ਰਿਸ਼ਤੇ ਕੁਝ ਤਾਂ ਸਾਨੂੰ ਕੁਦਰਤ ਵੱਲੋਂ ਜਨਮ ਲੈਂਦਿਆ ਹੀ ਮਿਲ ਜਾਂਦੇ ਹਨ ਜਿਵੇਂ ਮਾਂ ਬਾਪ,ਭੈਣ ਭਰਾ, ਤਾਏ ਚਾਚੇ,ਮਾਮੇ, ਭੂਆ,ਮਾਸੀ ਤੇ ਤਾਈ ਚਾਚੀ,ਹੋਰ ਵੀ ਰਿਸ਼ਤੇ ਹਨ ਜੋ ਬਣਾਏ ਨਹੀਂ ਜਾਂਦੇ,ਬਣੇ ਬਣਾਏ ਮਿਲਦੇ ਹਨ।ਕੁਝ ਰਿਸ਼ਤੇ ਅਸੀਂ ਬਣਾਉਂਦੇ ਹਾਂ ਜਾਂ ਪਰਿਵਾਰ ਵੱਲੋ ਬਣਾਏ ਜਾਂਦੇ ਹਨ।ਇੰਨਾ ਰਿਸ਼ਤਿਆਂ ਵਿੱਚ ਪਤਨੀ ਦਾ ਜਾਂ ਪਤੀ ਦਾ ਰਿਸ਼ਤਾ ਹੁੰਦਾ ਹੈ ਤੇ ਅਗਾਂਹ ਇਸ ਨਾਲ ਜੁੜੇ ਹੋਰ ਰਿਸ਼ਤੇ ਬਣਦੇ ਹਨ।ਇੱਕ ਰਿਸ਼ਤਾ ਦੋਸਤੀ ਦਾ ਰਿਸ਼ਤਾ ਹੈ ਏਹ ਉਹ ਰਿਸ਼ਤਾ ਹੈ ਜਿਸ ਨੂੰ ਹਰ ਕੋਈ ਖੁਦ ਬਣਾਉਂਦਾ ਹੈ।ਏਹ ਉਹ ਰਿਸ਼ਤਾ ਹੈ ਜਿਸ ਨਾਲ ਅਸੀਂ ਦਿਲ ਦੀ ਹਰ ਗੱਲ ਸਾਂਝੀ ਕਰ ਸਕਦੇ ਹਾਂ।ਉਹ ਗੱਲਾਂ ਵੀ ਸਾਂਝੀਆਂ ਕਰਦੇ ਹਾਂ ਜੋ ਅਸੀਂ ਹੋਰ ਕਿਸੇ ਵੀ ਰਿਸ਼ਤੇ ਵਿੱਚ ਸਾਂਝੇ ਨਹੀਂ ਕਰ ਸਕਦੇ ਹਾਂ।ਰਿਸ਼ਤਿਆਂ ਨੂੰ ਕੱਚੇ ਕੋਠਿਆਂ ਵਾਂਗ ਸਮੇਂ ਸਮੇਂ ਤੇ ਲਿਪਣਾ ਪੋਚਣਾ ਪੈਂਦਾ ਹੈ।ਰਿਸ਼ਤਿਆਂ ਵਿੱਚ ਵਿਸ਼ਵਾਸ ਦਾ ਹੋਣਾ ਬੇਹੱਦ ਜ਼ਰੂਰੀ ਹੈ।ਅਮੀਰੀ ਤੇ ਵੱਧ ਧੰਨ ਨਾਲ ਰਿਸ਼ਤਿਆਂ ਨੂੰ ਜਿਵੇਂ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਈ ਵਾਰ ਏਹ ਰਿਸ਼ਤੇ ਧੰਨ ਦੀ ਵਜ੍ਹਾ ਕਰਕੇ ਹੀ ਟੁੱਟ ਜਾਂਦੇ ਹਨ।ਰਿਸ਼ਤਿਆਂ ਵਿੱਚ ਸ਼ੱਕ ਦੀ ਸਿਉਂਕ ਨਾ ਲੱਗਣ ਦਿਉ।