ਯਾਰੀ ਦੀ ਹੈ ਕੀ ਪਰਿਭਾਸ਼ਾ ਕਿਸੇ ਨੇ ਥਾਹ ਨਾ ਪਾਈ।

ਲੱਖਾਂ ਸ਼ਾਇਰਾਂ ਨੇ ਉਂਜ ਹੁਣ ਤਕ ਕੀਤੀ ਕਲਮ-ਘਸਾਈ।

 

ਯਾਰੀ ਸ਼ਬਦ ਹੈ ਪਾਕਿ ਪਵਿੱਤਰ ਅਰਥ ਕਰੋ ਨਾ ਸੌੜੇ,
ਭਗਤਾਂ ਦੀ ਹੈ ਰੱਬ ਨਾਲ ਯਾਰੀ ਅਰਥ ਬੜੇ ਹੀ ਚੌੜੇ।

ਤਿੰਨੇ ਸ਼ਬਦ ਨੇ ਇੱਕੋ ਲੱਗਦੇ ਦੋਸਤ ਮਿੱਤਰ ਯਾਰੀ,
ਪਰ ਜੇ ਤਹਿ ਵਿੱਚ ਜਾਈਏ ਇਨ੍ਹਾਂ ਦੇ ਵਿੱਚ ਅੰਤਰ ਭਾਰੀ।

ਚੜ੍ਹਦੀ ਉਮਰੇ ਜਾਪੇ ਅਕਸਰ ਯਾਰੀ ਬਹੁਤ ਨਿਆਰੀ,
ਢਲਦੀ ਉਮਰੇ ਹਾਸਾ ਆਉਂਦਾ ਇਹ ਸੀ ਸੁਪਨੇਦਾਰੀ।

ਲੋੜਾਂ ’ਚੋਂ ਜਾਂ ਸ਼ੌਕ ਦੇ ਵਿੱਚੋਂ ਜਨਮ ਲੈਂਦੀ ਹੈ ਯਾਰੀ,
ਭਿੜਦੇ ਜਦੋਂ ਵਿਚਾਰ ਤਾਂ ਯਾਰੀ ਕਰਦੀ ਬਹੁਤ ਖੁਆਰੀ।

ਚੰਦ ਧਰਤੀ ਤੇ ਸੂਰਜ ਦੀ ਵੀ ਦੇਖੋ ਅਜਬ ਹੈ ਯਾਰੀ,
ਇੱਕ ਦੂਜੇ ਨੂੰ ਮੱਥਾ ਟੇਕੀ ਜਾਂਦੇ ਵਾਰੋ ਵਾਰੀ।

ਕਈ ਥਾਵਾਂ ’ਤੇ ਖ਼ੂਬ ਹੈ ਨਿਭਦੀ ਪਿਓ ਤੇ ਪੁੱਤ ਦੀ ਯਾਰੀ,
ਕਈ ਘਰਾਂ ਵਿੱਚ ਦੇਖੀ ਮਾਂ ਤੇ ਧੀ ਦੀ ਨਿੱਘੀ ਯਾਰੀ।

ਛੋਟੇ ਬੱਚਿਆਂ ਦੀ ਹੁੰਦੀ ਹੈ ਨਾਲ ਖਿਡੌਣੇ ਯਾਰੀ,
ਵੱਡੇ ਹੋ ਕੇ ਅੱਖਾਂ ਦੇ ਨਾਲ ਲਾਉਂਦੇ ਦਿਲ ਦੀ ਯਾਰੀ।

ਵਾਹ ਲੱਗਦੀ ਨਾ ਕਦੇ ਵੀ ਲਾਓ ਦਾਅ ’ਤੇ ਯਾਰ ਦੀ ਯਾਰੀ,
ਸੂਖ਼ਮ ਬੁੰਦਾ ਟੁੱਟਦਾ ਅੰਦਰੋਂ ਜਦ ਹੈ ਟੁੱਟਦੀ ਯਾਰੀ।

ਕੁਝ ਯਾਰਾਂ ਦੀ ਯਾਰੀ ਉੱਤੋਂ ਵਾਰੇ ਵਾਰੇ ਜਾਵਾਂ,
ਤਪਦੀ ਧੁੱਪ ਵਿੱਚ ਜਿਨ੍ਹਾਂ ਮੈਨੂੰ ਹੱਥੀਂ ਕਰੀਆਂ ਛਾਵਾਂ।

ਯਾਰੀ ਵਾਲੇ ਭਰਮ-ਭੁਲੇਖੇ ਮੈਂ ਦਿਲ ਵਿੱਚੋਂ ਕੱਢ’ਤੇ,
ਕੁਝ ਮਿੱਤਰਾਂ ਨੂੰ ਰੋ ਕੇ ਛੱਡਿਆ ਤੇ ਕੁਝ ਹੱਸ ਕੇ ਛੱਡ’ਤੇ।

ਕਈ ਯਾਰਾਂ ਦੀ ਯਾਰੀ ਅੱਜਕੱਲ੍ਹ ਲਟਕੇ ਵਿੱਚ-ਵਿਚਾਲੇ,
ਰਹਿ ਜਾਊ ਜਾਂ ਟੁੱਟ ਜਾਊ ਕਹਿ ਨਹੀਂ ਸਕਦਾ ਕੁਝ ਵੀ ਹਾਲੇ।

