾ ਨੀ ਹੋ ਸਕਦਾ! ਕੀ ਮੈਂ ਮੰਗਲੀਕ, ਕਰਮਾਂਜਲੀ, ਪੁੱਠੇ ਪੈਰਾਂ ਵਾਲੀ ਸੀ।ਸ਼ਵਿੰਦਰ ਨੇ ਰੋਟੀ ਵਾਲਾ ਡੱਬਾ ਪਰਾਂ ਰੱਖਦਿਆਂ ਆਖਿਆ।।
“ਪਰ ਦੀਦੀ ਘਰਦੇ ਰੀਮੈਰਿਜ ਲਈ ਦਬਾ ਬਣਾ ਰਹੇ ਨੇ,ਮੈਨੂੰ ਮੇਰਾ ਅਤੀਤ ਡਰਾ ਰਿਹਾ” ਸ਼ਰਨਦੀਪ ਨੇ ਅੰਦਰਲਾ ਡਰ ਜਾਹਰ ਕੀਤਾ।
“ਹਰ ਇਨਸਾਨ ਨੂੰ ਜਿੰਦਗੀ ਜੀਉਣ ਦਾ ਹੱਕ ਹੈ,ਮੌਤ ਇਕ ਆਟੱਲ ਸੱਚਾਈ ਹੈ,ਇਸਤੋਂ ਕੋਈ ਨਹੀਂ ਭੱਜ ਸਕਦਾ।ਤੂੰ ਵੀ ਜਿੰਦਗੀ ਸ਼ੁਰੂ ਕਰ ਮੇਰੀ ਭੈਣ,ਇੱਕੱਲਿਆਂ ਪਹਾੜ ਵਰਗੀ ਜਿੰਦਗੀ ਕੱਟਣੀ ਸੋਖੀ ਨਹੀਂ, ਅਜੇ ਤਾਂ ਤੇਰੇ ਮਾਂ ਬਾਪ ਜਿਉਂਦੇ,ਬਾਆਦ ਵਿੱਚ ਕੋਈ ਸਹਾਰਾ ਨਹੀਂ ਰਹਿਣਾ”ਸ਼ਵਿੰਦਰ ਨੇ ਸਮਝਾਉਂਦਿਆਂ ਆਖਿਆ।
” ਦੀਦੀ ਇਹ ਠੱਪੇ ਔਰਤਾਂ ਹਿੱਸੇ ਕਿਉਂ ਆਏ” ਸ਼ਰਨ ਦੇ ਮੰਨ ਦਾ ਡਰ ਦੂਰ ਨਹੀਂ ਹੋਇਆ।
“ਚਲਾਕ ਲੋਕਾਂ ਦੇ ਕਮਾਈ ਦੇ ਸਾਧਨ ਨੇ,ਜੋ ਭੋਲ੍ਹੇ ਭਾਲ੍ਹੇ ਲੋਕਾਂ ਨੂੰ ਡਰਾਕੇ,ਆਪਣੀ ਰੋਜੀ ਰੋਟੀ ਕੱਢਦੇ ਨੇ ਤੇ ਭੁੱਗਤਣਾ ਸਾਨੂੰ ਪੈਂਦਾ।ਆਪਾਂ ਦੋਨੋਂ ਪੜੀਆਂ ਲਿਖੀਆਂ ਤੇ ਕਮਾਈ ਕਰਦੀਆਂ ਫਿਰ ਵੀ ਇਹ ਹਾਲ੍ਹ ਹੋਇਆ,ਸੋਚ ਆਮ ਔਰਤਾਂ ਦਾ ਕੀ ਹਾਲ੍ਹ ਹੁੰਦਾ ਹੋਵੇਗਾ।
“ਚੱਲ ਸਭ ਭੁੱਲਕੇ ਨਵੇਂ ਰਾਹ ਚੁਣੀਏਂ ਤੇ ਹਨੇਰਾ ਦੂਰ ਕਰੀਏ।ਨਵਾਂ ਸਵੇਰਾ ਤੈਨੂੰ ਉਡੀਕ ਰਿਹਾ।ਸ਼ਵਿੰਦਰ ਨੇ ਸ਼ਰਨ ਨੂੰ ਜੱਫੀ ਵਿੱਚ ਲੈਂਦਿਆਂ ਆਖਿਆ”।
ਦੋਹਾਂ ਦੇ ਅੱਖਾਂ ਵਿੱਚ ਹੰਝੂ ਸੀ ਤੇ ਰੋਟੀ ਐਵੇਂ ਪਈ ਰਹਿ ਗਈ।

 

LEAVE A REPLY

Please enter your comment!
Please enter your name here