ਰਤਨ ਕੌਰ ਦੇ ਤਿੰਨ ਪੁੱਤਰ ਸਨ,  ਤਿੰਨਾਂ ਦੀਆਂ ਵੱਡੀਆਂ- ਵੱਡੀਆਂ ਕੋਠੀਆਂ ।ਤਿੰਨਾਂ ਦੇ ਵੱਖੋ -ਵੱਖਰੇ ਬਹੁਤ ਵੱਡੇ -ਵੱਡੇ  ਬਿਜ਼ਨੈਸ  ਸਨ। ਇਹ ਸਭ ਮਾਂ- ਬਾਪ ਦੀ  ਦੇਣ ਸੀ ਕਿ ਉਹ ਅੱਜ ਇਸ ਮੁਕਾਮ ਤੱਕ  ਪੁੱਜੇ ਸਨ । ਰਤਨ ਕੌਰ ਦੀ ਇਕ ਧੀ ਵੀ ਸੀ,  ਉਹ ਵੀ ਬਹੁਤ ਤਕੜੇ ਘਰ ਦੇ ਵਿਆਹੀ ਹੋਈ ਸੀ । ਮਾਪਿਆਂ ਦਾ ਇੱਕ  ਪੁੱਤਰ ਸੀ ਤੇ ਇੱਕ ਧੀ ਸੀ ਉਹ ਵੀ ਆਪਣੇ ਸਹੁਰੇ  ਘਰ ਰਹਿੰਦੀ ਸੀ।
ਰਤਨ ਕੌਰ ਨੂੰ ਤਿੰਨਾਂ ਭਰਾਵਾਂ ਨੇ ਵੰਡਿਆ ਹੋਇਆ ਸੀ , ਕਿਉਂਕਿ ਸਾਰੇ ਆਪੋ ਆਪਣੀਆਂ ਪਤਨੀਆਂ ਨਾਲ ਕੰਮੀ ਧੰਦੀ ਚਲੇ ਜਾਂਦੇ ਸਨ, ਤੇ ਪੋਤੇ-ਪੋਤੀਆਂ ਸਕੂਲ ਚਲੇ ਜਾਂਦੇ ਸਨ।ਰਤਨ ਕੌਰ  ਸਾਰਾ ਦਿਨ ਘਰ ਰਹਿੰਦੀ ਸੀ , ਤਿੰਨਾਂ ਘਰਾਂ ਦੀ ਰਾਖੀ ਕਰਦੀ ਸੀ । ਕਦੇ ਵੱਡੇ ਪੁੱਤ, ਕਦੇ ਗਬਲੇ ਤੇ ਕਦੇ ਛੋਟੇ ਦੇ ਘਰ ਜਾਂਦੀ ਸੀ । ਮੁਫਤ ਦੀ ਨੌਕਰਾਣੀ ਜਾਂ ਫਿਰ ਚੌਂਕੀਦਾਰਨੀ ਮਿਲੀ ਸੀ । ਰੋਟੀ ਦੇਣੀ ਭਾਰੀ ਹੋਈ ਸੀ ਤਿੰਨਾਂ ਨੂੰ,  ਸਵੇਰ ਦੀ ਰੋਟੀ ਵੱਡੇ ਦੇ ਘਰ ਦੁਪਹਿਰ ਦੀ ਗਬਲੇ ਦੇ ਤੇ ਰਾਤ ਦੀ ਛੋਟੇ ਦੇ ਘਰ ਬੰਦਿਸ਼ ਬਣ ਗਈ ਸੀ ਜਿਵੇਂ ।
