ਮੇਰਾ ਪਿੰਡ ਸ਼ਹਿਰ ਤੋ ਕਈ ਕਿੱਲਮੀਟਰ ਦੀ ਦੂਰੀ ਤੇ ਹੋਣ ਕਾਰਨ ਪਿੰਡ ਦੇ ਲੋਕਾਂ ਦਾ ਸ਼ਹਿਰ ਵਲ ਆਉਣਾ-ਜਾਣਾ ਘੱਟ ਹੀ ਸੀ। ਉਨ੍ਹਾਂ ਦੀਆਂ ਬਹੁਤੀਆਂ ਜਰੂਰਤਾਂ ਤਾਂ ਪਿੰਡ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਕਿਸੇ ਖਾਸ ਲੋੜ ਪਈ ਤੇ ਹੀ ਸ਼ਹਿਰ ਜਾਣਾ ਪੈਦਾ ਸੀ।
ਮੇਰੇ ਪਿੰਡ ਦੇ ਬਾਹਰਵਾਰ ਫਿਰਨੀ ਉਤੇ ਇਕ ਬਹੁਤ ਵੱਡਾ ਪਿੱਪਲ ਸੀ। ਪਿੱਪਲ ਦੇ ਦੁਆਲੇ ਵੱਡੇ ਅਕਾਰ ਦਾ ਇਕ ਸ਼ਾਨਦਾਰ ਪੱਕਾ ਥੜ੍ਹਾ ਬਣਾਇਆ ਹੋਇਆ ਸੀ, ਜਿਸ ਉਤੇ ਡੇਢ ਸੌ ਦੇ ਕਰੀਬ ਲੋਕ ਬੈਠ ਜਾਇਆ ਕਰਦੇ ਸਨ। ਪਿੱਪਲ ਥੱਲੇ ਦਿਨ ਭਰ ਰੌਣਕ ਲੱਗੀ ਰਹਿੰਦੀ। ਪਿੰਡ ਦੇ ਸਾਰੇ ਬੱਚੇ ਇੱਥੇ ਖੇਡਦੇ ਰਹਿੰਦੇ। ਛੂਣ-ਛਲਾਈ ਖੇਡਦੇ ਕਈ ਬਾਰ ਪਿਪਲ ਉਪਰ ਚੜ੍ਹਕੇ ਟਾਹਣਿਆਂ ਉਤੇ ਭੱਜੇ ਫਿਰਦੇ ਰਹਿੰਦੇ। ਪਿੰਡ ਦੇ ਸਾਰੇ ਬਜੁਰਗ ਵੀ ਘਰਾਂ ਚੋਂ ਨਿਕਲ ਕੇ ਪਿੱਪਲ ਦੇ ਇਸ ਥੜੇ ਉਤੇ ਆ ਜੁੜਦੇ। ਆਪਣੇ ਨਾਲ ਦੇ ਸਾਥੀਆਂ ਨਾਲ ਗੱਪ-ਸ਼ੱਪ ਮਾਰਦੇ ਤੇ ਆਪਣੇ ਦੁੱਖ-ਸੁੱਖ ਸਾਂਝੇ ਕਰਕੇ ਆਪਣਾ ਮਨ ਹਲਕਾ ਕਰ ਲੈਂਦੇ। ਦੇਬੀ ਬਾਬੇ ਤੋ ਸਭੇ ਹੀ ‘ਹੀਰ ਰਾਂਝੇ’, ‘ਸੱਸੀ-ਪੁੰਨੂ’ ਅਤੇ ‘ਪੂਰਨ ਭਗਤ’ ਦੇ ਕਿੱਸੇ ਫਰਮਾਇਸ਼ਾਂ ਨਾਲ ਸੁਣਿਆ ਕਰਦੇ। ਦੇਬੀ ਬਾਬਾ ਹੇਕਾਂ ਲਾਉਂਦਾ ਇਕ ਬਾਰ ਤਾਂ ਜਾਣੋ ਸਾਰਾ ਪਿੰਡ ਬੰਨਕੇ ਬਿਠਾ ਲੈਂਦਾ। ਨੰਤੂ ਤੂੰਬੀ ਨਾਲ ਅਤੇ ਸੱਤਪਾਲ ਅਲਗੋਜਿਆਂ ਨਾਲ ਰੰਗ ਬੰਨਕੇ ਰੱਖ ਦਿੰਦੇ। ਭਾਗ ਨੇ ਵੰਝਲੀ ਬਜਾਉਣੀ ਤਾਂ ਦਸ-ਦਸ ਕੋਹਾਂ ਤਕ ਕੰਨ ਲਾ ਲਾ ਕੇ ਸੁਣਨੀ ਲੋਕਾਂ ਨੇ।
ਜਦੋਂ ਸਾਉਣ ਦਾ ਮਹੀਨਾ ਹੋਣਾ ਤਾਂ ਇਹੀ ਪਿੱਪਲ ਹੋਰ ਵੀ ਮੇਲਿਆਂ ਦਾ ਘਰ ਬਣ ਜਾਣਾ। ਪਿੰਡ ਦੀਆਂ ਸਾਰੀਆਂ ਕੁੜੀਆਂ-ਚਿੜੀਆਂ ਨੇ ਪਿੱਪਲ ਨਾਲ ਪੀਘਾਂ ਪਾ ਲੈਣੀਆਂ ਅਤੇ ਇੱਥੇ ਤੀਆਂ ਮਨਾਉਣੀਆਂ। ਫਿਰ, ਜੇਠ-ਹਾੜ ਦੀ ਸੰਗਰਾਂਦ ਨੂੰ ਇਸੇ ਪਿੱਪਲ ਲਾਗਲੇ ਪੰਜ ਪੀਰਾਂ ਦੀ ਦਰਗਾਹ ਉਤੇ ਭਾਰੀ ਮੇਲਾ ਜੁੜਨਾ। ਘਰ-ਘਰ ਤੋਂ ਇਕੱਠਾ ਕੀਤਾ ਆਟੇ-ਦਾਲ ਦਾ ਖੁੱਲਾ ਲੰਗਰ ਲੱਗਣਾ। ਮਲੇਰਕੋਟਲੀਏ ਕਵਾਲਾਂ ਨੇ ਮੇਲੇ ਵਿਚ ਆ ਡੇਰੇ ਲਾਉਣੇ ਅਤੇ ਕਈ-ਕਈ ਦਿਨ ਇੱਥੋਂ ਨਾ ਉਠਣਾ। ਤਿੰਨ-ਚਾਰ ਦਿਨ ਮੇਲਾ ਚੱਲਦਾ ਰਹਿਣਾ। ਕਵਾਲ ਵੱਖਰੇ, ਤੂੰਬੀ ਅਤੇ ਅਲਗੋਜਿਆਂ ਵਾਲੇ ਵੱਖਰੇ ਆਪੋ-ਆਪਣਾ ਮੰਨੋਰਜੰਨ ਵੰਡਦੇ।
ਮੇਲੇ ਵਿਚ ਰੇਹੜੀਆਂ ਲਾਉਣ ਵਾਲਿਆਂ ਨੂੰ ਖੜਨ ਨੂੰ ਜਗਾ ਨਾ ਮਿਲਣੀ। ਕਿਤੇ ਭੰਬੀਰੀਆ ਤੇ ਲਾਟੂ ਵਿਕ ਰਹੇ ਹੁੰਦੇ। ਕਿਤੇ ‘ਹੀਰ ਰਾਂਝੇ’ ਅਤੇ ‘ਸੋਹਣੀ-ਮਹੀਵਾਲ’ ਆਦਿ ਤਰਾਂ-ਤਰਾਂ ਦੇ ਕਿੱਸਿਆਂ ਦੇ ਸ਼ੌਕੀਨ ਕਿੱਸੇ ਖਰੀਦ ਰਹੇ ਹੁੰਦੇ। ਵਣਜਾਰੇ ਦੁਨੀਆਂ ਭਰ ਦੀਆਂ ਰੰਗ-ਬਰੰਗੀਆਂ ਵੰਗਾਂ ਅਤੇ ਡੋਰੀਆਂ-ਪਰਾਂਦੇ ਲੈਕੇ ਬੈਠੇ ਹੁੰਦੇ। ਕੁੜੀਆਂ ਨੇ ਉਨ੍ਹਾਂ ਨੂੰ ਪੂਰਾ ਘੇਰਾ ਪਾਇਆ ਹੋਣਾ। ਸੋਢੇ ਵਾਲਾ ਰੇਹੜੀ ਲਾ ਕੇ ਸੋਢਾ ਤੇ ਬੱਤੇ ਵੇਚ ਰਿਹਾ ਹੁੰਦਾ ਤੇ ਕਿਤੇ ਗੁਬਾਰਿਆਂ ਵਾਲਾ, ਗੁਬਾਰੇ ਅਤੇ ਪਾਣੀ ਵਾਲੀਆਂ ਪਚਕਾਰੀਆਂ। ਸਪੇਰੇ, ਸੱਪਾਂ ਦੀਆਂ ਪਟਾਰੀਆਂ ਲਈ ਬੈਠੇ, ਬੀਨਾਂ ਵਜਾਉਂਦੇ ਸੱਪ ਕੱਢੀ ਫਿਰਦੇ।
ਲੱਡੂ-ਜਲੇਬੀਆਂ ਦੀਆਂ ਦੁਕਾਨਾ ਅੱਡਰਾ ਲੱਗੀਆਂ ਹੋਣੀਆਂ ਅਤੇ ਗੋਲ-ਗੱਪਿਆਂ ਦੀਆਂ ਅੱਡਰੀਆਂ। ਕਿੱਧਰੇ ਨਾਨ ਚੱਲ ਰਹੇ ਹੋਣੇ ਤੇ ਕਿੱਧਰੇ ਪੂੜੇ।
ਫਿਰ, ਚੰਡੋਲ ਵਾਲੇ ਵੀ ਪਤਾ ਨਹੀ ਕਿੱਥੋਂ ਆ ਜਾਂਦੇ ਸਨ, ਚੰਡੋਲ ਲੈਕੇ। ਚੰਡੋਲ ਝੂਟਣ ਦੇ ਸ਼ੌਕੀਨ ਚੰਡੋਲ ਝੂਟਦੇ ਸਾਹ ਨਾ ਲੈਦੇ। ਗੱਲ ਕੀ, ਦੋ ਫਰਲਾਂਗ ਤੱਕ ਅੱਡ-ਅੱਡ ਤਰਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ। ਸਾਡਾ ਸਾਰਾ ਪਿੰਡ ਤਾਂ ਕੀ ਵੀਹ-ਵੀਹ ਕੋਹ ਤਕ ਵੀ ਲੋਕ ਮੇਲਾ ਦੇਖਣ ਆਉਦੇ। ਪਿੰਡ ਦੀਆਂ ਵਿਆਹੀਆਂ, ਸਹੁਰੇ ਗਈਆਂ ਹੋਈਆਂ ਸਭ ਇਸ ਮੇਲੇ ਦੀ ਉਚੇਚੀ ਇੰਤਜਾਰ ਕਰਦੀਆਂ। ਜਿੰਨਾ ਮਰਜੀ ਜਰੂਰੀ ਕੰਮ ਕਿਓਂ ਨਾ ਹੋਵੇ, ਪਰ ਉਹ ਜੇਠ-ਹਾੜ ਦਾ ਪੀਰਾਂ ਦਾ ਮੇਲਾ ਦੇਖਣਾ ਕਦੀ ਵੀ ਨਾ ਛੱਡਦੀਆਂ। ਇੰਝ ਲੱਗਦਾ ਜਿਉ ਸਾਰੀ ਦੁਨੀਆਂ ਬਸ ਸਾਡੇ ਪਿੰਡ ਹੀ ਆ ਢੁੱਕੀ ਹੋਵੇ।
ਗੱਲ ਕੀ, ਇਹ ਪਿੱਪਲ ਕੋਈ ਆਮ ਪਿੱਪਲ ਨਾ ਹੋਕੇ ਇੰਝ ਲੱਗਦਾ ਸੀ ਜਿਓਂ ਮਾਲਕ ਨੇ ਇਸ ਨੂੰ ਬਣਾਇਆ ਹੀ ਰੌਣਕਾਂ ਲਾਉਣ ਲਈ ਹੋਵੇ। ਪਿੰਡ ਦੇ ਕਿੰਨੇ ਹੀ ਲੋਕ ਇਸ ਪਿੱਪਲ ਹੇਠਾਂ ਮਜਲਸਾਂ ਲਾ ਲਾ ਟੁਰ ਗਏ। ਇਸ ਦੀ ਗੋਦ ’ਚ ਬੈਠ ਠੰਢੜੀ ਛਾਂ ਦੇ ਨਜਾਰੇ ਮਾਣ-ਮਾਣ ਟੁਰ ਗਏ। ਪਰ, ਸਦਕੇ ਜਾਈਏ ਇਸ ਪਿੱਪਲ ਦੇ, ਜਿਹੜਾ ਕਿ ਉਵੇਂ-ਦਾ-ਉਵੇਂ ਹੀ ਪਿੰਡ ਦਾ ਸਿਰਨਾਵਾਂ ਬਣਿਆ ਡਟਿਆ ਖੜਾ ਖੁਸ਼ੀਆਂ, ਖੇੜੇ, ਬਹਾਰਾਂ ਅਤੇ ਰੌਣਕਾਂ ਵੰਡੀ ਜਾ ਰਿਹਾ ਸੀ। ਖਾਸ ਕਰ, ਮੇਰੇ ਆਪਣੇ ਪਿੰਡ ਦਾ ਤਾਂ ਬੱਚੇ ਤੋਂ ਲੈਕੇ ਬੁੱਢੇ ਤੱਕ ਕੋਈ ਵੀ ਐਸਾ ਲੱਭਿਆਂ ਨਹੀ ਲੱਭਣਾ, ਜਿਸਨੇ ਇਸ ਪਿੱਪਲ ਦੀ ਗੋਦ ਵਿਚ ਬੈਠ ਕੇ ਇਸ ਦੀ ਸੰਘਣੀ ਛਾਂ ਨਾ ਮਾਣੀ ਹੋਵੇ ਅਤੇ ਇਸ ਦੀਆਂ ਰੌਣਕਾ ਨਾਲ ਆਪਣਾ ਦਿਲ ਨਾ ਬਹਿਲਾਇਆ ਹੋਵੇ। ਇਹ ਪਿੱਪਲ ਨਹੀ, ਇਹ ਤਾਂ ਬਾਬਾ, ਦਾਦਾ ਅਤੇ ਪੜਦਾਦਾ ਸੀ, ਸਾਡੇ ਪਿੰਡ ਦਾ। ਥੱਕੇ-ਟੁੱਟੇ ਰਾਹੀ ਵੀ ਇੱਥੇ ਆਣਕੇ ਸਾਹ ਲੈਂਦੇ ਸਨ। ਮਟਕਿਆਂ ਵਿਚ ਭਰਿਆ ਖੂਹੀ ਦਾ ਤਾਜਾ ਪਾਣੀ ਪੀਂਦੇ ਤਾਂ ਜਾਣੋ ਸਵਰਗ-ਹੁਲਾਰੇ ਮਿਲ ਜਾਂਦੇ ਇਕ ਬਾਰ ਤਾਂ ਉਨ੍ਹਾਂ ਰਾਹੀਆਂ ਨੂੰ ਵੀ।
ਸਮਾਂ ਬੀਤਦਾ ਗਿਆ। ਪਿੰਡ ਦੇ ਬਾਹਰਵਾਰ ਫਿਰਨੀਆਂ ਪੱਕੀਆਂ ਹੋ ਗਈਆਂ। ਸਰਕਾਰ ਦੇ ਬਦਲਣ ਨਾਲ ‘ਸੁਧਾਰ’ ਦੇ ਨਾਓਂ ਹੇਠ ਹੋਰ ਵੀ ਕਾਫੀ ਕੁਝ ਅਦਲ-ਬਦਲ ਕੀਤਾ ਗਿਆ। ਬਦਲਦੇ ਸਮੇਂ ਅਨੁਸਾਰ ਅੱਜ ਦੀ ਸਰਕਾਰ ਨੇ ਫੈਸਲਾ ਲਿਆ ਕਿ ਪਿੱਪਲ ਨੂੰ ਇੱਥੋਂ ਹਟਾ ਕੇ ਇਸ ਪਿੱਪਲ ਵਾਲੀ ਥਾਂ ਤੇ ਪਿੰਡ ਲਈ ਸਕੂਲ ਅਤੇ ਡਿਸਪੈਂਸਰੀ ਬਣਾਈ ਜਾਵੇ। ਭਾਂਵੇ ਪਿੰਡ ਦੇ ਬਜੁਰਗਾਂ ਅਤੇ ਸੂਝਵਾਨ ਲੋਕਾਂ ਨੇ ਇਸ ਗੱਲ ਦਾ ਬੇਹੱਦ ਵਿਰੋਧ ਵੀ ਕੀਤਾ ਅਤੇ ਇਸ ਫੈਸਲੇ ਨੂੰ ਬਦਲਣ ਲਈ ਪਿੰਡ ਦੇ ਸਰਪੰਚ ਕਰਤਾਰੇ ਨੇ ਵੀ ਉਪਰ ਅਪੀਲ ਕੀਤੀ, ਪਰ ਕਿੱਧਰੇ ਵੀ, ਕਿਸੇ ਦੀ ਵੀ ਸੁਣਵਾਈ ਨਾ ਹੋਈ। ਹੋਰ ਤਾਂ ਹੋਰ ਨੇਤਾਵਾਂ ਨੇ ਸਾਡੇ ਹੀ ਪਿੰਡ ਦੇ ਇਕ ਦੋ ਮੁੰਡਿਆਂ ਨੂੰ ‘ਨੌ-ਜਵਾਨ ਸੁਧਾਰ ਸਭਾ’ ਦਾ ਐਸਾ ਮੈਂਬਰ ਬਣਾਇਆ ਕਿ ਉਹ ਆਪਣੇ ਪਿੰਡ ਦੇ ਮੁੰਡੇ ਹੁੰਦੇ ਹੋਏ ਵੀ ਆਪਣੇ ਪਿੰਡ ਦੀ ਪੰਚਾਇਤ ਦੇ ਕਹਿਣੇ ਤੋਂ ਬਾਹਰ ਨਿਕਲ ਗਏ। ਗੱਲ ਕੀ, ਸਾਰਾ ਪਿੰਡ ਇਕ ਤਰਾਂ ਦਾ ਖੇਰੂੰ ਖੇਰੂੰ ਹੋਕੇ ਰਹਿ ਗਿਆ। ਜੇਕਰ ਕੋਈ ਬਜੁਰਗ ਉਨ੍ਹਾਂ ਮੁੰਡਿਆਂ ਨੂੰ ਸਮਝਾਉਣ ਦੀ ਜੁਰਅਤ ਕਰਦਾ ਤਾਂ ਅੱਗੋਂ ਆਪਣੇ ‘ਪੜਾਕੂ’ ਹੋਣ ਦਾ ਪੂਰਾ ਰੋਹਬ-ਦਾਬ ਦਿਖਾਉਂਦੇ। ਨਤੀਜਨ, ਸਾਰੇ ਬਜੁਰਗ ਰੋਂਦੇ-ਕੁਰਲਾਉਂਦੇ ਮਜਬੂਰਨ ਚੁੱਪ ਹੋ ਗਏ।
ਸਰਕਾਰ ਦਾ ਫੈਸਲਾ ਟਲ ਨਾ ਸਕਿਆ। ਸਮਾਂ ਆ ਗਿਆ, ਜਦੋਂ ਪਿੱਪਲ ਦੁਆਲੇ ਬਣੇ ਪੱਕੇ ਥੜੇ ਨੂੰ ਥੋੜਿਆਂ ਅਤੇ ਵੱਡੇ-ਵੱਡੇ ਘਣਾਂ ਨਾਲ ਭੰਨਣਾ-ਤੋੜਨਾ ਅਤੇ ਪੁੱਟਣ ਦਾ ਕੰਮ ਪੂਰੇ ਜੋਰਾ-ਸ਼ੋਰਾਂ ਨਾਲ ਸ਼ੁਰੂ ਹੋ ਗਿਆ। ਪਿੰਡ ਵਾਲਿਆਂ ਨੂੰ ਦੇਖ ਕੇ ਇੰਝ ਦਰਦ ਮਹਿਸੂਸ ਹੋ ਰਿਹਾ ਸੀ ਜਿਉਂ ਥੜੇ ਦੇ ਫਰਸ਼ ਉਤੇ ਨਹੀ, ਬਲਕਿ ਉਨ੍ਹਾਂ ਦੇ ਦਿਲਾਂ ਅਤੇ ਸੀਨਿਆਂ ਉਤੇ ਥੋੜੇ, ਘਣ ਅਤੇ ਅੱਡ-ਅੱਡ ਹਥਿਆਰ ਚੱਲ ਰਹੇ ਹੋਣ। ਕਈ ਬਜੁਰਗਾਂ ਦੀਆਂ ਤਾਂ ਅੱਖਾਂ ਵਿਚੋਂ ਪਾਣੀ ਮੱਲੋ-ਮੱਲੀ ਵਗੀ ਜਾ ਰਿਹਾ ਸੀ, ਇਹ ਦਰਦਨਾਕ ਸੀਨ ਦੇਖ ਕੇ। ਪਰ, ਸਰਕਾਰੀ ਫੈਸਲੇ ਨੂੰ ਕੋਈ ਟਾਲ ਨਾ ਸਕਿਆ ਅਤੇ ਥੜਾ ਪੁੱਟਕੇ ਪਿੱਪਲ ਨੂੰ ਜੜੋਂ ਉਖਾੜ ਦਿੱਤਾ ਗਿਆ।
ਹੁਣ, ਪਿੱਪਲ ਹੇਠਾਂ ਬੈਠਣ ਵਾਲੇ ਸਾਰੇ ਲੋਕ ਆਪੋ ਆਪਣੇ ਘਰੀਂ ਜਾ ਵੜੇ। ਇਕ 80 ਸਾਲਾ ਬਜੁਰਗ ਧਰਮਾ, ਜਿਸ ਦੀ ਬਚਪਨ ਤੋਂ ਲੈਕੇ ਅੱਜ ਤੱਕ ਇਸ ਪਿੱਪਲ ਨਾਲ ਪਰਿਵਾਰਕ ਸਾਂਝ ਬਣੀ ਆ ਰਹੀ ਸੀ, ਉਸ ਨੂੰ ਇੰਝ ਝਟਕਾ ਲੱਗਿਆ ਜਿਉਂ ਧਰਮਰਾਜ ਨੇ ਉਸ ਬਜੁਰਗ ਨੂੰ ਮੌਤ ਤੋਂ ਪਹਿਲਾਂ ਹੀ ਮੌਤ ਵਰਗੀ ਸਜ਼ਾ ਦੇ ਦਿੱਤੀ ਹੋਵੇ। ਉਸਦਾ ਮਨ ਬੁਰੀ ਤਰਾਂ ਪਸੀਜਿਆ ਗਿਆ। ਉਹ ਉਦਾਸ, ਨਿਰਾਸ਼ ਅਤੇ ਦੁਖੀ-ਦੁਖੀ ਰਹਿਣ ਲੱਗਿਆ। ਉਸਦਾ ਦਿਲ ਜਦੋਂ ਆਪਣੇ ਕਿਸੇ ਸਾਥੀ ਨੂੰ ਮਿਲਣ ਲਈ ਕਰਦਾ, ਕਿਸੇ ਕੋਲੋਂ ਕਿੱਸਾ ਸੁਣਨ ਲਈ ਜਾਂ ਗੀਤ-ਸੰਗੀਤ ਸੁਣਨ ਲਈ ਮਨ ਕਰਦਾ ਤਾਂ ਉਹ ਉਨ੍ਹਾਂ ਦੇ ਘਰਾਂ ਨੂੰ ਜਾਣੇ ਦੀ ਸੋਚਦਾ। ਪਰ, ਫਿਰ ਖੁਦ ਹੀ ਅਗਲੇ ਪਲ ਉਹ ਇਸ ਦੇ ਉਲਟ ਸੋਚਣ ਲੱਗ ਜਾਂਦਾ, ‘ਜਾਵਾਂ ਜਾਂ ਨਾ ਜਾਵਾਂ ! ਸ਼ਾਇਦ ਘਰ ਜਾਣਾ ਠੀਕ ਨਹੀ ਹੋਵੇਗਾ, ਕਿਉਂਕਿ ਹੋ ਸਕਦਾ ਘਰ ਵਾਲਿਆਂ ਨੂੰ ਮੇਰਾ ਜਾਣਾ ਪਸੰਦ ਨਾ ਆਵੇ।’ ਇਹੋ ਜਿਹੀ ਦੋਚਿੱਤੀ ਵਿਚ ਪਿਆ ਬਾਬਾ ਧਰਮਾ ਤੁਰਿਆ-ਤੁਰਿਆ ਆਪਣੇ ਬਾਹਰਲੇ ਗੇਟ ਤੋਂ ਮੁੜਕੇ ਆਪਣੇ ਅੰਦਰ ਨੂੰ ਆ ਜਾਂਦਾ ਅਤੇ ਜਿਵੇਂ-ਕਿਵੇਂ ਆਪਣਾ ਮਨ ਸਮਝਾਉਣ ਦੀ ਕੋਸ਼ਿਸ਼ ਕਰਦਾ।
ਬਾਬਾ ਧਰਮਾ ਸੋਚਾਂ ਸੋਚਦਾ-ਸੋਚਦਾ ਆਖਰ ਮੰਜੇ ਨਾਲ ਜੁੜ ਗਿਆ। ਹਰ ਪੱਲ ਸਾਥੀਆਂ ਨੂੰ ਯਾਦ ਕਰਦਾ ਹੌਕੇ ਭਰਦਾ ਰਹਿੰਦਾ। ਉਹ ਸੋਚਦਾ, ‘ਮੇਰੇ ਦੋਸਤ ਤਾਂ ਅੱਜ ਵੀ ਮੈਨੂੰ ਮਿਲਿਆਂ ਬਗੈਰ ਕਈ-ਕਈ ਦਿਨ ਰਹਿ ਲੈਂਦੇ ਹਨ। ਇਸ ਦਾ ਮਤਲਬ ਦੁੱਖ-ਸੁੱਖ ਦੇ ਮੇਰੇ ਸਾਂਝੀ ਕਰਤਾਰੇ, ਧੰਨੇ ਅਤੇ ਜਗੀਰੇ ਹੋਰੀਂ ਨਹੀ ਸਨ, ਬਲਕਿ ਮੇਰੇ ਦੁੱਖ-ਸੁੱਖ ਦਾ ਅਸਲ ਸਾਂਝੀਦਾਰ ਤਾਂ ਉਹ ਪਿੱਪਲ ਹੀ ਸੀ। ਰੌਣਕਾਂ ਬੰਦਿਆਂ ਦੀ ਬਦੌਲਤ ਨਹੀ ਸੀ ਲੱਗਦੀਆਂ, ਬਲਕਿ ਉਸ ਰੌਣਕੀ ਪਿੱਪਲ ਦੀ ਬਦੌਲਤ ਲੱਗਦੀਆਂ ਸਨ, ਰੌਣਕਾਂ। ਜੇਕਰ ਬੰਦਿਆਂ ਨਾਲ ਲੱਗਦੀਆਂ ਹੁੰਦੀਆਂ ਤਾਂ ਪਿੰਡ ਦੇ ਸਾਰੇ ਗਵੱਈਏ ਅਤੇ ਸਾਜੀ ਅੱਜ ਵੀ ਤਾਂ ਪਿੰਡ ਵਿਚ ਕਾਇਮ ਹਨ। ਹੁਣ ਕਿਉਂ ਨਹੀ ਲੱਗਦੀਆਂ ਰੌਣਕਾਂ? ਹੁਣ ਕਿਓਂ ਨਹੀ ਲੱਗਦੇ ਮੇਲੇ? ਹੁਣ ਕਿਓਂ ਨਹੀ ਲੱਗਦੀਆਂ ਮਹਿਫਲਾਂ? ਪਿੰਡ ਦੀਆਂ ਕੁੜੀਆਂ-ਚਿੜੀਆਂ ਵੀ ਤਾਂ ਸਭ ਪਿੰਡ ਵਿਚ ਹੀ ਹਨ, ਹੁਣ ਕਿਉਂ ਨਹੀ ਲੱਗਦੀਆਂ ਤੀਆਂ? ਇਹ ਸਭੇ ਰੌਣਕਾਂ, ਕੁੜੀਆਂ-ਚਿੜੀਆਂ ਜਾਂ ਰਾਗੀਆਂ ਨਾਲ ਨਹੀ ਸੀ ਲੱਗਦੀਆਂ। ਇਹ ਤਾਂ ਮੇਰੇ ਪਿਓ-ਦਾਦੇ ਵਰਗਾ ਪਿੰਡ ਦਾ ਪਿੱਪਲ ਹੀ ਰੌਣਕੀ ਪਿੱਪਲ ਸੀ, ਜਿਹੜਾ ਕਿ ਸਾਰੀਆਂ ਰੌਣਕਾਂ ਆਪਣੇ ਨਾਲ ਹੀ ਲੈ ਗਿਆ। ਸੱਚਮੁੱਚ ਉਹ ਦ੍ਰਖਤ ਨਹੀ, ਬਲਕਿ ਉਹ ਤਾਂ ਇਕ ‘ਦੇਵਤਾ’ ਸੀ, ‘ਦੇਵਤਾ’ । ਇਸੇ ਕਰਕੇ ਹੀ ਸਾਰਾ ਪਿੰਡ ਸੇਵੀਆਂ ਚੜ੍ਹਾ ਕੇ ਮੱਥੇ ਟੇਕਦਾ ਪੂਜਾ ਕਰਿਆ ਕਰਦਾ ਸੀ, ਉਸਦੀ।’
ਬਾਬੇ ਧਰਮੇ ਦੇ ਲੜਕੇ ਨੇ ਬਾਪੂ ਦੀ ਹਾਲਤ ਦੇਖੀ ਤਾਂ ਉਹ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਪਿਆ, ਕਿਉਕਿ ਉਸ ਦਾ ਬਾਪੂ ਅੱਜ ਹੋਸ਼ ਵਿਚ ਨਹੀ ਸੀ ਲੱਗ ਰਿਹਾ। ਬਜਾਇ ਪਾਣੀ ਮੰਗਣ ਦੇ, ਜਾਂ ਮੁੰਡਿਆਂ ਨੂੰ ਅਵਾਜਾਂ ਮਾਰਨ ਦੇ, ਉਹ ਬੁੜ-ਬੜਾਈ ਜਾ ਰਿਹਾ ਸੀ, ‘ਹਾਏ ! ਹਾਏ ! ਮੈਨੂੰ ਵੀ ਆਪਣੇ ਨਾਲ ਹੀ ਲੈ ਚੱਲ ਰੌਣਕੀ ਪਿੱਪਲਾ! ਤੇਰੇ ਬਿਨਾਂ ਮੇਰਾ ਘਰ ਵਿਚ ਹੁਵੜੇ ਬੈਠੇ ਦਾ ਕਾਹਦਾ ਹਾਲ!’ ਬੁੜ-ਬੁੜਾਂਦਾ ਹੋਇਆ ਬਾਬਾ ਧਰਮਾ ਵੀ ਹਟਕੋਰਾ ਜਿਹਾ ਮਾਰਕੇ ਜਾਣੋ ਰੌਣਕੀ ਪਿੱਪਲ ਨਾਲ ਹੀ ਜਾ ਰਲਿਆ।

LEAVE A REPLY

Please enter your comment!
Please enter your name here