ਅੰਮ੍ਰਿਤਸਰ 

ਰੇਲ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਵਿਚੋਂ 5 ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਘਰ ਕੋਈ ਵੀ ਮੈਂਬਰ ਕਮਾਉਣ ਵਾਲਾ ਨਹੀਂ ਹੈ। ਇਨ੍ਹਾਂ ਪਰਿਵਾਰਾਂ ਦਾ ਚੁੱਲ੍ਹਾ-ਚੌਂਕਾ ਚਲਾਉਣ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਆਮਦਨ ‘ਚੋਂ ਹਰ ਮਹੀਨੇ ਇਕ ਪਰਿਵਾਰ ਨੂੰ 10 ਹਜ਼ਾਰ ਤੇ ਬਾਕੀ 4 ਪਰਿਵਾਰਾਂ ਨੂੰ 7500-7500 ਰੁਪਏ ਦੇਣ ਦਾ ਐਲਾਨ ਕੀਤਾ। ਇਨ੍ਹਾਂ ਪੀੜਤ ਪਰਿਵਾਰਾਂ ਦੇ ਅਕਾਊਂਟ ਨੰਬਰ ਲੈ ਲਏ ਗਏ ਹਨ ਅਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਰਾਸ਼ੀ ਇਨ੍ਹਾਂ ਦੇ ਖਾਤੇ ਵਿਚ ਭੇਜ ਦਿੱਤੀ ਜਾਵੇਗੀ। ਸਿੱਧੂ ਨੇ ਕਿਹਾ ਕਿ ਰੇਲ ਹਾਦਸੇ ‘ਚ ਮਾਰੇ ਗਏ ਬਾਕੀ ਪਰਿਵਾਰਾਂ ਦੇ ਮੈਂਬਰਾਂ ਦਾ ਵੀ ਬਿਓਰਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਪਰਿਵਾਰਾਂ ‘ਚ ਕਮਾਉਣ ਵਾਲਾ ਕੋਈ ਨਹੀਂ ਹੋਵੇਗਾ ਉਨ੍ਹਾਂ ਨੂੰ ਹਰ ਮਹੀਨੇ ਮੇਰੇ ਵੱਲੋਂ ਮਾਲੀ ਮਦਦ ਦਿੱਤੀ ਜਾਵੇਗੀ। ਇਸ ਮੌਕੇ ਵਿਕਾਸ ਓ.ਪੀ. ਸੋਨੀ ਕੌਂਸਲਰ ਵੀ ਹਾਜ਼ਰ ਸਨ। ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਅਤੇ ਓ.ਪੀ. ਸੋਨੀ ਬੀਤੇ ਦਿਨ ਗੋਲਬਾਗ ਵਿਖੇ ਕੌਂਸਲਰ ਗੁਰਦੀਪ ਪਹਿਲਵਾਨ ਦੇ ਘਰ ਗਏ ਸਨ, ਜਿਸ ਦੀ 2 ਜੂਨ 2018 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਸਵ. ਗੁਰਦੀਪ ਪਹਿਲਵਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸੇ ਵਾਅਦੇ ‘ਤੇ ਖਰਾ ਉਤਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਓਮ ਪ੍ਰਕਾਸ਼ ਸੋਨੀ ਤੇ ਮੇਅਰ ਨਗਰ ਨਿਗਮ ਕਰਮਜੀਤ ਸਿੰਘ ਰਿੰਟੂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਸਵ. ਗੁਰਦੀਪ ਪਹਿਲਵਾਨ ਦੀ ਬੇਟੀ ਹਰਸਿਮਰਤ ਕੌਰ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਅਸੀਂ ਉਸ ਨੂੰ ਪੂਰਾ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੀ ਡਿਊਟੀ ਇਸ ਪਰਿਵਾਰ ਨੂੰ ਨਿਯੁਕਤੀ ਪੱਤਰ ਦੇਣ ਲਈ ਲਾਈ ਸੀ, ਇਸੇ ਤਰ੍ਹਾਂ ਸਵ. ਗੁਰਦੀਪ ਪਹਿਲਵਾਨ ਦੇ ਲੜਕੇ ਨੂੰ ਵੀ 18 ਸਾਲ ਦੀ ਉਮਰ ਪੂਰੀ ਹੋਣ ‘ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਉਹ ਹਰ ਮਹੀਨੇ ਆਪਣੀ ਨਿੱਜੀ ਆਮਦਨ ‘ਚੋਂ 20 ਹਜ਼ਾਰ ਰੁਪਏ ਇਸ ਪਰਿਵਾਰ ਨੂੰ ਮਾਲੀ ਮਦਦ ਵਜੋਂ ਦੇਣਗੇ।

LEAVE A REPLY

Please enter your comment!
Please enter your name here