ਬੀਤੇ ਦਿਨੀਂ ਭਾਜਪਾ ਦੀ ਸਹਿਯੋਗੀ ਸੰਸਥਾ ਆਰਐਸਐਸ ਦੇ ਸਿੱਖ ਸੈੱਲ ਰਾਸ਼ਟਰੀ ਸਿੱਖ ਸੰਗਤ ਵਲੋਂ ਨਵੀਂ ਦਿੱਲੀ ਵਿੱਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ ਗਿਆ। ਦਸਿਆ ਗਿਆ ਹੈ ਕਿ ਇਸ ਸਮਾਗਮ ਦੀ ਪ੍ਰਧਾਨਗੀ ਤਖਤ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਕੀਤੀ ਜਾਣੀ ਸੀ, ਪ੍ਰੰਤੂ ਕਈ ਸਿੱਖ ਜੱਥੇਬੰਦੀਆਂ ਵਲੋਂ ਅਕਾਲ ਤਖਤ ਤੋਂ ਸੰਨ-2004 ਵਿੱਚ ਜਾਰੀ ਇੱਕ ਹੁਕਮਨਾਮੇ, ਜਿਸ ਪੁਰ ਉਨ੍ਹਾਂ (ਗਿਆਨੀ ਇਕਬਾਲ ਸਿੰਘ) ਦੇ ਵੀ ਦਸਤਖਤ ਹਨ, ਦਾ ਸਹਾਰਾ ਲੈ ਕੀਤੇ ਜਾ ਰਹੇ ਵਿਰੋਧ ਨੂੰ ਵੇਖਦਿਆਂ ਐਨ ਵਕਤ ਤੇ ਉਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਾਸਾ ਵੱਟ ਗਏ। ਜਦਕਿ ਆਰਐਸਐਸ ਦੇ ਪ੍ਰਮੁਖ ਮੋਹਨ ਭਾਗਵਤ ਨੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਤੇ ਕੇਂਦ੍ਰੀ ਗ੍ਰਹਿ ਮੰਤ੍ਰੀ ਰਾਜਨਾਥ ਨੇ ਸਨਮਾਨਤ ਮਹਿਮਾਨ ਵਜੋਂ ਆਪਣੀ ਹਾਜ਼ਰੀ ਦਰਜ ਕਰਵਾਈ। ਮਿਲੀ ਜਾਣਕਾਰੀ ਅਨੁਸਾਰ ਆਰਐਸਐਸ ਵਲੋਂ ਸਿੱਖ ਧਰਮ ਨੂੰ ਵਿਸ਼ਾਲ ਹਿੰਦੂ ਧਰਮ ਦਾ ਇੱਕ ਅੰਗ, ਸਿੱ ਨੂੰ ਕੇਸਾਧਾਰੀ ਹਿੰਦੂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦੇ ਪੂਜਕ ਆਦਿ ਵਜੋਂ ਪ੍ਰਚਾਰੇ ਜਾਣ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ, ਵਿਸ਼ੇਸ਼ ਕਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ਆਮ ਆਦਮੀ ਪਾਰਟੀ ਦੇ ਸਿੱਖ ਸੈੱਲ ਦੇ ਮੁੱਖੀਆਂ ਵਲੋਂ (ਇੱਕ-ਦੂਸਰੇ ਵਿਰੁਧ ਕਿੜ ਕਢਦਿਆਂ), ਇਸ ਸਮਾਗਮ ਦਾ ਤਿੱਖਾ ਵਿਰੋਧ ਕੀਤੇ ਜਾਣ ਅਤੇ ਇਸਦੇ ਵਿਰੋਧ ਵਿੱਚ, ਅਕਾਲ ਤਖਤ ਤੋਂ ਸੰਨ-2004 ਵਿੱਚ ਆਰਐਸਐਸ ਦੇ ਵਿਰੁਧ ਜਾਰੀ ਹੁਕਮਨਾਮੇ ਨੂੰ ਹਥਿਆਰ ਬਣਾਏ ਜਾਣ ਨੂੰ ਵੇਖਦਿਆਂ ਹੀ, ਜਾਪਦਾ ਹੈ ਕਿ ਸਮਾਗਮ ਦੇ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਹੁਤ ਹੀ ਚੇਤਨਤਾ ਤੋਂ ਕੰਮ ਲੈਂਦਿਆਂ ਤੇ ਕਿਸੇ ਵੀ ਪੱਧਰ ਤੇ ਅਜਿਹਾ ਪ੍ਰਭਾਵ ਨਹੀਂ ਜਾਣ ਦਿੱਤਾ ਜਿਸਤੋਂ ਇਹ ਸੰਕੇਤ ਮਿਲੇ ਕਿ ਉਹ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਆਪਣੇ ਭਾਸ਼ਣਾ ਦੇ ਸੁਰ ਗੁਰੂ ਸਾਹਿਬ ਵਲੋਂ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਈ ਰਖਣ ਅਤੇ ਦੇਸ਼ ਦੀ ਏਕਤਾ ਨੂੰ ਕਾਇਨ ਰਖਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਤਕ ਸੀਮਤ ਰਖਦਿਆਂ ਉਨ੍ਹਾਂ ਦੀਆਂ ਸਿਖਿਆਵਾਂ ਅਤੇ ਉਪਦੇਸ਼ਾਂ ਤੋਂ ਜੀਵਨ-ਸੇਧ ਲੈਣ ਦੀ ਪ੍ਰੇਰਨਾ ਲੈਣ ਤਕ ਦੀ ਗਲ ਕਰਨ ਤਕ ਹੀ ਸੀਮਤ ਰਖਿਆ। ਦਸਿਆ ਜਾਂਦਾ ਹੈ ਕਿ ਇਸ ਦੌਰਾਨ ਆਰਐਸਐਸ ਦੇ ਇੱਕ ਸੀਨੀਅਰ ਆਗੂ ਬਜਰੰਗ ਲਾਲ ਗੁਪਤਾ ਨੇ ਸਥਿਤੀ ਨੂੰ ਸੰਭਾਲਦਿਆਂ ਕਿਹਾ ਕਿ ਆਰਐਸਐਸ ਦੇ ਸਿੱਖਾਂ ਤੇ ਸਿੱਖ ਧਰਮ ਪ੍ਰਤੀ ਦ੍ਰਿਸ਼ਟੀਕੌਣ ਨੂੰ ਭੁਲੇਖਾ-ਪਾਊ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਆਰਐਸਐਸ ਸਿੱਖ ਧਰਮ ਦੀ ਵਿਲਖਣ (ਸੁਤੰਤਰ) ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਸਵੀਕਾਰ ਕਰਦਾ ਹੈ। ਸ਼੍ਰੀ ਗੁਪਤਾ ਅਨੁਸਾਰ ਸਿੱਖ ਧਰਮ ਵੀ ਜੈਨ ਤੇ ਬੁਧ ਧਰਮ ਵਾਂਗ ਇੱਕ ਸਮਾਜਕ ਅਤੇ ਧਾਰਮਕ ਮਾਨਤਾ ਪ੍ਰਾਪਤ ਅਜ਼ਾਦ ਧਰਮ ਹੈ। ਆਰਐਸਐਸ ਅਰੰਭ ਤੋਂ ਹੀ ਸਿੱਖਾਂ ਦੀ ਵਖਰੀ ਪਛਾਣ ਨੂੰ ਸਵੀਕਾਰਦਾ ਚਲਿਆ ਆ ਰਿਹਾ ਹੈ। ਸ਼੍ਰੀ ਗੁਪਤਾ ਦੇ ਇਸ ਬਿਆਨ ਪੁਰ ਟਿੱਪਣੀ ਕਰਦਿਆਂ ਸਿੱਖ ਚਿੰਤਕਾਂ ਨੇ ਕਿਹਾ ਕਿ ਬਜੰਰਗ ਲਾਲ ਗੁਪਤਾ ਦੇ ਇਨ੍ਹਾਂ ਵਿਚਾਰਾਂ ਵਿੱਚ ਜੇ ਦੰਭ ਨਾ ਹੋ, ਸੱਚਾਈ ਹੈ ਤਾਂ ਕੀ ਸ਼੍ਰੀ ਗੁਪਤਾ, ਸਿੱਖ ਧਰਮ ਅਤੇ ਸਿੱਖਾਂ ਪ੍ਰਤੀ ਪ੍ਰਗਟ ਕੀਤੇ ਗਏ ਆਪਣੇ ਉਪ੍ਰੋਕਤ ਵਿਚਾਰਾਂ ਪ੍ਰਤੀ ਆਪਣੀ ਈਮਾਨਦਾਰੀ ਸਾਬਤ ਕਰਨ ਲਈ ਆਰਐਸਐਸ ਦੀ ਵੈੱਬਸਾਈਟ ਵਿੱਚੋਂ ਉਹ ਅੰਸ਼ ਡਿਲੀਟ ਕਰਵਾ (ਹਟਵਾ) ਦੇਣਗੇ ਜਿਨ੍ਹਾਂ ਵਿੱਚ ਸਿੱਖ ਧਰਮ ਨੂੰ ਵਿਸ਼ਾਲ ਹਿੰਦੂ ਧਰਮ ਦਾ ਹਿਸਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਰਾਰ ਦਿੱਤੇ ਜਾਣ ਦੇ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਕਾਰਜਾਂ ਅਤੇ ਸਿੱਖੀ ਦੀਆਂ ਮਾਨਤਾਵਾਂ-ਮਰਿਆਦਾਵਾਂ ਦੇ ਸੰਬੰਧ ਵਿੱਚ ਗਲਤ ਬਿਆਨੀ ਕੀਤੀ ਗਈ ਹੋਈ ਹੈ?
ਸਿੱਖ ਸੰਸਥਾਵਾਂ ਦੀ ਭੂਮਿਕਾ: ਇਸ ਸਮਾਗਮ ਦੇ ਸੰਬੰਧ ਵਿੱਚ ਸਿੱਖ ਸੰਸਥਾਵਾਂ ਦੀ ਭੂਮਿਕਾ ਬਾਰੇ ਜੋ ਕੁਝ ਵੇਖਣ ਨੂੰ ਮਿਲਿਆ, ਉਸਦੀ ਚਰਚਾ ਕਰਨੀ ਤਾਂ ਜ਼ਰੂਰ ਬਣਦੀ ਹੈ। ਸਾਰੇ ਐਪੀਸੋਡ ਵਿੱਚ ਇਹ ਵੇਖਣ ਨੂੰ ਮਿਲਦਾ ਰਿਹਾ, ਕਿ ਅਯੋਜਕਾਂ ਵਲੋਂ ਤਾਂ ਆਪਣੇ ਸਮਾਗਮ ਦਾ ਇਤਨਾ ਪ੍ਰਚਾਰ ਨਹੀਂ ਕੀਤਾ ਗਿਆ, ਜਿਤਨਾ ਇਸਦਾ ਵਿਰੋਧ ਕਰਨ ਵਾਲੀਆਂ ਸਿੱਖ ਸੰਸਥਾਵਾਂਦੇ ਮੁੱਖੀਆਂ ਵਲੋਂ ਵੱਖ-ਵੱਖ ਮੰਚਾਂ ਤੋਂ (ਇਸਦਾ ਵਿਰੋਧ) ਕਰਦਿਆਂ ਕੀਤਾ ਗਿਆ। ਇਤਨਾ ਹੀ ਨਹੀਂ, ਇਸ ਸਮਾਗਮ ਦਾ ਵਿਰੋਧ ਕਰਨ ਵਾਲੇ, ਇਸ ਦੌਰਾਨ ਆਪੋ ਵਿੱਚ ਵੀ ਉਲਝਦੇ ਰਹੇ। ਸੋਚਣ ਤੇ ਵਿਚਾਰਨ ਵਾਲੀ ਗਲ ਇਹ ਹੈ ਕਿ ਇਸ ਸਮਾਗਮ ਦਾ ਵਿਰੋਧ ਕਰਨ ਵਾਲੇ ਆਪਣੇ ਉਦੇਸ਼ ਵਿੱਚ ਸਫਲ ਹੋਏ ਹਨ ਜਾਂ ਨਹੀਂ, ਇਹ ਇੱਕ ਅਲਗ ਸਵਾਲ ਹੈ, ਪ੍ਰੰਤੂ ਉਨ੍ਹਾਂ ਵਲੋਂ ਇਸ ਸੰਬੰਧ ਵਿੱਚ ਜੋ ਸਰਗਰਮੀ ਵਿਖਾਈ ਗਈ ਉਸਨੂੰ ਲੈ ਕੇ ਇਹ ਸਵਾਲ ਉਠਣਾ ਸੁਭਾਵਕ ਹੀ ਹੈ, ਕਿ ਉਨ੍ਹਾਂ ਸੰਸਥਾਵਾਂ, ਜਿਨ੍ਹਾਂ ਨੇ ਇਸ ਸਮਾਗਮ ਦਾ ਵਿਰੋਧ ਕਰਨ ਵਿੱਚ ਆਪਣੀ ਸਮੁਚੀ ਤਾਕਤ ਝੌਂਕੀ ਰਖੀ ਸੀ, ਦੇ ਮੁਖੀ ਆਪਣੇ ਅੰਦਰ ਝਾਂਕ, ਇਸ ਸਵਾਲ ਦਾ ਜਵਾਬ ਤਲਾਸ਼ਣ ਪ੍ਰਤੀ ਗੰਭੀਰ ਹੋਣਗੇ ਕਿ ਉਨ੍ਹਾਂ ਨੇ ਇਤਨਾ ਵਿਰੋਧ ਕਰਕੇ ਕੀ ਹਾਸਲ ਕੀਤਾ ਹੈ? ਸਿਵਾਏ ਇਸਦੇ ਕਿ ਸਿੱਖਾਂ ਦੇ ਇੱਕ ਵੱਡੇ ਹਿਸੇ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕ, ਆਪਣੀ ਪਿਠ ਥਪਥਪਾਣ ਦੇ। ਜੇ ਉਹ ਕੁਝ ਸੋਚਣਾ-ਸਮਝਣਾ ਚਾਹੁਯ ਤਾਂ ਉਨ੍ਹਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਮ ਤੋਰ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਸ ਗਲ ਦਾ ਜਿਤਨਾ ਜ਼ਿਆਦਾ ਵਿਰੋਧ ਕੀਤਾ ਜਾਂਦਾ ਹੈ, ਉਸਦਾ ਉਤਨਾ ਹੀ ਵੱਧੇਰੇ ਪ੍ਰਚਾਰ ਅਤੇ ਪਸਾਰ ਹੁੰਦਾ ਹੈ। ਇਹ ਗਲ ਉਨ੍ਹਾਂ ਡੇਰਿਆਂ ਦੇ ਲਗਾਤਾਰ ਹੋ ਰਹੇ ਫੈਲਾਅ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਜਿਨ੍ਹਾਂ ਦਾ ਵਿਰੋਧ ਉਨ੍ਹਾਂ ਵਲੋਂ ਲੰਮੇਂ ਸਮੇਂ ਤੋਂ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਇਸਲਈ ਜ਼ਰੂਰਤ ਇਸ ਗਲ ਦੀ ਹੈ, ਕਿ ਕਿਸੇ ਦੂਸਰੇ ਦੀ ਖਿੱਚੀ ਲਕੀਰ ਨੂੰ ਛੋਟਿਆਂ ਕਰਨ ਲਈ, ਉਸਨੂੰ ਆਸੇ-ਪਾਸੇ ਤੋਂ ਮਿਟਾਣ ਦੀ ਕੋਸ਼ਸ਼ ਕਰਨ ਦੀ ਬਜਾਏ, ਉਸਦੇ ਬਰਾਬਰ ਇੱਕ ਲੰਮੀ ਲਕੀਰ ਖਿੱਚ ਦਿੱਤੀ ਜਾਏ। ਇਸੇ ਤਰ੍ਹਾਂ ਜੇ ਇਸ ਸਮਾਗਮ ਦਾ ਵਿਰੋਧ ਕਰਨ ਵਾਲਿਆਂ ਨੇ, ਆਪਣੀ ਉਸ ਸ਼ਕਤੀ ਨੂੰ, ਜੋ ਉਨ੍ਹਾਂ ਵਿਰੋਧ ਕਰਨ ਵਿੱਚ ਗਵਾਈ, ਦੂਸਰੇ ਸ਼ਬਦਾਂ ਵਿੱਚ ਬਰਬਾਦ ਕੀਤੀ ਹੈ, ਨੂੰ ਸਿੱਖੀ ਦਾ ਪ੍ਰਚਾਰ ਕਰ ਜਾਂ ਉਸੇ ਦਿਨ ਇਸੇ ਮੁੱਦੇ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ) ਤੇ ਸਮਾਗਮ ਦਾ ਅਯੋਜਨ ਕਰ, ਉਸਦੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਣ ਦੀ ਕੌਸ਼ਸ਼ ਕੀਤੀ ਹੁੰਦੀ, ਤਾਂ ਸ਼ਾਇਦ ਉਹ ਆਪਣੇ ਉਦੇਸ਼ ਵਿੱਚ ਕੁਝ ਜ਼ਿਆਦਾ ਹੀ ਸਫਲ ਹੋ ਪਾਂਦੇ!
ਅਸਫਲ ਕਿਉਂ : ਸ਼ਾਇਦ ਇਹ ਗਲ ਕਦੀ ਸੋਚੀ-ਵਿਚਾਰੀ ਤਕ ਨਹੀਂ ਗਈ ਕਿ ਬੀਤੇ ਲੰਬੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਵਿੱਚ ਛੋਟੀਆਂ-ਵਡੀਆਂ ਕਈ ਸੰਸਥਾਵਾਂ ਜੁਟੀਆਂ, ਕਰੋੜਾਂ ਰੁਪਏ ਖਰਚ ਕਰ ਰਹੀਆਂ ਹਨ, ਇਸਦੇ ਬਾਵਜੂਦ ਉਹ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋ ਪਾ ਰਹੀਆਂ, ਜਦਕਿ ਉਨ੍ਹਾਂ ਵਲੋਂ ਭਾਰੀ ਵਿਰੋਧ ਕਰਦਿਆਂ ਚਲਿਆਂ ਆਉਣ ਤੇ ਵੀ ਸਿੱਖੀ ਵਿੱਚ ਸੰਨ੍ਹ ਲਾਣ ਵਿੱਚ ਸਰਗਰਮ ਡੇਰੇਦਾਰ ਅਤੇ ਜੱਥੇਬੰਦੀਆਂ, ਬਹੁਤ ਹੀ ਘੱਟ ਖਰਚ ਨਾਲ ਆਪਣੇ ਉਦੇਸ਼ ਵਿੱਚ ਸਫਲ ਹੁੰਦੀਆਂ ਚਲੀਆਂ ਜਾ ਰਹੀਆਂ ਹਨ। ਸੱਚਾਈ ਤਾਂ ਇਹ ਹੈ ਕਿ ਸਿੱੱੱਖ ਸੰਸਥਾਵਾਂ ਇਹੀ ਮੰਨ ਕੇ ਚਲ ਰਹੀਆਂ ਹਨ, ਕਿ ਕੇਵਲ ਕੀਰਤਨ ਦਰਬਾਰ, ਕੱਥਾ ਤੇ ਲੈਕਚਰ ਕਰਵਾ ਧਰਮ ਪ੍ਰਚਾਰ ਕਰਨ ਪ੍ਰਤੀ ਉਹ ਆਪਣਾ ਫਰਜ਼ ਪੂਰਾ ਕਰ ਰਹੀਆਂ ਹਨ। ਜਦਕਿ ਇਹ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਅੱਜ, ਜਦਕਿ ਸੰਸਾਰ ਅਜਿਹੇ ਵਿਗਿਆਨਕ ਯੁਗ ਵਿਚੋਂ ਗੁਜ਼ਰ ਰਿਹਾ ਹੈ, ਜਿਸ ਵਿੱਚ ਜੇ ਛੋਟੇ-ਜਿਹੇ ਬੱਚੇ ਨੂੰ ਵੀ ਕਿਹਾ ਜਾਏ ਕਿ ਉਹ ਇਹ ਨਾ ਕਰੇ, ਉਹ ਕਰੇ ਤਾਂ ਉਹ ਵੀ ਜਾਣਨਾ ਚਾਹੁੰਦਾ ਹੈ ਕਿ ਉਹ ਅਜਿਹਾ ਕਿਉਂ ਕਰੇ? ਜਦੋਂ ਤਕ ਉਸਨੂੰ ਆਪਣੇ ਸਵਾਲ ਦਾ ਤਸਲੀ-ਬਖਸ਼ ਜਵਾਬ ਨਹੀਂ ਮਿਲ ਪਾਂਦਾ ਉਹ ਮਾਤਾ-ਪਿਤਾ ਤਕ ਦੀ ਵੀ ਕਿਸੇ ਗਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ।
