ਸ਼੍ਰੀਨਗਰ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰੀਆਂ ਨੂੰ ਅਮਨ ਦਾ ਪੈਗਾਮ ਦਿੰਦਿਆਂ ਵੀਰਵਾਰ ਕਿਹਾ ਕਿ ਵੱਖਵਾਦੀ ਆਪਣੇ ਲਾਭ ਲਈ ਬੱਚਿਆਂ ਦੀ ਵਰਤੋਂ ਨਾ ਕਰਨ। ਜੰਮੂ-ਕਸ਼ਮੀਰ ਸਪੋਰਟਸ ਕੰਕਲੇਵ-2018 ਵਿਚ ਬੋਲਦਿਆਂ ਰਾਜਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਿਲ ‘ਚ ਸੂਬੇ ਲਈ ਬੇਹੱਦ ਮੁਹੱਬਤ ਹੈ। ਬੱਚਿਆਂ ਅਤੇ ਨੌਜਵਾਨਾਂ  ਨੂੰ ਕੋਈ ਵੀ ਗੁੰਮਰਾਹ ਕਰ ਸਕਦਾ ਹੈ। ਅਸੀਂ ਇਸੇ ਲਈ ਪੱਥਰਬਾਜ਼ੀ ਲਈ ਗੁੰਮਰਾਹ ਹੋਏ ਨੌਜਵਾਨਾਂ ਵਿਰੁੱਧ ਦਰਜ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਨੌਜਵਾਨਾਂ ਨੂੰ ਅੱਤਵਾਦ ਦਾ ਰਾਹ ਨਹੀਂ ਫੜਨਾ ਚਾਹੀਦਾ। ਜੰਮੂ-ਕਸ਼ਮੀਰ ਦੇ ਬੱਚਿਆਂ ਵਿਚ ਗਜ਼ਬ ਦੀ ਯੋਗਤਾ ਹੈ। ਉਨ੍ਹਾਂ ਨੂੰ ਆਪਣੀ ਯੋਗਤਾ ਨੂੰ ਚੰਗੇ ਪਾਸੇ ਵਿਖਾਉਣ  ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰ ਨੇ ਇਸ ਸਬੰਧੀ ਕਈ ਕਦਮ ਚੁੱਕੇ ਹਨ। ਰਾਜਨਾਥ ਨੇ ਵੱਖਵਾਦੀਆਂ ਨੂੰ ਵਾਦੀ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ ਲਈ ਕਿਹਾ। ਕਸ਼ਮੀਰ ਦੇ ਬੱਚੇ ਸਾਡੇ ਬੱਚੇ ਹਨ। ਇਹ ਪੱਥਰਬਾਜ਼ ਨਹੀਂ ਹਨ। ਉਹ ਪੜ੍ਹ-ਲਿਖ ਕੇ ਆਪਣਾ ਭਵਿੱਖ ਬਦਲਣਾ ਚਾਹੁੰਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਮਿਲ ਕੇ ਸੂਬੇ ਦੀ ਤਸਵੀਰ ਅਤੇ ਤਕਦੀਰ ਨੂੰ ਬਦਲ ਸਕਦੀ ਹੈ। ਨੌਜਵਾਨਾਂ ਨੂੰ ਪੜ੍ਹਾਈ ਤੇ ਖੇਡਾਂ ਵਲ ਧਿਆਨ ਦੇਣਾ ਚਾਹੀਦਾ ਹੈ। ਕਸ਼ਮੀਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਭਰਤੀ ਦਾ ਸਿਲਸਿਲਾ ਜਾਰੀ ਹੈ। ਕਸ਼ਮੀਰ ਵਿਚ ਜਦ ਤੱਕ  ਸ਼ਾਂਤੀ ਸਥਾਪਿਤ ਨਹੀਂ ਹੁੰਦੀ, ਅਸੀਂ ਚੈਨ ਨਾਲ ਨਹੀਂ ਬੈਠਾਂਗੇ।

LEAVE A REPLY

Please enter your comment!
Please enter your name here