ਵਾਧੂ ਅਮੀਰੀ ਦੇ ਭਰਮ ਨਾ ਪਾਲੋ,ਆਮ ਕਰਕੇ ਅਮੀਰੀ ਦਾ ਭਰਮ ਇਨਸਾਨੀਅਤ ਤੋਂ ਦੂਰ ਲੈ ਜਾਂਦਾ ਹੈ ਕਿਉਂਕਿ ਇਸ ਨਾਲ ਤੁਸੀਂ ਦੂਸਰਿਆਂ ਦੀਆਂ ਮਜ਼ਬੂਰੀਆਂ ਦਾ ਫਾਇਦਾ ਵੀ ਚੁੱਕਣ ਲੱਗ ਜਾਂਦੇ ਹੋ।ਆਇਨ ਰੈਡ ਮੁਤਾਬਿਕ,”ਉਸ ਇਨਸਾਨ ਤੋਂ ਜ਼ਿਆਦਾ ਭੈੜਾ ਕੋਈ ਨਹੀਂ ਹੁੰਦਾ ਜਿਹੜਾ ਦੂਜਿਆਂ ਦੀ ਕਮਜ਼ੋਰੀ ਨੂੰ ਆਪਣੇ ਹਥਿਆਰ ਵਜੋਂ ਵਰਤੇ।”ਸ਼ੱਕ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ ਤੇ ਬੀਮਾਰ ਹੁੰਦਾ ਹੈ।ਉਹ ਆਪਣੀ ਕਮਜ਼ੋਰੀ ਨੂੰ ਛਪਾਉਣ ਲਈ ਕਈ ਤਰ੍ਹਾਂ ਦੇ ਹੀਲੇ ਵਸੀਲੇ ਵਰਤਦਾ ਹੈ।ਘਰ ਵਿੱਚ ਜਾਂ ਦਫਤਰ ਜਾਂ ਕਿਧਰੇ ਵੀ ਉਸਨੂੰ ਇੰਜ ਲੱਗਦਾ ਹੈ ਕਿ ਹਰ ਕੋਈ ਮੇਰੇ ਬਾਰੇ ਗੱਲ ਕਰ ਰਿਹਾ ਹੈ ਜਾਂ ਜਿਥੇ ਵੀ ਦੋ ਜਣੇ ਖੜੇ ਹਨ ਉਹਨਾਂ ਦਾ ਆਪਸੀ ਰਿਸ਼ਤਾ ਗਲਤ ਹੈ।ਲੜਕਾ ਲੜਕੀ ਤੁਰੇ ਜਾਂਦੇ ਹੋਣ ਤਾਂ ਉਨਾਂ ਨੇ ਭੈੜੀ ਸੋਚ ਹੀ ਸੋਚਣੀ ਹੈ।ਉਹ ਕਿਉਂ ਜਾ ਰਹੇ ਨੇ?ਕਿਥੇ ਜਾ ਰਹੇ ਨੇ?ਕੀ ਆਪਸੀ ਰਿਸ਼ਤਾ ਹੈ,ਏਹ ਤਾਂ ਉਹ ਦੋਨੋ ਜਾਣਦੇ ਹਨ ਪਰ ਸ਼ੱਕੀ ਸੁਭਾਅ ਦਾ ਬੰਦਾ ਆਪਣੇ ਸ਼ੱਕ ਤੇ ਸੋਚ ਮੁਤਾਬਿਕ ਕਹਾਣੀ ਬਣਾ ਲੈਂਦਾ ਹੈ ਤੇ ਲੋਕਾਂ ਵਿੱਚ ਫੈਲਾ ਦਿੰਦਾ ਹੈ ਇਸ ਨਾਲ ਬਹੁਤ ਸਾਰੇ ਲੋਕਾਂ ਦੇ ਰਿਸ਼ਤੇ ਖਰਾਬ ਹੋ ਜਾਂਦੇ ਹਨ ਤੇ ਲੜਾਈ ਝਗੜਾ ਹੋ ਜਾਂਦਾ ਹੈ।ਆਪਸੀ ਬੋਲਚਾਲ ਬੰਦ ਹੋ ਜਾਂਦਾ ਹੈ।ਪਰਿਵਾਰਾਂ ਵਿੱਚ ਵੀ ਇੱਕ ਸ਼ੱਕ ਸੁਭਾਅ ਦਾ ਮੈਂਬਰ ਘਰ ਦਾ ਮਾਹੌਲ ਖਰਾਬ ਕਰ ਦਿੰਦਾ ਹੈ।