ਨਵੀਂ ਦਿੱਲੀ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਕਰੰਸੀ ਨੀਤੀ ਸਮੀਖਿਆ ਜਾਰੀ ਕਰਦੇ ਹੋਏ ਰੈਪੋ ਰੇਟ ਨੂੰ ਪਹਿਲਾਂ ਦੀ ਤਰ੍ਹਾਂ 6 ਫੀਸਦੀ ‘ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਮਹਿੰਗਾਈ ਵਧਣ ਦੇ ਖਦਸ਼ੇ ਕਾਰਨ ਪਾਲਿਸੀ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਰਿਵਰਸ ਰੈਪੋ ਵੀ ਪਹਿਲੇ ਦੀ ਤਰ੍ਹਾਂ 5.75 ਫੀਸਦੀ ‘ਤੇ ਬਣੀ ਰਹੇਗੀ। ਪਾਲਿਸੀ ਰੇਟ ‘ਚ ਕੋਈ ਕਟੌਤੀ ਨਾ ਹੋਣ ਕਾਰਨ ਤੁਹਾਡੀ ਕਿਸ਼ਤ ‘ਚ ਕੋਈ ਕਟੌਤੀ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਬੈਂਕ ਦੇ ਗਾਹਕਾਂ ਨੂੰ ਸਸਤੇ ਕਰਜ਼ੇ ਲਈ ਫਰਵਰੀ ਤਕ ਹੋਰ ਉਡੀਕ ਕਰਨੀ ਹੋਵੇਗੀ। ਇਹ ਦੂਜੀ ਵਾਰ ਹੈ ਜਦੋਂ ਰਿਜ਼ਰਵ ਬੈਂਕ ਨੇ ਪਾਲਿਸੀ ਰੇਟ ‘ਚ ਕੋਈ ਕਟੌਤੀ ਨਹੀਂ ਕੀਤੀ ਹੈ। 
ਕੀ ਹੁੰਦੀ ਹੈ ਰੈਪੋ ਰੇਟ
ਰੈਪੋ ਰੇਟ ਉਹ ਵਿਆਜ ਦਰ ਹੈ, ਜਿਸ ‘ਤੇ ਕੇਂਦਰੀ ਬੈਂਕ ਯਾਨੀ ਰਿਜ਼ਰਵ ਬੈਂਕ ਹੋਰਾਂ ਬੈਂਕਾਂ ਨੂੰ ਜ਼ਰੂਰਤ ਲਈ ਉਧਾਰ ਦਿੰਦਾ ਹੈ। ਇਸ ‘ਚ ਕਟੌਤੀ ਕੀਤੇ ਜਾਣ ਨਾਲ ਬੈਂਕਾਂ ਦੀ ਲਾਗਤ ਘੱਟ ਹੁੰਦੀ ਹੈ ਅਤੇ ਰਿਹਾਇਸ਼ੀ, ਵਾਹਨਾਂ ਅਤੇ ਕਾਰੋਬਾਰ ਚਲਾਉਣ ਲਈ ਦਿੱਤਾ ਗਿਆ ਕਰਜ਼ਾ ਸਸਤਾ ਹੁੰਦਾ ਹੈ। ਦੂਜੇ ਸ਼ਬਦਾਂ ‘ਚ ਰੋਜ਼ਾਨਾ ਕੰਮਕਾਜ ਲਈ ਬੈਂਕਾਂ ਨੂੰ ਵੀ ਵੱਡੀ ਰਕਮ ਦੀ ਜ਼ਰੂਰਤ ਪੈਂਦੀ ਹੈ ਅਤੇ ਅਜਿਹੀ ਸਥਿਤੀ ‘ਚ ਉਨ੍ਹਾਂ ਲਈ ਦੇਸ਼ ਦੇ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ ਸਭ ਤੋਂ ਆਸਾਨ ਬਦਲ ਹੁੰਦਾ ਹੈ। ਇਸ ਤਰ੍ਹਾਂ ਇਕ ਦਿਨ ਦੇ ਕਰਜ਼ੇ ‘ਤੇ ਰਿਜ਼ਰਵ ਬੈਂਕ ਜਿਸ ਦਰ ਨਾਲ ਉਨ੍ਹਾਂ ਕੋਲੋਂ ਵਿਆਜ ਵਸੂਲਦਾ ਹੈ, ਉਸ ਨੂੰ ਰੈਪੋ ਰੇਟ ਕਹਿੰਦੇ ਹਨ। ਰੈਪੋ ਰੇਟ ‘ਚ ਕਟੌਤੀ ਕੀਤੇ ਜਾਣ ਨਾਲ ਬੈਂਕਾਂ ਵੱਲੋਂ ਕਰਜ਼ਾ ਵਿਆਜ ਦਰਾਂ ‘ਚ ਕਟੌਤੀ ਕਰਨੀ ਆਸਾਨ ਹੋ ਜਾਂਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 2 ਅਗਸਤ ਨੂੰ ਰੈਪੋ ਦਰ ‘ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ, ਜਿਸ ਨਾਲ ਰੈਪੋ ਰੇਟ 6.25 ਫੀਸਦੀ ਤੋਂ ਘੱਟ ਕੇ 6 ਫੀਸਦੀ ਹੋ ਗਿਆ ਸੀ। ਇਸੇ ਤਰ੍ਹਾਂ ਰਿਵਰਸ ਰੈਪੋ ਰੇਟ 6 ਫੀਸਦੀ ਤੋਂ ਘਟਾ ਕੇ 5.75 ਫੀਸਦੀ ਕੀਤਾ ਗਿਆ ਸੀ।

LEAVE A REPLY

Please enter your comment!
Please enter your name here