ਰਤਨ ਕੌਰ ਵੱਡੇ ਪੁੱਤਰ ਦੇ ਘਰ ਦੀ ਰਾਖੀ ਕਰ ਰਹੀ ਸੀ,  ਸਿਆਣਾ ਸਰੀਰ ਪਤਾ ਨਹੀਂ ਕਦ ਅੱਖ ਲੱਗ ਗਈ ਵਿਚਾਰੀ ਦੀ , ਖੜਕਾ ਸੁਣ ਕੇ ਅੱਖ ਖੁੱਲ੍ਹੀ ਤੇ ਰੌਲੀ ਪਾਈ, ਜਿੰਨਾ ਸਮਾਨ ਇੱਕਠਾ ਹੋਇਆ ਲੈ ਕੇ ਚੋਰ ਦੌੜ ਗਏ ਜਾਂਦੇ -ਜਾਂਦੇ ਇੱਕ ਨੇ ਸਿਰ ਵਿੱਚ ਕੁੱਝ ਮਾਰਿਆ ਤੇ ਰਤਨ ਕੌਰ ਬੇਹੋਸ਼ ਹੋ ਗਈ ।ਜਦੋਂ ਪੁੱਤ ਘਰ ਆਇਆ ਸਮਾਨ ਉੱਥਲ-ਪੁੱਥਲ ਦੇਖਿਆ ਤੇ ਪੁਲਿਸ ਨੂੰ ਫੋਨ ਕੀਤਾ ।ਰਤਨ ਕੌਰ ਖੂਨੋ ਖੂਨ ਬੇਹੋਸ਼ ਪਈ ਸੀ , ਸਾਰਾ ਆਂਢ ਗੁਆਂਢ ਇੱਕਠਾ ਹੋ ਗਿਆ। ਰਤਨ ਕੌਰ ਦੀ ਧੀ ਵੀ ਪਹੁੰਚ ਗਈ, ਜਦੋਂ ਉਸ ਨੇ ਮਾਂ ਨੂੰ ਦੇਖਿਆ ਤੇ ਧੀ ਦੇ ਹੌਲ ਪਇਆ ਉਸਨੇ ਮਾਂ ਹਲਾਇਆ ਹੋਸ਼ ਵਿੱਚ ਲਿਆਂਦਾ ਤੇ ਪਾਣੀ ਪੁਛਿਆ ।ਮਾਂ ਨੂੰ ਉੱਠਿਆ ਦੇਖ ਸਾਰਾ ਟੱਬਰ ਟੁੱਟ -ਟੁੱਟ ਪੈਣ ਲੱਗ ਗਿਆ, “ਤੈਨੂੰ ਇਸ ਕਰਕੇ ਘਰ ਛੱਡ ਕੇ ਜਾਂਦੇ ਸਾਂ ? ਸਾਰਾ ਦਿਨ ਮੁਫਤ ਦੀਆਂ ਰੋਟੀਆਂ ਤੋੜਨ ਜੋਗੀ ਆ ਤੂੰ ਬਸ ।” ਪਤਾ ਨਹੀਂ ਕੀ-ਕੀ ਬੋਲੀ ਜਾ ਰਹੇ ਸੀ। ਰਤਨ ਕੌਰ ਬਿਨਾਂ ਕੁੱਝ ਬੋਲੇ ਸੁਣ ਰਹੀ ਸੀ , ਉਸਦੀਆਂ ਅੱਖਾਂ ਵਿੱਚੋਂ ਹੰਝੂ ਤ੍ਰਿਪ-ਤ੍ਰਿਪ ਡਿੱਗ ਰਹੇ ਸਨ । ਰਤਨ ਕੌਰ ਦੀ ਧੀ ਨੇ ਮਾਂ ਨੂੰ ਗਲ ਨਾਲ ਲਾਇਆ ਤੇ ਚੁੱਪ ਕਰਾਉਂਦੇ ਹੋਏ ਕਿਹਾ , “ਚਲ ਮਾਂ , ਮੇਰੇ ਘਰ ਚਲ । ਜਿਥੇ ਤੇਰੀ ਕੋਈ ਕਦਰ ਨਹੀਂ ਉਥੇ ਰਹਿਣ  ਦਾ ਕੀ ਫਾਇਦਾ ।” ਜਵਾਈ ਨੇ ਵੀ ਹਾਮੀ ਭਰੀ ਚਲੋ ਮਾਂ ਜੀ ਮੇਰੇ ਘਰ ਚਲਦੇ ਹਾਂ । ਪੁੱਤ ਵੀ ਕਹਿਣ ਲੱਗ ਗਏ ਜਾ ਮਾਤਾ ਤੁਰਦੀ ਹੋ ਸਾਨੂੰ ਜੀਅ ਲੈਣ ਦੇ ਚਾਰ ਦਿਨ ਸੁੱਖ ਦੇ , ਸਾਨੂੰ ਵੀ ਤੇਰੇ ਲੰਗਰ ਪਾਣੀ ਦੀ ਫਿਕਰ ਰਹਿੰਦੀ ਆ।
ਰਤਨ ਕੌਰ ਨੇ ਹੰਝੂ ਪੂੰਝੇ , ਕੱਪੜੇ ਚੁੱਕੇ ਤੇ ਧੀ ਦੇ ਨਾਲ ਤੁਰ ਪਈ, ਕਿਸੇ ਵੀ ਪੁੱਤ ਨੇ ਨਾ ਰੋਕਿਆ । ਮਾਂ ਸਾਰੇ ਰਾਹ ਰੋਂਦੀ ਆਈ। ਧੀ ਬਾਰ -ਬਾਰ ਮਾਂ ਨੂੰ ਚੁੱਪ ਕਰਾ ਰਹੀ ਸੀ , ਜਦ ਅਸੀਂ ਹੈਗੇ ਆ ਫਿਰ ਕਿਉਂ ਰੋ ਰਹੀ ਏ ? ਮੇਰਾ ਘਰ ਵੀ ਤੇਰਾ ਹੀ ਘਰ ਆ, ਐਂਵੇ ਮਨ ਨਾ ਹੌਲਾ ਕਰ । ਕਰਦੇ ਕਰਾਉਂਦੇ ਘਰ ਪਹੁੰਚ ਗਏ, ਘਰ ਦੇ ਅੰਦਰ ਪਹੁੰਚਦੇ ਹੀ ਦੋਹਤੇ ਦੋਹਤੀ ਨੇ ਨਾਨੀ ਨੂੰ ਗਲਵਕੜੀ ਵਿੱਚ ਲੈ ਲਿਆ ਬਹੁਤ ਪਿਆਰ ਕੀਤਾ ਨਾਨੀ ਨਾਲ ਬੱਚਿਆਂ ਨੇ । ਰਤਨ ਕੌਰ ਨੇ ਪੁਛਿਆ, ਤੁਹਾਡੀ ਦਾਦੀ ਮਾਂ ਕਿਥੇ ਹੈ ? “ਅੱਗੋਂ ਧੀ ਨੇ ਜਵਾਬ ਦਿੱਤਾ,”  ਆਪਣੀ ਧੀ ਕੋਲ ਉੱਜੜੀ ਏ, ਇਥੇ ਮੇਰਾ ਦਿਮਾਗ ਬਹੁਤ ਚੱਟਦੀ ਸੀ , ਮੇਰੇ ਨਾਲ ਲੜ ਪਈ ਤੇ ਚਲੀ ਗਈ ਧੀ ਕੋਲ । ਕੋਈ ਨਾ ਉਸ ਦਿਨ ਦੀ ਮੁੜ ਕੇ ਨੀ ਆਈ, ਨਾ ਆਪਾਂ ਲੈਣ ਗਏ ਤੇ ਨਾ ਹੀ ਲੈ ਕੇ ਆਉਣੀ ਆ । ਐਨੀ ਗੱਲ ਕਹਿ ਕੇ ਧੀ ਰਸੋਈ ਘਰ ਚਲੀ ਗਈ ਤੇ ਰਤਨ ਕੌਰ ਨੇ ਕੱਪੜੇ ਚੁੱਕੇ ਘਰੋਂ ਬਾਹਰ ਚਲੀ ਗਈ ।ਸੀ ਧੀ ਜਦੋਂ ਪਾਣੀ ਲੈ ਕੇ ਆਈ ਉਸਨੇ ਬੱਚਿਆਂ ਨੂੰ ਪੁਛਿਆ ਨਾਨੀ ਮਾਂ ਕਿਥੇ ਗਈ? ਬੱਚਿਆਂ ਨੇ ਕਿਹਾ ਨਾਨੀ ਵਾਪਿਸ ਚਲੀ ਗਈ । ਹੈਂ! ਧੀ ਨੇ ਬਾਹਰ ਨਿਕਲ ਕੇ ਦੇਖਿਆ, ਮਾਂ ਸੜਕ ਤੇ ਤੁਰੀ ਜਾਂਦੀ ਸੀ, ਉਹ  ਅਵਾਜ਼ਾਂ ਮਾਰਦੀ ਪਿਛੇ ਦੌੜੀ ।”ਕਿਥੇ ਚਲੀ ਏ ਮਾਂ , ਵਾਪਿਸ ਕਿਉਂ ਆ ਗਈ, ਚਲ ਘਰ ਮੈਂ ਨਹੀਂ ਜਾਣ ਦੇਣਾ ਤੈਨੂੰ ਉਸ ਘਰ ਜਿਥੇ ਤੇਰੀ ਕੋਈ ਕਦਰ ਨਹੀਂ ।”
ਰਤਨ ਕੌਰ ਨੇ ਹੱਥ ਜੋੜਦੀ ਨੇ ,ਧੀ ਨੂੰ ਕਿਹਾ, ” ਮੁਆਫ ਕਰੀਂ ਧੀਏ ਮੇਰੀਏ, ਜਿਥੇ ਤੇਰੀ ਸੱਸ ਮਾਂ ਦੀ ਕਦਰ ਨਹੀਂ ਹੋਈ, ਉਥੇ ਮੇਰੀ ਕਦਰ ਕੀ ਹੋਵੇਗੀ ? ਤੁਸੀਂ ਤੇ ਨਵੀਂ ਰੀਤ ਹੀ ਬਣਾ ਦਿੱਤੀ ਸੱਸਾਂ ਮਾਵਾਂ ਨੂੰ ਘਰੋਂ ਕੱਢਣ ਦੀ । ਮੇਰੇ ਸੰਸਕਾਰ ਹੀ ਸਹੀ ਨਹੀਂ ਸਨ ਇਸ ਗੱਲ ਦੀ ਸਜਾ ਹੀ ਮੈਨੂੰ ਮਿਲ ਰਹੀ ਹੈ । ਮੈ ਤੁਹਾਡੇ ਘਰ ਕਿਵੇਂ ਰਹਿ ਸਕਦੀ ਹਾਂ , ਜਿਸ ਮਾਂ ਨੇ ਸਾਰੀ ਜਿੰਦਗੀ ਇਸ ਇੱਟਾਂ ਦੇ ਮਕਾਨ ਨੂੰ ਘਰ ਬਣਾਉਣ ਵਿੱਚ ਲਾ ਦਿੱਤੀ , ਧੀਆਂ- ਪੁੱਤਾਂ ਨੂੰ ਉੱਚੀਆਂ ਪਦਵੀਆਂ ਤੇ ਲਗਾਇਆ, ਵੱਡੇ -ਵੱਡੇ ਮਹੱਲਾਂ ਵਰਗੇ ਘਰ ਜਿਸ ਮਾਂ ਬਾਪ ਦੀ ਬਦੋਲਤ ਬਣੇ ਉਹਨਾਂ ਦੇ ਨਸੀਬ ਵਿੱਚ ਆਪਣਾ ਹੀ ਘਰ ਨਹੀਂ ਹੋਇਆ। ਉਸ ਘਰ ਵਿੱਚ ਰਹਿ ਕੇ ਮੈਨੂੰ ਕੋਈ ਖੁਸ਼ੀ ਨਸੀਬ ਨਹੀਂ ਹੋ ਸਕਦੀ ।”ਜਾਂਦੇ ਏ ਰਤਨ ਕੌਰ ਨੇ ਕਿਹਾ , “ਮੈਂ ਕਿਸੇ ਆਸ਼ਰਮ ਵਿੱਚ ਰਹਿ ਲਵਾਂਗੀ , ਪਰ ਤੇਰੇ ਘਰ ਨਹੀਂ ਰਹਿਣਾ , ਤੇਰੇ ਵਿੱਚ ਤੇ ਮੇਰੀਆਂ ਨੂੰਹਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ।”
