ਕਵਿਤਾ ਮੇਰੀ ਰੂਹ ਦੀ ਹਾਣੀ ।

ਕਵਿਤਾ ਦੇ ਨਾਲ ਸਾਂਝ ਪੁਰਾਣੀ॥

ਪਿਛਲੇ ਜਨਮ ‘ਚ ਹਰਫ਼ ਸੀ ਬੀਜੇ,

ਕਵਿਤਾ ਬਣ ਕੇ ਜੋ ਉੱਗ ਆਏ ,

ਊੜਾ ਐੜਾ ਜੋੜ ਜੋੜ ਕੇ ਮੈਂ,

ਸ਼ਬਦਾਂ ਦੇ ਹਾਰ ਬਣਾਏ ,

ਅੱਖਰਾਂ ਦੇ ਮਤਲਬ ਨਾ ਸਮਝਾਂ,

ਮੈਂ ਤੱਤੜੀ ਦੀ ਉਮਰ ਨਿਆਣੀ ,

ਕਵਿਤਾ ਮੇਰੀ ਰੂਹ ਦੀ ਹਾਣੀ।

ਕਵਿਤਾ ਦੇ ਨਾਲ ਸਾਂਝ ਪੁਰਾਣੀ ॥

ਕਵਿਤਾ ਮੈਨੂੰ ਜਾਨ ਤੋਂ ਪਿਆਰੀ,

ਕਵਿਤਾ ਦਾ ਹੈ ਰੁੱਤਬਾ ਉੱਚਾ,

ਜੋ ਕਵਿਤਾ ਦੀ ਇੱਜ਼ਤ ਕਰਦਾ,

ਮੇਰੇ ਨਾਲੋਂ ਬਹੁਤ ਹੈ ਸੁੱਚਾ,

ਮੈਂ ਕਵਿਤਾ ਦੀ ਧੂੜ ਵੀ ਨਹੀਂ,

ਸੋਚ ਬੈਠੀ ਮੈਂ ਦਿਲ ਦੀ ਰਾਣੀ,

ਕਵਿਤਾ ਮੇਰੀ ਰੂਹ ਦੀ ਹਾਣੀ।

ਕਵਿਤਾ ਦੇ ਨਾਲ ਸਾਂਝ ਦੀ ਪੁਰਾਣੀ ॥

ਆਪ ਤਾਂ ਕਵਿਤਾ ਕੁਝ ਨਾ ਬੋਲੇ,

ਆਪਣੇ ਭੇਦ ਕਦੇ ਨਾ ਖੋਲੇ,

ਦਿਲ ਚਾਹੁੰਦਾ ਏ ਦੁੱਖ ਸੁੱਖ ਆਪਣਾ,

ਇਹ ਵੀ ਮੇਰੇ ਨਾਲ ਫਰੋਲੇ,

ਰੱਬ ਬਣਾਵੇ ਸਬੱਬ ਕੋਈ ਐਸਾ,

ਮੇਰੀਆਂ ਅੱਖਾਂ ਉਹਦਾ ਪਾਣੀ,

ਕਵਿਤਾ ਮੇਰੀ ਰੂਹ ਦੀ ਹਾਣੀ।

ਕਵਿਤਾ ਦੇ ਨਾਲ ਸਾਂਝ ਦੀ ਪੁਰਾਣੀ ॥

ਕਿੰਝ ਸਤਵੀਰ ਤੋਂ “ਸਾਂਝ” ਮੈਂ ਹੋਈ,

ਸਾਂਝ ਦਿਲਾਂ ਦੀ ਪਾ ਗਿਆ ਕੋਈ ,

ਦਿਲ ਦੇ ਬਾਗ਼ ਬਹਾਰਾਂ ਆਈਆਂ,

ਰੋਮ ਰੋਮ ਭਰ ਗਈ ਖ਼ੁਸ਼ਬੋਈ,

ਮੁੱਦਤਾਂ ਬਾਅਦ ਮੁਹੱਬਤ ਵਾਲੀ,

ਮੈਂ ਕਵਿਤਾ ਦੀ ਸੇਜ਼ ਹੈ ਮਾਣੀ,

ਕਵਿਤਾ ਮੇਰੀ ਰੂਹ ਦੀ ਹਾਣੀ ।

ਕਵਿਤਾ ਦੇ ਨਾਲ ਸਾਂਝ ਪੁਰਾਣੀ ॥ 

LEAVE A REPLY

Please enter your comment!
Please enter your name here