ਭਾਅ ਜੀ ਗੁਰਸ਼ਰਨ ਸਿੰਘ ਸੰਸਾਰ ਭਰ ਦੇ ਉਨ੍ਹਾਂ ਨਾਟਕਕਾਰਾਂ ਦੀ ਪਰੰਪਰਾ ਵਿਚ ਆਉਂਦੇ ਹਨ, ਜਿਨ੍ਹਾਂ ਨੇ ਨਾਟਕ ਨੂੰ ਲੋਕਾਂ ਦੇ ਹਿੱਤਾਂ ਦੀ ਲੜਾਈ ਲੜਨ ਲਈ ਹਥਿਆਰ ਵਜੋਂ ਵਰਤਿਆ। 1981 ਦਾ ਵਰ੍ਹਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਮੀਲ ਪੱਥਰ ਵਾਂਗ ਹੈ। ਭਾਅ ਜੀ ਨੇ ਵੱਡਾ ਫ਼ੈਸਲਾ ਲਿਆ ਜਿਵੇਂ ਇਕ ਪੰਜਾਬੀ ਕਵੀ ਨੇ ਕਿਹਾ ਹੈ, ‘‘ਲੱਖ ਖੁਸ਼ੀਆਂ ਅਸਾਂ ਸੁੱਟ ਪਾਈਆਂ, ਇਕ ਇਲਮ ਪ੍ਰੇਮ ਦਾ ਰੱਖ ਲੀਤਾ।’’ ਉਨ੍ਹਾਂ ਨੌਕਰੀ ਛੱਡ ਦਿੱਤੀ ਤੇ ਨਾਟਕ ਨੂੰ ਚੁਣਿਆ। ਪੰਜਾਬ ਦੇ ਜੋਗੀ ਬਣ ਕੇ ਪੰਜਾਬ ਦੀ ਖ਼ਲਕ ਦੇ ਦਰ ’ਤੇ ਅਲਖ ਜਗਾਈ।

ਗੁਰਸ਼ਰਨ ਭਾਅ ਜੀ ਨੇ 1947 ਦੇ ਉਜਾੜੇ ਵੇਲੇ ਲੋਕਾਂ ਨੂੰ ਘਰਾਂ ਤੋਂ ਉੱਜੜਦਿਆਂ ਵੇਖਿਆ, ਕਤਲੋ-ਗਾਰਤ ਹੁੰਦੀ ਵੇਖੀ, ਲੋਕਾਂ ਨੂੰ ਕੈਂਪਾਂ ਵਿਚ ਰੁਲਦਿਆਂ ਵੇਖਿਆ, ਧੀਆਂ ਭੈਣਾਂ ਦੀ ਬੇਪੱਤੀ ਹੁੰਦੀ ਵੇਖੀ-ਇਹ ਸਾਰਾ ਮੰਜ਼ਰ ਵੇਖ ਕੇ ਉਹ ਧੁਰ ਅੰਦਰ ਤਕ ਝੰਜੋੜੇ ਗਏ। ਉਸ ਦਿਨ ਤੋਂ ਉਨ੍ਹਾਂ ਫ਼ੈਸਲਾ ਕਰ ਲਿਆ ਕਿ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾ ਦੇਣਗੇ। ਉਨ੍ਹਾਂ ਵੰਡ ਵੇਲੇ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਦੀ ਕੈਂਪਾਂ ਵਿਚ ਜਾ ਕੇ ਮਦਦ ਕੀਤੀ। ਉਥੇ ਭਗਤ ਪੂਰਨ ਸਿੰਘ ਵੱਲੋਂ ਮਰੀਜ਼ਾਂ ਦੀ ਕੀਤੀ ਜਾਂਦੀ ਸੇਵਾ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਫੇਰ ਉਨ੍ਹਾਂ ਨੂੰ ਨੰਗਲ ਵਿਚ ਬਣ ਰਹੇ ‘ਭਾਖੜਾ ਡੈਮ’ ਦੇ ਪ੍ਰੋਜੈਕਟ ਵਿਚ ਬਤੌਰ ਇੰਜਨੀਅਰ ਸਰਕਾਰੀ ਨੌਕਰੀ ਮਿਲ ਗਈ। ਉਥੇ ਡੈਮ ਦੇ ਬੰਨ੍ਹ ’ਤੇ ਖੜ੍ਹ ਕੇ ਜਦੋਂ ਗੁਰਸ਼ਰਨ ਭਾਅ ਜੀ ਨੇ ਵੇਖਿਆ ਕਿ ਦਰਿਆ ਦੇ ਪਾਣੀ ਨੂੰ ਬੰਨ੍ਹ ਲਾ ਕੇ, ਕਿਵੇਂ ਇਕ ਪਾਸੇ ਤੋਂ ਮੋੜ ਕੇ ਦੂਜੇ ਪਾਸੇ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਸੋਚਿਆ ਕਿ ਜੇਕਰ ਅਸੀਂ ਦਰਿਆਵਾਂ ਦੇ ਵਹਿਣ ਬਦਲ ਸਕਦੇ ਹਾਂ ਤਾਂ ਸਮਾਜ ਨੂੰ ਕਿਉਂ ਨਹੀਂ ਬਦਲ ਸਕਦੇ।
ਗੁਰਸ਼ਰਨ ਭਾਅ ਜੀ ਦੀ ਟੀਮ ਵਿਚ ਮੈਂ 1978 ਤੋਂ ਲੈ ਕੇ 1988 ਤੱਕ 10 ਸਾਲ ਨਾਟਕ ਖੇਡਦਾ ਰਿਹਾਂ। ਉਸ ਵੇਲੇ ਤੋਂ ਲੈ ਕੇ ਲਗਾਤਾਰ ਮੇਰੀ ਭਾਅ ਜੀ ਨਾਲ ਲਗਭਗ 35 ਸਾਲ ਸਾਂਝ ਰਹੀ। ਮੈਂ ਉਨ੍ਹਾਂ ਦੇ ਨਾਟ ਗਰੁੱਪ ਨਾਲ 1978 ’ਚ ਜੁੜਿਆ ਤੇ ਅਗਲੇ 10 ਸਾਲਾਂ ’ਚ ਹੋਈ ਹਰੇਕ ਪੇਸ਼ਕਾਰੀ ਵਿਚ ਹਾਜ਼ਰ ਰਿਹਾਂ। ਉਦੋਂ ਪੰਜਾਬ ’ਚ ਅਤਿਵਾਦ ਦਾ ਦੌਰ ਸੀ। ਉਨ੍ਹਾਂ ਕਾਲੇ ਸਮਿਆਂ ਵਿਚ ਵੀ ਮੈਂ ਭਾਅ ਜੀ ਨੂੰ ਬੇਬਾਕ ਵਿਚਰਦਿਆਂ ਵੇਖਿਆ। ਇਕ ਦਿਨ ਵਿਚ ਭਾਅ ਜੀ ਤਿੰਨ-ਤਿੰਨ, ਚਾਰ-ਚਾਰ ਪਿੰਡਾਂ ਵਿੱੱਚ ਨਾਟਕਾਂ ਦੇ ਸ਼ੋਅ ਕਰਦੇ ਰਹੇ। ਉਦੋਂ ਭਾਅ ਜੀ ਦੇ ਨਾਟਕ ‘ਤੂਤਾਂ ਵਾਲਾ ਖੂਹ’, ‘ਟੋਆ’, ‘ਯਾਰੜੇ ਦਾ ਸੱਥਰ’, ‘ਹੋਰ ਭੀ ਉਠਸੀ ਮਰਦ ਕਾ ਚੇਲਾ’, ‘ਕੁਰਸੀ’, ‘ਮੋਰਚਾ’ ਅਤੇ ‘ਹਵਾ ਵਿਚ ਲਟਕਦੇ ਲੋਕ’, ‘ਕਰਫਿਊ’, ‘ਸਾਧਾਰਨ ਲੋਕ’, ‘ਹਿੱਟ ਲਿਸਟ’, ‘ਰਾਜ ਸਾਹਿਬਾਂ ਦਾ’, ‘ਚੰਡੀਗੜ੍ਹ ਪੁਆੜੇ ਦੀ ਜੜ੍ਹ’, ‘ਕੁਲਾਜ ਤੇਰਾ ਨਾਂਅ ਪੰਜਾਬ’, ‘ਬਾਬਾ ਬੋਲਦਾ ਹੈ’ ਤੇ ‘ਮੈਂ ਉਗਰਵਾਦੀ ਨਹੀਂ ਹਾਂ’ ਬਹੁਤ ਖੇਡੇ ਜਾਂਦੇ ਸਨ। ਸ਼ਰੇਆਮ ਅਤਿਵਾਦ ਖ਼ਿਲਾਫ਼ ਬੋਲਣ ਵਾਲੇ ਭਾਅ ਜੀ ਨੇ ਉਨ੍ਹਾਂ ਸਮਿਆਂ ਵਿਚ ਪਿੰਡ-ਪਿੰਡ, ਸ਼ਹਿਰ-ਸ਼ਹਿਰ ਹਿੰਦੂ-ਸਿੱਖ ਏਕਤਾ ਦਾ ਸੁਨੇਹਾ ਦਿੱਤਾ, ਜਦੋਂ ਚਾਰੇ ਪਾਸੇ ਮੌਤ ਨੱਚਦੀ ਫਿਰਦੀ ਸੀ। ਮੇਰੀਆਂ ਅੱਖਾਂ ਅੱਗੇ ਉਸੇ ਤਰ੍ਹਾਂ ਭਾਅ ਜੀ ਦੇ ਅੰਮ੍ਰਿਤਸਰ ਵਾਲੇ ਘਰ ਦਾ ਨਕਸ਼ਾ ਹੈ ਕਿ ਕਿਵੇਂ ਅਸੀਂ ਸ਼ਾਮ ਨੂੰ ਛੱਤ ’ਤੇ ਰਿਹਰਸਲਾਂ ਕਰਦੇ ਤੇ ਭਾਬੀ ਜੀ ਸਾਨੂੰ ਬਾਲਟੀ ’ਚ ਬਰਫ ਪਾ ਕੇ ਠੰਢਾ ਪਾਣੀ ਦਿੰਦੇ। ਉਸੇ ਘਰ ਨੂੰ ਭਾਅ ਜੀ ਓਪਨ ਥੀਏਟਰ ਦਾ ਰੂਪ ਦੇਣਾ ਚਾਹੁੰਦੇ ਸਨ। ਭਾਅ ਜੀ ਦੀ ਬੜੀ ਰੀਝ ਸੀ ਕਿ ਉਨ੍ਹਾਂ ਦੇ ਘਰ ਵਿਚ ਓਪਨ ਏਅਰ ਥੀਏਟਰ ਹੋਵੇ, ਪਰ ਪੰਜਾਬ ਅੰਦਰ ਝੁੱਲੀ ਅਤਿਵਾਦ ਦੀ ਹਨੇਰੀ ਕਰਕੇ ਭਾਅ ਜੀ ਨੂੰ 1988 ਵਿਚ ਉਹ ਘਰ ਛੱਡ ਕੇ ਚੰਡੀਗੜ੍ਹ ਜਾਣਾ ਪਿਆ।

ਗੁਰਸ਼ਰਨ ਭਾਅ ਜੀ ਇਕ ਨਾਟਕ ਵਿਚ ਕਿਰਦਾਰ ਨਿਭਾਉਂਦੇ ਹੋਏ।

ਉਨ੍ਹਾਂ ਨੇ ਖ਼ਾਸ ਤੌਰ ’ਤੇ ਔਰਤਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਕਈ ਵਾਰੀ ਜਦੋਂ ਉਹ ਪਿੰਡਾਂ ਵਿਚ ਨਾਟਕ ਖੇਡਦੇ ਤਾਂ ਦਰਸ਼ਕਾਂ ਵਿਚ ਔਰਤਾਂ ਨਾ ਹੁੰਦੀਆਂ ਤਾਂ ਭਾਅ ਜੀ ਨਾਟਕ ਨਹੀਂ ਸ਼ੁਰੂ ਕਰਦੇ ਸੀ। ਉਹ ਸਟੇਜ ਤੋਂ ਐਲਾਨ ਕਰਦੇ ਕਿ ਧੀਆਂ, ਭੈਣਾਂ ਘਰਾਂ ’ਚ ਲੁਕ ਕੇ ਨਾ ਬੈਠਣ, ਉਹ ਵੀ ਆ ਕੇ ਨਾਟਕ ਦੇਖਣ। ਫਿਰ ਜਦੋਂ ਔਰਤਾਂ ਵੀ ਪੁਰਸ਼ਾਂ ਦੇ ਬਰਾਬਰ ਆ ਕੇ ਬੈਠਦੀਆਂ ਤਾਂ ਭਾਅ ਜੀ ਨਾਟਕ ਸ਼ੁਰੂ ਕਰਦੇ। ਉਨ੍ਹਾਂ ਦੇ ਬਹੁਤੇ ਨਾਟਕਾਂ ਦੇ ਵਿਸ਼ੇ ਔਰਤਾਂ ਦੇ ਹੱਕਾਂ ਤੇ ਸਮਾਜਿਕ ਨਾ-ਬਰਾਬਰੀ ਦੇ ਹੀ ਹੁੰਦੇ। ਅਸੀਂ ਭਾਅ ਜੀ ਨਾਲ ਗੰਗਾ ਨਗਰ ਨੇੜੇ ਇਕ ਪਿੰਡ ਵਿਚ ਹਰ ਸਾਲ ਨਾਟਕ ਖੇਡਣ ਜਾਂਦੇ ਸੀ। ਜਦੋਂ ਪਹਿਲੀ ਵਾਰੀ ਨਾਟਕ ਖੇਡਣ ਗਏ ਤਾਂ ਦੇਖਿਆ ਕਿ ਪਿੰਡ ਦੀਆਂ ਔਰਤਾਂ ਨੇ ਲੰਮੇ ਲੰਮੇ ਘੁੰਢ ਕੱਢੇ ਹੋਏ ਸਨ। ਅਗਲੇ ਸਾਲ ਗਏ ਤਾਂ ਉਨ੍ਹਾਂ ਔਰਤਾਂ ਦੇ ਲੰਮੇ ਘੁੰਢ ਹੁਣ ਸਿਰਫ਼ ਅੱਧੇ ਮੂੰਹ ਤੱਕ ਸਨ ਤੇ ਜਦੋਂ ਤੀਜੀ ਵਾਰ ਗਏ ਤਾਂ ਕਿਸੇ ਔਰਤ ਨੇ ਵੀ ਘੁੰਢ ਨਹੀਂ ਕੱਢਿਆ ਸੀ ਤੇ ਉਹ ਔਰਤਾਂ ਪੁਰਸ਼ਾਂ ਦੇ ਬਰਾਬਰ ਬੈਠ ਕੇ ਨਾਟਕ ਦੇਖ ਰਹੀਆਂ ਸਨ, ਇਹ ਭਾਅ ਜੀ ਦੇ ਨਾਟਕਾਂ ਦੀ ਦੇਣ ਸੀ। ਸ਼ਾਇਦ ਬਹੁਤੇ ਲੋਕ ਨਹੀਂ ਜਾਣਦੇ ਕਿ ਪਹਿਲਾਂ ਪੰਜਾਬ ਸਿੱਖਿਆ ਵਿਭਾਗ ਵੱਲੋਂ ਦਸਵੀਂ ਦੇ ਸਰਟੀਫਿਕੇਟਾਂ ਉਪਰ ਇਕੱਲੇ ਪਿਤਾ ਦਾ ਹੀ ਨਾਮ ਲਿਖਿਆ ਜਾਂਦਾ ਸੀ, ਫੇਰ ਭਾਅ ਜੀ ਨੇ ਆਪਣੇ ਨਾਟਕਾਂ ਰਾਹੀਂ ਇਹ ਗੱਲ ਸਿੱਖਿਆ ਵਿਭਾਗ ਤੱਕ ਪਹੁੰਚਾਈ ਕਿ ਜੋ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਉਸ ਦਾ ਨਾਮ ਵੀ ਸਰਟੀਫਿਕੇਟ ਉਪਰ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ‘ਪੰਜਾਬ ਸਕੂਲ ਸਿੱਖਿਆ ਬੋਰਡ’ ਨੇ ਦਸਵੀਂ ਦੇ ਸਰਟੀਫਿਕੇਟ ਉਪਰ ਪਿਓ ਦੇ ਨਾਲ ਮਾਂ ਦਾ ਨਾਮ ਲਿਖਣਾ ਸ਼ੁਰੂ ਕੀਤਾ।

ਭਾਈ ਮੰਨਾ ਸਿੰਘ ਨਾਟਕ ਦਾ ਇਕ ਦ੍ਰਿਸ਼।

ਭਾਅ ਜੀ ਦੇ ਥੜ੍ਹਾ ਥੀਏਟਰ, ਪੇਂਡੂ ਰੰਗਮੰਚ ਤੇ ਨੁੱਕੜ ਨਾਟਕ ਨੂੰ ਉਸ ਵੇਲੇ ਵੱਡੀ ਪਛਾਣ ਮਿਲੀ ਜਦੋਂ 1982 ਵਿਚ ਦਿੱਲੀ ਅਤੇ ਫਿਰ 1983 ਵਿਚ ਭੋਪਾਲ ਵਿਚ ਨੁੱਕੜ ਨਾਟਕ ਮੇਲੇ ਅਤੇ ਸੈਮੀਨਾਰ ਹੋਏ। ਇਨ੍ਹਾਂ ਦੋਵਾਂ ਥਾਵਾਂ ’ਤੇ ਪੰਜਾਬ ਤੋਂ ਸਿਰਫ਼ ਗੁਰਸ਼ਰਨ ਭਾਅ ਜੀ ਸਨ ਤੇ ਬਾਕੀ ਸੂਬਿਆਂ ਤੋਂ ਬੀ. ਵੀ ਕਾਰੰਥ, ਸਈਂ ਪਰਾਂਜਪੇ, ਪਰਲ ਪਦਮਸੀ, ਰਤੀ ਭਾਰਥੋਲੋਮੀ, ਤ੍ਰਿਪੁਰਾਰੀ ਸ਼ਰਮਾ, ਸ਼ਮਸੁਲ ਇਸਲਾਮ, ਡੀ. ਆਰ. ਅੰਕੁਰ, ਨੰਦਿਤਾ ਹਕਸਰ, ਅਨੁਰਾਧਾ ਕਪੂਰ, ਕੀਰਤੀ ਜੈਨ, ਸਫ਼ਦਰ ਹਾਸ਼ਮੀ ਅਤੇ ਕਨਹਾਈ ਲਾਲ ਵਰਗੀਆਂ ਹਸਤੀਆਂ ਵੀ ਸ਼ਾਮਲ ਸਨ। ਦੋਵਾਂ ਥਾਵਾਂ ’ਤੇ ਭਾਅ ਜੀ ਦੀ ਟੀਮ ਵਿਚ ਅਦਾਕਾਰੀ ਕਰਨ ਵਾਲਿਆਂ ਵਿਚ ਮੈਂ, ਅਰੀਤ, ਦਲੀਪ ਭਨੋਟ, ਜਸਵੰਤ ਜੱਸ, ਸਤਵਿੰਦ ਸੋਨੀ, ਕ੍ਰਿਸ਼ਨ ਦਵੇਸਰ, ਪਵਨਦੀਪ, ਪਰਮਜੀਤ ਸਿੰਘ, ਮੋਹਨਜੀਤ ਵਗੈਰਾ ਸਨ। ਇਨ੍ਹਾਂ ਦੋਵਾਂ ਥਾਂ ’ਤੇ ਭਾਅ ਜੀ ਨੇ ਸੈਮੀਨਾਰ ਦੌਰਾਨ ਪੇਂਡੂ ਰੰਗਮੰਚ ਬਾਰੇ ਪੇਸ਼ਕਾਰੀ ਦਿੱਤੀ, ਜਿਸ ਨੇ ਘੱਟ ਸਾਧਨਾਂ ਨਾਲ ਨਾਟਕਾਂ ਦੇ ਬਿਹਤਰੀਨ ਮੰਚਨ ਵਾਲਾ ਪੱਖ ਉਜਾਗਰ ਕੀਤਾ। ਭੋਪਾਲ ਵਿਚ ਪੇਸ਼ਕਾਰੀ ਤੋਂ ਬਾਅਦ ਤਾਂ ਹਰ ਪਾਸੇ ਗੁਰਸ਼ਰਨ, ਗੁਰਸ਼ਰਨ ਹੋਣ ਲੱਗ ਪਈ। ਫਿਰ 1984 ਵਿਚ ਮੁੰਬਈ ਵਿਚ ਰਾਸ਼ਟਰੀ ਨੁੱਕੜ ਨਾਟਕ ਮੇਲੇ ਵੇਲੇ ਜਦੋਂ ਅਸੀਂ 31 ਅਕਤੂਬਰ ਨੂੰ ਮੁੰਬਈ ਪੁੱਜੇ ਤਾਂ ਉਸ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਸਾਡੀ ਟੀਮ ਵਿਚ ਭਾਅ ਜੀ ਸਮੇਤ ਕਈ ਸਿੱਖ ਕਲਾਕਾਰ ਸਨ, ਇਸ ਲਈ ਸਾਨੂੰ ਰਮੇਸ਼ ਤਲਵਾਰ ਨੇ ਸਾਗਰ ਸਰਹੱਦੀ ਦੇ ਘਰ ਵਿਚ ਹਿਫ਼ਾਜ਼ਤ ਨਾਲ ਪਹੁੰਚਾ ਦਿੱਤਾ, ਜਿੱਥੇ ਸ਼ਾਮ ਨੂੰ ਏ.ਕੇ. ਹੰਗਲ, ਮਨਮੋਹਨ ਕ੍ਰਿਸ਼ਨ, ਸੁਰੇਸ਼ ਓਬਰਾਏ, ਫਾਰੂਖ਼ ਸ਼ੇਖ, ਰੋਹਿਨੀ ਹਤੰਗੜੀ, ਸ਼ਬਾਨਾ ਆਜ਼ਮੀ, ਓਮ ਪੁਰੀ, ਰਮੇਸ਼ ਤਲਵਾਰ ਤੇ ਸਾਗਰ ਸਰਹੱਦੀ ਵੀ ਪੁੱਜ ਗਏ, ਤਾਂ ਉਥੇ ਵੀ ਭਾਅ ਜੀ ਦੇ ਵਿਚਾਰਾਂ ਤੋਂ ਸਾਰੇ ਬਹੁਤ ਪ੍ਰਭਾਵਿਤ ਹੋਏ। ਉਥੇ ਹੀ ਦੋ ਦਿਨ ਬਾਅਦ ‘ਪੈਗ਼ਾਮ-ਏ-ਇਨਕਲਾਬ’ ਗੀਤ ਵਾਲੀ ਕੈਸੇਟ ਸਟੂਡੀਓ ਵਿਚ ਰਿਕਾਰਡ ਕਰਵਾਈ, ਜਿਸ ਵਿਚ ਇਕ ਗੀਤ ਸੀ ‘ਐ ਲਾਲ ਫਰੇਰੇ ਤੇਰੀ ਕਸਮ, ਇਸ ਖ਼ੂਨ ਦਾ ਬਦਲਾ ਹਮ ਲੇਂਗੇ’, ਸਟੂਡੀਓ ਵਾਲੇ ਨੇ ਪੁਲੀਸ ਨੂੰ ਰਿਪੋਰਟ ਕਰ ਦਿੱਤੀ ਕਿ ਪੰਜਾਬ ਤੋਂ ਆਏ ਕੁਝ ਲੋਕ ਬਦਲਾ ਲੈਣ ਦੀ ਗੱਲ ਕਰ ਰਹੇ ਨੇ ਤੇ ਅਗਲੇ ਦਿਨ ਭਾਅ ਜੀ ਸਮੇਤ ਸਾਰੇ ਕਲਾਕਾਰਾਂ ਨੂੰ ਪੁਲੀਸ ਨੇ ਥਾਣੇ ਡੱਕ ਦਿੱਤਾ। ਸਾਰੇ ਦਿਨ ਦੀ ਖੱਜਲ-ਖ਼ੁਆਰੀ ਤੋਂ ਬਾਅਦ ਸ਼ਾਮ ਨੂੰ ਸ਼ਬਾਨਾ ਆਜ਼ਮੀ, ਰੋਹਿਨੀ ਹਤੰਗੜੀ ਤੇ ਜੈਦੇਵ ਹਤੰਗੜੀ ਨੇ ਗਵਰਨਰ ਕੋਲ ਪਹੁੰਚ ਕੇ ਭਾਅ ਜੀ ਬਾਰੇ ਦੱਸਿਆ ਤੇ ਫੇਰ ਜਾ ਕੇ ਸਾਨੂੰ ਛੱਡਿਆ ਗਿਆ।

ਕੇਵਲ ਧਾਲੀਵਾਲ

ਮੋਗੇ ਨੇੜੇ ਇਕ ਪਿੰਡ ਵਿਚ ਅਸੀਂ 1981 ’ਚ ਨਾਟਕ ਖੇਡਣ ਗਏ ਤਾਂ ਪ੍ਰਬੰਧਕ ਇਕ ਘਰ ਦੇ ਖੁੱਲ੍ਹੇ ਵਿਹੜੇ ਵਿਚ ਲੈ ਗਏ ਤੇ ਕਹਿੰਦੇ ਕਿ ਨਾਟਕ ਏਥੇ ਹੀ ਖੇਡਣਾ ਹੈ। ਭਾਅ ਜੀ ਨੇ ਕਿਹਾ ਕਿ ਤੁਸੀਂ ਪਿੰਡ ਦੇ ਸਕੂਲ ਦੀ ਸਟੇਜ ’ਤੇ ਪ੍ਰੋਗਰਾਮ ਕਰਵਾ ਲਓ। ਘਰ ਵਾਲੇ ਕਹਿਣ ਲੱਗੇ ਕਿ ਅਸੀਂ ’ਤੇ ਆਪਣੇ ਮੁੰਡੇ ਦੇ ਵਿਆਹ ਦੀ ਸੁੱਖਣਾ ਸੁੱਖੀ ਸੀ ਕਿ ਜੇ ਸਾਡਾ ਮੁੰਡਾ ਵਿਆਹਿਆ ਜਾਵੇ ਤਾਂ ਅਸੀਂ ਗੁਰਸ਼ਰਨ ਸਿੰਘ ਦੇ ਨਾਟਕ ਕਰਾਵਾਂਗੇ। ਫੇਰ ਅਸੀਂ ਉਸ ਵਿਹੜੇ ਵਿਚ ਹੀ ‘ਟੋਆ’, ‘ਇਹ ਲਹੂ ਕਿਸ ਦਾ ਹੈ’ ਤੇ ‘ਤੂਤਾਂ ਵਾਲਾ ਖੂਹ’ ਨਾਟਕ ਖੇਡੇ। ਸਾਰਾ ਪਿੰਡ ਵੇਖਣ ਆਇਆ, ਕੋਈ ਭੁੰਜੇ, ਕੋਈ ਛੱਤ ’ਤੇ, ਕੋਈ ਚੌਂਤਰੇ ’ਚ ਤੇ ਕੋਈ ਖੁਰਲੀ ਉੱਤੇ ਖੜ੍ਹ ਕੇ ਨਾਟਕ ਵੇਖਦਾ ਰਿਹਾ।