ਜੇਕਰ ਮੈਂਨੂੰ ਮਾਂ ਮੰਨਦੀ ਏ ਤੇ ਇੱਕ ਗੱਲ ਦੱਸ,  ਜਦੋਂ ਮੈਂ ਤੈਨੂੰ ਬਚਪਨ ਵਿੱਚ ਡਾਂਟਦੀ ਸੀ , ਕਈ ਵਾਰ ਕੁੱਟ ਵੀ ਦਿੰਦੀ ਸੀ ਉਦੋਂ ਮੈਨੂੰ ਘਰੋਂ ਕਿਉਂ ਨਾ ਕਢਿਆ ਤੁਸੀਂ ? ਫਿਰ ਕੀ ਹੋਇਆ ਜੇ ਸਿਆਣੇ ਬੰਦੇ ਨੇ ਗੁੱਸੇ ਵਿੱਚ ਕੁੱਝ ਬੋਲ ਦਿੱਤਾ । ਮੇਰਾ ਦੁੱਖ ਆਇਆ ਤੈਨੂੰ , ਪਰ ਉਸ ਮਾਂ ਦਾ ਦੁੱਖ ਨਹੀਂ ਆਇਆ ਜਿਸ ਕਾਰਣ ਤੈਨੂੰ ਐਨਾ ਸੋਹਣਾ ਪਰਿਵਾਰ ਮਿਲਿਆ ।”ਮੁਆਫ ਕਰ ਦਿਓ ਮਾਂ,  ਧੀ ਨੇ ਰੋਂਦੀ ਹੋਈ ਨੇ ਕਿਹਾ।” ਰਤਨ ਕੌਰ ਨੇ ਕਿਹਾ ਜੇ ਸੱਚੀ ਮਨ ਵਿੱਚ ਕੋਈ ਪਛਤਾਵਾ ਹੈ ਤੇ ਜਾ ਕੇ ਸੱਸ ਮਾਂ ਕੋਲੋਂ ਮੁਆਫੀ ਮੰਗ ਤੇ ਮਨਾ ਕੇ ਘਰ ਲੈ ਕੇ ਆ । ਜੇ ਘਰ ਦੇ ਸਿਆਣੇ ਰੁੱਸ ਜਾਣ ਤੇ ਰੱਬ ਵੀ ਰੁੱਸ  ਜਾਂਦਾ ਏ । ਮੈਨੂੰ ਮੇਰੇ ਹਾਲ ਤੇ ਛੱਡ ਦੇ , ਐਨਾ ਕਹਿ ਕੇ ਰਤਨ ਕੌਰ ਆਪਣੇ ਰਾਹ ਤੁਰ ਪਈ । ਧੀ ਸੋਚਾਂ ਵਿੱਚ ਪਈ ਮਾਂ ਦੀਆਂ ਕਹੀਆਂ ਗੱਲਾਂ ਬਾਰੇ ਸੋਚ ਰਹੀ ਸੀ . . . . ਨਾਲੇ ਸੋਚ ਰਹੀ ਸੀ ਕਿ ਮਾਂ ਹੁੁਣ ਕਿਥੇ ਜਾਵੇਗੀ ?

LEAVE A REPLY

Please enter your comment!
Please enter your name here