ਕਈ ਵਾਰ ਘਰ ਵਿੱਚ ਕੋਈ ਗੱਲ ਕਰ ਰਿਹਾ ਹੁੰਦਾ ਹੈ,ਸ਼ੱਕੀ ਬੰਦਾ ਗੱਲ ਸੁਣਨ ਦੀ ਕੋਸ਼ਿਸ਼ ਕਰੇਗਾ, ਅੱਧ ਅਧੂਰੀ ਗੱਲ ਉਸਨੂੰ ਸੁਣਦੀ ਹੈ ਬਾਕੀ ਆਪਣੀ ਸੋਚ ਤੇ ਸ਼ੱਕ ਦੇ ਆਧਾਰ ਤੇ ਕੁਝ ਦਾ ਕੁਝ ਬਣਾਕੇ ਅੱਗੇ ਦੱਸ ਦਿੰਦੇ ਹਨ ਤੇ ਘਰ ਵਿੱਚ ਮਹਾਂ ਭਾਰਤ ਸ਼ੁਰੂ ਹੋ ਜਾਂਦੀ ਹੈ।ਕਈ ਵਾਰ ਕੁੜੀਆਂ ਇਵੇਂ ਦੀਆਂ ਗੱਲਾਂ ਆਪਣੇ ਮਾਪਿਆਂ ਨੂੰ ਵੀ ਦੱਸਦੀਆਂ ਹਨ।ਆਮ ਕਰਕੇ ਮਾਵਾਂ ਹੀ ਅਜਿਹੀਆਂ ਗੱਲਾਂ ਸੁਣਦੀਆਂ ਹਨ ਤੇ ਸੁਹਰੇ ਪਰਿਵਾਰ ਨਾਲ ਝਗੜਾ ਕਰਨ ਤੁਰ ਪੈਂਦੇ ਹਨ। ਇੰਜ ਕਈ ਵਾਰ ਅਜਿਹੀ ਖਟਾਸ ਪੈਂਦੀ ਹੈ ਕਿ ਨੌਬਤ ਅਲੱਗ ਹੋਣ ਤੱਕ ਚਲੀ ਜਾਂਦੀ ਹੈ।ਦੁੱਧ ਵਿੱਚ ਖੱਟਾ ਪਦਾਰਥ ਪੈਣ ਦੀ ਦੇਰ ਹੈ ਦੁਧ ਵਿੱਚ ਪਾਣੀ ਅਲਗ ਹੋ ਜਾਂਦਾ ਹੈ ਤੇ ਪਨੀਰੀ ਇੱਕ ਪਾਸੇ ਹੋ ਜਾਂਦਾ ਹੈ।ਸ਼ੱਕੀ ਆਦਮੀ ਉਸ ਸੱਭ ਨੂੰ ਠੀਕ ਸਮਝਦਾ ਹੈ ਜੋ ਉਸਨੇ ਅੱਧ ਅਧੂਰਾ ਸੁਣਿਆ ਤੇ ਵੇਖਿਆ ਹੁੰਦਾ ਹੈ।ਉਹ ਉਸ ਦੇ ਆਧਾਰ ਤੇ ਉੱਚੀ ਉੱਚੀ ਬੋਲਦਾ ਹੈ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ।ਉਸ ਵਿੱਚ ਸੁਣਨ ਤੇ ਸਹਿਣ ਦੀ ਸ਼ਕਤੀ ਤੇ ਆਦਤ ਨਹੀਂ ਹੁੰਦੀ।ਜੋਹਾਨਨ ਕਾਸਪਰ ਲਾਵੇਟਰ ਅਨੁਸਾਰ,”ਜੋ ਧਿਆਨ ਲਾਕੇ ਸੁਣਦਾ ਹੈ,ਧੀਰਜ ਨਾਲ ਬੋਲਦਾ ਹੈ,ਠੰਡੇ ਦਿਮਾਗ਼ ਨਾਲ ਜਵਾਬ ਦਿੰਦਾ ਹੈ ਅਤੇ ਜਦੋਂ ਕਹਿਣ ਲਈ ਕੁਝ ਨਾ ਹੋਵੇ ਉਦੋਂ ਚੁੱਪ ਕਰ ਜਾਂਦਾ ਹੈ,ਉਹ ਆਦਮੀ ਹੋਣ ਦੀਆਂ ਸੱਭ ਸ਼ਰਤਾਂ ਪੂਰੀਆਂ ਕਰਦਾ ਹੈ।”