ਜਦੋਂ ਮੁਹਾਲੀ ਵਿਚ 1985 ਵਿਚ ਡਾ. ਆਤਮਜੀਤ ਨੇ ਸੱਤ ਦਿਨ ਦਾ ਸਦਭਾਵਨਾ ਨਾਟਕ ਮੇਲਾ ਕੀਤਾ ਤਾਂ ਉਥੇ ਭਾਅ ਜੀ ਦਾ ਨਾਟਕ ਸੀ ‘ਚੰਡੀਗੜ੍ਹ ਪੁਆੜੇ ਦੀ ਜੜ੍ਹ’। ਉਸ ਸਮੇਂ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਨਾਟਕ ਵੇਖਣ ਆ ਗਏ। ਪਹਿਲੀ ਕਤਾਰ ਵਿਚ ਬਰਨਾਲਾ ਸਾਹਿਬ ਨਾਲ ਭਾਅ ਜੀ ਵੀ ਬੈਠੇ ਸਨ ਤੇ ਅਸੀਂ ਸਟੇਜ ’ਤੇ ਨਾਟਕ ਖੇਡ ਰਹੇ ਸੀ। ਉਸ ਨਾਟਕ ਵਿਚ ਗੀਤ ਦੀਆਂ ਸਤਰਾਂ ਸਨ, ‘‘ਬਰਨਾਲਾ ਦਿਲ ਦਾ ਕਾਲਾ, ਮੈਂ ਇਹਦੇ ਨਾਲ ਨਹੀਂ ਜਾਣਾ’’, ਇਹ ਸਤਰ ਸੁਣ ਕੇ ਪ੍ਰਬੰਧਕਾਂ ਤੇ ਬਰਨਾਲਾ ਸਾਹਿਬ ਦੇ ਸਾਥੀਆਂ ਦੀ ਹਾਲਤ ਵੇਖਣ ਵਾਲੀ ਸੀ, ਪਰ ਬਰਨਾਲਾ ਸਾਹਿਬ ਤੇ ਭਾਅ ਜੀ ਬੈਠੇ ਮੁਸਕਰਾ ਰਹੇ ਸਨ। 1983 ਵਿਚ ਜਦੋਂ ਅੰਮ੍ਰਿਤਸਰ ਦੇ ਛੇਹਰਟਾ ਚੌਕ ਵਿਚ ਕਾਮਰੇਡ ਸਤਪਾਲ ਡਾਂਗ ਨੇ ਸ਼ਾਮ ਨੂੰ ਪ੍ਰੋਗਰਾਮ ਰੱਖਿਆ ਤਾਂ ਉਸ ਵਿਚ ਭਾਅ ਜੀ ਦੇ ਨਾਟਕ ਵੀ ਸਨ। ਪ੍ਰੋਗਰਾਮ ਵਾਲੀ ਥਾਂ ’ਤੇ ਕੁਝ ਨੌਜਵਾਨਾਂ ਵੱਲੋਂ ਧਮਕੀ ਵੀ ਪਹੁੰਚ ਗਈ ਕਿ ਅਸੀਂ ਬੰਦੂਕਾਂ ਲੈ ਕੇ ਆ ਰਹੇ ਹਾਂ, ਪ੍ਰੋਗਰਾਮ ਨਹੀਂ ਹੋਣ ਦਿਆਂਗੇ, ਪਰ ਸਤਪਾਲ ਡਾਂਗ ਹੁਰੀਂ ਕਹਿਣ ਲੱਗੇ ਕਿ ਪ੍ਰੋਗਰਾਮ ਤਾਂ ਹੋਏਗਾ। ਪ੍ਰੋਗਰਾਮ ਸ਼ੁਰੂ ਹੋ ਗਿਆ, ਉਹ ਬੰਦੂਕਾਂ ਵਾਲੇ ਵੀ ਆ ਗਏ, ਬੰਦੂਕਾਂ ਵਾਲੇ ਵੀ ਨਾਟਕ ’ਚ ਖੁੱਭ ਗਏ ਤੇ ਬਾਅਦ ਵਿਚ ਭਾਅ ਜੀ ਨੂੰ ਮਿਲ ਕੇ ਅਤੇ ਨਾਟਕਾਂ ਦੀ ਪ੍ਰਸੰਸਾ ਕਰਕੇ ਗਏ।
ਭਾਅ ਜੀ ਦੀ ਇਕ ਹੋਰ ਬੜੀ ਵੱਡੀ ਦੇਣ ਹੈ। ਜਦੋਂ ਲੁਧਿਆਣੇ ਦੇ ਪੁਲ ਉਤੋਂ ਲੰਘੀਏ ਤਾਂ ਉਥੇ ਸ਼ਹੀਦ ਰਾਜਗੁਰੂ, ਸੁਖਦੇਵ, ਭਗਤ ਸਿੰਘ ਤਿੰਨਾਂ ਦੇ ਜੋ ਬੁੱਤ ਨਜ਼ਰ ਆਉਂਦੇ ਹਨ, ਉਥੇ ਕਿਸੇ ਵੇਲੇ ਸਿਰਫ਼ ਸ਼ਹੀਦ ਭਗਤ ਸਿੰਘ ਦਾ ਹੀ ਬੁੱਤ ਸੀ, ਪਰ ਭਾਅ ਜੀ ਨੇ ਆਪਣੇ ਨਾਟਕ ‘ਇਨਕਲਾਬ ਸਾਡੀ ਮੰਜ਼ਿਲ ਹੈ’ ਰਾਹੀਂ ਆਵਾਜ਼ ਉਠਾਈ ਕਿ ਜੇਕਰ ਸ਼ਹੀਦ ਭਗਤ ਸਿੰਘ ਦਾ ਬੁੱਤ ਉਸ ਚੌਰਾਹੇ ’ਚ ਲੱਗਾ ਹੈ ਤਾਂ ਭਗਤ ਸਿੰਘ ਨਾਲ ਸ਼ਹੀਦ ਹੋਣ ਵਾਲੇ ਰਾਜਗੁਰੂ ਤੇ ਸੁਖਦੇਵ ਦਾ ਬੁੱਤ ਵੀ ਨਾਲ ਹੀ ਲੱਗਣਾ ਚਾਹੀਦਾ ਹੈ। ਇਸ ਨਾਟਕ ਦਾ ਇਕ ਸ਼ੋਅ ਭਾਅ ਜੀ ਨੇ ਉਦੋਂ ਲੁਧਿਆਣੇ ਦੇ ਉਸ ਪੁਲ ਉਪਰ ਭਗਤ ਸਿੰਘ ਦੇ ਬੁੱਤ ਥੱਲੇ ਹੀ ਖੇਡਿਆ ਸੀ, ਫੇਰ ਹੀ ਲੁਧਿਆਣਾ ਪ੍ਰਸ਼ਾਸਨ ਨੇ ਤਿੰਨੇ ਬੁੱਤ ਇਕੱਠੇ ਲਾਏ ਸਨ।
ਭਾਅ ਜੀ ਨੇ ਇਕ ਨਾਟਕ ਲਿਖਿਆ ‘ਭਾਈ ਮੰਨਾ ਸਿੰਘ’। ਇਹ ਨਾਟਕ ਜਲੰਧਰ ਦੂਰਦਰਸ਼ਨ ਉਤੇ 18 ਕਿਸ਼ਤਾਂ ’ਚ ਵਿਖਾਇਆ ਗਿਆ, ਇਸ ਨਾਟਕ ਵਿਚ ਭਾਅ ਜੀ ਆਪ ‘ਭਾਈ ਮੰਨਾ ਸਿੰਘ’ ਦਾ ਕਿਰਦਾਰ ਨਿਭਾਉਂਦੇ ਸਨ। ਇਹ ਲੜੀਵਾਰ ਜਦੋਂ ਦੂਰਦਰਸ਼ਨ ’ਤੇ ਪ੍ਰਸਾਰਿਤ ਹੁੰਦਾ ਤਾਂ ਲੋਕ ਆਪਣੇ ਕੰਮ-ਕਾਰ ਛੱਡਕੇ ਟੀ. ਵੀ. ਸਾਹਮਣੇ ਬੈਠ ਜਾਂਦੇ। ਉਦੋਂ ਤੋਂ ਭਾਅ ਜੀ ਜਿੱਥੇ ਵੀ ਜਾਂਦੇ, ਲੋਕੀ ਕਹਿੰਦੇ ਉਹ ਜਾਂਦਾ ‘ਭਾਈ ਮੰਨਾ ਸਿੰਘ’। ਭਾਅ ਜੀ ਆਪਣੀ ਟੀਮ ਦੇ ਕਲਾਕਾਰਾਂ ਦੇ ਦੁੱਖ-ਸੁੱਖ ਵਿਚ ਪਿਓ ਵਾਂਗ ਸ਼ਾਮਲ ਹੁੰਦੇ। ਮੈਨੂੰ ਯਾਦ ਹੈ, ਜਦੋਂ ‘ਕ੍ਰਿਸ਼ਨ’ ਨਾਟਕ ਦੀ ਪੇਸ਼ਕਾਰੀ ਨੂੰ ਲੈ ਕੇ ਮੇਰੇ ’ਤੇ ਤਲਵਾਰਾਂ ਤੇ ਗੋਲੀਆਂ ਨਾਲ ਹਮਲਾ ਕੀਤਾ ਸੀ, ਤਾਂ ਉਦੋਂ ਭਾਅ ਜੀ ਮੇਰੇ ਕੋਲ ਆਏ ਤੇ ਕਹਿਣ ਲੱਗੇ, ‘‘ਤੂੰ ਇਹ ਨਾਟਕ ਹਾਲੇ ਕੁਝ ਦੇਰ ਨਾ ਕਰ, ਇਹ ਤਾਂ ਸਿਰ ਫਿਰੇ ਲੋਕ ਨੇ, ਐਵੇਂ ਤੇਰਾ ਕੋਈ ਨੁਕਸਾਨ ਨਾ ਕਰ ਦੇਣ, ਤੇਰੀ ਹਾਲੇ ਪੰਜਾਬੀ ਰੰਗਮੰਚ ਨੂੰ ਬੜੀ ਲੋੜ ਏ।’’
ਭਾਅ ਜੀ ਦਾ ਉਤਸ਼ਾਹ, ਲਗਨ, ਮਿਹਨਤ, ਸਵੈ ਭਰੋਸਾ ਤੇ ਨਿਸ਼ਕਾਮ ਘਾਲਣਾ ਵੇਖ ਕੇ ਬਲਰਾਜ ਸਾਹਨੀ ਅਪਰੈਨ 1966 ਵਿਚ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਮੰਚ ’ਤੇ ਭਾਅ ਜੀ ਕੋਲ ਆਏ। ਜਦੋਂ ਦਰਸ਼ਕਾਂ ਨੇ ਸ੍ਰੀ ਸਾਹਨੀ ਨੂੰ ਫ਼ਿਲਮੀ ਵਾਰਤਾਲਾਪ ’ਤੇ ਅਭਿਨੈ ਕਰਨ ਨੂੰ ਕਿਹਾ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਅਜੀਬ ਵੇਦਨਾ ਆ ਗਈ। ਬਲਰਾਜ ਜੀ ਕਹਿਣ ਲੱਗੇ, ‘‘ਮੈਂ ਪਰਾਈ ਬੋਲੀ ਵਿਚ ਵਾਰਤਾਲਾਪ ਕੀ ਸੁਣਾਵਾਂ, ਜਦੋਂ ਪੰਜਾਬੀ ਵਾਰਤਾਲਾਪ ਦੇ ਯੋਗ ਹੋਵਾਂਗਾ ਤਾਂ ਮਾਣ ਨਾਲ ਉੱਚਾ ਸਿਰ ਕਰਕੇ ਇੱਥੇ ਸੁਣਾਵਾਂਗਾ।’’ ਪ੍ਰਸਿੱਧ ਕਲਾਕਾਰ, ਪੰਜਾਬੀ ਅਦਾਕਾਰ, ਕਲਾ, ਸਾਹਿਤ ਤੇ ਜੀਵਨ ਵਿਚ ਨਾਟਕ ਤੇ ਮੰਚ ਦੀ ਮਹੱਤਤਾ ਸਮਝਣ ਵਾਲਾ, ਪੰਜਾਬੀ ਨਾਟਕ ਖੇਡਣ ਅਤੇ ਪੰਜਾਬੀ ਮੰਚ ’ਤੇ ਆਉਣ ਲਈ ਪ੍ਰੇਰਿਆ ਗਿਆ। ਉਨ੍ਹਾਂ ਨੇ ਪੰਜਾਬੀ ਮੰਚ ਨੂੰ ਲੋਕ ਲਹਿਰ ਬਣਾਉਣ ਲਈ ਭਾਅ ਜੀ ਦੇ ਨਾਟ ਗਰੁੱਪ, ਅੰਮ੍ਰਿਤਸਰ ਨਾਟਕ ਕਲਾ ਕੇਂਦਰ ਅਧੀਨ ਪੰਜਾਬੀ ਨਾਟਕ ਕਰਨ ਲਈ ਆਪਣੇ ਆਪ ਨੂੰ ਇਉਂ ਪੇਸ਼ ਕੀਤਾ ਜਿਵੇਂ ਕੋਈ ਯੋਧਾ ਆਪਣੀ ਮਾਤ ਭੂਮੀ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਪੇਸ਼ ਕਰਦਾ ਹੈ।
ਸਾਲ 1966 ਅਪਰੈਲ ਵਿਚ ਬਲਰਾਜ ਸਾਹਨੀ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਪੰਜਾਬੀ ਨਾਟਕ, ਪੰਜਾਬੀ ਮੰਚ ਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਐਨੀ ਤਰੱਕੀ ਕਰ ਜਾਵੇ ਕਿ ਮੈਂ ਮਾਣ ਨਾਲ ਮਦਰਾਸੀ, ਬੰਗਾਲੀ ਤੇ ਮਹਾਰਾਸ਼ਟਰ ਦੇ ਕਲਾਕਾਰਾਂ ਨੂੰ ਕਹਿ ਸਕਾਂ ਕਿ ਜੇ ਤੁਸੀਂ ਅਸਲੀ ਮੰਚੀ ਜੀਵਨ ਨੂੰ ਹਲੂਣਾ ਦੇਣ ਵਾਲਾ ਨਾਟਕ ਵੇਖਣਾ ਹੈ ਤਾਂ ਆਓ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਮੰਚ ਸਾਹਮਣੇ ਅਤੇ ਵੇਖੋ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦਾ ਪੇਸ਼ ਕੀਤਾ ਜਾ ਰਿਹਾ ਨਾਟਕ ਤੇ ਫੇਰ ਬਲਰਾਜ ਸਾਹਨੀ ਨੇ ਪੰਜਾਬੀ ਨਾਟਕ ਤੇ ਪੰਜਾਬੀ ਰੰਗਮੰਚ ਨੂੰ ਪੰਜਾਬ ਵਿਚ ਪੱਕੀ ਤਰ੍ਹਾਂ ਸਥਾਪਿਤ ਕਰਨ ਲਈ ਪੰਜਾਬੀ ਨਾਟਕ, ਪੰਜਾਬੀ ਰੰਗਮੰਚ ਤੇ ਮੰਚੀ ਨਾਟਕਕਾਰਾਂ ਨੂੰ ਅਗਵਾਈ ਦੇਣ ਲਈ ਅਕਤੂਬਰ ’ਚ ਪੰਜਾਬ ਆ ਕੇ ਭਾਅ ਜੀ ਨਾਲ ਨਾਟਕ ‘ਉਪਰਲੀ ਮੰਜ਼ਿਲ’ ਅਤੇ ‘ਅਰਸ਼ ਫਰਸ਼’ ਖੇਡਿਆ।
ਪੰਜਾਬੀ ਰੰਗਮੰਚ ’ਚ ਨਾਟਕੀ ਐਕਸ਼ਨ ਗੀਤਾਂ ਦਾ ਵੀ ਇਕ ਖ਼ੂਬਸੂਰਤ ਇਤਿਹਾਸ ਹੈ। ਐਕਸ਼ਨ ਗੀਤ ਦੀ ਵਿਧਾ ਨੂੰ ਜਨਮ ਭਾਅ ਜੀ ਹੀ ਦਿੱਤਾ। ਭਾਅ ਜੀ ਸਟੇਜ ਉਪਰ ਨਾਟਕੀ ਐਕਸ਼ਨ ਨੂੰ ਬਹੁਤ ਪਹਿਲ ਦਿੰਦੇ ਸਨ। ਭਾਅ ਜੀ ਜਿਹੜੇ ਵੀ ਪਿੰਡ ਜਾਂ ਸ਼ਹਿਰ ਵਿਚ ਨਾਟਕ ਕਰਦੇ, ਉਥੇ ਉਨ੍ਹਾਂ ਦੀ ਟੀਮ ਦੇ ਗਾਇਕ ਪਰਮਜੀਤ ਸਿੰਘ ਸਟੇਜ ’ਤੇ ਖੜ੍ਹ ਕੇ ਹਰਮੋਨੀਅਮ ਵਜਾ ਕੇ ਗੀਤ ਵੀ ਬੋਲਦੇ। ਭਾਅ ਜੀ ਨੇ ਮਹਿਸੂਸ ਕੀਤਾ ਕਿ ਸਟੇਜ ’ਤੇ ਖੜ੍ਹ ਕੇ ਗੀਤ ਸੁਣਾਉਣ ਨਾਲ ਦਰਸ਼ਕਾਂ ਵਿਚ ਏਨਾ ਪ੍ਰਭਾਵ ਨਹੀਂ ਜਾਂਦਾ, ਇਸ ਲਈ ਇਨ੍ਹਾਂ ਗੀਤਾਂ ਨੂੰ ਐਕਸ਼ਨ ਨਾਲ ਪੇਸ਼ ਕੀਤਾ ਜਾਵੇ। ਭਾਅ ਜੀ ਨੇ ਕਲਾਕਾਰਾਂ ਨੂੰ ਰੂਸੀ ਇਨਕਲਾਬ ਦੀਆਂ ਕੁਝ ਤਸਵੀਰਾਂ ਵਿਖਾਈਆਂ ਤੇ ਉਨ੍ਹਾਂ ਵਰਗੇ ਜੋਸ਼ੀਲੇ ਐਕਸ਼ਨ ਅਤੇ ਹਾਵ-ਭਾਵ ਗੀਤਾਂ ਨਾਲ ਪੇਸ਼ ਕਰਨ ਲਈ ਕਿਹਾ। ਉਦੋਂ ‘ਛੱਟਾ ਚਾਨਣਾਂ ਦਾ ਦੇਈ ਜਾਣਾ’ (ਸੁਰਿੰਦਰ ਗਿੱਲ), ‘ਕੱਖਾਂ ਦੀਏ ਕੁਲੀਏ ਮਿਨਾਰ ਬਣ ਜਾਈਂ’ (ਪਾਸ਼), ‘ਮਾਂ ਧਰਤੀਏ ਤੇਰੇ ਗੋਦ ਨੂੰ ਚੰਨ ਹੋਰ ਬਥੇਰੇ’ (ਉਦਾਸੀ) ਆਦਿ ਗੀਤ ਹੁੰਦੇ ਸਨ। ਇਨ੍ਹਾਂ ਐਕਸ਼ਨ ਗੀਤਾਂ ਨੇ ਦਰਸ਼ਕਾਂ ਉਤੇ ਏਨਾ ਪ੍ਰਭਾਵ ਸਿਰਜਿਆ ਕਿ ਫਿਰ ਹਰ ਪ੍ਰੋਗਰਾਮ ਉਤੇ ਨਾਟਕਾਂ ਨਾਲ ਨਾਲ ਐਕਸ਼ਨ ਗੀਤਾਂ ਦੀ ਪੇਸ਼ਕਾਰੀ ਵੀ ਹੋਣ ਲੱਗ ਪਈ। ਫੇਰ ਭਾਅ ਜੀ ਨੇ ਜਗਮੋਹਨ ਜੋਸ਼ੀ ਦੇ ਇਨਕਲਾਬੀ ਗੀਤਾਂ ਨੂੰ 1983-84 ਵਿਚ ਕਲਾਕਾਰਾਂ ਨਾਲ ਤਿਆਰ ਕੀਤਾ। ਇਨ੍ਹਾਂ ਗੀਤਾਂ ਦੀਆਂ ਧੁਨਾਂ ਤੇ ਗਾਇਕੀ ਇੰਦਰਜੀਤ ਗੋਗੋਆਣੀ ਨੇ ਤਿਆਰ ਕੀਤੀ ਸੀ ਤੇ ਐਕਸ਼ਨ ਕਰਨ ਵਾਲੇ ਕਲਾਕਾਰਾਂ ਵਿਚ ਮੈਂ, ਸਤਵਿੰਦਰ ਸੋਨੀ, ਰੇਨੂੰ ਸਿੰਘ, ਸੁਖਦੇਵ ਪ੍ਰੀਤ, ਜਸਵੰਤ ਜੱਸ, ਨਰਿੰਦਰ ਸਾਂਘੀ ਤੇ ਗੁਲਸ਼ਨ ਸ਼ਰਮਾ ਸਾਂ। ਇਨ੍ਹਾਂ ਐਕਸ਼ਨ ਗੀਤਾਂ ਨੇ ਪੰਜਾਬ ਅੰਦਰ ਇਕ ਨਵੀਂ ਵਿਧਾ ਨੂੰ ਜਨਮ ਦਿੱਤਾ। ਇਹ ਐਕਸ਼ਨ ਗੀਤ ਹਰਮੋਨੀਅਮ, ਢੋਲਕ ਤੇ ਨਗਾਰੇ ਦੀ ਤਾਲ ਨਾਲ ਪੇਸ਼ ਕੀਤੇ ਜਾਂਦੇ ਸੀ। ਕਲਾਕਾਰ ਇਕੋ ਜਿਹੇ ਕੁੜਤੇ ਪਜਾਮੇ ਪਾਉਂਦੇ, ਕਮਰ ਤੇ ਲਾਲ ਕੱਪੜਾ ਬੰਨ੍ਹਦੇ ਤੇ ਹੱਥਾਂ ਵਿਚ ਕਈ ਵਾਰੀ ਲਾਲ ਝੰਡੇ ਲੈ ਕੇ ਤੁਰਦੇ ਤੇ ਕਈ ਗੀਤਾਂ ਵਿਚ ਭਾਰੀਆਂ ਲੋਹੇ ਦੀਆਂ ਜੰਜ਼ੀਰਾਂ ਦੀ ਵੀ ਵਰਤੋਂ ਹੁੰਦੀ ਸੀ। ਭਾਅ ਜੀ ਆਪ ਵੀ ਬਹੁਤ ਵਾਰ ਐਕਸ਼ਨ ਕਰਦੇ ਹੋਏ ਝੰਡਾ ਚੁੱਕ ਕੇ ਕਲਾਕਾਰਾਂ ਦੇ ਨਾਲ-ਨਾਲ ਸਟੇਜ ’ਤੇ ਇਕ-ਦੋ ਚੱਕਰ ਲਾ ਦਿੰਦੇ। ਇਨ੍ਹਾਂ ਗੀਤਾਂ ਨੂੰ ਭਾਅ ਜੀ ਨੇ ਲੱਚਰ ਗੀਤਾਂ ਦੇ ਬਦਲ ਵਜੋਂ ਵੀ ਪੇਸ਼ ਕੀਤਾ । ਇਨ੍ਹਾਂ ਐਕਸ਼ਨ ਗੀਤਾਂ ਦਾ ਪ੍ਰਭਾਵ ਕਬੂਲਦੇ ਹੋਏ 1990 ਤੋਂ ਬਾਅਦ ਬਹੁਤ ਸਾਰੀਆਂ ਲੋਕ-ਪੱਖੀ ਰੰਗਮੰਚ ਟੀਮਾਂ ਵੀ ਐਕਸ਼ਨ ਗੀਤ ਪੇਸ਼ ਕਰਨ ਲੱਗੀਆਂ।

ਸੰਪਰਕ: 98142-99422

ਗੁਰਸ਼ਰਨ ਸਿੰੰਘ ਤੇ ਬਲਰਾਜ ਸਾਹਨੀ

ਇਕ ਵਾਰ ਭਾਜੀ ਨਾਟਕ ਕਰਨ ਮੁੰਬਈ ਗਏ। ਬਲਵੰਤ ਗਾਰਗੀ ਲਿਖਤ ‘ਕਣਕ ਦੀ ਬੱਲੀ’ ਵਿੱਚ ਬਲਰਾਜ ਸਾਹਨੀ ਨੇ ਮੱਘਰ ਸਿੰਘ ਦਾ ਕਿਰਦਾਰ ਨਿਭਾਇਆ। ਇਸ ਕਿਰਦਾਰ ਨੂੰ ਮੰਚ ’ਤੇ ਸਾਕਾਰ ਕਰਨ ਲਈ ਉਨ੍ਹਾਂ ਨੇ ਆਪਣੇ ਚਿਹਰੇ ’ਤੇ ਚੇਚਕ ਦੇ ਦਾਣਿਆਂ ਵਾਲਾ ਮੇਕਅੱਪ ਕਰਾਇਆ ਸੀ।

ਸੱਤਰਵਿਆਂ ਦੀ ਗੱਲ ਹੈ। ਬਲਰਾਜ ਸਾਹਨੀ ਅੰਮ੍ਰਿਤਸਰ ਵਿੱਚ ਗੁਰਸ਼ਰਨ ਭਾਜੀ ਦੇ ਘਰ ਠਹਿਰੇ। ਉਹ ਪੰਜਾਬ ਵਿੱਚ ਨਾਟਕ ਕਰਨ ਆਏ ਸਨ। ਉਸ ਸਾਲ ਸੂਬੇ ’ਚ ਸੀਪੀਆਈ ਨੇ ਕਾਂਗਰਸ ਨਾਲ ਰਲ ਕੇ ਚੋਣਾਂ ਲੜੀਆਂ ਸਨ। ਮਸ਼ਹੂਰ ਕਮਿਊਨਿਸਟ ਆਗੂ ਸਤਪਾਲ ਡਾਂਗ ਤੇ ਕਾਂਗਰਸੀ ਆਗੂ ਸਟੇਜ ’ਤੇ ਇਕੱਠੇ ਬੈਠੇ। ਭਾਜੀ ਇਸ ਗੱਲੋਂ ਬਹੁਤ ਗੁੱਸੇ ਸਨ ਤੇ ਉਸ ਰਾਤ ਉਨ੍ਹਾਂ ਬਲਰਾਜ ਸਾਹਨੀ ਨਾਲ ਉੱਚੀ ਉੱਚੀ ਬੋਲ ਕੇ ਬਹਿਸ ਕੀਤੀ। ਸਵੇਰੇ ਵੇਖਿਆ ਤਾਂ ਬਲਰਾਜ ਆਪਣੇ ਕਮਰੇ ਵਿੱਚ ਨਹੀਂ ਸਨ। ਭਾਜੀ ਤੇ ਬਾਕੀ ਪਰਿਵਾਰ ਪ੍ਰੇਸ਼ਾਨ। ਭਾਜੀ ਦੀ ਪਤਨੀ ਕੈਲਾਸ਼ ਕੌਰ ਨੇ ਆਖਿਆ ਕਿ ਬਲਰਾਜ ਸਾਡੇ ਨਾਲ ਗੁੱਸੇ ਹੋ ਕੇ ਚਲੇ ਗਏ ਨੇ। ਅੱਠ ਕੁ ਵਜੇ ਬਲਰਾਜ ਸਾਹਨੀ ਕਿਸੇ ਦੇ ਸਕੂਟਰ ਪਿੱਛੇ ਬੈਠ ਕੇ ਆ ਗਏ। ਜਦੋਂ ਪੁੱਛਿਆ ਕਿ ਕਿੱਥੇ ਗਏ ਸੀ ਤਾਂ ਉਨ੍ਹਾਂ ਕਿਹਾ, ‘‘ਮੈਂ ਸਤਪਾਲ (ਭਾਵ ਸਤਪਾਲ ਡਾਂਗ) ਨੂੰ ਮਿਲਣ ਗਿਆ ਸਾਂ ਤਾਂ ਜੋ ਕੋਈ ਗ਼ਲਤਫਹਿਮੀ ਨਾ ਰਹੇ।’’

LEAVE A REPLY

Please enter your comment!
Please enter your name here