ਨਿਊਯਾਰਕ /ਲੁਧਿਆਣਾ, 8 ਅਗਸਤ ( ਰਾਜ ਗੋਗਨਾ )—ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਰੈਡਰੇਂਡਮ 2020 ਦਾ ਪੰਜਾਬ ਹੀ ਨਹੀਂ, ਸਗੋਂ ਦੁਨੀਆਂ ‘ਚ ਕਿਥੇ ਵੀ ਕੋਈ ਅਧਾਰ ਨਹੀਂ ਹੈ। ਇਹ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਰਹਿਣ ਦੀ ਲਾਲਚ ਰੱਖਣ ਵਾਲੇ ਕੁਝ ਨਿਰਾਸ਼ ਲੋਕਾਂ ਦੀ ਇਕ ਨਾਕਾਮ ਕੋਸ਼ਿਸ਼ ਹੈ।
ਸੀਨੀਅਰ ਪਾਰਟੀ ਆਗੂ ਪਲਵਿੰਦਰ ਸਿੰਘ ਤੱਗੜ ਦੇ ਨਿਵਾਸ ਸਥਾਨ ‘ਤੇ ਅਯੋਜਿਤ ਇਕ ਮੀਟਿੰਗ ਤੋਂ ਹੱਟ ਕੇ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਤਿਵਾੜੀ ਨੇ ਕਿਹਾ ਕਿ ਪੰਜਾਬੀਆਂ ਅੰਦਰ ਅੱਤਵਾਦ ਦੇ ਕਾਲੇ ਦਹਾਕੇ ਦੀਆਂ ਭਿਆਨਕ ਯਾਦਾਂ ਹਾਲੇ ਵੀ ਤਾਜ਼ਾ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਉਹ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਬਿਗਾੜਨ ਨਹੀਂ ਦੇਣਗੇ।
ਇਕ ਸਵਾਲ, ਕੀ ਰੈਫਰੇਂਡਮ 2020 ਨੂੰ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਦਾ ਸਮਰਥਨ ਪ੍ਰਾਪਤ ਹੈ, ਦੇ ਜਵਾਬ ‘ਚ ਲੁਧਿਆਣਾ ਤੋਂ ਸਾਬਕਾ ਐਮਪੀ ਨੇ ਕਿਹਾ ਕਿ ਪਾਕਿਸਤਾਨ ਦੀ 1971 ਦੀ ਜੰਗ ‘ਚ ਹਾਰ ਤੋਂ ਬਾਅਦ ਆਈਐਸਆਈ ਭਾਰਤ ਅੰਦਰ ਤਨਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਹੈ, ਪਰ ਉਸਨੂੰ ਕਦੇ ਵੀ ਕਾਮਯਾਬੀ ਨਹੀਂ ਮਿਲੀ।
2019 ‘ਚ ਵਿਰੋਧੀ ਧਿਰ ਦਾ ਸਾਂਝਾ ਗਠਜੋੜ ਬਣਾਏ ਜਾਣ ਦੇ ਮੁੱਦੇ ‘ਤੇ, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਮਾਨ ਵਿਚਾਰਧਾਰਾ ਵਾਲੀਆਂ ਵਿਆਪਕ ਧਰਮ ਨਿਰਪੱਖ ਅਤੇ ਪ੍ਰਗਤੀਸ਼ੀਲ ਤਾਕਤਾਂ ਦੇ ਗਠਜੋੜ ਦੇ ਹੱਕ ‘ਚ ਹੈ, ਤਾਂ ਜੋ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ ਹਰਾਇਆ ਜਾ ਸਕੇ। ਉਨ੍ਹਾਂ ਨੇ ਭਰੋਸਾ ਪ੍ਰਗਟਾਂਇਆ ਕਿ ਗਠਜੋੜ ਸੂਬਾ ਪੱਧਰ ‘ਤੇ ਸੀਟਾਂ ਦੇ ਤਾਲਮੇਲ ਰਾਹੀਂ ਉਭਰ ਕੇ ਸਾਹਮਣੇ ਆਏਗਾ।
ਜਦਕਿ ਸਾਬਕਾ ਮੰਤਰੀ ਨੇ ਸੂਬੇ ਅੰਦਰ ਆਮ ਆਦਮੀ ਪਾਰਟੀ ਵਿਚਾਲੇ ਹੋ ਰਹੀ ਖਿੱਚੋਤਾਣ ‘ਤੇ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ।
ਪਰ 2019 ਦੀਆਂ ਲੋਕ ਸਭਾ ਚੋਣਾਂ ਲੜਨ ਬਾਰੇ ਆਪਣੀ ਯੋਜਨਾ ਨੂੰ ਲੈ ਕੇ ਤਿਵਾੜੀ ਨੇ ਕਿਹਾ ਕਿ ਇਹ ਪਾਰਟੀ ਨੂੰ ਤੈਅ ਕਰਨਾ ਹੈ ਅਤੇ ਜਿਥੋਂ ਵੀ ਉਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਖੁਸ਼ੀ ਨਾਲ ਸਵੀਕਾਰ ਕਰਨਗੇ।
ਇਸੇ ਤਰ੍ਹਾਂ, ਆਪਣੀ ਲੁਧਿਆਣਾ ਦੀਆਂ ਫੇਰੀਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਪੰਜ ਸਾਲਾਂ ਤੱਕ ਪਾਰਲੀਮੈਂਟ ‘ਚ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਸਾਲ 2004 ਤੋਂ ਇਥੇ ਹਨ। ਅਜਿਹੇ ‘ਚ ਉਨ੍ਹਾਂ ਦਾ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮਿਲਣਾ ਤੇ ਉਨ੍ਹਾਂ ਦੇ ਸੱਦਿਆਂ ‘ਤੇ ਪ੍ਰੋਗਰਾਮਾਂ ‘ਚ ਸ਼ਾਮਿਲ ਹੋਣਾ ਵਾਜਿਬ ਹੈ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪਲਵਿੰਦਰ ਸਿੰਘ ਤੱਗੜ, ਅਯੋਜਕ, ਪਵਨ ਦੀਵਾਨ, ਗੁਰਮੇਲ ਸਿੰਘ ਪਹਿਲਵਾਨ, ਅਵਤਾਰ ਸਿੰਘ ਕੰਡਾ, ਡਾ. ਓਂਕਾਰ ਚੰਦ ਸ਼ਰਮਾ, ਨਰਿੰਦਰ ਸੁਰਾ, ਬਹਾਦਰ ਸਿੰਘ, ਮਨੀ ਭਗਤ, ਬ੍ਰਿਜ ਮੋਹਨ ਸ਼ਰਮਾ, ਅੰਮ੍ਰਿਤਪਾਲ ਕਲਸੀ, ਮਨਿੰਦਰ ਉੱਭੀ, ਯਸ਼ਪਾਲ ਸ਼ਰਮਾ, ਬਲਜੀਤ ਗੋਗਨਾ, ਡਾ. ਦੀਪਕ, ਬਲਵਿੰਦਰ ਗੋਰਾ, ਪਾਲ ਸਿੰਘ ਮਠਾੜੂ ਵੀ ਸ਼ਾਮਿਲ ਰਹੇ।

LEAVE A REPLY

Please enter your comment!
Please enter your name here