ਲੰਡਨ, 28 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੇ ਪ੍ਰਸਿੱਧ ਕਾਰੋਬਾਰੀ 38 ਸਾਲਾ ਤਜਿੰਦਰ ਸਿੰਘ ਸੇਖੋਂ ਨੇ ਛੱਤੀਸਗੜ੍ਹ ਦੇ ਦੰਤੇਵਾੜਾ, ਓੜੀਸ਼ਾ ਦੇ ਕਾਲਾਹਾਂਡੀ ਵਰਗੇ ਪਛੜੇ ਇਲਾਕਿਆਂ ‘ਚ ਗਰੀਬੀ ਰੇਖਾਂ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਬਾਂਹ ਫੜੀ ਹੈ | ਉਹ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਇਸ ਇਲਾਕੇ ਦੇ ਲੋਕਾਂ ਦੀ ਮਦਦ ਲਈ ਹਰ ਸਾਲ ਖੁਦ ਜਾ ਕੇ ਮਦਦ ਕਰਦੇ ਹਨ | ਇਨ੍ਹਾਂ ਇਲਾਕਿਆਂ ਦੇ ਖਰਾਬ ਹਾਲਾਤ ਹੋਣ ਕਰਕੇ ਸਰਕਾਰੀ ਏਜੰਸੀਆਂ ਜਾਣ ਤੋਂ ਕੰਨੀ ਕਤਰਾਉਂਦੀਆਂ ਹਨ | ਤਜਿੰਦਰ ਸਿੰਘ ਸੇਖੋਂ ਨੇ ਯੂ. ਕੇ. ਵਾਪਸੀ ‘ਤੇ ਗੱਲ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਭਾਰਤ ਵਰਗੇ ਦੇਸ਼ ‘ਚ ਅਜੇ ਵੀ ਅਜਿਹੇ ਇਲਾਕੇ ਹਨ, ਜਿੱਥੇ ਲੋਕ ਅਤਿ ਗਰੀਬੀ ‘ਚ ਜੀਵਨ ਜਿਊ ਰਹੇ ਹਨ | ਉਹ ਹਰ ਸਾਲ ਲੋਕਾਂ ਨੂੰ ਕੱਪੜੇ, ਖਾਣ ਪੀਣ ਦਾ ਸਾਮਾਨ ਅਤੇ ਸਥਾਨਕ ਹਸਪਤਾਲ ‘ਚ ਬਿਮਾਰ ਲੋਕਾਂ ਦੇ ਇਲਾਜ ਲਈ ਮਦਦ ਕਰਦੇ ਹਨ | ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਇਸ ਵਾਰ ਕਾਲਾਹਾਂਡੀ ਦੇ ਭਵਾਨੀਗੜ ਜ਼ਿਲ੍ਹਾ ਜੇਲ੍ਹ ‘ਚ 13 ਅਜਿਹੇ ਕੈਦੀਆਂ ਬਾਰੇ ਪਤਾ ਲੱਗਾ ਜੋ ਆਪਣੀ ਸਜ਼ਾ ਕੱਟ ਚੁੱਕੇ ਸਨ, ਪਰ ਜੁਰਮਾਨਾ ਨਾ ਭਰ ਸਕਣ ਕਾਰਨ ਜੇਲ੍ਹ ‘ਚ ਹੀ ਬੰਦ ਸਨ  ਸ: ਸੇਖੋਂ ਨੇ ਇਨ੍ਹਾਂ ਕੈਦੀਆਂ ਦਾ 1 ਲੱਖ 85 ਹਜ਼ਾਰ ਰੁਪਇਆ ਜੁਰਮਾਨਾ ਅਦਾ ਕਰਕੇ ਅਜ਼ਾਦੀ ਦਿਵਾਈ ਅਤੇ ਨਵੀਂ ਜ਼ਿੰਦਗੀ ਦਿੱਤੀ | ਉਨ੍ਹਾਂ ਕਿਹਾ ਕਿ ਜੇਲ੍ਹ ‘ਚੋਂ ਰਿਹਾਅ ਹੋਣ ਵਾਲੇ ਕੈਦੀਆਂ ਨੇ ਚੰਗੇ ਸ਼ਹਿਰੀਆਂ ਵਾਲੀ ਜ਼ਿੰਦਗੀ ਬਤੀਤ ਕਰਨ ਦਾ ਵਾਅਦਾ ਕੀਤਾ ਹੈ  ‘ਅਜੀਤ’ ਨਾਲ ਗੱਲ ਕਰਦਿਆਂ ਸ: ਸੇਖੋਂ ਨੇ ਕਿਹਾ ਕਿ ਉਨ੍ਹਾਂ ਨੂੰ ਲੋੜਵੰਦਾਂ ਦੀ ਮਦਦ ਲਈ ਉਤਸ਼ਾਹ ਮਿਲਿਆ ਹੈ |

LEAVE A REPLY

Please enter your comment!
Please enter your name here