ਇੱਕ ਸਵਾਲ : ਇਸ ਸੰਬੰਧ ਵਿੱਚ ਇੱਤੇ ਇੱਕ-ਅਧ ਅਜਿਹੇ ਸਵਾਲ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜਿਸਦਾ ਸਾਹਮਣਾ ਇਸ ਲੇਖਕ ਨੂੰ ਇਨ੍ਹਾਂ ਹੀ ਦਿਨਾਂ ਵਿੱਚ ਕਰਨਾ ਪਿਆ। ਮਿਤਰ-ਮੰਡਲੀ ਦੀ ਇੱਕ ਬੈਠਕ ਵਿੱਚ ਚਲ ਰਹੀ ਗਲਬਾਤ ਦੌਰਾਨ, ਇਕ ਮਿਤੱਰ ਨੇ ਅਚਾਨਕ ਹੀ ਸੁਆਲ ਕਰ ਦਿੱਤਾ ਕਿ ਬਾਰ-ਬਾਰ ਸੋਚਣ ਅਤੇ ਵਿਦਵਾਨਾਂ ਨਾਲ ਚਰਚਾ ਕਰਨ ਦੇ ਬਾਵਜੂਦ ਉਸਨੂੰ ਸਮਝ ਨਹੀਂ ਆ ਰਹੀ ਕਿ ਸਿੱਖ ਇਤਿਹਾਸ ਵਿਚ ਇਕ ਪਾਸੇ ਤਾਂ ਇਹ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਏ ਜਾਣ ਦਾ ਵਿਰੋਧ ਕੀਤਾ ਤੇ ਉਸਨੂੰ ਪਾਣ ਤੋਂ ਇਨਕਾਰ ਕਰ ਦਿਤਾ, ਕਿਉਂਕਿ ਉਹ ਬਾਹਰੀ ਧਾਰਮਕ ਵਿਖਾਵੇ ਦੇ ਵਿਰੁਧ ਸਨ। ਦੂਜੇ ਪਾਸੇ ਇਤਿਹਾਸ ਵਿਚ ਇਹ ਵੀ ਆਉਂਦਾ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਤਿਲਕ-ਜੰਞੂ ਦੀ ਰਖਿਆ ਲਈ ਆਪਣੀ ਸ਼ਹਾਦਤ ਦੇ ਦਿਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਂ ਨੂੰ ਪੰਜ ਕਕਾਰਾਂ ਦਾ ਧਾਰਨੀ ਬਣਾਇਆ, ਜੋ ਕਿ ਅੰਮ੍ਰਿਤਧਾਰੀ ਸਿੱਖ ਦੀ ਪਛਾਣ ਦੇ ਬਾਹਰੀ ਚਿੰਨ੍ਹ ਹਨ। ਇਹ ਗਲਾਂ ਦੇਖਣ ਨੂੰ ਤਾਂ ਆਪਾ-ਵਿਰੋਧੀ ਜਾਪਦੀਆਂ ਹਨ ਪਰ ਦਿਲ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਸੰਸਾਰ ਨੂੰ ਸੱਚ ਦਾ ਮਾਰਗ ਵਿਖਾਇਆ, ਉਨ੍ਹਾਂ ਵਲੋਂ ਕੋਈ ਆਪਾ-ਵਿਰੋਧੀ ਗਲ ਕੀਤੀ ਜਾ ਸਕਦੀ ਹੈ? ਇਨਾਂ੍ਹ ਗਲਾਂ ਵਿਚ ਕੋਈ ਡੂੰਘੀ ਤਾਲਮੇਲ-ਪੂਰਣ ਭਾਵਨਾ ਜ਼ਰੂਰ ਹੈ, ਜੋ ਸਾਡੀ ਸਾਧਾਰਣ ਬੁਧੀ ਦੀ ਸਮਝ ਵਿਚ ਨਹੀਂ ਆ ਰਹੀ?