ਰਿਸ਼ਤਿਆਂ ਦੀ ਮਹੱਤਤਾ ਸਿਰਫ਼ ਮਨੁੱਖਾਂ ਵਿੱਚ ਹੀ ਹੈ।ਜਦੋਂ ਵੀ ਸ਼ੱਕ ਕਰਨ ਦੀ ਆਦਤ ਦਾ ਪਤਾ ਚੱਲ ਜਾਵੇ, ਉਸਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ।ਸ਼ੱਕ ਹਰ ਰਿਸ਼ਤੇ ਵਾਸਤੇ ਘਾਤਕ ਸਿੱਧ ਹੁੰਦਾ ਹੈ।ਸ਼ੱਕੀ ਬੰਦਾ ਈਰਖਾ ਕਰਨ ਵਾਲਾ ਹੋਏਗਾ, ਕਿਸੇ ਦੀ ਵੀ ਤਰੱਕੀ ਤੇ ਕਿਸੇ ਵਲੋਂ ਦੂਸਰੇ ਦੀ ਕੀਤੀ ਸਿਫ਼ਤ ਨੂੰ ਹਜ਼ਮ ਨਹੀਂ ਕਰ ਸਕਦਾ ਤੇ ਅਜਿਹੀ ਕਹਾਣੀ ਬਣਾਏਗਾ ਕਿ ਘਰ ਵਿੱਚ ਲੜਾਈ ਦਾ ਮਾਹੌਲ ਬਣਾ ਦੇਵੇਗਾ ਤੇ ਦੂਸਰੇ ਦੀ ਖੁਸ਼ੀ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ।ਹਾਂ, ਇੱਕ ਅਰਸੇ ਬਾਦ ਅਜਿਹਾ ਬੰਦਾ ਬਿਲਕੁੱਲ ਇਕੱਲਾ ਰਹਿ ਜਾਂਦਾ ਹੈ ਕਿਉਂਕਿ ਹੌਲੀ ਹੌਲੀ ਕੁਝ ਲੋਕ ਉਸਦੀ ਪਰਵਾਹ ਕਰਨੀ ਬੰਦ ਕਰ ਦਿੰਦੇ ਹਨ।ਸ਼ੱਕ,ਕੈਂਸਰ ਤੇ ਸਿਉਂਕ ਦੀ ਤਰ੍ਹਾਂ ਰਿਸ਼ਤਿਆਂ ਨੂੰ ਅੰਦਰੋ ਅੰਦਰੀ ਖਾ ਜਾਂਦਾ ਹੈ।ਰਿਸ਼ਤਿਆਂ ਵਿੱਚ ਸ਼ੱਕ ਨੂੰ ਦੂਰ ਰੱਖੋ।ਸ਼ੱਕ ਕਰਨ ਦੀ ਆਦਤ ਰਿਸ਼ਤਿਆਂ ਨੂੰ ਤੋੜ ਦਿੰਦੀ ਹੈ
#22/2ਸਕਾਈਲਾਰਕ ਇਨਕਲੇਵ, ਸੈਕਟਰ 115,ਗਰੇਟਰ ਮੁਹਾਲੀ, ਪੰਜਾਬ।

LEAVE A REPLY

Please enter your comment!
Please enter your name here