ਕਈ ਯਾਰ ਮੈਨੂੰ ਮਾਰਨ ਖ਼ਾਤਰ ਰਹੇ ਸਕੀਮ ਬਣਾਉਂਦੇ,
ਕਿਉਂ ਸੀ ਬਣਤ ਬਣਾਉਂਦੇ ਮੈਨੂੰ ਅੱਜ ਤਕ ਸਮਝ ਨਾ ਆਉਂਦੇ।

ਵਿੱਚ ਪਰਦੇਸੀਂ ਜਾ ਬੈਠੇ ਕਈ ਲਾ ਉਮਰਾਂ ਦੀ ਯਾਰੀ,
ਪਾਣੀ ਬਾਝੋਂ ਸੁੱਕ ਜਾਂਦੀ ਜਿਉਂ ਫੁੱਲਾਂ ਭਰੀ ਕਿਆਰੀ।

ਦਿਲ ਦੇ ਵਿੱਚ ਪਛਤਾਵਾ ਭਰ ਗਈ ਕੁਝ ਕੁੜੀਆਂ ਦੀ ਯਾਰੀ,
ਉਮਰਾਂ ਦਾ ਸਰਮਾਇਆ ਬਣ ਗਈ ਕੁਝ ਕੁੜੀਆਂ ਦੀ ਆੜੀ।

ਭਰਿਆ ਪਿਆ ਇਤਿਹਾਸ ਹੈ ਜਿਸ ਵਿੱਚ ਯਾਰੀ ਦੀ ਵਡਿਆਈ,
ਐਸਾ ਵੀ ਇਤਿਹਾਸ ਹੈ ਜਿੱਥੇ ਥਾਂ ਥਾਂ ਕਦਰ ਘਟਾਈ।

ਮੇਰੀ ਮਸ਼ਹੂਰੀ ਤੋਂ ਕਈ ਕਈ ਯਾਰ ਸੀ ਖ਼ੁਸ਼ ਹੋ ਜਾਂਦੇ,
ਮੇਰੇ ਫੇਲ੍ਹ ਹੋਣ ’ਤੇ ਕਈ ਕਈ ਯਾਰ ਸੀ ਜਸ਼ਨ ਮਨਾਂਦੇ।

ਮਨ ’ਤੇ ਬੋਝ ਹੈ ਬਣ ਜਾਂਦੀ ਫਿਰ ਕਈ ਯਾਰਾਂ ਦੀ ਯਾਰੀ,
ਬਿਨਾਂ ਵਜ੍ਹਾ ਹੀ ਗੱਲ ਗੱਲ ਉੱਤੇ ਫਸਦੀ ਜਦੋਂ ਗਰਾਰੀ।

ਨਿੱਕੀ ਜਿਹੀ ਗੱਲ ਤੋਂ ਟੁੱਟ ਗਈ ਕਈ ਯਾਰਾਂ ਦੀ ਯਾਰੀ,
ਸੋਚ ਉਨ੍ਹਾਂ ਦੀ ਛੋਟੀ ਸੀ ਜਾਂ ਮੇਰੀ ਹੀ ਮੱਤ ਮਾਰੀ।

ਮੁੜ ਮੁੜ ਯਾਦ ਨੇ ਆਉਂਦੇ ਕਈ ਜੋ ਕਬਰਾਂ ਵਿੱਚ ਸਮਾ ਗਏ,
ਖ਼ੁਸ਼-ਰਹਿਣੇ ਸ਼ਮਸ਼ੇਰ ਦੀ ਝੋਲੀ ਹੰਝੂ ਹਉਕੇ ਪਾ ਗਏ।

ਪੈਸਾ ਫਿੱਕੀ ਪਾ ਦਿੰਦਾ ਹੈ ਤੀਹ-ਤੀਹ ਸਾਲ ਦੀ ਯਾਰੀ,
ਜੋ ਜੋ ਮਨ ਵਿੱਚ ਆਇਆ ਮੈਂ ਤਾਂ ਓਹੋ ਗੱਲ ਉਚਾਰੀ।

ਹੱਥ ਜੋੜ ਕੇ ਸੰਧੂ ਰੱਬ ਨੂੰ ਏਹੋ ਅਰਜ਼ ਗੁਜ਼ਾਰੇ,
ਯਾਰ ਸਦਾ ਹੀ ਚੰਗੇ ਦੇਈਂ ਯਾਰ ਨਾ ਦੇਈਂ ਮਾੜੇ।

ਆਪਣੇ ਅੰਦਰ ਉਤਰ ਕੇ ਜੋ ਲਾਵੇ ਖ਼ੁਦ ਨਾਲ ਯਾਰੀ,
ਸੱਤ ਜਹਾਨੀਂ ਲੱਭ ਨਹੀਂ ਸਕਦੀ ਐਹੋ ਜਿਹੀ ਯਾਰੀ।

ਸੰਪਰਕ: 98763-12860

LEAVE A REPLY

Please enter your comment!
Please enter your name here