ਅਤੇ ਅੰਤ ਵਿੱਚ : ਹਾਲਾਂਕਿ ਇਹ ਸੁਆਲ ਇਕ ਹੀ ਹੈ, ਪ੍ਰੰਤੂ ਇਸਤੋਂ ਇਹ ਸੰਕੇਤ ਜ਼ਰੂਰ ਮਿਲਦਾ ਹੈ ਕਿ ਹੋਰ ਵੀ ਅਜਿਹੇ ਕਈ ਸੁਆਲ ਹੋਣਗੇ, ਜੋ ਆਮ ਸਿੱਖਾਂ ਦੇ ਦਿਲ ਵਿਚ ਸਮੇਂ-ਸਮੇਂ ਉਠਦੇ ਰਹਿੰਦੇ ਹਨ, ਅਤੇ ਸ਼ਾਇਦ ਹੀ ਉਨ੍ਹਾਂ ਨੂੰ ਆਪਣੇ ਸਵਾਲਾਂ ਦਾ ਕਦੀ ਤਸਲੀਬਖਸ਼ ਉਤਰ ਮਿਲ ਪਾਂਦਾ ਹੋਵੇ! ਸਿੱਖੀ ਦੇ ਪ੍ਰਚਾਰਕਾਂ ਅਤੇ ਧਾਰਮਕ ਸਮਾਗਮਾਂ ਵਿੱਚ ਲੰਮੇਂ-ਲੰਮੇਂ ਭਾਸ਼ਣ-ਕਰਨ ਵਾਲਿਆਂ ਨੇ ਨਿਤ ਨਵੇਂ ਵਿਵਾਦ ਪੈਦਾ ਕਰਨ ਦੀ ਬਜਾਏ ਸ਼ਾਇਦ ਹੀ ਕਦੀ ਅਜਿਹੇ ਪ੍ਰਸ਼ਨਾਂ ਦੇ ਉੱਤਰ ਤਲਾਸ਼ਣ ਦੀ ਜ਼ਹਿਮਤ ਕੀਤੀ ਹੋਵੇਗੀ? ਇਨ੍ਹਾਂ ਹਾਲਾਤ ਵਿੱਚ ਆਮ ਸਿੱਖਾਂ ਨੂੰ ਜੇ ਵਹਿਮਾਂ-ਭਰਮਾਂ ਵਿੱਚ ਪਾਣ ਵਾਲੇ ਸਵਾਲਾਂ ਦੇ ਜਵਾਬ ਨਹੀਂ ਮਿਲ ਪਾਣਗੇ ਤਾਂ ਕੀ ਉਹ ਭਟਕ, ਉਨ੍ਹਾਂ ਡੇਰੇਦਾਰਾਂ ਅਤੇ ਸੰਸਥਾਵਾਂ ਵਲ ਝੁਕਾਅ ਕਰਨ ਤੇ ਮਜਬੁਰ ਨਹੀਂ ਹੋ ਜਾਣਗੇ ਜੋ ਮਨਘੜਤ ਕਹਾਣੀਆਂ ਘੜ ਤੇ ਸੁਣਾ ਉਨ੍ਹਾਂ ਨੂੰ ਸੰਤੁਸ਼ਟ ਕਰ ਦੇਣ ਦਾ ਦਾਅਵਾ ਕਰਦੇ ਹਨ? 

——————————00000—————————

LEAVE A REPLY

Please enter your comment!
Please enter your name here